ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਆਈ. ਪੀ. ਐੱਲ. 2021 ਦਾ 56ਵਾਂ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਅੱਜ ਖੇਡਿਆ ਗਿਆ। ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ ਤੇ ਬੈਂਗਲੁਰੂ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਖੇਡਣ ਉੱਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 3 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਸ਼ੁਰੂਆਤ ਖਰਾਬ ਰਹੀ ਤੇ ਇਸ ਦੇ ਓਪਨਰ ਕਪਤਾਨ ਵਿਰਾਟ ਕੋਹਲੀ 8 ਗੇਂਦਾਂ ’ਤੇ 4 ਦੌੜਾਂ ਤੇ ਦੇਵਦੱਤ ਪੱਡੀਕਲ 1 ਗੇਂਦ ਖੇਡ ਕੇ ਜ਼ੀਰੋ ’ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਸ੍ਰੀਕਾਰ ਭਾਰਤ ਨੇ 52 ਗੇਂਦਾਂ ’ਤੇ 78 ਦੌੜਾਂ ਬਣਾਈਆਂ। ਏ. ਬੀ. ਡਿਵਿਲੀਅਰਜ਼ ਨੇ 26 ਗੇਂਦਾਂ ’ਤੇ 26 ਦੌੜਾਂ ਬਣਾਈਆਂ। ਗਲੇਨ ਮੈਕਸਵੈੱਲ ਨੇ 33 ਗੇਂਦਾਂ ’ਤੇ 51 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਇਥੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਸ਼ਿਖਰ ਧਵਨ ਵਿਚਾਲੇ ਪਹਿਲੀ ਵਿਕਟ ਲਈ 62 ਗੇਂਦਾਂ ’ਚ 88 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 5 ਵਿਕਟਾਂ ’ਤੇ 164 ਦੌੜਾਂ ਹੀ ਬਣਾ ਸਕੀ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਲਈ ਮੁਹੰਮਦ ਸਿਰਾਜ ਨੇ 4 ਓਵਰਾਂ ’ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਤੋਂ ਇਲਾਵਾ ‘ਪਰਪਲ ਕੈਪਧਾਰੀ’ ਹਰਸ਼ਲ ਪਟੇਲ, ਯੁਜਵੇਂਦਰ ਚਾਹਲ ਤੇ ਡੈਨ ਕ੍ਰਿਸਟੀਅਨ ਨੂੰ ਇਕ-ਇਕ ਵਿਕਟ ਮਿਲੀ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦਿੱਲੀ ਕੈਪੀਟਲਸ ਨੇ ਸ਼ਾਹ (48) ਤੇ ਧਵਨ (43) ਦੀ ਬਦੌਲਤ ਚੰਗੀ ਸ਼ੁਰੂਆਤ ਕੀਤੀ, ਜਿਸ ਨਾਲ ਟੀਮ ਨੇ ਪਾਵਰ ਪਲੇਅ ’ਚ ਬਿਨਾਂ ਵਿਕਟ ਗੁਆਏ 55 ਦੌੜਾਂ ਜੋੜ ਲਈਆਂ।
ਇਸ ਦੌਰਾਨ ਧਵਨ ਨੇ ਗਲੇਨ ਮੈਕਸਵੈੱਲ ਦੀ ਗੇਂਦ ਨੂੰ ਸਵੀਪ ਕਰ ਕੇ ਇਕ ਸ਼ਾਨਦਾਰ ਛੱਕਾ ਲਾਇਆ। ਦੋਵਾਂ ਨੇ ਇਸ ਸ਼ਾਨਦਾਰ ਲੈਅ ’ਚ ਬੱਲੇਬਾਜ਼ੀ ਜਾਰੀ ਰੱਖੀ। ਸ਼ਾਹ ਨੇ ਦੋ ਵਾਰ ਲੈੱਗ ਸਪਿਨਰ ਚਾਹਲ ਦੀਆਂ ਗੇਂਦਾਂ ’ਤੇ ਸ਼ਾਨਦਾਰ ਛੱਕੇ ਲਾਏ, ਜਦਕਿ ਸ਼ਿਖਰ ਨੇ ਹਰਸ਼ਲ ਪਟੇਲ ਦੀ ਗੇਂਦ ’ਤੇ ਆਪਣਾ ਦੂਜਾ ਛੱਕਾ ਲਾਇਆ। ਦੋਵਾਂ ਨੇ ਟੀਮ ਨੂੰ 10 ਓਵਰਾਂ ’ਚ 88 ਦੌੜਾਂ ਤਕ ਪਹੁੰਚਾਇਆ ਪਰ ਦਿੱਲੀ ਕੈਪੀਟਲਸ ਨੇ ਇਸ ਤੋਂ ਬਾਅਦ ਅਗਲੇ ਤਿੰਨ ਓਵਰਾਂ ’ਚ ਹਰੇਕ ਵਿਚ ਇਕ-ਇਕ ਤੋਂ ਤਿੰਨ ਵਿਕਟਾਂ ਗੁਆ ਦਿੱਤੀਆਂ। 11ਵੇਂ ਓਵਰ ਦੀ ਪਹਿਲੀ ਹੀ ਗੇਂਦ ’ਤੇ ਪਹਿਲੀ ਵਿਕਟ ਧਵਨ ਦੇ ਰੂਪ ’ਚ ਗੁਆਈ, ਜਿਹੜਾ ਹਰਸ਼ਲ ਪਟੇਲ ਦੀ ਹੌਲੀ ਗੇਂਦ ’ਤੇ ਉੱਚੀ ਸ਼ਾਟ ਖੇਡ ਕੇ ਕੈਚ ਆਊਟ ਹੋਇਆ। ਫਿਰ ਰਿਸ਼ਭ ਪੰਤ ਕ੍ਰੀਜ਼ ’ਤੇ ਉਤਰਿਆ। ਸ਼ਾਹ ਨੇ 12ਵੇਂ ਓਵਰ ਦੀ ਪਹਿਲੀ ਗੇਂਦ ਨੂੰ ਛੱਕੇ ਲਈ ਭੇਜਿਆ ਪਰ ਚਾਹਲ ਦੀ ਅਗਲੀ ਗੇਂਦ ਨੂੰ ਉੱਚਾ ਖੇਡਣ ਦੀ ਕੋਸ਼ਿਸ਼ ’ਚ ਜਾਰਜ ਕਾਰਟਨ ਨੂੰ ਕੈਚ ਦੇ ਬੈਠਾ, ਜਿਸ ਨਾਲ ਉਹ ਅਰਧ ਸੈਂਕੜੇ ਤੋਂ ਦੋ ਦੌੜਾਂ ਨਾਲ ਖੁੰਝ ਗਿਆ। ਫਿਰ 13ਵੇਂ ਓਵਰ ’ਚ ਪੰਤ (10) ਵੀ ਪੈਵੇਲੀਅਨ ਪਹੁੰਚ ਗਿਆ। ਇਸ ਨਾਲ ਟੀਮ ਨੇ 20 ਦੌੜਾਂ ਦੇ ਅੰਦਰ 3 ਵਿਕਟਾਂ ਗੁਆਈਆਂ। ਸ਼੍ਰੇਅਸ ਅਈਅਰ (29) ਦੇ ਰੂਪ ਵਿਚ ਬੈਂਗਲੁਰੂ ਨੇ ਦਿੱਲੀ ਨੂੰ ਚੌਥਾ ਝਟਕਾ ਦਿੱਤਾ। ਹੈੱਟਮਾਇਰ ਨੇ ਅੰਤ ਵਿਚ ਕੁਝ ਸ਼ਾਨਦਾਰ ਸ਼ਾਟਾਂ ਲਾਈਆਂ ਪਰ ਉਹ ਟੀਮ ਨੂੰ 170 ਦੇ ਪਾਰ ਨਹੀਂ ਪਹੁੰਚਾ ਸਕਿਆ ਤੇ ਆਖਰੀ ਗੇਂਦ ’ਤੇ ਸਿਰਾਜ ਦਾ ਦੂਜਾ ਸ਼ਿਕਾਰ ਬਣਿਆ।
IPL 2021: ਟਾਸ ਹਾਰ ਕੇ ਵੱਡਾ ਸਕੋਰ ਬਣਾਉਣਾ ਮੁਸ਼ਕਲ ਚੁਣੌਤੀ ਸੀ: ਇਓਨ ਮੋਰਗਨ
NEXT STORY