ਸੁਨਾਮ, ਊਧਮ ਸਿੰਘ ਵਾਲਾ(ਮੰਗਲਾ)— ਸੁਨਾਮ, ਊਧਮ ਸਿੰਘ ਵਾਲਾ ਦੀ ਧੀ ਨੇ ਇੰਗਲੈਂਡ 'ਚ ਗੋਲਡ ਮੈਡਲ ਜਿੱਤ ਕੇ ਸ਼ਹੀਦ ਊਧਮ ਸਿੰਘ ਦੇ 78ਵੇਂ ਸ਼ਹੀਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਗੋਲਡ ਮੈਡਲ ਜੇਤੂ ਸਾਨੀਆ ਅੱਧਲੱਖਾ ਦੇ ਪਿਤਾ ਦੀਪਕ ਅੱਧਲੱਖਾ ਅਤੇ ਮਾਤਾ ਹੇਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਤਲਵਾਰਬਾਜ਼ੀ 'ਚ ਕੈਡਿਟ-ਫੇਸਿੰਗ ਚੈਂਪੀਅਨਸ਼ਿਪ 2018, ਜੋ ਕਿ ਇੰਗਲੈਂਡ 'ਚ ਹੋ ਰਹੀ ਸੀ, ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤਲਵਾਰਬਾਜ਼ੀ ਵਿਚ 4 ਲੜਕੀਆਂ ਦੇ ਗਰੁੱਪ ਦੀ ਟੀਮ ਨੇ ਇਹ ਪ੍ਰਾਪਤੀ ਕੀਤੀ ਹੈ। ਇਸ ਗਰੁੱਪ ਵਿਚ ਦੋ ਲੜਕੀਆਂ ਪੰਜਾਬ ਦੀਆਂ ਸਨ, ਜਿਨ੍ਹਾਂ 'ਚੋਂ ਇਕ ਸੁਨਾਮ ਤੋਂ ਸਾਨੀਆ ਅਤੇ ਦੂਜੀ ਫਤਿਹਗੜ੍ਹ ਸਾਹਿਬ ਤੋਂ ਸੀ।
ਸਾਨੀਆ ਪਟਿਆਲਾ ਵਿਚ ਗੁਰੂ ਨਾਨਕ ਫਾਊਂਡੇਸ਼ਨ ਵਿਚ +2 ਦੀ ਵਿਦਿਆਰਥਣ ਹੈ ਅਤੇ ਉਹ ਐੱਨ. ਆਈ. ਸੀ. ਪਟਿਆਲਾ ਦੇ ਐੱਸ. ਟੀ. ਸੀ. ਰਾਹੀਂ ਟ੍ਰੇਨਿੰਗ ਲਈ ਔਰੰਗਾਬਾਦ ਲਈ ਚੁਣੀ ਗਈ। ਉਥੇ ਉਸ ਦੀ ਭਾਰਤ ਲਈ ਚੋਣ ਹੋਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਟੀਮ ਨੇ ਨਾਕ ਆਊਟ ਦੇ 6 ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕਰ ਕੇ ਫਾਈਨਲ ਵਿਚ ਜਗ੍ਹਾ ਬਣਾਈ, ਜਿਥੇ ਉਨ੍ਹਾਂ ਦੀ ਟੀਮ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਹੋਇਆ ਅਤੇ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਉਨ੍ਹਾਂ ਇਹ ਗੋਲਡ ਮੈਡਲ ਜਿੱਤਿਆ। ਓਧਰ ਸਪੋਰਟਸ ਲੇਖਕ ਮਨਦੀਪ ਸਿੰਘ ਨੇ ਕਿਹਾ ਕਿ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਛੋਟੀ ਉਮਰ ਵਿਚ ਸਾਨੀਆ ਅੰਤਰਰਾਸ਼ਟਰੀ ਖੇਡਾਂ ਵਿਚ ਹੁਣ ਤੋਂ ਗੋਲਡ ਮੈਡਲ ਜਿੱਤਣ ਲੱਗੀ ਹੈ।
ਇੰਗਲੈਂਡ ਵਿਰੁੱਧ ਟੈਸਟ ਮੈਚ ਤੋਂ ਪਹਿਲਾਂ ਕੋਹਲੀ ਨੇ ਦਿੱਤਾ ਇਹ ਬਿਆਨ
NEXT STORY