ਜੀਲਾਂਗ- ਸ਼੍ਰੀਲੰਕਾ ਨੇ ਪਥੁਮ ਨਿਸਾਂਕਾ ਦੇ ਸੰਜਮ ਭਰੇ ਅਰਧ ਸੈਂਕੜੇ (74) ਤੋਂ ਬਾਅਦ ਦੁਸ਼ਮੰਤਾ ਚਮੀਰਾ (15/3) ਅਤੇ ਵਨਿੰਦੂ ਹਸਾਰੰਗਾ (3/3) ਦੀ ਤਿੱਖੀ ਗੇਂਦਬਾਜ਼ੀ ਦੇ ਦਮ 'ਤੇ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਨੂੰ ਮੰਗਲਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ ਦੇ ਮੈਚ ਵਿੱਚ 79 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਗਰੁੱਪ-ਏ ਦੇ ਮੈਚ 'ਚ ਯੂ. ਏ. ਈ. ਨੂੰ 153 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ 'ਚ ਯੂ. ਏ. ਈ. ਦੀ ਟੀਮ 73 ਦੌੜਾਂ 'ਤੇ ਆਊਟ ਹੋ ਗਈ।
ਭਾਰਤੀ ਮੂਲ ਦੇ ਗੇਂਦਬਾਜ਼ ਕਾਰਤਿਕ ਮਯੱਪਨ (19/3) ਨੇ ਹੈਟ੍ਰਿਕ ਲੈ ਕੇ ਸ਼੍ਰੀਲੰਕਾ ਦੇ ਮੱਧ ਕ੍ਰਮ ਦੀਆਂ ਧੱਜੀਆਂ ਉਡਾ ਦਿੱਤੀਆਂ। ਨਿਸਾਂਕਾ ਨੇ ਡਾਵਾਂਡੋਲ ਹੁੰਦੀ ਸ਼੍ਰੀਲੰਕਾਈ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ 60 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 74 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਇਸ ਤੋਂ ਬਾਅਦ ਸ਼੍ਰੀਲੰਕਾ ਵਲੋਂ ਗੇਂਦਬਾਜ਼ੀ ਕਰਨ ਆਏ ਗੇਂਦਬਾਜ਼ਾਂ ਨੇ 152 ਦੌੜਾਂ ਦਾ ਬਚਾਅ ਕਰਦੇ ਹੋਏ ਯੂ. ਏ. ਈ. ਦੇ ਕਿਸੇ ਵੀ ਬੱਲੇਬਾਜ਼ ਨੂੰ ਵਿਕਟ 'ਤੇ ਪੈਰ ਨਹੀਂ ਟਿਕਾਉਣ ਦਿੱਤਾ।
ਇਹ ਵੀ ਪੜ੍ਹੋ : T20 WC 2022 : ਰਿਸ਼ਭ ਪੰਤ ਦੇ ਗੋਡੇ 'ਤੇ 'ਸੱਟ', ਪ੍ਰਸ਼ੰਸਕਾਂ ਨੂੰ ਸਤਾਉਣ ਲੱਗੀ ਚਿੰਤਾ
ਯੂ. ਏ. ਈ. ਲਈ ਅਯਾਨ ਅਫਜ਼ਲ ਖਾਨ ਨੇ 19(21), ਚਿਰਾਗ਼ ਸੂਰੀ ਨੇ 14(19), ਜਦਕਿ ਜੁਨੈਦ ਸਿੱਦੀਕੀ ਨੇ 18(16) ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਯੂ. ਏ. ਈ. ਦਾ ਕੋਈ ਵੀ ਬੱਲੇਬਾਜ਼ 10 ਦੇ ਅੰਕੜੇ ਨੂੰ ਨਹੀਂ ਛੂਹ ਸਕਿਆ ਅਤੇ ਟੀਮ 17.1 ਓਵਰਾਂ 'ਚ 73 ਦੌੜਾਂ 'ਤੇ ਸਿਮਟ ਗਈ। ਚਮੀਰਾ ਨੇ 15 ਦੌੜਾਂ 'ਤੇ ਤਿੰਨ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਗੇਂਦਬਾਜ਼ੀ ਦੀ ਅਗਵਾਈ ਕੀਤੀ ਜਦਕਿ ਹਸਾਰੰਗਾ ਨੇ ਅੱਠ ਦੌੜਾਂ 'ਤੇ ਤਿੰਨ ਵਿਕਟਾਂ ਲਈਆਂ।
ਮਹੀਸ਼ ਤਿਕਸ਼ਨਾ ਨੇ ਦੋ ਵਿਕਟਾਂ ਲਈਆਂ ਜਦਕਿ ਪ੍ਰਮੋਦ ਮਦੁਸ਼ਨ ਅਤੇ ਦਾਸੁਨ ਸ਼ਨਾਕਾ ਨੇ ਇਕ-ਇਕ ਵਿਕਟ ਲਈ। ਨਾਮੀਬੀਆ ਤੋਂ ਪਹਿਲਾ ਮੈਚ 55 ਦੌੜਾਂ ਨਾਲ ਹਾਰਨ ਤੋਂ ਬਾਅਦ ਸ਼੍ਰੀਲੰਕਾ ਲਈ ਇਹ ਮੈਚ ਕਰੋ ਜਾਂ ਮਰੋ ਦਾ ਸੀ। ਸ਼੍ਰੀਲੰਕਾ ਨੇ ਵੀ 79 ਦੌੜਾਂ ਦੀ ਵੱਡੀ ਜਿੱਤ ਦੇ ਨਾਲ ਆਪਣੀ ਰਨ ਰੇਟ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਉਸ ਨੇ ਸੁਪਰ-12 ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਮੁੜ ਸੁਰਜੀਤ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC 2022 : ਰਿਸ਼ਭ ਪੰਤ ਦੇ ਗੋਡੇ 'ਤੇ 'ਸੱਟ', ਪ੍ਰਸ਼ੰਸਕਾਂ ਨੂੰ ਸਤਾਉਣ ਲੱਗੀ ਚਿੰਤਾ
NEXT STORY