ਪੋਰਟ ਆਫ ਸਪੇਨ- ਮੇਜ਼ਬਾਨ ਵੈਸਟਇੰਡੀਜ਼ ਨੂੰ ਮੀਂਹ ਪ੍ਰਭਾਵਿਤ ਦੂਜੇ ਵਨ ਡੇ ਮੁਕਾਬਲੇ ਵਿਚ ਡਕਵਰਥ ਲੂਈਸ ਨਿਯਮ ਦੇ ਤਹਿਤ 59 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਅਸੀਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ ਤੇ ਟੀਮ ਨੇ ਉਮੀਦ ਦੇ ਅਨੁਸਾਰ ਬਿਹਤਰੀਨ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮੈਚ ਤੋਂ ਬਾਅਦ ਵਿਰਾਟ ਨੇ ਕਿਹਾ, ''ਅਸੀਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ ਤੇ ਉਮੀਦ ਦੇ ਅਨੁਸਾਰ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਦੂਜੀ ਪਾਰੀ ਵਿਚ ਵਿੰਡੀਜ਼ ਦਾ ਬੱਲੇਬਾਜ਼ੀ ਕ੍ਰਮ ਲੜਖੜਾ ਗਿਆ। ਇਸ ਪਿੱਚ 'ਤੇ ਬੱਲੇਬਾਜ਼ੀ ਕਰਨਾ ਸੌਖੀ ਨਹੀਂ ਸੀ। ਮੀਂਹ ਨੇ ਹਾਲਾਂਕਿ ਵਿੰਡੀਜ਼ ਦੀ ਥੋੜ੍ਹੀ ਮਦਦ ਕੀਤੀ, ਨਹੀਂ ਤਾਂ ਵਿਚਾਲੇ ਦੇ ਓਵਰਾਂ ਵਿਚ ਬੱਲੇਬਾਜ਼ੀ ਕਰਨੀ ਬਿਲਕੁਲ ਸੌਖੀ ਨਹੀਂ ਸੀ।''
ਆਪਣੇ ਵਨ ਡੇ ਕਰੀਅਰ ਦਾ ਸ਼ਾਨਦਾਰ 42ਵਾਂ ਸੈਂਕੜਾ ਲਾਉਣ 'ਤੇ ਕਪਤਾਨ ਨੇ ਕਿਹਾ, ''ਚੰਗਾ ਲੱਗਦਾ ਹੈ ਜਦੋਂ ਟੀਮ ਨੂੰ ਅਜਿਹੇ ਪ੍ਰਦਰਸ਼ਨ ਦੀ ਲੋੜ ਹੋਵੇ ਤੇ ਅਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰੀਏ। ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਕੁਝ ਖਾਸ ਨਹੀਂ ਕਰ ਸਕੀ, ਅਜਿਹੇ ਵਿਚ ਮੇਰੇ ਉੱਪਰ ਵੱਡੀ ਪਾਰੀ ਖੇਡਣ ਦਾ ਦਬਾਅ ਸੀ। ਸਾਨੂੰ ਪਤਾ ਸੀ ਕਿ ਇਸ ਪਿੱਚ 'ਤੇ 270 ਦੌੜਾਂ ਚੁਣੌਤੀਪੂਰਨ ਹੋਣਗੀਆਂ ਤੇ ਅਜਿਹੇ ਵਿਚ ਮੁਕਾਬਲੇ ਵਿਚ ਕੁਝ ਵੀ ਸੰਭਵ ਹੈ।''
ਉਸ ਨੇ ਕਿਹਾ, ''ਚੋਟੀ ਦੇ 3 ਬੱਲੇਬਾਜ਼ਾਂ ਵਿਚੋਂ ਕਿਸੇ ਇਕ ਨੂੰ ਵੱਡੀ ਪਾਰੀ ਖੇਡਣੀ ਪੈਂਦੀ ਹੈ ਅਤੇ ਮੇਰੇ ਲਈ ਇਹ ਚੰਗਾ ਮੌਕਾ ਸੀ। ਟੀਮ ਦਾ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੇਰੇ ਉੱਪਰ ਟੀਮ ਦੀ ਪਾਰੀ ਸੰਭਾਲਣ ਦੀ ਜ਼ਿੰਮੇਵਾਰੀ ਸੀ ਤੇ ਇਹ ਚੰਗੀ ਗੱਲ ਹੈ ਕਿ ਮੈਂ ਆਪਣੀ ਲੈਅ ਬਰਕਰਾਰ ਰੱਖਣ ਵਿਚ ਕਾਮਯਾਬ ਰਿਹਾ।''
ਵਿਰਾਟ ਨੇ ਕਿਹਾ, ''ਵਿੰਡੀਜ਼ ਦੀ ਪਾਰੀ ਵਿਚ ਇਕ ਸਮੇਂ ਬੱਲੇਬਾਜ਼ੀ ਕਰਨਾ ਆਸਾਨ ਹੋ ਗਿਆ ਸੀ ਪਰ ਮੀਂਹ ਤੋਂ ਬਾਅਦ ਥੋੜ੍ਹੀ ਮਦਦ ਮਿਲੀ। ਸ਼ਿਮਰੋਨ ਹੈੱਟਮਾਇਰ ਤੇ ਨਿਕੋਲਸ ਪੂਰਨ ਜਦੋਂ ਕ੍ਰੀਜ਼ 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਸ ਸਮੇਂ ਗੇਂਦਬਾਜ਼ੀ ਕਰਨਾ ਆਸਾਨ ਨਹੀਂ ਸੀ। ਅਸੀਂ ਇਕ ਵਿਕਟ ਲੈ ਕੇ ਜਲਦ ਤੋਂ ਜਲਦ ਉਨ੍ਹਾਂ ਦੀ ਸਾਂਝੇਦਾਰੀ ਨੂੰ ਤੋੜਨਾ ਚਾਹੁੰਦੇ ਸੀ, ਜਿਸ ਨਾਲ ਮੇਜ਼ਬਾਨ ਟੀਮ 'ਤੇ ਦਬਾਅ ਵਧ ਸਕੇ ਤੇ ਸਾਨੂੰ ਹੈੱਟਮਾਇਰ ਦੇ ਰੂਪ ਵਿਚ ਉਹ ਵਿਕਟ ਮਿਲੀ।'' ਭਾਰਤ ਤੇ ਵਿੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ 14 ਅਗਸਤ ਨੂੰ ਖੇਡਿਆ ਜਾਵੇਗਾ।
ਲੈਂਗਰ ਨੂੰ ਲਾਰਡਸ 'ਚ ਸਪਾਟ ਪਿੱਚ ਦੀ ਉਮੀਦ
NEXT STORY