ਟੋਕੀਓ (ਭਾਸ਼ਾ)- ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਗਮਾ ਜਿੱਤ ਕੇ ਤਮਗੇ ਦਾ ਸੋਕਾ ਖ਼ਤਮ ਕੀਤਾ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਓਲੰਪਿਕ ਹਾਕੀ ਤਗਮਾ ਹੈ। ਇਸ ਦੇ ਨਾਲ ਹੀ, ਓਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਇਹ ਤੀਜਾ ਹਾਕੀ ਕਾਂਸੀ ਤਮਗਾ ਹੈ। ਹੋਰ ਦੋ ਕਾਂਸੀ ਦੇ ਤਗਮੇ 1968 ਮੈਕਸੀਕੋ ਸਿਟੀ ਅਤੇ 1972 ਮਿਊਨਿਖ ਖੇਡਾਂ ਵਿਚ ਆਏ। ਭਾਰਤੀ ਪੁਰਸ਼ ਹਾਕੀ ਟੀਮ ਨੇ ਕੁੱਲ 12 ਤਗਮੇ ਜਿੱਤੇ ਹਨ, ਜਿਨ੍ਹਾਂ ਵਿਚ 8 ਸੋਨੇ, ਇਕ ਚਾਂਦੀ ਅਤੇ 3 ਕਾਂਸੀ ਦੇ ਤਮਗੇ ਸ਼ਾਮਲ ਹਨ। ਮੈਚ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਨੇ ਆਪਣੀ ਤਾਕਤ ਨਾਲ ਹਾਕੀ ਖੇਡੀ। ਜਰਮਨੀ ਸ਼ੁਰੂ ਵਿਚ ਭਾਰਤ ਦੇ ਵਿਰੁੱਧ ਥੋੜ੍ਹਾ ਪ੍ਰਭਾਵਸ਼ਾਲੀ ਸੀ। ਦੂਜੇ ਮਿੰਟ ਵਿਚ ਪਹਿਲਾ ਗੋਲ ਵੀ ਜਰਮਨੀ ਤਰਫੋਂ ਹੋਇਆ। ਮਿਡਫੀਲਡਰ ਓਰੁਜ ਤਿਮੂਰ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਭਾਰਤ ਨੇ ਫਿਰ ਗੋਲ ਦਾ ਪਿੱਛਾ ਕਰਦਿਆਂ ਹਮਲਾਵਰਤਾ ਦਿਖਾਈ, ਪਰ ਗੋਲ ਨਾ ਹੋ ਸਕਿਆ ਅਤੇ ਪਹਿਲਾ ਕੁਆਰਟਰ 1-0 ਦੇ ਸਕੋਰ 'ਤੇ ਸਮਾਪਤ ਹੋਇਆ।
ਦੂਜਾ ਕੁਆਰਟਰ ਸ਼ੁਰੂ ਹੁੰਦੇ ਹੀ ਭਾਰਤ ਨੂੰ ਉਹ ਗੋਲ ਮਿਲ ਗਿਆ, ਜਿਸਦੀ ਉਹ ਭਾਲ ਕਰ ਰਹੇ ਸਨ। ਫਾਰਵਰਡ ਸਿਮਰਨਜੀਤ ਸਿੰਘ ਨੇ 17 ਵੇਂ ਮਿੰਟ ਵਿਚ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-1 ਨਾਲ ਬਰਾਬਰੀ ਕਰਾਈ, ਹਾਲਾਂਕਿ ਜਰਮਨੀ ਨੇ ਇਕ ਮਿੰਟ ਦੇ ਅੰਤਰਾਲ ਵਿਚ 2 ਗੋਲ ਕਰਕੇ 3-1 ਦੀ ਬੜ੍ਹਤ ਬਣਾ ਲਈ। ਫਾਰਵਰਡਸ ਵੈਲੇਨ ਨਿਕਲਾਸ ਅਤੇ ਫੁਕਰ ਬੇਨੇਡਿਕਟ ਨੇ ਕ੍ਰਮਵਾਰ 24ਵੇਂ ਅਤੇ 25ਵੇਂ ਮਿੰਟ ਵਿਚ ਗੋਲ ਕੀਤੇ। 3-1 ਨਾਲ ਪਿੱਛੇ ਚੱਲਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਤੇਜ਼ੀ ਦਿਖਾਈ, ਜਿਸ ਦੇ ਚੰਗੇ ਨਤੀਜੇ ਮਿਲੇ। ਭਾਰਤ ਨੇ 27ਵੇਂ ਅਤੇ 29ਵੇਂ ਮਿੰਟ ਵਿਚ ਦੋ ਪੈਨਲਟੀ ਕਾਰਨਰ ਲਏ। ਮਿਡਫੀਲਡਰ ਹਾਰਦਿਕ ਸਿੰਘ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੇ ਇਨ੍ਹਾਂ ਮੌਕਿਆਂ ਦਾ ਲਾਭ ਉਠਾਇਆ ਅਤੇ ਗੋਲ ਕਰਕੇ ਟੀਮ ਨੂੰ 3-3 ਨਾਲ ਬਰਾਬਰੀ ਕਰਾਈ। ਇਸ ਦੇ ਨਾਲ ਦੂਜਾ ਕੁਆਰਟਰ ਸਮਾਪਤ ਹੋਇਆ।
ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ
ਇਸ ਤੋਂ ਬਾਅਦ ਭਾਰਤ ਨੇ ਮੈਚ ਵਿਚ ਆਪਣੀ ਪਕੜ ਬਣਾਈ ਰੱਖੀ। ਦੂਜੇ ਕੁਆਰਟਰ 'ਚ ਮਿਲੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਟੀਮ ਨੇ ਤੀਜੇ ਕੁਆਰਟਰ ਦੇ ਸ਼ੁਰੂ 'ਚ ਦੋ ਗੋਲ ਕਰਕੇ 5-3 ਦੀ ਮਜ਼ਬੂਤ ਬੜ੍ਹਤ ਬਣਾ ਲਈ। 31ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਨੂੰ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਡਿਫੈਂਡਰ ਰੁਪਿੰਦਰ ਪਾਲ ਸਿੰਘ ਨੇ ਫਿਰ ਗੋਲ ਵਿਚ ਬਦਲ ਦਿੱਤਾ। ਇਸ ਦੇ ਸਿਰਫ਼ ਤਿੰਨ ਮਿੰਟ ਬਾਅਦ, 34ਵੇਂ ਮਿੰਟ ਵਿਚ ਸਿਮਰਨਜੀਤ ਸਿੰਘ ਨੇ ਫਿਰ ਆਪਣਾ ਜਲਵਾ ਦਿਖਾਇਆ ਅਤੇ ਇਕ ਸ਼ਾਨਦਾਰ ਗੋਲ ਕੀਤਾ। ਗੋਲ ਦੇ ਨਾਲ-ਨਾਲ ਭਾਰਤ ਨੇ ਡਿਫੈਂਸ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ। ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਕਈ ਮੌਕਿਆਂ ਨੂੰ ਗੋਲ ਵਿਚ ਤਬਦੀਲ ਹੋਣ ਤੋਂ ਬਚਾਇਆ। ਤੀਜੇ ਕੁਆਰਟਰ ਵਿਚ 3-5 ਨਾਲ ਪਿੱਛੇ ਚੱਲਣ ਤੋਂ ਬਾਅਦ, ਚੌਥੇ ਕੁਆਰਟਰ ਵਿਚ ਜਰਮਨੀ ਨੇ ਹਮਲਾਵਰ ਰੁਖ ਅਪਣਾਇਆ ਅਤੇ ਇਕ ਗੋਲ ਲਈ ਲੜਿਆ ਅਤੇ ਆਪਣੀ ਕੋਸ਼ਿਸ਼ ਵਿਚ ਸਫ਼ਲ ਰਿਹਾ। ਡਿਫੈਂਡਰ ਵਿੰਡਫੀਡਰ ਲੁਕਾਸ ਨੇ ਮੈਚ ਦੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। ਇਸ ਗੋਲ ਨਾਲ ਜਰਮਨੀ ਨੇ ਸਕੋਰ 4-5 ਕਰ ਦਿੱਤਾ।
ਮੈਚ ਦੇ ਆਖ਼ਰੀ ਪਲਾਂ ਵਿਚ, ਭਾਰਤ ਨੇ ਆਪਣੇ ਡਿਫੈਂਸ ਉੱਤੇ ਵਧੇਰੇ ਧਿਆਨ ਦਿੱਤਾ, ਹਾਲਾਂਕਿ ਜਰਮਨੀ ਨੇ ਗੋਲਕੀਪਰ ਨੂੰ ਹਟਾ ਦਿੱਤਾ ਅਤੇ ਸਕੋਰ ਬਰਾਬਰ ਕਰਨ ਦੇ ਲਈ ਇੱਕ ਹੋਰ ਅਟੈਕਰ ਨੂੰ ਮੈਦਾਨ ਵਿਚ ਬੁਲਾਇਆ, ਪਰ ਉਹ ਇਸ ਦਾ ਫ਼ਾਇਦਾ ਨਹੀਂ ਚੁੱਕ ਸਕੇ ਅਤੇ ਮੈਚ ਹਾਰ ਗਏ। ਜਰਮਨੀ ਨੂੰ ਜਿੱਥੇ ਨਿਰਾਸ਼ਾ ਮਿਲੀ, ਉਥੇ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਦੀ ਕਰਾਟੇ ਐਥਲੀਟ ‘ਕੋਵਿਡ-19’ ਪਾਜ਼ੇਟਿਵ
NEXT STORY