ਜਲੰਧਰ (ਵਾਰਤਾ) : ਭਾਰਤੀ ਮਹਿਲਾ ਹਾਕੀ ਟੀਮ ਦੀ ਸਟਾਰ ਖਿਡਾਰਨ ਗੁਰਜੀਤ ਕੌਰ ਨੇ ਟੋਕੀਓ ਓਲੰਪਿਕ ਵਿਚ ਨਵਾਂ ਇਤਿਹਾਸ ਰਚ ਦਿੱਤਾ ਹੈ। ਗੁਰਜੀਤ ਕੌਰ ਦੇ ਗੋਲ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿਚ ਸਭ ਨੂੰ ਹੈਰਾਨ ਕਰਦੇ ਹੋਏ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਕਦਮ ਰੱਖ ਦਿੱਤਾ ਹੈ। ਜਲੰਧਰ ਦੇ ਪ੍ਰਸਿੱਧ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਵਿਦਿਆਰਥਣ ਰਹੀ ਅਤੇ ਅੰਮ੍ਰਿਤਸਰ ਦੇ ਮਿਆਦੀ ਕਲਾਂ ਪਿੰਡ ਦੀ ਰਹਿਣ ਵਾਲੀ 25 ਸਾਲਾ ਗੁਰਜੀਤ ਦੇ ਪਰਿਵਾਰ ਦਾ ਹਾਕੀ ਤੋਂ ਕੁੱਝ ਲੈਣਾ-ਦੇਣਾ ਨਹੀਂ ਸੀ। ਗੁਰਜੀਤ ਕੌਰ ਮੂਲ ਰੂਪ ਨਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਪਰ ਖੇਡਾਂ ਦਾ ਮੱਕਾ ਮੰਨੇ ਜਾਣ ਵਾਲੇ ਜ਼ਿਲ੍ਹਾ ਜਲੰਧਰ ਨਾਲ ਉਸ ਦਾ ਖ਼ਾਸ ਨਾਤਾ ਰਿਹਾ ਹੈ। ਉਹ ਜਲੰਧਰ ਦੇ ਪ੍ਰਸਿੱਧ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਵਿਦਿਆਰਥਣ ਰਹੀ ਹੈ।
ਇਹ ਵੀ ਪੜ੍ਹੋ: ਵਿਰੋਧੀ ਖਿਡਾਰੀ ਨੂੰ ਲੱਗੀ ਸੱਟ ਤਾਂ ਐਥਲੀਟ ਦੇ ਫ਼ੈਸਲੇ ਨੇ ਜਿੱਤੇ ਲੋਕਾਂ ਦੇ ਦਿਲ, ਦੋਵਾਂ ਨੂੰ ਮਿਲਿਆ ਸੋਨ ਤਮਗਾ
ਗੁਰਜੀਤ ਕੌਰ ਨੇ ਇਸ ਕਾਲਜ ਵਿਚ ਬੀ.ਏ. ਆਰਟਸ ਵਿਚ ਦਾਖ਼ਲਾ ਲਿਆ ਸੀ ਅਤੇ ਕਰੀਬ 5 ਸਾਲਾਂ ਤੱਕ ਕਾਲਜ ਦੀ ਅਕਾਦਮੀ ਵਿਚ ਖੇਡਦੀ ਰਹੀ ਹੈ। ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਲਈ ਤਾਂ ਧੀ ਦੀ ਪੜ੍ਹਾਈ ਹੀ ਸਭ ਤੋਂ ਪਹਿਲਾਂ ਸੀ। ਗੁਰਜੀਤ ਅਤੇ ਉਨ੍ਹਾਂ ਦੀ ਭੈਣ ਪ੍ਰਦੀਪ ਨੇ ਸ਼ੁਰੂਆਤੀ ਸਿੱਖਿਆ ਪਿੰਡ ਦੇ ਹੀ ਇਕ ਨਿੱਜੀ ਸਕੂਲ ਤੋਂ ਲਈ। ਇਸ ਤੋਂ ਬਾਅਦ ਉਹ ਤਰਨਤਾਰਨ ਦੇ ਕੈਰੋਂ ਪਿੰਡ ਵਿਚ ਇਕ ਬੋਰਡਿੰਗ ਸਕੂਲ ਵਿਚ ਪੜ੍ਹਨ ਲਈ ਗਈ। ਇੱਥੇ ਹਾਕੀ ਲਈ ਉਨ੍ਹਾਂ ਦਾ ਲਗਾਅ ਸ਼ੁਰੂ ਹੋਇਆ। ਉਹ ਕੁੜੀਆਂ ਨੂੰ ਹਾਕੀ ਖੇਡਦੇ ਦੇਖ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਨੇ ਇਸ ਵਿਚ ਹੱਥ ਅਜ਼ਮਾਉਣ ਦਾ ਫ਼ੈਸਲਾ ਲਿਆ। ਦੋਵਾਂ ਭੈਣਾਂ ਨੇ ਜਲਦ ਹੀ ਖੇਡ ਵਿਚ ਮੁਹਾਰਤ ਹਾਸਲ ਕੀਤੀ ਅਤੇ ਸਕਾਲਰਸ਼ਿਪ ਵੀ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: Tokyo Olympics: ਹਾਕੀ ਸੈਮੀਫਾਈਨਲ ’ਚ ਹਾਰਿਆ ਭਾਰਤ, PM ਮੋਦੀ ਨੇ ਕਿਹਾ- ‘ਹਾਰ ਅਤੇ ਜਿੱਤ ਜੀਵਨ ਦਾ ਹਿੱਸਾ’
ਇਸ ਦੇ ਬਾਅਦ ਗੁਰਜੀਤ ਕੌਰ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ ਦੱਸਿਆ ਕਿ ਕਾਲਜ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਨੇ ਓਲੰਪਿਕ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਹੁਣ ਵਾਹੇਗੁਰੂ ਤੋਂ ਇਹੀ ਅਰਦਾਸ ਕਰਦੇ ਹਾਂ ਕਿ ਭਾਰਤੀ ਮਹਿਲਾ ਹਾਕੀ ਟੀਮ ਦੇਸ਼ ਲਈ ਗੋਲਡ ਮੈਡਲ ਜਿੱਤੇ। ਮਹਿਲਾ ਹਾਕੀ ਖਿਡਾਰੀਆਂ ਨੇ ਜੋ ਕਰ ਦਿਖਾਇਆ ਹੈ ਉਸ ਨਾਲ ਪੂਰੇ ਕਾਲਜ ਵਿਚ ਜਸ਼ਨ ਦਾ ਮਾਹੌਲ ਬਣ ਗਿਆ ਹੈ। ਕਾਲਜ ਦੀਆਂ ਵਿਦਿਆਰਥਣਾਂ ਵੀ ਬਹੁਤ ਮਾਣ ਮਹਿਸੂਸ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਬੈਡਮਿੰਟਨ ’ਚ ਭਾਰਤ ਦੀ ਝੋਲੀ ਪਿਆ ਕਾਂਸੀ ਤਮਗਾ, ਹੁਣ ਮੋਦੀ ਨਿਭਾਉਣਗੇ P. V. ਸਿੰਧੂ ਨਾਲ ਕੀਤਾ ਵਾਅਦਾ
ਡਾ. ਨਵਜੋਤ ਨੇ ਕਿਹਾ ਕਿ ਗੁਰਜੀਤ ਕੌਰ ਨੂੰ ਹਰ ਸਮੇਂ ਅਭਿਆਸ ਨੂੰ ਲੈ ਕੇ ਜੁਨੂੰਨ ਰਹਿੰਦਾ ਸੀ ਅਤੇ ਛੁੱਟੀ ਲੈ ਕੇ ਵੀ ਕਦੇ ਉਸ ਨੇ ਮੈਦਾਨ ਨਹੀਂ ਛੱਡਿਆ। ਹਰ ਸਮੇਂ ਖੇਡ ਦੇ ਅਭਿਆਸ ਨੂੰ ਹੀ ਤਰਜੀਹ ਦਿੰਦੀ ਰਹੀ। ਇਸੇ ਦਾ ਨਤੀਜਾ ਹੈ ਕਿ ਉਸ ਨੇ ਅੱਜ ਟੋਕੀਓ ਓਲੰਪਿਕ ਵਿਚ ਸਭ ਨੂੰ ਹੈਰਾਨ ਕਰਨ ਵਾਲਾ ਇਤਿਹਾਸ ਰਚ ਦਿੱਤਾ ਹੈ। ਕਾਲਜ ਦੇ ਹਾਕੀ ਕੋਚ ਕੁਲਬੀਰ ਸਿੰਘ ਸੈਣੀ ਨੇ ਕਿਹਾ ਕਿ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਤੋਂ ਕੋਚਿੰਗ ਲੈਣ ਵਾਲੀ ਗੁਰਜੀਤ ਕੌਰ ਨੇ ਅੱਜ ਦੇਸ਼ ਦਾ ਨਾਮ ਓਲੰਪਿਕ ਵਿਚ ਚਮਕਾਇਆ ਹੈ। ਗੁਰਜੀਤ ਕੌਰ ਹੁਣ ਤੱਕ ਕਰੀਬ 53 ਇੰਟਰਨੈਸ਼ਨਲ ਮੈਚ ਖੇਡ ਚੁੱਕੀ ਹੈ। ਉਹ ਉੱਤਰੀ ਮੱਧ ਰੇਲਵੇ (ਐੱਨ.ਸੀ.ਆਰ.) ਪ੍ਰਯਾਗਰਾਜ ਵਿਚ ਸੀਨੀਅਰ ਕਲਰਕ ਦੇ ਅਹੁਦੇ ’ਤੇ ਤਾਇਨਾਤ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਜੈਵਲਿਨ ਥ੍ਰੋਅ ਮੁਕਾਬਲੇ ਦੇ ਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਅਨੂ
NEXT STORY