ਨੈਸ਼ਨਲ ਡੈਸਕ- ਰਾਜੀਵ ਗਾਂਧੀ ਜੀ ਨੇ 1985 ’ਚ ਅਮਰੀਕੀ ਕਾਂਗਰਸ ’ਚ ਕਿਹਾ ਸੀ, ‘‘ਭਾਰਤ ਇਕ ਪੁਰਾਣਾ ਦੇਸ਼ ਹੈ ਪਰ ਇਕ ਨੌਜਵਾਨ ਰਾਸ਼ਟਰ ਹੈ। ਹਰ ਥਾਂ ਦੇ ਨੌਜਵਾਨਾਂ ਵਾਂਗ ਅਸੀਂ ਵੀ ਅਧੀਰ ਹਾਂ। ਮੈਂ ਨੌਜਵਾਨ ਹਾਂ ਅਤੇ ਮੇਰਾ ਵੀ ਇਕ ਸੁਪਨਾ ਹੈ। ਮੈਂ ਇਕ ਅਜਿਹੇ ਭਾਰਤ ਦਾ ਸੁਪਨਾ ਦੇਖਦਾ ਹਾਂ ਜੋ ਮਜ਼ਬੂਤ, ਆਜ਼ਾਦ ਅਤੇ ਸਵੈ-ਨਿਰਭਰ ਹੋਵੇ ਅਤੇ ਮਨੁੱਖ ਜਾਤੀ ਦੀ ਸੇਵਾ ’ਚ ਦੁਨੀਆ ਦੇ ਦੇਸ਼ ਦੀ ਮੋਹਰਲੀ ਕਤਾਰ ’ਚ ਖੜ੍ਹਾ ਹੋਵੇ।’’ ਸਾਲ 1944 ’ਚ ਅੱਜ ਦੇ ਹੀ ਦਿਨ ਪੈਦਾ ਹੋਏ ਭਾਰਤ ਰਤਨ ਰਾਜੀਵ ਗਾਂਧੀ ਜੋ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ। ਕਿਸਮਤ ਨੇ ਉਨ੍ਹਾਂ ਨੂੰ ਬੇਹੱਦ ਘੱਟ ਸਮਾਂ ਮਨੁੱਖਤਾ ਦੀ ਸੇਵਾ ਲਈ ਦਿੱਤਾ ਪਰ ਆਪਣੇ ਛੋਟੇ ਜਿਹੇ ਸਿਆਸੀ ਜੀਵਨ ’ਚ ਉਨ੍ਹਾਂ ਦੇ ਕੰਮਾਂ ਨੇ ਭਾਰਤ ਨੂੰ ਆਧੁਨਿਕ, ਖੁਸ਼ਹਾਲ ਅਤੇ ਇਕ ਮਜ਼ਬੂਤ ਰਾਸ਼ਟਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ।
ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਨੇ ਦੇਸ਼ ਨੂੰ ਨਾ ਸਿਰਫ ਤਰੱਕੀ ਦੇ ਰਾਹ ’ਤੇ ਤੋਰਿਆ ਸਗੋਂ ਦ੍ਰਿੜ੍ਹ ਇੱਛਾ ਸ਼ਕਤੀ ਤੇ ਦੂਰਦ੍ਰਿਸ਼ਟੀ ਨਾਲ ਆਧੁਨਿਕ ਭਾਰਤ ਦੀ ਨੀਂਹ ਰੱਖ ਕੇ ਉਨ੍ਹਾਂ ਦੇਸ਼ ਨੂੰ 21ਵੀਂ ਸਦੀ ਲਈ ਤਿਆਰ ਕੀਤਾ। ਰਾਜੀਵ ਗਾਂਧੀ ਭਾਰਤ ਦੀ ਸੂਚਨਾ ਤਕਨਾਲੋਜੀ ਕ੍ਰਾਂਤੀ ਅਤੇ ਦੂਰਸੰਚਾਰ ਕ੍ਰਾਂਤੀ ਦੇ ਜਨਕ ਸਨ। ਅੱਜ ਪੂਰੀ ਦੁਨੀਆ ’ਚ ਭਾਰਤ ਦੇ ਲੋਕਾਂ ਦੀ ਜੋ ਡਿਜੀਟਲ ਚੜ੍ਹਤ ਦਿਖਾਈ ਦਿੰਦੀ ਹੈ ਉਹ ਰਾਜੀਵ ਜੀ ਦੀ ਹੀ ਦੇਣ ਹੈ। ਸੂਚਨਾ ਤਕਨਾਲੋਜੀ ਦੀ ਅਹਿਮੀਅਤ ਨੂੰ ਸਮਝਣ ਕਾਰਨ ਮਿਲੀ ਚੜ੍ਹਤ ਦਾ ਲਾਭ ਜਿੱਥੇ ਦੇਸ਼ ਨੂੰ ਜੰਗੀ ਖੇਤਰਾਂ ’ਚ ਲਗਾਤਾਰ ਮਿਲ ਰਿਹਾ ਹੈ, ਉਥੇ ਦੇਸ਼ਵਾਸੀਆਂ ਲਈ ਮੌਲਿਕ ਸਹੂਲਤਾਂ ਵਧੀਆਂ ਅਤੇ ਜ਼ਿੰਦਗੀ ਸੌਖੀ ਹੋ ਗਈ।
ਰਾਜੀਵ ਗਾਂਧੀ ਕੋਲ ਤਕਨਾਲੋਜੀ ਨੂੰ ਭਾਰਤ ਦੇ ਗਰੀਬਾਂ ਅਤੇ ਦਿਹਾਤੀ ਖੇਤਰਾਂ ਤਕ ਲਿਜਾਣ ਦੀ ਦੂਰਦਰਸ਼ਿਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ 18ਵੀਂ ਸਦੀ ’ਚ ਹੋਈ ਤਕਨਾਲੋਜੀ ਕ੍ਰਾਂਤੀ ਦਾ ਹਿੱਸਾ ਨਹੀਂ ਬਣ ਸਕਿਆ ਸੀ। ਇਸ ਦਾ ਨੁਕਸਾਨ ਹੋਇਆ ਅਤੇ ਅਸੀਂ ਵਿਕਾਸ ਦੀ ਦੌੜ ’ਚ ਪੱਛੜ ਗਏ ਪਰ ਭਾਰਤ ਨੂੰ ਹੁਣ ਦੁਨੀਆ ’ਚ ਹੋ ਰਹੀ ਕੰਪਿਊਟਰ ਕ੍ਰਾਂਤੀ ਦਾ ਹਿੱਸਾ ਬਣਨਾ ਹੀ ਹੋਵੇਗਾ, ਨਹੀਂ ਤਾਂ ਦੇਸ਼ ਇਕ ਵਾਰ ਫਿਰ ਪੱਛੜ ਜਾਵੇਗਾ। ਰਾਜੀਵ ਗਾਂਧੀ ਨੂੰ ਲੋਕਰਾਜ ਨੂੰ ਜ਼ਮੀਨੀ ਪੱਧਰ ਤਕ ਲਿਜਾਣ ਲਈ ਪੰਚਾਇਤੀ ਰਾਜ ਅਦਾਰਿਆਂ ਦਾ ਨੀਂਹ ਪੱਥਰ ਰੱਖਣ ਦਾ ਵੀ ਸਿਹਰਾ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ’ਚ ਭਾਈਵਾਲੀ ਨਾਲ ਸਮਾਜ ਦੇ ਹਾਸ਼ੀਏ ’ਤੇ ਖੜ੍ਹੇ ਵਰਗਾਂ ਦੀ ਹਾਲਤ ’ਚ ਸੁਧਾਰ ਆਵੇਗਾ। ਉਨ੍ਹਾਂ ਆਪਣੇ ਕਾਰਜਕਾਲ ’ਚ ਹੇਠਲੇ ਪੱਧਰ ’ਤੇ ਸੱਤਾ ਦੇ ਵਿਕੇਂਦਰੀਕਰਨ ਦਾ ਪੂਰਾ ਪ੍ਰਸਤਾਵ ਤਿਆਰ ਕੀਤਾ।
ਹਾਲਾਂਕਿ ਉਨ੍ਹਾਂ ਦੇ ਦਿਹਾਂਤ ਤੋਂ ਇਕ ਸਾਲ ਬਾਅਦ 1992 ’ਚ ਹੀ ਉਨ੍ਹਾਂ ਦੀ ਸੋਚ ਸਾਕਾਰ ਹੋ ਗਈ ਜਦੋਂ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਰਾਹੀਂ ਪੰਚਾਇਤੀ ਰਾਜ ਅਦਾਰਿਆਂ ਦਾ ਉਦੈ ਹੋਇਆ। ਇਨ੍ਹਾਂ ਕਾਨੂੰਨਾਂ ਨਾਲ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਨੂੰ ਕਾਨੂੰਨੀ ਦਰਜਾ ਤਾਂ ਮਿਲਿਆ ਹੀ, ਔਰਤਾਂ ਲਈ ਇਨ੍ਹਾਂ ਅਦਾਰਿਆਂ ’ਚ 33 ਫੀਸਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਵੀ ਹੋਇਆ। ਸਮਾਵੇਸ਼ੀ ਸਿਆਸੀ ਵਿਕਾਸ ਪੱਖੋਂ ਇਹ ਬਿੱਲ ਬੇਹੱਦ ਅਹਿਮ ਸਨ।
ਰਾਜੀਵ ਗਾਂਧੀ ਦੀ ਦੂਰਅੰਦੇਸ਼ੀ ਸੋਚ ਦਾ ਸਿੱਟਾ ਅੱਜ ਦੇਸ਼ ਦੇ ਚੋਟੀ ਦੇ ਅਹੁਦੇ ’ਤੇ ਬਿਰਾਜਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਰੂਪ ’ਚ ਸਾਡੇ ਸਾਹਮਣੇ ਹੈ। ਮੁਰਮੂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਓਡਿਸ਼ਾ ਦੇ ਰਾਏਰੰਗਪੁਰ ਤੋਂ ਇਕ ਕੌਂਸਲਰ ਵਜੋਂ ਸ਼ੁਰੂ ਕੀਤੀ ਸੀ। ਇਹ ਸੀਟ ਆਦਿਵਾਸੀ ਔਰਤਾਂ ਲਈ ਰਾਖਵੀਂ ਸੀ। ਅੱਜ ਭਾਰਤ ਦੇ ਸਥਾਨਕ ਪ੍ਰਸ਼ਾਸਨ ’ਚ ਲਗਭਗ 15 ਲੱਖ ਚੁਣੀਆਂ ਔਰਤਾਂ ਲੀਡਰਸ਼ਿਪ ਦੇ ਅਹੁਦਿਆਂ ’ਤੇ ਹਨ। ਰਾਜੀਵ ਗਾਂਧੀ ਕਹਿੰਦੇ ਸਨ ਕਿ ਕਿਸਾਨ ਦੇਸ਼ ਦੀ ਰੀੜ੍ਹ ਹੈ। ਕਿਸਾਨਾਂ ਦੀ ਤਰੱਕੀ ਕੀਤੇ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਰਾਜੀਵ ਗਾਂਧੀ ਨੇ ਆਪਣੇ ਪ੍ਰਧਾਨ ਮੰਤਰੀ ਕਾਲ ’ਚ ਖੇਤੀਬਾੜੀ ’ਚ ਵਧੇਰੇ ਪੂੰਜੀ ਨਿਵੇਸ਼ ਅਤੇ ਉਤਪਾਦਨ ਵਧਾਉਣ ਲਈ ਪਾਣੀ ਦੇ ਸੋਮਿਆਂ ਦੀ ਵਧੀਆ ਵਰਤੋਂ ’ਤੇ ਜ਼ੋਰ ਦਿੱਤਾ।
ਰਾਜੀਵ ਗਾਂਧੀ ਖੁਦ ਨੌਜਵਾਨ ਸਨ ਅਤੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੇਸ਼ ਪ੍ਰਤੀ ਨੌਜਵਾਨਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਉਣ ਦੀ ਪਹਿਲ ਕੀਤੀ। ਇਸੇ ਦਿਸ਼ਾ ’ਚ ਵੋਟ ਪਾਉਣ ਦੀ ਉਮਰ ਨੂੰ 21 ਸਾਲ ਤੋਂ ਘੱਟ ਕਰ ਕੇ 18 ਸਾਲ ਕਰਨ ਲਈ 1989 ’ਚ ਸੋਧ ਬਿੱਲ ਪਾਸ ਕੀਤਾ ਗਿਆ। ਇਸ ਕਦਮ ਨਾਲ ਨੌਜਵਾਨਾਂ ਨੂੰ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਥਾਨਕ ਸਰਕਾਰ ਅਦਾਰਿਆਂ ਦੇ ਲੋਕ ਪ੍ਰਤੀਨਿਧੀਆਂ ਨੂੰ ਚੁਣਨ ਦਾ ਅਧਿਕਾਰ ਮਿਲਿਆ।
ਰਾਜੀਵ ਗਾਂਧੀ ਨੇ ਸਿੱਖਿਆ ਦੇ ਖੇਤਰ ’ਚ ਵੀ ਕ੍ਰਾਂਤੀਕਾਰੀ ਫੈਸਲੇ ਲਏ। ਦੇਸ਼ ’ਚ ਉੱਚ ਸਿੱਖਿਆ ਵਿਵਸਥਾ ਨੂੰ ਆਧੁਨਿਕ ਬਣਾਉਣ ਅਤੇ ਉਸ ਦਾ ਪਸਾਰ ਕਰਨ ਲਈ 1986 ’ਚ ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਦਾ ਐਲਾਨ ਕੀਤਾ। ਪਿੰਡਾਂ ਦੇ ਬੱਚਿਆਂ ਨੂੰ ਚੋਟੀ ਦੀ ਸਿੱਖਿਆ ਪ੍ਰਦਾਨ ਕਰਨ ਦੀ ਸੋਚ ਨਾਲ ਉਨ੍ਹਾਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਨੀਂਹ ਰੱਖੀ। ਕੇਂਦਰ ਸਰਕਾਰ ਅਧੀਨ ਆਉਣ ਵਾਲੇ ਇਨ੍ਹਾਂ ਵਿਦਿਆਲਿਆਂ ’ਚ ਸਰਵੋਤਮ ਪੇਂਡੂ ਪ੍ਰਤਿਭਾ ਨੂੰ 6ਵੀਂ ਤੋਂ 12ਵੀਂ ਜਮਾਤ ਤੱਕ ਮੁਫਤ ਆਵਾਸੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ’ਚ ਲਗਭਗ 650 ਨਵੋਦਿਆ ਵਿਦਿਆਲਿਆਂ ’ਚ ਲਗਭਗ 3 ਲੱਖ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।
ਇਸ ਤੋਂ ਇਲਾਵਾ ਰਾਜੀਵ ਗਾਂਧੀ ਨੇ ਕਈ ਸ਼ਾਂਤੀ ਸਮਝੌਤੇ ਕੀਤੇ ਜਿਨ੍ਹਾਂ ’ਚ ਆਸਾਮ, ਪੰਜਾਬ, ਮਿਜ਼ੋਰਮ ਅਤੇ ਦਾਰਜੀਲਿੰਗ ਵਰਗੇ ਅਸ਼ਾਂਤ ਖੇਤਰਾਂ ’ਚ ਸ਼ਾਂਤੀ ਅਤੇ ਵਿਕਾਸ ਦੀਆਂ ਸਰਗਰਮੀਆਂ ਵਾਪਸ ਆਈਆਂ। ਉਨ੍ਹਾਂ ਸਿਆਸਤ ਨੂੰ ਪਰ੍ਹੇ ਕਰ ਕੇ ਲੋਕਾਂ ਵੱਲੋਂ ਚੁਣੀਆਂ ਗਈਆਂ ਕਾਂਗਰਸ ਪਾਰਟੀ ਦੀਆਂ ਸੂਬਾਈ ਸਰਕਾਰਾਂ ਦਾ ਬਲਿਦਾਨ ਕਰ ਕੇ ਦੇਸ਼ ਦੇ ਵੱਡੇ ਹਿੱਸੇ ’ਚ ਸ਼ਾਂਤੀ ਸਥਾਪਿਤ ਕੀਤੀ। ਲੋਕ ਅਦਾਲਤਾਂ ਨੂੰ ਕਾਨੂੰਨੀ ਸੇਵਾ ਅਥਾਰਿਟੀ ਐਕਟ 1987 ਅਧੀਨ ਕਾਨੂੰਨੀ ਦਰਜਾ ਦੇ ਕੇ ਉਨ੍ਹਾਂ ਨੂੰ ਲੋਕ ਅਦਾਲਤਾਂ ਰਾਹੀਂ ਤੇਜ਼ ਨਿਆਂ ਪ੍ਰਦਾਨ ਕੀਤੇ ਜਾਣ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਗੰਗਾ ਨਦੀ ਨੂੰ ਸਾਫ ਬਣਾਉਣ ਲਈ ਇਕ ਕੌਮੀ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਸੀ।
ਰਾਜੀਵ ਗਾਂਧੀ ਇਕ ਸੁਪਨਿਆਂ ਵਾਲਾ ਨਜ਼ਰੀਆ ਰੱਖਦੇ ਸਨ। ਸਮੇਂ ਤੋਂ ਅੱਗੇ ਚੱਲਣ ਵਾਲੇ ਅਤੇ ਨਵੀਂ ਪੀੜ੍ਹੀ ਦੇ ਉਹ ਨੇਤਾ ਸਨ। ਉਹ ਅੱਜ ਜ਼ਿੰਦਾ ਹੁੰਦੇ ਤਾਂ 79 ਸਾਲ ਦੇ ਹੁੰਦੇ। ਭਾਰਤ ਦੀ ਮਾੜੀ ਕਿਸਮਤ ਹੈ ਕਿ ਉਹ ਉਨ੍ਹਾਂ ਦੀ ਊਰਜਾ, ਨਵੀਂ ਸੋਚ ਅਤੇ ਦੇਸ਼ ਨੂੰ ਲੈ ਕੇ ਉਨ੍ਹਾਂ ਦੀਆਂ ਅਤਿਅੰਤ ਅਹਿਮ ਇੱਛਾਵਾਂ ਦਾ ਵਧੇਰੇ ਸਮੇਂ ਲਈ ਲਾਭ ਨਹੀਂ ਉਠਾ ਸਕਿਆ।
ਰਾਜੀਵ ਗਾਂਧੀ ਨੇ ਸਾਰੀ ਉਮਰ ਦੇਸ਼ ਦੀ ਸੇਵਾ ਕੀਤੀ ਅਤੇ 47 ਸਾਲ ਦੀ ਯੁਵਾ ਉਮਰ ’ਚ ਦੇਸ਼ ਦੇ ਦੁਸ਼ਮਣਾਂ ਦੇ ਇਕ ਅੱਤਵਾਦੀ ਹਮਲੇ ’ਚ ਸ਼ਹੀਦ ਹੋ ਗਏ। ਭਾਰਤੀ ਸੰਸਕ੍ਰਿਤੀ ’ਚ ਸ਼ਹੀਦਾਂ ਦਾ ਸਭ ਤੋਂ ਵੱਧ ਸਤਿਕਾਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸੌੜੀ ਸਿਆਸਤ ਤੋਂ ਉਪਰ ਰੱਖਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਜਦੋਂ ਸਿਆਸੀ ਮੰਦਭਾਵਨਾ ਅਤੇ ਕੁੰਠਾ ਤੋਂ ਪੀੜਤ ਦੇਸ਼ ਦੇ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਕੁਝ ਸਿਆਸਤਦਾਨ ਉਨ੍ਹਾਂ ਸਬੰਧੀ ਮਾੜਾ ਪ੍ਰਚਾਰ ਕਰਦੇ ਅਤੇ ਝੂਠ ਫੈਲਾਉਂਦੇ ਹਨ ਤਾਂ ਦੇਸ਼ ਨੂੰ ਉਨ੍ਹਾਂ ਦੇ ਯੋਗਦਾਨ ਸਬੰਧੀ ਜਾਣਨ ਦਾ ਹੱਕ ਹੈ।
ਡਾ. ਵਿਨੀਤ ਪੁਨੀਆ
ਹਰਿਆਣਾ, ਪੰਜਾਬ ਅਤੇ ਹਿਮਾਚਲ ’ਚ ਟੀ. ਬੀ. ਨਾਲ ਹੋ ਰਹੀਆਂ ਮੌਤਾਂ
NEXT STORY