ਇਸ ਸਮੇਂ ਦੇਸ਼ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿਚ ਅੰਦਰੂਨੀ ਕਲੇਸ਼ ਤੇ ਫੁੱਟ ਜ਼ੋਰਾਂ 'ਤੇ ਹੈ ਅਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਦੇ ਨੇਤਾ ਇਕ-ਦੂਜੇ ਦਾ ਸਿਰ ਪਾੜਨ 'ਤੇ ਉਤਾਰੂ ਹਨ। ਇਸੇ ਕੜੀ ਵਿਚ ਪਹਿਲਾ ਧਮਾਕਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਕੀਤਾ ਅਤੇ ਹੁਣ 'ਛੱਤੀਸਗੜ੍ਹ ਜਨਤਾ ਕਾਂਗਰਸ' ਦੇ ਨਾਂ ਨਾਲ ਨਵੀਂ ਸਿਆਸੀ ਪਾਰਟੀ ਬਣਾ ਕੇ ਕਾਂਗਰਸ ਦੇ ਮੁਕਾਬਲੇ 'ਚ ਹੀ ਖੜ੍ਹੇ ਹੋ ਗਏ ਹਨ।
ਇਸੇ ਤਰ੍ਹਾਂ ਯੂ. ਪੀ. ਦੀਆਂ ਦੋ ਅਹਿਮ ਸਿਆਸੀ ਪਾਰਟੀਆਂ 'ਸਪਾ' ਤੇ 'ਬਸਪਾ' ਵਿਚ ਵੀ ਘਮਾਸਾਨ ਜਾਰੀ ਹੈ, ਜਿਥੇ ਦੋ ਦਿਨਾਂ ਅੰਦਰ ਦੋ ਧਮਾਕੇ ਹੋ ਗਏ ਹਨ। ਉਥੇ ਪਹਿਲਾ ਧਮਾਕਾ 21 ਜੂਨ ਨੂੰ ਹੋਇਆ, ਜਦੋਂ 'ਡੌਨ' ਤੋਂ ਸਿਆਸਤਦਾਨ ਬਣੇ ਬਾਹੂਬਲੀ ਮੁਖਤਾਰ ਅੰਸਾਰੀ ਦੀ ਪਾਰਟੀ 'ਕੌਮੀ ਏਕਤਾ ਦਲ' ਦਾ 'ਸਪਾ' ਵਿਚ ਰਲੇਵਾਂ ਹੋ ਗਿਆ।
ਮੁਖਤਾਰ ਵਿਰੁੱਧ ਕਥਿਤ ਤੌਰ 'ਤੇ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ 4-4, ਅਪਰਾਧਿਕ ਦਖਲਅੰਦਾਜ਼ੀ ਦੇ ਦੋਸ਼ ਹੇਠ 5 ਅਤੇ ਦੰਗਿਆਂ ਦੇ ਦੋਸ਼ ਹੇਠ 3 ਮਾਮਲੇ ਦਰਜ ਹਨ। ਉਹ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਦੀ ਹੱਤਿਆ 'ਚ ਸ਼ਾਮਲ ਹੋਣ ਦੇ ਦੋਸ਼ ਹੇਠ 2014 ਤੋਂ ਜੇਲ ਵਿਚ ਹੈ ਤੇ ਇਸ ਦੀ ਸੀ. ਬੀ. ਆਈ.ਵਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਵਿਧਾਨ ਸਭਾ ਵਿਚ ਇਸ ਦੇ ਦੋ ਵਿਧਾਇਕ ਹਨ। ਇਸ ਰਲੇਵੇਂ ਨਾਲ ਸਪਾ ਵਲੋਂ ਗਾਜ਼ੀਪੁਰ, ਮਊ, ਬਲੀਆ ਤੇ ਵਾਰਾਨਸੀ 'ਚ ਮੁਸਲਿਮ ਵੋਟ ਬੈਂਕ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੁਖਤਾਰ ਅੰਸਾਰੀ ਦੇ ਦੋ ਭਰਾਵਾਂ ਸਿਬਕਤੁੱਲਾ ਅਤੇ ਅਫਜ਼ਲ ਅੰਸਾਰੀ ਵਲੋਂ ਸੀਨੀਅਰ ਸਪਾ ਆਗੂ ਤੇ ਅਖਿਲੇਸ਼ ਯਾਦਵ ਦੇ ਚਾਚੇ ਸ਼ਿਵਪਾਲ ਯਾਦਵ ਦੀ ਮੌਜੂਦਗੀ ਵਿਚ ਰਲੇਵੇਂ ਦੇ ਐਲਾਨ ਦੇ ਨਾਲ ਹੀ ਯਾਦਵ ਪਰਿਵਾਰ ਵਿਚ ਘਮਾਸਾਨ ਮਚ ਗਿਆ ਹੈ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਇਸ ਸਮਾਗਮ 'ਚ ਸ਼ਾਮਲ ਵੀ ਨਹੀਂ ਹੋਏ।
ਜਿਥੇ ਸ਼ਿਵਪਾਲ ਯਾਦਵ ਅਨੁਸਾਰ ਸਭ ਕੁਝ ਨੇਤਾ ਜੀ (ਮੁਲਾਇਮ ਸਿੰਘ) ਦੀ ਸਹਿਮਤੀ ਨਾਲ ਹੋਇਆ ਦੱਸਿਆ ਜਾਂਦਾ ਹੈ, ਉਥੇ ਹੀ ਅਖਿਲੇਸ਼ ਇਸ ਘਟਨਾ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨੇ ਮੁਲਾਇਮ ਸਿੰਘ ਦੇ ਬੇਹੱਦ ਨੇੜਲੇ ਕੈਬਨਿਟ ਮੰਤਰੀ ਬਲਰਾਮ ਸਿੰਘ ਯਾਦਵ ਦੀ ਛੁੱਟੀ ਕਰ ਦਿੱਤੀ, ਜਿਸ ਕਰਕੇ ਮੁਲਾਇਮ ਸਿੰਘ ਉਨ੍ਹਾਂ ਤੋਂ ਨਾਰਾਜ਼ ਹਨ।
ਅਖਿਲੇਸ਼ ਦੇ ਇਸ ਫੈਸਲੇ ਨੂੰ ਯਾਦਵ ਪਰਿਵਾਰ ਵਿਚ ਆਪਸੀ ਦੂਰੀਆਂ ਵਧਣ ਦੀ ਘੁਸਰ-ਮੁਸਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਤੇ ਇਹ ਵੀ ਚਰਚਾ ਹੈ ਕਿ ਸਪਾ ਵਿਚ ਰਲੇਵੇਂ ਦੇ ਇਨਾਮ ਵਜੋਂ ਹੀ ਮੁਖਤਾਰ ਅੰਸਾਰੀ ਨੂੰ ਆਗਰਾ ਤੋਂ ਲਖਨਊ ਜੇਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਯੂ. ਪੀ. 'ਚ ਦੂਜਾ ਧਮਾਕਾ ਬਸਪਾ 'ਚ ਹੋਇਆ, ਜਦੋਂ ਇਸੇ ਦਿਨ ਇਸ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ 'ਬੈਕਵਰਡ ਕਲਾਸ ਪੋਸਟਰ ਬੁਆਏ' ਸਵਾਮੀ ਪ੍ਰਸਾਦ ਮੌਰਿਆ ਨੇ ਪਾਰਟੀ ਵਿਚ 'ਘੁਟਨ' ਮਹਿਸੂਸ ਕਰਦਿਆਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਬਸਪਾ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਉਹ ਉਨ੍ਹਾਂ ਦਾ ਸਾਥ ਦੇਣਗੇ।
ਉਨ੍ਹਾਂ ਨੇ ਪਾਰਟੀ ਸੁਪਰੀਮੋ ਮਾਇਆਵਤੀ ਨੂੰ 'ਦਲਿਤ ਦੀ ਨਹੀਂ, ਦੌਲਤ ਦੀ ਬੇਟੀ' ਦੱਸਿਆ ਅਤੇ ਉਨ੍ਹਾਂ 'ਤੇ ਪਾਰਟੀ ਟਿਕਟਾਂ ਦੀ ਨਿਲਾਮੀ ਕਰਨ ਅਤੇ ਵਰਕਰਾਂ ਨੂੰ 'ਗੂੰਗੇ ਤੇ ਗੁਲਾਮ' ਬਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ, ''ਮਾਇਆਵਤੀ ਦੀ ਅਗਵਾਈ ਹੇਠ ਪਾਰਟੀ ਅੰਬੇਡਕਰ ਤੇ ਕਾਂਸ਼ੀਰਾਮ ਦੇ ਆਦਰਸ਼ਾਂ ਤੋਂ ਭਟਕ ਗਈ ਹੈ। ਪਾਰਟੀ 'ਟਿਕਟਾਂ ਦਾ ਬਾਜ਼ਾਰ' ਅਤੇ ਮਾਇਆਵਤੀ ਦੀ ਪੈਸਿਆਂ ਦੀ ਭੁੱਖ ਹੁਣ 'ਹਵਸ' ਬਣ ਗਈ ਹੈ।''
''ਮਾਇਆਵਤੀ ਨੇ ਜ਼ਿਲਾ ਪੰਚਾਇਤਾਂ ਦੀਆਂ ਚੋਣਾਂ ਵਿਚ ਵੀ 5 ਲੱਖ ਤੋਂ 10 ਲੱਖ ਰੁਪਏ ਤਕ ਦਾ ਰੇਟ ਕੱਢਿਆ ਸੀ। ਕਾਂਸ਼ੀਰਾਮ ਜੀ ਦਾ ਨਾਅਰਾ ਸੀ, 'ਜਿਸ ਦੀ ਜਿੰਨੀ ਗਿਣਤੀ ਭਾਰੀ, ਓਨੀ ਉਸ ਦੀ ਹਿੱਸੇਦਾਰੀ' ਪਰ ਮਾਇਆਵਤੀ ਨੇ ਇਸ ਨੂੰ ਬਦਲ ਕੇ 'ਜਿਸ ਦੀ ਜਿੰਨੀ ਥੈਲੀ ਭਾਰੀ, ਉਸ ਦੀ ਓਨੀ ਹਿੱਸੇਦਾਰੀ' ਕਰ ਦਿੱਤਾ ਹੈ।''
ਮਾਇਆਵਤੀ ਨੇ 'ਮੌਰਿਆ' ਨੂੰ ਆਦਤਨ 'ਦਲ-ਬਦਲੂ' ਦੱਸਦਿਆਂ ਕਿਹਾ, ''ਪਾਰਟੀ ਛੱਡ ਕੇ 'ਮੌਰਿਆ' ਨੇ ਸਾਡੇ 'ਤੇ ਕ੍ਰਿਪਾ ਕੀਤੀ ਹੈ। ਬਸਪਾ ਵੰਸ਼ਵਾਦੀ ਸਿਆਸਤ ਨੂੰ ਹੱਲਾਸ਼ੇਰੀ ਨਹੀਂ ਦਿੰਦੀ ਪਰ 'ਮੌਰਿਆ' ਤਾਂ ਆਪਣੇ ਬੇਟੇ ਤੇ ਬੇਟੀ ਲਈ ਟਿਕਟ ਮੰਗ ਰਹੇ ਸਨ। ਜੇ ਉਹ ਪਾਰਟੀ ਨਾ ਛੱਡਦੇ ਤਾਂ ਮੈਂ ਖੁਦ ਉਨ੍ਹਾਂ ਨੂੰ ਕੁਝ ਦਿਨਾਂ ਵਿਚ ਪਾਰਟੀ 'ਚੋਂ ਕੱਢਣ ਵਾਲੀ ਸੀ।''
ਇਸੇ ਦਰਮਿਆਨ ਚਰਚਾ ਹੈ ਕਿ ਪਹਿਲਾਂ ਤੋਂ ਹੀ 'ਮੌਰਿਆ' ਸਪਾ ਆਗੂਆਂ ਸ਼ਿਵਪਾਲ ਯਾਦਵ ਅਤੇ ਆਜ਼ਮ ਖਾਨ ਦੇ ਨੇੜਲੇ ਸੰਪਰਕ 'ਚ ਹਨ। ਉਹ 'ਬਸਪਾ' ਤੋਂ ਕਿਨਾਰਾ ਕਰਨ ਤੋਂ ਬਾਅਦ ਹੁਣ 'ਸਪਾ' ਵਿਚ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਅਖਿਲੇਸ਼ ਯਾਦਵ ਵਲੋਂ ਮੰਤਰੀ ਮੰਡਲ ਦੇ ਛੇਤੀ ਕੀਤੇ ਜਾਣ ਵਾਲੇ ਫੇਰਬਦਲ 'ਚ ਕੈਬਨਿਟ ਮੰਤਰੀ ਵੀ ਬਣਾਇਆ ਜਾ ਸਕਦਾ ਹੈ।
ਕੁਲ ਮਿਲਾ ਕੇ ਇਸ ਘਟਨਾ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ 'ਸਪਾ' ਅਤੇ 'ਬਸਪਾ' ਵਿਚ ਸ਼ੁਰੂ ਹੋਈ ਇਕ-ਦੂਜੇ ਦੇ ਪਾਜ ਉਘਾੜਨ ਅਤੇ 'ਧੜਾ' ਬਦਲਣ ਦੀ ਇਹ ਖੇਡ ਇਨ੍ਹਾਂ ਦੋਹਾਂ ਪਾਰਟੀਆਂ ਦੇ ਅਕਸ ਨੂੰ ਠੇਸ ਹੀ ਪਹੁੰਚਾਏਗੀ ਤੇ ਇਸ ਨਾਲ ਇਹ ਵੀ ਸਿੱਧ ਹੋ ਗਿਆ ਹੈ ਕਿ ਸਾਡੇ ਨੇਤਾ ਆਪਣੇ ਲਾਭ ਅਤੇ ਸਵਾਰਥ ਲਈ ਕਿਹੋ ਜਿਹਾ ਵਰਤਾਓ ਕਰ ਰਹੇ ਹਨ। -ਵਿਜੇ ਕੁਮਾਰ
ਚੰਦ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੀਆਂ ਔਲਾਦਾਂ ਦੀਆਂ ਕਰਤੂਤਾਂ
NEXT STORY