ਸਾਬਕਾ ਭਾਰਤੀ ਡਿਪਲੋਮੇਟ ਅਤੇ ਕਾਂਗਰਸ ਦੇ ਸਾਬਕਾ ਮੈਂਬਰ ਮਣੀਸ਼ੰਕਰ ਅਈਅਰ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ.-1 ਸਰਕਾਰ (2004-09) ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਰਹੇ ਅਤੇ ਫਿਰ 2006 ਤੋਂ 2009 ਤਕ ਉਨ੍ਹਾਂ ਨੇ ਯੂਥ ਮਾਮਲਿਆਂ ਬਾਰੇ ਅਤੇ ਖੇਡ ਮੰਤਰਾਲੇ ਦਾ ਜ਼ਿੰਮਾ ਸੰਭਾਲਿਆ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਦੇ ਜ਼ਿਆਦਾ ਨੇੜੇ ਰਹੇ ਮਣੀਸ਼ੰਕਰ ਅਈਅਰ ਸਮੇਂ-ਸਮੇਂ 'ਤੇ ਵੱਖ-ਵੱਖ ਵਿਵਾਦਾਂ ਵਿਚ ਘਿਰਦੇ ਰਹੇ ਹਨ। ਅਗਸਤ 2013 ਵਿਚ ਰਾਜ ਸਭਾ ਵਿਚ ਸਪਾ ਦੇ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਉਦੋਂ ਅਈਅਰ 'ਤੇ ਪਾਕਿਸਤਾਨੀ ਜਾਸੂਸ ਹੋਣ ਦਾ ਦੋਸ਼ ਲਾਇਆ ਸੀ, ਜਦੋਂ ਸ਼੍ਰੀ ਅਈਅਰ ਨੇ ਪਾਕਿ ਫੌਜ ਵਲੋਂ ਕੁਝ ਹੀ ਸਮਾਂ ਪਹਿਲਾਂ ਕੀਤੀ ਗਈ 5 ਭਾਰਤੀ ਜਵਾਨਾਂ ਦੀ ਹੱਤਿਆ 'ਤੇ ਚਰਚਾ ਕਰਨ ਤੋਂ ਇਨਕਾਰ ਕਰਦਿਆਂ ਇਸ ਦੀ ਥਾਂ ਵਧ ਰਹੀਆਂ ਗੈਸ ਦੀਆਂ ਕੀਮਤਾਂ 'ਤੇ ਚਰਚਾ ਕਰਨ ਦਾ ਸੁਝਾਅ ਦਿੱਤਾ ਸੀ।
ਅਈਅਰ ਨੇ ਫਰਾਂਸ ਵਲੋਂ ਹਿਜਾਬ 'ਤੇ ਪਾਬੰਦੀ ਲਾਉਣ ਦੇ ਜੁਆਬ ਵਿਚ ਨਵੰਬਰ 2015 ਦੇ ਪੈਰਿਸ ਹਮਲਿਆਂ ਨੂੰ ਜਾਇਜ਼ ਠਹਿਰਾਇਆ ਸੀ। ਉਨ੍ਹਾਂ ਨੇ ਮੁਸਲਮਾਨਾਂ ਦੀ ਮੌਤ ਦੀ ਪ੍ਰਤੀਕਿਰਿਆ ਵਜੋਂ ਚਾਰਲੀ ਹੈਬਦੋ ਗੋਲੀ ਕਾਂਡ ਨੂੰ ਵੀ ਸਹੀ ਦੱਸਿਆ ਸੀ ਤੇ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨੂੰ ਉਨ੍ਹਾਂ ਦੀ ਪਾਰਟੀ ਨੇ ਹੀ ਖਾਰਿਜ ਕਰ ਦਿੱਤਾ ਸੀ।
ਫਿਲਹਾਲ ਸਮੇਂ-ਸਮੇਂ 'ਤੇ ਵਿਵਾਦਪੂਰਨ ਬਿਆਨ ਦੇਣ ਵਾਲੇ ਮਣੀਸ਼ੰਕਰ ਅਈਅਰ ਦੇ ਬਿਆਨਾਂ ਤੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਹੀ ਨਹੀਂ, ਸਗੋਂ ਆਪਣੀ ਹੀ ਪਾਰਟੀ ਦਾ ਵਿਰੋਧ ਝਲਕਦਾ ਰਿਹਾ ਹੈ।
ਇਸ ਸਾਲ ਦੇ ਪਹਿਲੇ ਅੱਧ ਵਿਚ 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਵਿਚ ਉੱਠ ਰਹੀ ਤਬਦੀਲੀ ਦੀ ਮੰਗ ਦਰਮਿਆਨ ਉਨ੍ਹਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਪਾਰਟੀ ਨੂੰ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਕਾਬਲਾ ਕਰਨ ਲਈ ਕੌਮੀ ਪੱਧਰ 'ਤੇ ਮਹਾਗੱਠਜੋੜ ਬਣਾਉਣਾ ਚਾਹੀਦਾ ਹੈ।
ਅਈਅਰ ਨੇ ਕਿਹਾ ਕਿ ਜੇ ਜ਼ਰੂਰੀ ਹੋਵੇ ਤਾਂ ਰਾਹੁਲ ਨੂੰ ਇਸ ਮਹਾਗੱਠਜੋੜ ਦੀ ਅਗਵਾਈ ਦਾ ਦਾਅਵਾ ਛੱਡ ਦੇਣਾ ਚਾਹੀਦਾ ਹੈ, ਜਿਵੇਂ ਕਿ ਕਾਂਗਰਸ ਨੇ ਬਿਹਾਰ ਵਿਚ 2015 ਵਿਚ ਕੀਤਾ ਸੀ, ਜਦੋਂ ਇਹ ਮਹਾਗੱਠਜੋੜ ਵਿਚ ਤੀਜੀ ਜੂਨੀਅਰ ਭਾਈਵਾਲ ਸੀ ਅਤੇ ਯੂ. ਪੀ. ਵਿਚ ਵੀ ਸਪਾ ਦੀ ਜੂਨੀਅਰ ਸੀ।
ਅਈਅਰ ਦੇ ਸੁਝਾਅ ਦਾ ਮਤਲਬ ਇਹ ਸੀ ਕਿ ਕਾਂਗਰਸ ਵਿਚ ਆਪਣੇ ਬਲਬੂਤੇ 'ਤੇ ਜਿੱਤਣ ਦੀ ਤਾਕਤ ਨਹੀਂ। ਅਜਿਹਾ ਕਹਿ ਕੇ ਉਨ੍ਹਾਂ ਨੇ ਅਸਿੱਧੇ ਤੌਰ 'ਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਸਮਰੱਥਾ 'ਤੇ ਸਵਾਲ ਉਠਾਇਆ ਸੀ।
ਇਹੋ ਨਹੀਂ, ਮਣੀਸ਼ੰਕਰ ਅਈਅਰ ਨੇ ਇਸ ਸਾਲ 8 ਅਕਤੂਬਰ ਨੂੰ ਕਸੌਲੀ 'ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਬਾਰੇ ਕਿਹਾ ਕਿ ਕਾਂਗਰਸ ਵਿਚ ਸਿਰਫ 2 ਜਣਿਆਂ 'ਚੋਂ ਹੀ ਕੋਈ ਗ੍ਰੈਂਡ ਓਲਡ ਪਾਰਟੀ ਦਾ ਅਗਲਾ ਪ੍ਰਧਾਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਸੀ ਕਿ ''ਮੈਂ ਮਹਿਸੂਸ ਕਰਦਾ ਹਾਂ ਕਿ ਸਿਰਫ 2 ਜਣਿਆਂ 'ਚੋਂ ਹੀ ਕੋਈ ਕਾਂਗਰਸ ਦਾ ਅਗਲਾ ਪ੍ਰਧਾਨ ਬਣ ਸਕਦਾ ਹੈ, ਜਿਨ੍ਹਾਂ 'ਚੋਂ ਇਕ ਮਾਂ ਅਤੇ ਦੂਜਾ ਪੁੱਤ ਹੈ। ਰਾਹੁਲ ਨੇ ਖੁੱਲ੍ਹੇ ਤੌਰ 'ਤੇ ਕਿਹਾ ਹੈ ਕਿ ਉਹ ਚੋਣ ਲੜਨ ਲਈ ਤਿਆਰ ਹਨ ਪਰ ਜਦ ਕੋਈ ਮਿਲੇਗਾ, ਤਾਂ ਹੀ ਤਾਂ ਚੋਣਾਂ ਹੋਣਗੀਆਂ। ਜੇ ਕੋਈ ਵੀ ਨਹੀਂ ਮਿਲਿਆ ਅਤੇ ਸਿਰਫ ਇਕ ਹੀ ਪ੍ਰਤੀਯੋਗੀ ਹੋਇਆ ਤਾਂ ਫਿਰ ਚੋਣਾਂ ਕਿਵੇਂ ਹੋ ਸਕਦੀਆਂ ਹਨ?''
ਜਿੱਥੇ ਅਜਿਹੇ ਬਿਆਨ ਦੇ ਕੇ ਮਣੀਸ਼ੰਕਰ ਅਈਅਰ ਨੇ ਕਾਂਗਰਸ ਵਿਚ ਰਹਿੰਦਿਆਂ ਰਾਹੁਲ ਗਾਂਧੀ ਪ੍ਰਤੀ ਆਪਣੀ ਨਾਪਸੰਦਗੀ ਜ਼ਾਹਿਰ ਕੀਤੀ ਹੈ, ਉਥੇ ਹੀ ਹੋਰਨਾਂ ਵਿਸ਼ਿਆਂ 'ਤੇ ਵੀ ਇਤਰਾਜ਼ਯੋਗ ਬਿਆਨ ਦੇ ਕੇ ਉਨ੍ਹਾਂ ਨੇ ਵਿਵਾਦ ਪੈਦਾ ਕੀਤੇ ਹਨ।
ਇਸ ਦੀ ਤਾਜ਼ਾ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਨੇ 7 ਦਸੰਬਰ ਨੂੰ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਗੇੜ ਦੀ ਪੋਲਿੰਗ ਲਈ ਪ੍ਰਚਾਰ ਖਤਮ ਹੋਣ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਨੀਚ ਕਿਸਮ ਦਾ ਆਦਮੀ' ਕਹਿ ਕੇ ਨਾ ਸਿਰਫ ਭਾਰੀ ਹੰਗਾਮਾ ਖੜ੍ਹਾ ਕਰ ਦਿੱਤਾ, ਸਗੋਂ ਕਾਂਗਰਸ ਨੂੰ ਵੀ ਬੈਕਫੁੱਟ 'ਤੇ ਲਿਆ ਕੇ ਖੜ੍ਹੀ ਕਰ ਦਿੱਤਾ।
ਇਸ 'ਤੇ ਝੱਟਪਟ ਰਾਹੁਲ ਗਾਂਧੀ ਨੇ ਪੂਰੇ ਮਾਮਲੇ ਵਿਚ ਦਖਲ ਦੇ ਕੇ ਨਾਸਿਰਫ ਮਣੀਸ਼ੰਕਰ ਅਈਅਰ ਤੋਂ ਉਨ੍ਹਾਂ ਦੇ ਸ਼ਬਦਾਂ ਲਈ ਮੁਆਫੀ ਮੰਗਵਾਈ, ਸਗੋਂ ਰਾਤ 9 ਵਜੇ ਕਾਂਗਰਸ ਵਲੋਂ ਮਣੀਸ਼ੰਕਰ ਅਈਅਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਮੁੱਢਲੀ ਮੈਂਬਰੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਮਣੀਸ਼ੰਕਰ ਅਈਅਰ ਦਾ ਬਿਆਨ ਯਕੀਨੀ ਤੌਰ 'ਤੇ ਕਿਸੇ ਵੀ ਨਜ਼ਰੀਏ ਤੋਂ ਮਰਿਆਦਾ ਦੇ ਮੁਤਾਬਿਕ ਨਹੀਂ ਹੈ, ਜਿਸ ਦੀ ਕਾਂਗਰਸ ਨੂੰ ਗੁਜਰਾਤ ਦੀਆਂ ਚੋਣਾਂ ਵਿਚ ਭਾਰੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ ਅਤੇ ਇਸ ਨੂੰ ਦੇਖਦਿਆਂ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ :
ਹੂਏ ਤੁਮ ਦੋਸਤ ਜਿਸਕੇ, ਦੁਸ਼ਮਨ ਉਸ ਕਾ ਆਸਮਾਂ ਕਿਉਂ ਹੋ
—ਵਿਜੇ ਕੁਮਾਰ
ਨਹੀਂ ਰੁਕ ਰਿਹਾ ਪੁਲਸ ਹਿਰਾਸਤ ਅਤੇ ਜੇਲਾਂ 'ਚੋਂ ਅਪਰਾਧੀਆਂ ਦੀ ਫਰਾਰੀ ਦਾ ਲਗਾਤਾਰ ਸਿਲਸਿਲਾ
NEXT STORY