ਅੱਜ ਦੇਸ਼ ’ਚ ਅਪਰਾਧਿਕ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਉਹ ਨਾ ਸਿਰਫ ਲੁੱਟਮਾਰ ਕਰ ਰਹੇ ਹਨ ਸਗੋਂ ਸ਼ਰੇਆਮ ਔਰਤਾਂ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰ ਕੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰ ਰਹੇ ਹਨ।
ਇਸ ਸਬੰਧੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਔਰਤਾਂ ਅਪਰਾਧੀਆਂ ਵਿਰੁੱਧ ਆਪਣੀ ਹਾਜ਼ਰ ਦਿਮਾਗੀ ਅਤੇ ਹਿੰਮਤ ਦੇ ਦਮ ’ਤੇ ਹਰਕਤ ’ਚ ਆ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣ ਦੀ ਹਿੰਮਤ ਵਿਖਾਉਣ ਲੱਗੀਆਂ ਹਨ।
ਅਜਿਹੀ ਹੀ ਇਕ ਘਟਨਾ 18 ਮਈ ਨੂੰ ਕੇਰਲ ਦੇ ਏਰਨਾਕੁਲਮ ਜ਼ਿਲੇ ’ਚ ਹੋਈ ਜਦੋਂ ਬੱਸ ਰਾਹੀਂ ਤ੍ਰਿਸ਼ੂਰ ਤੋਂ ਕੋਚੀ ਜਾ ਰਹੀ ਇਕ ਮੁਟਿਆਰ ਦੇ ਨਾਲ ਬੈਠਾ ਵਿਅਕਤੀ ਉਸ ਨੂੰ ਬੇਲੋੜੇ ਢੰਗ ਨਾਲ ਛੂਹਣ ਅਤੇ ਪੈਂਟ ਦੀ ਜ਼ਿਪ ਖੋਲ੍ਹ ਕੇ ਆਪਣਾ ਪ੍ਰਾਈਵੇਟ ਪਾਰਟ ਵਿਖਾਉਣ ਲੱਗਾ।
ਇਸ ’ਤੇ ਘਬਰਾਉਣ ਦੀ ਬਜਾਏ ਮੁਟਿਆਰ ਨੇ ਆਪਣੇ ਮੋਬਾਇਲ ’ਚ ਉਸ ਦੀ ਅਸ਼ਲੀਲ ਹਰਕਤ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੁਲਸ ਦੇ ਹਵਾਲੇ ਕਰਨ ਲਈ ਕੰਡਕਟਰ ਕੋਲੋਂ ਮਦਦ ਮੰਗੀ।
ਹਾਲਾਂਕਿ ਬੱਸ ਦੇ ਰੁਕਦਿਆਂ ਹੀ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਭ ਨੇ ਮਿਲ ਕੇ ਉਸ ਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿਤਾ। ਜਲਦੀ ਹੀ ਸਥਾਨਕ ਟੀ. ਵੀ. ਚੈਨਲਾਂ ਨੇ ਮੁਟਿਆਰ ਵੱਲੋਂ ਭੇਜਿਆ ਵੀਡੀਓ ਵਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਪਿੱਛੋਂ ਉਕਤ ਨੌਜਵਾਨ ਦੀ ਅਭੱਦਰਤਾ ਦਾ ਸ਼ਿਕਾਰ ਹੋਈਆਂ 5 ਹੋਰਨਾਂ ਔਰਤਾਂ ਨੇ ਵੀ ਉਸ ਨੂੰ ਪਛਾਣ ਲਿਆ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਵੀ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ।
ਇਸ ਤੋਂ ਪਹਿਲਾਂ 12 ਫਰਵਰੀ ਨੂੰ ਪਠਾਨਕੋਟ ਵਿਖੇ ਦੋ ਸਨੈਚਰਾਂ ਨੇ ਬਾਜ਼ਾਰ ਜਾ ਰਹੀ ਇਕ ਔਰਤ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਰੌਲਾ ਪਾਉਣ ’ਤੇ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਤਾਂ ਉਸ ਨੇ ਖੁਦ ਹੀ ਆਪਣੀ ਸਕੂਟੀ ਰਾਹੀਂ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਟੱਕਰ ਮਾਰ ਕੇ ਉਨ੍ਹਾਂ ਨੂੰ ਡੇਗ ਦਿੱਤਾ। ਹਾਲਾਂਕਿ ਇਸ ਘਟਨਾ ’ਚ ਉਹ ਖੁਦ ਵੀ ਜ਼ਖਮੀ ਹੋ ਗਈ ਪਰ ਦੋਵੇਂ ਸਨੈਚਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਫੜੇ ਗਏ।
ਇਸੇ ਤਰ੍ਹਾਂ 22 ਅਪ੍ਰੈਲ ਨੂੰ ਹੁਸ਼ਿਆਰਪੁਰ ’ਚ ਏ. ਟੀ. ਐੱਮ. ’ਚੋਂ ਪੈਸੇ ਕਢਵਾ ਕੇ ਨਿਕਲੀਆਂ 2 ਭੈਣਾਂ ਨੂੰ ਦੋ ਲੁਟੇਰਿਆਂ ਨੇ ਹਥਿਆਰ ਵਿਖਾ ਕੇ ਲੁੱਟਣ ਪਿੱਛੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਭੈਣਾਂ ਨੇ ਹਿੰਮਤ ਤੋਂ ਕੰਮ ਲਿਆ ਅਤੇ ਦੌੜ ਰਹੇ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰਨ ’ਚ ਸਫਲਤਾ ਹਾਸਲ ਕੀਤੀ, ਜਿਸ ਲਈ ਹੁਸ਼ਿਆਰਪੁਰ ਪੁਲਸ ਨੇ ਉਨ੍ਹਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਜੇ ਸਭ ਔਰਤਾਂ ਇਸੇ ਤਰ੍ਹਾਂ ਹਿੰਮਤ ਵਿਖਾਉਣ ਤਾਂ ਅਪਰਾਧਿਕ ਅਨਸਰਾਂ ਦੇ ਹੌਸਲੇ ਟੁੱਟਣਗੇ ਅਤੇ ਉਨ੍ਹਾਂ ਦੀ ਇਸ ਤਰ੍ਹਾਂ ਦੀ ਕੋਝੀ ਹਰਕਤ ’ਤੇ ਰੋਕ ਲੱਗੇਗੀ।
- ਵਿਜੇ ਕੁਮਾਰ
ਦੇਸ਼ ’ਚ ‘ਬਾਲ ਸੈਕਸ-ਸ਼ੋਸ਼ਣ’ ਦੀਆਂ ਘਟਨਾਵਾਂ ’ਚ ਲਗਾਤਾਰ ਹੋ ਰਿਹਾ ਚਿੰਤਾਜਨਕ ਵਾਧਾ
NEXT STORY