ਗੋਰਖਪੁਰ ਦੇ ਗੋਰਖਨਾਥ ਮੰਦਿਰ ਦੇ ਮਹੰਤ ਯੋਗੀ ਆਦਿਤਿਆਨਾਥ ਨੇ ਇਕ ਧਾਰਮਿਕ ਨੇਤਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ 'ਤੇ ਆਪਣੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਗਿਣਾਈਆਂ ਹਨ।
ਉਨ੍ਹਾਂ ਦੇ ਕਾਰਜਕਾਲ 'ਚ 40 ਲੱਖ ਪਰਿਵਾਰਾਂ ਨੂੰ ਰਿਹਾਇਸ਼ ਅਤੇ 1.38 ਕਰੋੜ ਪਰਿਵਾਰਾਂ ਨੂੰ ਬਿਜਲੀ ਦੇ ਕੁਨੈਕਸ਼ਨ, 5 ਐਕਸਪ੍ਰੈੱਸ ਵੇਅ ਦੇ ਨਿਰਮਾਣ 'ਚ ਤੇਜ਼ੀ ਲਿਆਉਣ, ਪਿੰਡ-ਪਿੰਡ ਤਕ ਆਪਟੀਕਲ ਫਾਈਬਰ ਕੇਬਲ ਵਿਛਾਉਣ ਤੋਂ ਇਲਾਵਾ ਮਥੁਰਾ ਅਤੇ ਸੂਬੇ ਦੀਆਂ ਕਈ ਹੋਰ ਧਾਰਮਿਕ ਥਾਵਾਂ ਦਾ ਨਵੀਨੀਕਰਨ ਕੀਤਾ ਹੈ।
ਬਿਨਾਂ ਸ਼ੱਕ ਯੋਗੀ ਆਦਿਤਿਆਨਾਥ ਸੂਬੇ 'ਚ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਦੇਸ਼ ਦੇ ਨਾਲ-ਨਾਲ ਸੂਬੇ 'ਚ ਫੈਲੀ ਕੋਰੋਨਾ ਮਹਾਮਾਰੀ ਦੇ ਕਹਿਰ ਨਾਲ ਨਜਿੱਠਣ 'ਚ ਤਰੁੱਟੀਆਂ ਨੂੰ ਲੈ ਕੇ ਵਿਰੋਧੀਆਂ ਦੇ ਨਾਲ-ਨਾਲ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਆਪਣੀ ਗੱਲ ਨਾ ਸੁਣੇ ਜਾਣ ਦੀ ਸ਼ਿਕਾਇਤ ਕਰ ਰਹੇ ਹਨ।
ਸੂਬੇ ਦੇ ਕਈ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਆਪਣੇ ਚੋਣ ਖੇਤਰ ਤੋਂ ਵੱਡੀ ਗਿਣਤੀ 'ਚ ਕੋਰੋਨਾ ਇਲਾਜ ਕੇਂਦਰਾਂ 'ਤੇ ਮਰੀਜ਼ਾਂ ਦੀ ਦੇਖਭਾਲ ਦੀਆਂ ਢੁੱਕਵੀਆਂ ਸਹੂਲਤਾਂ ਦੀ ਕਮੀ, ਆਕਸੀਜਨ ਦੇ ਸਿਲੰਡਰਾਂ ਅਤੇ ਆਈ. ਸੀ. ਯੂ. ਬੈੱਡਸ ਆਦਿ ਦੀ ਲੋੜ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਸਬੰਧਤ ਅਧਿਕਾਰੀਆਂ ਨੂੰ ਭੇਜਦੇ ਹਨ ਪਰ ਉਨ੍ਹਾਂ 'ਤੇ ਕੋਈ ਅਮਲ ਨਹੀਂ ਹੁੰਦਾ।
ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ 9 ਮਈ ਨੂੰ ਯੋਗੀ ਆਦਿਤਿਆਨਾਥ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਚੋਣ ਖੇਤਰ ਬਰੇਲੀ ਦੇ ਅਧਿਕਾਰੀ ਫੋਨ ਨਹੀਂ ਉਠਾਉਂਦੇ। ਉਨ੍ਹਾਂ ਆਕਸੀਜਨ ਦੇ ਖਾਲੀ ਸਿਲੰਡਰਾਂ ਦੀ ਕਮੀ ਅਤੇ ਚਿਕਿਤਸਾ ਉਪਕਰਨਾਂ ਦੀਆਂ ਵਧੀਆਂ ਕੀਮਤਾਂ ਦੀ ਵੀ ਸ਼ਿਕਾਇਤ ਕੀਤੀ।
10 ਮਈ ਨੂੰ ਫਿਰੋਜ਼ਾਬਾਦ ਵਿਖੇ 'ਜਸਰਾਨਾ' ਤੋਂ ਭਾਜਪਾ ਦੇ ਵਿਧਾਇਕ ਰਾਮ ਗੋਪਾਲ ਲੋਧੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਕੋਰੋਨਾ ਪਾਜ਼ੇਟਿਵ ਪਤਨੀ ਨੂੰ ਆਗਰਾ ਦੇ ਹਸਪਤਾਲ 'ਚ ਸਮੇਂ ਸਿਰ ਦਵਾਈਆਂ ਅਤੇ ਪਾਣੀ ਤੱਕ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਫਰਸ਼ 'ਤੇ ਲੇਟਣਾ ਪਿਆ।
ਮੇਰਠ ਤੋਂ ਸੰਸਦ ਮੈਂਬਰ ਰਾਜੇਂਦਰ ਅਗਰਵਾਲ ਦਾ ਕਹਿਣਾ ਹੈ ਕਿ ਅਜੇ ਵੀ ਉਨ੍ਹਾਂ ਨੂੰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।
16 ਮਈ ਨੂੰ ਭਾਜਪਾ ਦੇ ਸਥਾਨਕ ਵਪਾਰੀ ਨੇਤਾ ਵਿਨੀਤ ਅਗਰਵਾਲ 'ਸ਼ਾਰਧਾ' ਨੇ ਟਵੀਟ ਕਰ ਕੇ ਯੋਗੀ ਆਦਿਤਿਆਨਾਥ ਨੂੰ ਕਿਹਾ ਕਿ 'ਮੇਰਠ ਦੇ ਐੱਲ. ਐੱਲ. ਆਰ. ਐੱਮ. ਮੈਡੀਕਲ ਕਾਲਜ ਦੇ ਹਾਲਾਤ ਬਹੁਤ ਹੀ ਮਾੜੇ ਹਨ।'
'ਪਿੰਡਾਂ 'ਚ ਰੋਜ਼ ਹਾਲਾਤ ਖਰਾਬ ਹੋ ਰਹੇ ਹਨ। ਤੁਹਾਡੀ ਮਿਹਨਤ ਦੀ ਸੂਬੇ ਦੇ ਲੋਕ ਸ਼ਲਾਘਾ ਕਰ ਰਹੇ ਹਨ ਪਰ ਕੁਝ ਅਧਿਕਾਰੀ ਪੋਚਾ-ਪਾਚੀ ਕਰ ਰਹੇ ਹਨ। ਕ੍ਰਿਪਾ ਕਰ ਕੇ ਉਨ੍ਹਾਂ ਨੂੰ ਠੀਕ ਕਰੋ।'
ਕੁਝ ਸੰਸਦ ਮੈਂਬਰਾਂ ਦੀ ਕਹਿਣਾ ਹੈ ਕਿ ਸੂਬੇ 'ਚ ਪੇਂਡੂ ਖੇਤਰ ਖਾਸ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਥੋਂ ਤੱਕ ਕੀ ਲਾਸ਼ਾਂ ਨੂੰ ਗੰਗਾ 'ਚ ਰੋੜ੍ਹਿਆ ਜਾ ਰਿਹਾ ਹੈ ਜਾਂ ਦਰਿਆਵਾਂ ਦੇ ਕੰਢਿਆਂ 'ਤੇ ਦਫਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸੀਤਾਪੁਰ (ਸਦਰ) ਤੋਂ ਭਾਜਪਾ ਦੇ ਵਿਧਾਇਕ ਰਾਕੇਸ਼ ਰਾਠੌਰ ਨੇ ਟਿੱਪਣੀ ਕਰਦਿਆਂ ਕਿਹਾ ਕਿ 'ਅਸੀਂ ਵੱਧ ਬੋਲਾਂਗੇ ਤਾਂ ਦੇਸ਼ਧ੍ਰੋਹ, ਰਾਜਧ੍ਰੋਹ ਸਾਡੇ 'ਤੇ ਵੀ ਤਾਂ ਲੱਗੇਗਾ...ਵਿਧਾਇਕਾਂ ਦੀ ਹੈਸੀਅਤ ਹੀ ਕੀ ਹੈ?'
'ਭਰਾਵਾ ਬਹੁਤ ਚੰਗਾ ਚੱਲ ਰਿਹਾ ਹੈ। ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਅਸੀਂ ਸਰਕਾਰ ਤਾਂ ਹਾਂ ਨਹੀਂ ਪਰ ਇਹ ਜ਼ਰੂਰ ਦਸ ਸਕਦੇ ਹਾਂ ਕਿ ਜੋ ਸਰਕਾਰ ਕਹਿ ਰਹੀ ਹੈ, ਉਹ ਠੀਕ ਮੰਨੋ।'
ਉੱਤਰ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਦੀ ਇਕ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਉਨ੍ਹਾਂ ਸੂਬੇ 'ਚ ਕੋਰੋਨਾ ਪੀੜਤਾਂ ਲਈ ਬੈੱਡ ਦੀ ਕਮੀ ਅਤੇ ਐਂਬੂਲੈਂਸਾਂ ਦੇ ਦੇਰੀ ਨਾਲ ਪੁੱਜਣ ਦੀ ਸ਼ਿਕਾਇਤ ਕੀਤੀ ਸੀ।
ਹਾਲਾਂਕਿ ਕੁਝ ਭਾਜਪਾ ਨੇਤਾ ਸਥਿਤੀ 'ਚ ਕੁਝ ਸੁਧਾਰ ਹੋਣ ਦੀ ਗੱਲ ਕਹਿ ਰਹੇ ਹਨ ਪਰ ਇਹ ਤਾਂ ਸਪੱਸ਼ਟ ਹੀ ਹੈ ਕਿ ਕਿਤੇ ਨਾ ਕਿਤੇ ਭੁੱਲ-ਚੁੱਕ ਜ਼ਰੂਰ ਹੋਈ ਹੈ। ਜਿਵੇਂ ਕਿ ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਨੇ ਹੁਣੇ ਜਿਹੇ ਹੀ ਕਿਹਾ ਵੀ ਹੈ ਕਿ :
'ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਅਸੀਂ ਸਭ ਲਾਪ੍ਰਵਾਹ ਹੋ ਗਏ ਸੀ ਅਤੇ ਗਫਲਤ 'ਚ ਆ ਗਏ ਸੀ। ਇਸ 'ਚ ਆਮ ਲੋਕ, ਸਰਕਾਰ ਜਾਂ ਪ੍ਰਸ਼ਾਸਨ ਸ਼ਾਮਲ ਹੈ ਪਰ ਇਸ ਬਾਵਜੂਦ ਵੀ ਸਾਨੂੰ ਇਕ-ਦੂਜੇ 'ਤੇ ਦੋਸ਼ ਲਾਉਣ ਦੀ ਨਹੀਂ, ਇਕਮੁੱਠਤਾ ਨਾਲ ਇਕ ਟੀਮ ਬਣਾ ਕੇ ਸਥਿਤੀ ਦਾ ਸਾਮਣਾ ਕਰਨ ਦੀ ਲੋੜ ਹੈ।'
ਅਜਿਹੇ ਹਲਾਤ 'ਚ ਮੁਖ ਮੰਤਰੀ ਯੋਗੀ ਆਦਿਤਿਆਨਾਥ ਆਪਣੀ ਪਾਰਟੀ ਅੰਦਰ ਉੱਠ ਰਹੀਆਂ ਆਵਾਜ਼ਾਂ ਤੋਂ ਇਲਾਵਾਂ ਜ਼ਮੀਨੀ ਪੱਧਰ ਤੋਂ ਮਿਲਣ ਵਾਲੀਆਂ ਰਿਪੋਰਟਾਂ 'ਤੇ ਤੁਰੰਤ ਧਿਆਣ ਦੇ ਕੇ ਆਪਣੀ ਸਰਕਾਰੀ ਮਸ਼ੀਨਰੀ ਨੂੰ ਦਰੁਸਤ ਕਰਨ ਅਤੇ ਕੋਰੋਨਾ ਪੀੜਤ ਇਲਾਕਿਆਂ ਨੂੰ ਪਛਾਣ ਕੇ ਉੱਥੇ ਤੁਰੰਤ ਸਖਤ ਪਾਬੰਦੀਆਂ ਲਾ ਕੇ ਕੋਰੋਨਾ ਟੈਸਟ ਅਤੇ ਵੈਕਸੀਨੇਸ਼ਨ ਤੇਜ਼ ਕਰਵਾਉਣ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਅਤੇ ਸੂਬਾ ਇਸ ਸਮੱਸਿਆ ਤੋਂ ਮੁਕਤੀ ਵੱਲ ਕਦਮ ਵਧਾਵੇ।
-ਵਿਜੇ ਕੁਮਾਰ
ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਭਾਜਪਾ ਵਲੋਂ ਸਮਰਥਨ ਵੀ ਅਤੇ ਵਿਰੋਧ ਵੀ
NEXT STORY