ਨਸ਼ੇ ਦੀ ਆਦਤ ਨਾਲ ਜਿੱਥੇ ਦੇਸ਼ ਦੇ ਨੌਜਵਾਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਉੱਥੇ ਹੀ ਇਸ ਦੇ ਪ੍ਰਭਾਵ ’ਚ ਵਿਅਕਤੀ ਆਪਣੀ ਸਮਝਦਾਰੀ ਅਤੇ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ, ਜਿਸ ’ਚ ਉਸ ਨੂੰ ਸਹੀ-ਗਲਤ ਦੀ ਪਛਾਣ ਨਹੀਂ ਰਹਿੰਦੀ ਅਤੇ ਇਸ ਹਾਲਤ ’ਚ ਉਹ ਅਜਿਹੇ ਅਪਰਾਧ ਕਰ ਬੈਠਦਾ ਹੈ, ਜਿਨ੍ਹਾਂ ਲਈ ਉਸ ਨੂੰ ਜੀਵਨ ਭਰ ਪਛਤਾਉਣਾ ਪੈਂਦਾ ਹੈ।
ਸਿਰਫ ਪਿਛਲੇ 15 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-
* 15 ਮਈ ਨੂੰ ਆਰਾ (ਬਿਹਾਰ) ਦੇ ਜਹਾਨਪੁਰ ਪਿੰਡ ਦੇ 2 ਵਿਅਕਤੀਆਂ ਨੂੰ ਸ਼ਰਾਬ ਦੇ ਨਸ਼ੇ ’ਚ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 28 ਮਈ ਨੂੰ ਅਜਮੇਰ (ਰਾਜਸਥਾਨ) ਦੇ ਰਾਮਗੰਜ ਥਾਣਾ ਖੇਤਰ ’ਚ ਰਹਿਣ ਵਾਲੀ ਇਕ ਬਿਨਾਂ ਮਾਂ ਦੀ 10 ਸਾਲਾ ਬੱਚੀ ਨਾਲ ਸ਼ਰਾਬ ਦੇ ਨਸ਼ੇ ’ਚ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।
* 28 ਮਈ ਨੂੰ ਹੀ ਗੁਰੂਗ੍ਰਾਮ (ਹਰਿਆਣਾ) ’ਚ ਨਸ਼ੇ ’ਚ ਟੱਲੀ 3 ਨੌਜਵਾਨਾਂ ਨੇ ਕਿਸੇ ਵਿਵਾਦ ਕਾਰਨ ਇਕ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 30 ਮਈ ਨੂੰ ਦਿੱਲੀ ਦੇ ‘ਮਜਨੂੰ ਕਾ ਟੀਲਾ’ ਇਲਾਕੇ ’ਚ ਇਕ ਹੀ ਬਿਲਡਿੰਗ ’ਚ ਰਹਿਣ ਵਾਲੀਆਂ 2 ਔਰਤਾਂ ’ਚ ਸ਼ਰਾਬ ਪੀਣ ਤੋਂ ਬਾਅਦ ਹੋਈ ਤੂੰ-ਤੂੰ, ਮੈਂ-ਮੈਂ ’ਚ ਸਪਨਾ ਨਾਮਕ ਇਕ ਔਰਤ ਨੇ ਰਾਣੀ ਨਾਮਕ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕਾ ਨੇ ਸਪਨਾ ਦੇ ਪਿਤਾ ਨੂੰ ਗਾਲ੍ਹਾਂ ਕੱਢੀਆਂ, ਜਿਸ ’ਤੇ ਗੁੱਸੇ ’ਚ ਆ ਕੇ ਉਸ ਨੇ ਇਹ ਕਾਰਾ ਕੀਤਾ।
* 30 ਮਈ ਨੂੰ ਹੀ ਬੁਰਹਾਨਪੁਰ (ਮੱਧ ਪ੍ਰਦੇਸ਼) ਦੇ ਖਾਮਨੀ ਪਿੰਡ ’ਚ ਸ਼ਰਾਬ ਦੇ ਨਸ਼ੇ ’ਚ ਟੱਲੀ ਇਕ ਨੌਜਵਾਨ ਨੇ ਘਰ ਆ ਕੇ ਹੋਰ ਸ਼ਰਾਬ ਪੀਣ ਲਈ ਆਪਣੀ ਮਾਂ ਕੋਲੋਂ ਪੈਸੇ ਮੰਗੇ ਅਤੇ ਉਸ ਦੇ ਨਾਂਹ ਕਰਨ ’ਤੇ ਗੁੱਸੇ ’ਚ ਉਸ ਨੇ ਮਾਂ ਦੇ ਸਿਰ ’ਤੇ ਦਾਤਰੀ ਮਾਰੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਨਸ਼ੇ ਦੇ ਮਾੜੇ ਪ੍ਰਭਾਵਾਂ ਕਾਰਨ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਪਰਿਵਾਰ ਬਰਬਾਦ ਹੋ ਰਹੇ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਦੇਸ਼ ’ਚ ਨਸ਼ੇ ਦੀ ਸਪਲਾਈ ਦੇ ਸੋਮੇ ਬੰਦ ਕਰਨ, ਮੌਤ ਦੇ ਸੌਦਾਗਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਸ਼ੇੜੀਆਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਬਣਾਉਣ ਦੀ ਤੁਰੰਤ ਲੋੜ ਹੈ।
- ਵਿਜੇ ਕੁਮਾਰ
ਇਹ ਹੈ! ਭਾਰਤ ਦੇਸ਼ ਸਾਡਾ
NEXT STORY