ਇਕ ਲੰਬੀ ਬੀਮਾਰੀ ਦੇ ਬਾਅਦ ਕਾਰਗਿਲ ਜੰਗ ਦੇ ਸੂਤਰਧਾਰ, ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਅਤੇ 10ਵੇਂ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਦਾ 79 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਮੁਸ਼ੱਰਫ ਨੇ 1999 ’ਚ ਫੌਜੀ ਤਖਤਾਪਲਟ ਕੇ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਡੇਗ ਦਿੱਤਾ ਅਤੇ 9 ਸਾਲ ਤੱਕ ਪਾਕਿਸਤਾਨ ’ਤੇ ਸ਼ਾਸਨ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਦੇ ਨਾਲ ਸਬੰਧ ਸੁਧਾਰਦੇ ਹੋਏ ਰਿਸ਼ਤਿਆਂ ਨੂੰ ਨਵੇਂ ਅੰਜਾਮ ਤੱਕ ਪਹੁੰਚਾਇਆ ਪਰ ਉਨ੍ਹਾਂ ਦੀ ਇਹ ਪਹਿਲ ਲੰਬੇ ਸਮੇਂ ਤੱਕ ਕਾਇਮ ਨਾ ਰਹਿ ਸਕੀ।
19 ਫਰਵਰੀ, 1999 ਨੂੰ ਜਦੋਂ ਭਾਰਤੀ ਪ੍ਰਧਾਨ ਮੰਤਰੀ ਸਦਾ-ਏ-ਸਰਹੱਦ ਬੱਸ ਰਾਹੀਂ ਪਾਕਿਸਤਾਨ ਪੁੱਜੇ ਤਾਂ ਅਟਲ ਬਿਹਾਰੀ ਵਾਜਪਾਈ ਦੇ ਸ਼ਬਦ ਪੂਰੇ ਲਾਹੌਰ ’ਚ ਗੂੰਜ ਉੱਠੇ। ਤਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਇਤਿਹਾਸਕ ਪਹਿਲ ਦੇ ਕੁਝ ਹੀ ਮਹੀਨਿਆਂ ਦੇ ਅੰਦਰ ਭਾਰਤ ਅਤੇ ਪਾਕਿਸਤਾਨ ਇਕ ਪਾਸੇ ਕਾਰਗਿਲ ਜੰਗ ’ਚ ਉਲਝ ਜਾਣਗੇ। ਉਸ ਦੌਰਾਨ ਕਿਹਾ ਜਾਂਦਾ ਹੈ ਕਿ ਮੁਸ਼ੱਰਫ ਨੇ ਵਾਜਪਾਈ ਨੂੰ ਸਲੂਟ ਤੱਕ ਨਹੀਂ ਕੀਤਾ।
ਮੁਸ਼ੱਰਫ ਕਾਰਗਿਲ ’ਚ 1999 ਦੀ ਜੰਗ ਦੇ ਵਾਸਤੂਕਾਰ ਤਾਂ ਸਨ ਹੀ ਅਤੇ ਸ਼ੱਕ ਸੀ ਕਿ ਉਸੇ ਸਾਲ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਅਗਵਾ ’ਚ ਜਨਰਲ ਮੁਸ਼ੱਰਫ ਅਤੇ ਉਨ੍ਹਾਂ ਦੀ ਫੌਜ ਦਾ ਹੱਥ ਸੀ।
1999 ਦੇ ਅਕਤੂਬਰ ਦੇ ਤਖਤਾਪਲਟ ’ਚ ਜਿਸ ’ਚ ਮੁਸ਼ੱਰਫ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਗੱਦੀ ਤੋਂ ਲਾਹਿਆ, ਭਾਰਤੀਆਂ ਨੂੰ ਵੀ ਸਾਵਧਾਨ ਕਰ ਦਿੱਤਾ। ਜੇਕਰ ਭਾਰਤ ਨਾਲ ਕਾਰਗਿਲ ਜੰਗ ਨਾ ਹੋਈ ਹੁੰਦੀ ਤਾਂ ਪਾਕਿਸਤਾਨ ਦੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਹੋ ਸਕਦੇ ਸਨ ਕਿਉਂਕਿ ਨਵਾਜ਼ ਸ਼ਰੀਫ ਭਾਰਤ ਵੱਲ ਦੋਸਤਾਨਾ ਹੱਥ ਵਧਾਉਣਾ ਚਾਹੁੰਦੇ ਸਨ।
ਮੁਸ਼ੱਰਫ ਨੇ ਯਕੀਨੀ ਤੌਰ ’ਤੇ ਭਾਰਤ ਨਾਲ ਰਿਸ਼ਤੇ ਖਰਾਬ ਕੀਤੇ ਜੋ ਕਿ ਲੰਬੇ ਅਰਸੇ ’ਚ ਪਾਕਿਸਤਾਨ ਲਈ ਖਤਰਨਾਕ ਸਾਬਿਤ ਹੋਇਆ। ਉਨ੍ਹਾਂ ਨੇ ਪਾਕਿਸਤਾਨ ’ਚ ਲੋਕਤੰਤਰ ਨੂੰ ਖਤਮ ਕੀਤਾ।
ਮੁਸ਼ੱਰਫ 2001 ’ਚ ਆਗਰਾ ਸਿਖਰ ਸੰਮੇਲਨ ਲਈ ਭਾਰਤ ’ਚ ਸ਼ਾਂਤੀ ਗੱਲਬਾਤ ਲਈ ਆਏ ਸਨ ਪਰ ਅੱਧੀ ਰਾਤ ਨੂੰ ਗੁੱਸੇ ’ਚ ਆ ਕੇ ਆਗਰਾ ਛੱਡ ਦਿੱਤਾ। ਮੁਸ਼ੱਰਫ ਨੇ ਕਸ਼ਮੀਰ ਦੇ ਅੰਦੋਲਨ ਦਾ ਸਮਰਥਨ ਕਰ ਕੇ ਆਪਣੀ ਭਾਰਤ ਵਿਰੋਧੀ ਸਾਖ ਨੂੰ ਸਾੜਣ ਦੇ ਬਾਵਜੂਦ ਭਾਰਤ ਦੇ ਪ੍ਰਤੀ ਤੰਗਦਿਲੀ ਵਾਲਾ ਵਤੀਰਾ ਅਪਣਾਇਆ।
ਕੋਈ ਵੀ ਭਾਰਤ ਦੇ ਪ੍ਰਤੀ ਮੁਸ਼ੱਰਫ ਦੀ ਗੈਰ-ਭਰੋਸੇਯੋਗ ਦੁਸ਼ਮਣੀ ਦੇ ਬਾਰੇ ’ਚ ਗੱਲ ਕਰ ਸਕਦਾ ਹੈ ਜਿਵੇਂ ਕਿ ਉਨ੍ਹਾਂ ਦੀਆਂ ਨੀਤੀਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੂੰ ਨਿਸ਼ਾਨੇ ’ਤੇ ਲੈਣ ਦੇ ਯਤਨ ’ਚ ਉਨ੍ਹਾਂ ਨੇ ਅੱਤਵਾਦੀਆਂ ਨੂੰ ਟ੍ਰੇਂਡ ਕੀਤਾ ਅਤੇ ਅਮਰੀਕਾ ਤੋਂ ਸਹਾਇਤਾ ਪ੍ਰਾਪਤ ਕੀਤੀ।
ਦਿੱਲੀ ਦੇ ਦਰਿਆਗੰਜ ’ਚ 11 ਅਗਸਤ, 1943 ਨੂੰ ਇਕ ਦਰਮਿਆਨੇ ਪਰਿਵਾਰ ’ਚ ਜਨਮੇ ਮੁਸ਼ੱਰਫ ਨੇ ਖੁਦ ਨੂੰ ਇਕ ਪ੍ਰਗਤੀਸ਼ੀਲ ਮੁਸਲਿਮ ਨੇਤਾ ਦੇ ਰੂਪ ’ਚ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ। 2005 ’ਚ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਰੂਪ ’ਚ ਜਦੋਂ ਮੁਸ਼ੱਰਫ ਨੇ ਭਾਰਤ ਦਾ ਦੌਰਾ ਕੀਤਾ ਸੀ ਉਦੋਂ ਭਾਰਤ ਸਰਕਾਰ ਨੇ ਇਕ ਵਿਸ਼ੇਸ਼ ਤੋਹਫੇ ਦੇ ਰੂਪ ’ਚ ਉਨ੍ਹਾਂ ਦਾ ਜਨਮ ਸਰਟੀਫਿਕੇਟ ਉਨ੍ਹਾਂ ਨੂੰ ਦਿੱਤਾ ਸੀ। ਸ਼ੁਰੂਆਤ ’ਚ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਦੇ ਰੂਪ ’ਚ ਅਤੇ ਬਾਅਦ ’ਚ ਰਾਸ਼ਟਰਪਤੀ ਦੇ ਰੂਪ ’ਚ ਸ਼ਾਸਨ ਕੀਤਾ।
ਘਰੇਲੂ ਅਤੇ ਕੌਮਾਂਤਰੀ ਦਬਾਅ ਕਾਰਨ 2008 ’ਚ ਚੋਣਾਂ ਦਾ ਐਲਾਨ ਕਰਨ ਵਾਲੇ ਮੁਸ਼ੱਰਫ ਨੂੰ ਚੋਣਾਂ ਦੇ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਉਹ ਦੁਬਈ ’ਚ ਖੁਦ ਜਲਾਵਤਨ ’ਚ ਚਲੇ ਗਏ।
ਮੁਸ਼ੱਰਫ ਨੂੰ ਵੱਖ-ਵੱਖ ਮਾਮਲਿਆਂ ’ਚ ਅਦਾਲਤ ’ਚ ਘਸੀਟਿਆ ਗਿਆ, ਜਿਨ੍ਹਾਂ ’ਚ 2007 ’ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ, ਪਾਕਿਸਤਾਨ ਸੰਵਿਧਾਨ ਦੀ ਧਾਰਾ 6 ਦੇ ਤਹਿਤ ਦੇਸ਼ਧ੍ਰੋਹ ਅਤੇ ਬੁਗਤੀ ਜਨਜਾਤੀ ਦੇ ਮੁਖੀ ਨਵਾਬ ਅਕਬਰ ਖਾਨ ਬੁਗਤੀ ਦੇ ਕਤਲ ਦੇ ਦੋਸ਼ ਸ਼ਾਮਲ ਸਨ।
ਸਾਲ 2019 ’ਚ ਮੁਸ਼ੱਰਫ ਨੂੰ ਇਕ ਵਿਸ਼ੇਸ਼ ਅਦਾਲਤ ਵੱਲੋਂ ਉਨ੍ਹਾਂ ਦੀ ਹਾਜ਼ਰੀ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਉਨ੍ਹਾਂ ਨੂੰ 3 ਨਵੰਬਰ, 2007 ਨੂੰ ਸੰਵਿਧਾਨ ਨੂੰ ਅੱਖੋਂ-ਪਰੋਖੇ ਕਰ ਕੇ ਐਮਰਜੈਂਸੀ ਲਾਗੂ ਕਰਨ ਲਈ ਦੇਸ਼ਧ੍ਰੋਹ ਦਾ ਦੋਸ਼ੀ ਪਾਇਆ ਸੀ।
ਫੌਜ ਮੁਖੀ ਰਹਿੰਦੇ ਹੋਏ ਮੁਸ਼ੱਰਫ ਨੇ ਭਾਰਤ ਨੂੰ ਕਈ ਅਜਿਹੇ ਜ਼ਖਮ ਦੇਣ ਦੀ ਕੋਸ਼ਿਸ਼ ਕੀਤੀ। ਮੁਸ਼ੱਰਫ ਕਾਲ ਦੇ ਦੌਰਾਨ ਪਾਕਿਸਤਾਨ ਦੇ ਭਾਰਤ ਨਾਲ ਵਪਾਰਕ ਅਤੇ ਕੂਟਨੀਤਕ ਰਿਸ਼ਤੇ ਵਿਗੜ ਗਏ।
ਉਨ੍ਹਾਂ ਨੇ ਭਾਰਤ ਦੇ ਵਿਰੁੱਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਵਰਤੋਂ ਕੀਤੀ ਅਤੇ ਅਫਗਾਨਿਸਤਾਨ ’ਚ ਤਾਲਿਬਾਨ ਦੇ ਨਾਲ ਹੱਥ ਮਿਲਾਇਆ ਪਰ ਹੋਇਆ ਇਸ ਦੇ ਉਲਟ ਹੀ ਕਿਉਂਕਿ ਅੱਜ ਪਾਕਿਸਤਾਨ ਦੀ ਜੋ ਤਰਸਯੋਗ ਹਾਲਤ ਬਣੀ ਹੋਈ ਹੈ ਉਸ ਦਾ ਕਾਰਨ ਪ੍ਰਵੇਜ਼ ਮੁਸ਼ੱਰਫ ਹੀ ਸਨ।
ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਮੁਸ਼ੱਰਫ ਦੀ ਲਾਸ਼ ਪਾਕਿਸਤਾਨ ’ਚ ਲਿਆਂਦੀ ਜਾਵੇਗੀ ਜਾਂ ਨਹੀਂ। ਫਿਰ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਿਛਲੇ ਸਾਲ ਤੋਂ ਹੀ ਉਨ੍ਹਾਂ ਨੂੰ ਪਾਕਿਸਤਾਨ ਲਿਆਉਣ ਦਾ ਯਤਨ ਕਰ ਰਹੇ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਨੂੰ ਕਿੱਥੇ ਦਫਨਾਇਆ ਜਾਵੇਗਾ।
ਮੁਸ਼ੱਰਫ ਪਾਕਿਸਤਾਨ ਦੇ ਇਤਿਹਾਸ ’ਚ ਆਪਣਾ ਨਾਂ ਉਸ ਵਿਅਕਤੀ ਦੇ ਤੌਰ ’ਤੇ ਲਿਖਵਾਉਣਾ ਚਾਹੁੰਦੇ ਸਨ ਜਿਸ ਨੇ ਨਾ ਸਿਰਫ ਭਾਰਤ ਨੂੰ ਕਮਜ਼ੋਰ ਕੀਤਾ ਸਗੋਂ ਪਾਕਿਸਤਾਨ ਨੂੰ ਬੇਹੱਦ ਮਜ਼ਬੂਤ ਕੀਤਾ।
ਪਾਕਿਸਤਾਨ ਦੇ ਹਾਲਾਤ ਕਦੋਂ ਸੁਧਰਨਗੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਅਸੀਂ ਇੰਨਾ ਕਹਿ ਸਕਦੇ ਹਾਂ ਕਿ :
‘ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ ਨਾ ਇਧਰ ਕੇ ਹੂਏ ਨਾ ਓਧਰ ਕੇ ਹੂਏ’
ਜੋਸ਼ੀਮਠ (ਉਤਰਾਖੰਡ) ਦੇ ਬਾਅਦ ਹੁਣ ਡੋਡਾ (ਜੰਮੂ) ਦੇ ਮਕਾਨਾਂ ’ਚ ਆਈਆਂ ਤਰੇੜਾਂ
NEXT STORY