ਕੇਂਦਰੀ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ 17 ਦਸੰਬਰ ਨੂੰ ਬੇਗੂਸਰਾਏ ’ਚ ਕਿਹਾ ਕਿ ਹਿੰਦੂਆਂ ਨੂੰ ‘ਹਲਾਲ’ ਮਾਸ ਖਾਣਾ ਛੱਡ ਦੇਣਾ ਚਾਹੀਦਾ ਹੈ ਅਤੇ ਸਿਰਫ ‘ਝਟਕਾ’ ਮਾਸ ਖਾਣਾ ਚਾਹੀਦਾ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਇਹ ਸਹੁੰ ਵੀ ਚੁਕਵਾਈ ਕਿ ਉਹ ਹੁਣ ਤੋਂ ‘ਹਲਾਲ’ ਮਾਸ ਖਾ ਕੇ ਆਪਣਾ ਧਰਮ ਭ੍ਰਿਸ਼ਟ ਨਹੀਂ ਕਰਨਗੇ।
ਗਿਰੀਰਾਜ ਸਿੰਘ ਨੇ ਦੇਸ਼ ’ਚ ਅਜਿਹੇ ਬੁੱਚੜਖਾਨੇ ਸਥਾਪਿਤ ਕਰਨ ਦੀ ਲੋੜ ਵੀ ਪ੍ਰਗਟ ਕੀਤੀ ਜਿੱਥੇ ਪਸ਼ੂਆਂ ਦਾ ਵਧ ‘ਝਟਕੇ’ ਨਾਲ ਕੀਤਾ ਜਾਵੇ ਅਤੇ (ਦੇਸ਼ ’ਚ) ਸਿਰਫ ‘ਝਟਕਾ’ ਮਾਸ ਵੇਚਣ ਵਾਲੀਆਂ ਦੁਕਾਨਾਂ ਹੋਣ।
ਸਾਡੇ ਧਰਮਗ੍ਰੰਥਾਂ ’ਚ ਵੀ ਮਾਸਾਹਾਰ ਦੀ ਮਨਾਹੀ ਕੀਤੀ ਗਈ ਹੈ ਅਤੇ ਵੇਦਾਂ ’ਚ ਮਾਸ ਖਾਣ ਦੇ ਸਬੰਧ ’ਚ ਸਪੱਸ਼ਟ ਮਨ੍ਹਾਂ ਕੀਤਾ ਗਿਆ ਹੈ। ਵੇਦਾਂ ’ਚ ਪਸ਼ੂ ਹੱਤਿਆ ਪਾਪ ਮੰਨੀ ਗਈ ਹੈ। ਵੇਦਾਂ ’ਚ ਕੁਝ ਪਸ਼ੂਆਂ ਦੇ ਸਬੰਧ ’ਚ ਤਾਂ ਸਖਤ ਹਦਾਇਤ ਦਿੱਤੀ ਗਈ ਹੈ। ਸਦਗੁਰੂ ਕਬੀਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ :
ਮਾਂਸ-ਮਾਂਸ ਸਬ ਏਕ ਹੈ, ਮੁਰਗੀ, ਹਿਰਣੀ, ਗਾਯ,
ਜੋ ਕੋਈ ਯਹ ਖਾਤ ਹੈ, ਤੇ ਨਰ ਨਰਕਹੀਂ ਜਾਏ।
ਅਧਿਐਨ ਕਰਨ ਵਾਲੇ ਮਾਹਿਰਾਂ ਦੀ ਰਾਇ ’ਚ ਮਨੁੱਖ ਲਈ ਕਿਸੇ ਵੀ ਤਰ੍ਹਾਂ ਦੇ ਮਾਸ ਅਤੇ ਸ਼ਰਾਬ ਦਾ ਸੇਵਨ ਅਣ-ਉਚਿਤ ਹੈ। ਮਾਸਾਹਾਰ ਦਾ ਜ਼ਿਆਦਾ ਮਾਤਰਾ ’ਚ ਸੇਵਨ ਕਰਨ ਨਾਲ ਉਮਰ ਘਟਦੀ ਹੈ। ਮਾਸ ਦਾ ਸੇਵਨ ਮੋਟਾਪਾ, ਸ਼ੂਗਰ ਤੇ ਕੈਂਸਰ ਦਾ ਕਾਰਨ ਬਣਦਾ ਹੈ।
ਇਹੀ ਨਹੀਂ, ਮਾਸ ਖਾਣ ਨਾਲ ਹਾਈ ਯੂਰਿਕ ਐਸਿਡ ਦੀ ਸਮੱਸਿਆ ਹੋ ਸਕਦੀ ਹੈ। ਬਹੁਤ ਜ਼ਿਆਦਾ ਮਾਤਰਾ ’ਚ ਮਾਸਾਹਾਰੀ ਭੋਜਨ ਕਰਨ ਨਾਲ ਨਾੜਾਂ ’ਚ ਕੋਲੈਸਟ੍ਰੋਲ ਦਾ ਵਾਧਾ ਹੋ ਜਾਂਦਾ ਹੈ ਤੇ ਇਸ ਨਾਲ ਚਮੜੀ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਆਦਿ ਰੋਗਾਂ ਦਾ ਖਤਰਾ ਵਧ ਜਾਂਦਾ ਹੈ।
ਇਸ ਲਈ ਸ਼੍ਰੀ ਗਿਰੀਰਾਜ ਸਿੰਘ ਨੂੰ ਹਿੰਦੂਆਂ ਨੂੰ ‘ਝਟਕਾ’ ਮਾਸ ਖਾਣ ਦੀ ਸਲਾਹ ਨਾ ਦੇ ਕੇ ਸਭ ਨੂੰ ਸ਼ਾਕਾਹਾਰ ਅਪਣਾਉਣ ਦੀ ਹੀ ਸਲਾਹ ਦੇਣੀ ਅਤੇ ਸਹੁੰ ਚੁਕਵਾਉਣੀ ਚਾਹੀਦੀ ਸੀ।
- ਵਿਜੇ ਕੁਮਾਰ
ਪਾਕਿਸਤਾਨ ਦੀਆਂ ਮੁਸੀਬਤਾਂ ਲਈ ਨਵਾਜ਼ ਸ਼ਰੀਫ ਨੇ ਫੌਜ ਅਤੇ ਨਿਆਪਾਲਿਕਾ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY