ਭਾਰਤ 'ਚ ਖਿਡਾਰੀਆਂ ਪ੍ਰਤੀ ਉਦਾਸੀਨਤਾ ਕੋਈ ਨਵੀਂ ਗੱਲ ਨਹੀਂ ਹੈ, ਵਿਸ਼ੇਸ਼ ਤੌਰ 'ਤੇ ਪੈਰਾ ਖਿਡਾਰੀਆਂ ਪ੍ਰਤੀ। ਹਾਲਾਂਕਿ ਪਿਛਲੀਆਂ ਪੈਰਾਲਿੰਪਿਕ ਖੇਡਾਂ 'ਚ ਭਾਰਤੀ ਖਿਡਾਰੀ ਜ਼ਿਆਦਾ ਤਮਗੇ ਲਿਆਏ ਸਨ ਪਰ ਅਜੇ ਵੀ ਕੁਝ ਬਦਲਿਆ ਨਹੀਂ ਹੈ।
ਅਜਿਹੀ ਸਥਿਤੀ 'ਚ ਫੌਜ ਦੇ ਰਿਟਾਇਰਡ ਇੰਜੀਨੀਅਰ ਐਂਥਨੀ ਪਰੇਰਾ, ਜੋ 1971 ਦੀ ਭਾਰਤ-ਪਾਕਿ ਜੰਗ 'ਚ ਜ਼ਖ਼ਮੀ ਹੋ ਜਾਣ ਕਾਰਨ ਪੈਰਾ ਐਥਲੀਟ ਬਣੇ, ਇਸ ਸਮੇਂ ਇਕ ਸ਼ਲਾਘਾਯੋਗ ਯਤਨ 'ਚ ਰੁੱਝੇ ਹੋਏ ਹਨ ਅਤੇ ਥਾਈਲੈਂਡ 'ਚ ਮਾਰਚ 2018 ਵਿਚ ਹੋਣ ਜਾ ਰਹੀਆਂ ਏਸ਼ੀਅਨ ਪੈਰਾ ਗੇਮਜ਼ 'ਚ ਹਿੱਸਾ ਲੈਣ ਵਾਲੀ ਭਾਰਤੀ ਵ੍ਹੀਲਚੇਅਰ ਬਾਸਕਟਬਾਲ ਟੀਮ ਦੇ ਕੋਚ ਹਨ।
ਭਾਰਤੀ ਮਹਿਲਾ ਵ੍ਹੀਲਚੇਅਰ ਬਾਸਕਟਬਾਲ ਟੀਮ ਦੇ ਚੋਣ ਟ੍ਰਾਇਲ ਪਿਛਲੇ ਦਿਨੀਂ ਚੇਨਈ ਦੇ ਇਕ ਕਾਲਜ 'ਚ ਸੰਪੰਨ ਹੋਏ। ਅੰਤਰਰਾਸ਼ਟਰੀ ਪੈਰਾ ਟੂਰਨਾਮੈਂਟ 'ਚ ਭਾਰਤੀ ਮਹਿਲਾ ਬਾਸਕਟਬਾਲ ਟੀਮ ਦੇ ਹਿੱਸਾ ਲੈਣ ਦਾ ਇਹ ਪਹਿਲਾ ਮੌਕਾ ਹੈ।
ਜੇਕਰ ਇਹ ਟੀਮ ਇੰਡੋਨੇਸ਼ੀਆ ਵਿਚ ਅਕਤੂਬਰ 'ਚ ਖੇਡੇ ਜਾਣ ਵਾਲੇ ਫਾਈਨਲ 'ਚ ਪਹੁੰਚਣ ਵਿਚ ਸਫਲ ਰਹੀ ਤਾਂ ਇਨ੍ਹਾਂ ਲਈ 2020 'ਚ ਹੋਣ ਵਾਲੀਆਂ ਅਗਲੀਆਂ ਪੈਰਾਲਿੰਪਿਕ ਖੇਡਾਂ 'ਚ ਹਿੱਸਾ ਲੈਣ ਦਾ ਇਹ ਠੋਸ ਮੌਕਾ ਹੈ।
ਇਨ੍ਹਾਂ ਟ੍ਰਾਇਲਾਂ ਦੌਰਾਨ ਮਹਿਲਾਵਾਂ ਨੇ 9 ਦਿਨਾਂ ਤਕ 7-7 ਘੰਟੇ ਰੋਜ਼ਾਨਾ ਪ੍ਰੈਕਟਿਸ ਕੀਤੀ ਤੇ ਖੂਬ ਪਸੀਨਾ ਵਹਾਇਆ। ਰੇਖਾ (16) ਇਨ੍ਹਾਂ ਟ੍ਰਾਇਲਾਂ 'ਚ ਹਿੱਸਾ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ, ਜੋ 1 ਸਾਲ ਦੀ ਉਮਰ ਵਿਚ ਹੀ ਅਪਾਹਜ ਹੋ ਗਈ ਸੀ ਪਰ ਉਸ ਨੇ ਵ੍ਹੀਲਚੇਅਰ ਦੀ ਵਰਤੋਂ 3 ਸਾਲ ਪਹਿਲਾਂ ਹੀ ਸ਼ੁਰੂ ਕੀਤੀ ਹੈ ਅਤੇ ਇਸ ਸਮੇਂ ਸਭ ਤੋਂ ਤੇਜ਼ ਖਿਡਾਰਨਾਂ 'ਚੋਂ ਇਕ ਗਿਣੀ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ।
ਵ੍ਹੀਲਚੇਅਰ ਬਾਸਕਟਬਾਲ ਦੀ ਅਧਿਕਾਰਤ ਨੈਸ਼ਨਲ ਫੈੱਡਰੇਸ਼ਨ 'ਦਿ ਵ੍ਹੀਲਚੇਅਰ ਬਾਸਕਟਬਾਲ ਫੈੱਡਰੇਸ਼ਨ ਆਫ ਇੰਡੀਆ' ਦੀ ਪ੍ਰਧਾਨ ਮਾਧਵੀ ਲਤਾ ਦਾ ਕਹਿਣਾ ਹੈ ਕਿ ''ਖੇਡ ਨੇ ਹੀ ਮੇਰਾ ਜੀਵਨ ਬਚਾਇਆ ਹੈ। ਬਾਕੀ ਸਾਰੀਆਂ ਖੇਡਾਂ ਵਿਚ ਖਿਡਾਰੀਆਂ ਨੂੰ ਸਹੂਲਤਾਂ ਦੀ ਘਾਟ ਮਹਿਸੂਸ ਹੁੰਦੀ ਹੈ ਪਰ ਇਸ ਖੇਡ ਲਈ ਚੰਗੀ ਵ੍ਹੀਲਚੇਅਰ ਖਰੀਦਣ ਲਈ ਫੈੱਡਰੇਸ਼ਨ ਕੋਲ ਪੈਸੇ ਨਹੀਂ ਹਨ।''
ਇਸ ਸਮੇਂ ਫੈੱਡਰੇਸ਼ਨ 15 ਮੈਂਬਰੀ ਟੀਮ ਨੂੰ ਥਾਈਲੈਂਡ ਭੇਜਣ ਲਈ ਜਹਾਜ਼ ਦਾ ਕਿਰਾਇਆ ਇਕੱਠਾ ਕਰਨ ਲਈ ਸੰਘਰਸ਼ ਕਰ ਰਹੀ ਹੈ।
ਚੇਨਈ 'ਚ ਹੋਟਲਾਂ, ਵਾਹਨਾਂ ਅਤੇ ਟਾਇਲਟਸ ਦੀ ਸੰਤੋਸ਼ਜਨਕ ਸਹੂਲਤ ਨਾ ਹੋਣ ਕਾਰਨ ਖਿਡਾਰਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਉਤਸ਼ਾਹ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ ਅਤੇ ਸਭ ਦਾ ਕਹਿਣਾ ਹੈ ਕਿ ਖੇਡ ਨੇ ਉਨ੍ਹਾਂ ਦੇ ਜੀਵਨ 'ਚ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਟੀਮ ਦੀ ਕਪਤਾਨ ਕਾਰਤਿਕ ਪਟੇਲ (34) 2008 ਵਿਚ ਕਾਰ ਹਾਦਸੇ 'ਚ ਰੀੜ੍ਹ ਦੀ ਹੱਡੀ ਦੀ ਸੱਟ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਵੀ ਬਾਸਕਟਬਾਲ ਹੀ ਖੇਡਦੀ ਸੀ। ਸੱਟ ਲੱਗਣ ਤੋਂ ਬਾਅਦ ਉਸ ਨੇ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਪਰ ਬਾਅਦ 'ਚ ਮੁੜ ਬਾਸਕਟਬਾਲ ਨੂੰ ਹੀ ਅਪਣਾ ਲਿਆ।
ਇਨ੍ਹਾਂ ਚੋਣ ਟ੍ਰਾਇਲਾਂ ਦੌਰਾਨ ਖਿਡਾਰੀਆਂ, ਪ੍ਰਸ਼ਾਸਕਾਂ ਤੇ ਕੋਚਾਂ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਬਾਸਕਟਬਾਲ ਨੇ ਕਿਸ ਤਰ੍ਹਾਂ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਜ਼ਾਦੀ ਤੇ ਸਨਮਾਨਪੂਰਵਕ ਜਿਊਣ ਯੋਗ ਬਣਾਇਆ ਹੈ ਪਰ ਉਨ੍ਹਾਂ ਨੂੰ ਵਧੇਰੇ ਸਹੂਲਤਾਂ ਦੀ ਲੋੜ ਹੈ, ਜੋ ਮਿਲਣੀਆਂ ਹੀ ਚਾਹੀਦੀਆਂ ਹਨ, ਜਿਸ ਲਈ ਸਰਕਾਰੀ ਤੇ ਨਿੱਜੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਭਾਰਤ 'ਚ ਅਜੇ ਵੀ ਪੁੱਤਰ ਮੋਹ ਕਾਰਨ ਕੰਨਿਆ ਔਲਾਦ ਦੀ ਹੱਤਿਆ
ਦੇਸ਼ ਦੇ 21 ਵੱਡੇ ਸੂਬਿਆਂ 'ਚੋਂ 17 ਸੂਬਿਆਂ 'ਚ ਜਨਮ ਦੇ ਸਮੇਂ ਲਿੰਗ ਅਨੁਪਾਤ (ਸੈਕਸ ਰੇਸ਼ੋ ਐਟ ਬਰਥ ਭਾਵ ਐੱਸ. ਆਰ. ਬੀ.) ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਨੀਤੀ ਆਯੋਗ ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਇਕ ਰਿਪੋਰਟ 'ਚ ਭਰੂਣ ਦੇ ਲਿੰਗ ਪ੍ਰੀਖਣ ਤੋਂ ਬਾਅਦ ਕਰਵਾਏ ਜਾਣ ਵਾਲੇ ਗਰਭਪਾਤ ਦੇ ਮਾਮਲਿਆਂ 'ਤੇ ਰੋਕ ਲਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਗਿਆ ਹੈ ਕਿ ਗੁਜਰਾਤ 'ਚ 53 ਅੰਕਾਂ ਦੀ ਚਿੰਤਾਜਨਕ ਹੱਦ ਤਕ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਸ. ਆਰ. ਬੀ. ਵਿਚ ਪੰਜਾਬ 'ਚ 19 ਅੰਕਾਂ, ਉੱਤਰ ਪ੍ਰਦੇਸ਼ ਵਿਚ 10 ਅੰਕਾਂ ਅਤੇ ਬਿਹਾਰ 'ਚ 9 ਅੰਕਾਂ ਦਾ ਸ਼ਲਾਘਾਯੋਗ ਵਾਧਾ ਹੋਇਆ ਹੈ।
'ਸਿਹਤਮੰਦ ਰਾਜ, ਤਰੱਕੀਸ਼ੀਲ ਭਾਰਤ' ਸਿਰਲੇਖ ਦੀ ਰਿਪੋਰਟ ਅਨੁਸਾਰ ਜਿਹੜੇ 17 ਸੂਬਿਆਂ 'ਚ 10 ਅੰਕਾਂ ਜਾਂ ਵੱਧ ਦੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ, ਉਨ੍ਹਾਂ 'ਚੋਂ ਗੁਜਰਾਤ ਵਿਚ ਜਨਮ ਲੈਣ ਵਾਲੇ ਪ੍ਰਤੀ 1000 ਮਰਦਾਂ ਦੀ ਤੁਲਨਾ 'ਚ ਔਰਤਾਂ ਦਾ ਅਨੁਪਾਤ 907 ਤੋਂ ਘਟ ਕੇ 854 ਰਹਿ ਗਿਆ ਹੈ। ਗੁਜਰਾਤ 'ਚ ਆਧਾਰ ਸਾਲ 2012-14 ਤੋਂ ਸਾਲ 2013-15 ਸੰਦਰਭ ਸਾਲ ਦੇ ਵਿਚਾਲੇ 53 ਅੰਕਾਂ ਦੀ ਗਿਰਾਵਟ ਆਈ ਹੈ।
ਗੁਜਰਾਤ ਤੋਂ ਬਾਅਦ ਹਰਿਆਣਾ (35 ਅੰਕ), ਰਾਜਸਥਾਨ (32), ਉੱਤਰਾਖੰਡ (27), ਮਹਾਰਾਸ਼ਟਰ (18), ਹਿਮਾਚਲ ਪ੍ਰਦੇਸ਼ (14), ਛੱਤੀਸਗੜ੍ਹ (12) ਅਤੇ ਕਰਨਾਟਕ (11 ਅੰਕ) ਦਾ ਸਥਾਨ ਹੈ।
ਉਪਰੋਕਤ ਤੱਥਾਂ ਦੀ ਰੌਸ਼ਨੀ 'ਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ 'ਚ ਸਪੱਸ਼ਟ ਤੌਰ 'ਤੇ ਇਨ੍ਹਾਂ ਸੂਬਿਆਂ ਵਲੋਂ 'ਗਰਭ ਧਾਰਨ ਤੋਂ ਪਹਿਲਾਂ ਅਤੇ ਜਣੇਪੇ ਤੋਂ ਪਹਿਲਾਂ ਪਛਾਣ ਤਕਨੀਕਾਂ ਕਾਨੂੰਨ -1994' ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਕੰਨਿਆ ਔਲਾਦ ਦੇ ਮਹੱਤਵ ਨੂੰ ਉਤਸ਼ਾਹ ਦੇਣ ਲਈ ਉਚਿਤ ਕਦਮ ਚੁੱਕੇ ਜਾਣ ਦੀ ਲੋੜ ਹੈ। ਹਾਲਾਂਕਿ ਇਸ ਦੇ ਅਨੇਕ ਆਰਥਿਕ ਤੇ ਸਮਾਜਿਕ ਕਾਰਨ ਵੀ ਹਨ।
ਨੀਤੀ ਆਯੋਗ ਦੀ ਰਿਪੋਰਟ ਤੋਂ ਸਪੱਸ਼ਟ ਹੈ ਕਿ ਅੱਜ ਵੀ ਦੇਸ਼ 'ਚ ਪੁੱਤਰ ਮੋਹ ਕਾਰਨ ਕੰਨਿਆ ਔਲਾਦ ਦੀ ਹੱਤਿਆ ਕਰਨ ਤੋਂ ਲੋਕ ਨਹੀਂ ਝਿਜਕਦੇ।
ਹਿਮਾਚਲ ਦੇ ਸਰਕਾਰੀ ਸਕੂਲਾਂ ਵਿਚ ਦਾਖਲਿਆਂ 'ਚ ਆ ਰਹੀ ਗਿਰਾਵਟ
NEXT STORY