ਕੇਂਦਰ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ’ਚ ਸੈਰ-ਸਪਾਟਾ ਅਤੇ ਸੰਸਦੀ ਮਾਮਲਿਅਾਂ ਬਾਰੇ ਮੰਤਰੀ ਤੋਂ ਇਲਾਵਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਰਾਜਪਾਲ ਰਹੇ ਭਾਜਪਾ ਦੇ ਕੱਦਾਵਰ ਨੇਤਾ ਸ਼੍ਰੀ ਮਦਨ ਲਾਲ ਖੁਰਾਣਾ ਦਾ 27 ਅਕਤੂਬਰ ਨੂੰ 82 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ 5 ਸਾਲ ਪਹਿਲਾਂ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋਏ ਸਨ ਅਤੇ ਉਸ ਤੋਂ ਬਾਅਦ ਬਿਸਤਰੇ ’ਤੇ ਹੀ ਸਨ।
ਸਵ. ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਿਯਰੰਜਨ ਦਾਸਮੁਨਸ਼ੀ ਵੀ ਇਸੇ ਰੋਗ ਤੋਂ ਪੀੜਤ ਸਨ ਅਤੇ ਮੇਰੀ ਧਰਮ ਪਤਨੀ ਸਵਦੇਸ਼ ਚੋਪੜਾ ਜੀ ਦਾ ਦੇਹਾਂਤ ਵੀ ਇਸੇ ਰੋਗ ਕਾਰਨ ਕਈ ਸਾਲ ਬਿਸਤਰੇ ’ਤੇ ਰਹਿਣ ਤੋਂ ਬਾਅਦ ਹੋਇਆ। ਅਜੇ ਵੀ ਇਸ ਰੋਗ ਤੋਂ ਪੀੜਤ ਸੀਨੀਅਰ ਨੇਤਾ ਜਾਰਜ ਫਰਨਾਂਡੀਜ਼ ਅਤੇ ਜਸਵੰਤ ਸਿੰਘ ਬਿਸਤਰੇ ’ਤੇ ਪਏ ਹਨ।
ਹਾਲਾਂਕਿ ਹੱਡੀਅਾਂ ਦੀ ਮਿੱਝ (Bone Marrow) ਦੇ ਟਰਾਂਸਪਲਾਂਟ ਰਾਹੀਂ ਇਸ ਰੋਗ ਦੇ ਇਲਾਜ ਦੀ ਦਿਸ਼ਾ ’ਚ ਇਸ ਸਮੇਂ ਜਰਮਨੀ ’ਚ ਕੰਮ ਹੋ ਰਿਹਾ ਹੈ ਪਰ ਅਜੇ ਤਕ ਮੈਡੀਕਲ ਜਗਤ ਇਸ ਸਬੰਧ ’ਚ ਕਿਸੇ ਠੋਸ ਸਿੱਟੇ ’ਤੇ ਨਹੀਂ ਪਹੁੰਚਿਆ।
ਸ਼੍ਰੀ ਖੁਰਾਣਾ ਨਾਲ ਸਾਡੇ ਸਬੰਧ ਉਦੋਂ ਵਧਣੇ ਸ਼ੁਰੂ ਹੋਏ, ਜਦੋਂ ਅਸੀਂ 1 ਜਨਵਰੀ 1983 ਨੂੰ ਦਿੱਲੀ ਤੋਂ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ‘ਪੰਜਾਬ ਕੇਸਰੀ’ ਦਾ ਦਿੱਲੀ ਅੈਡੀਸ਼ਨ ਸ਼ੁਰੂ ਕਰਨ ਤੋਂ ਬਾਅਦ ਪਹਿਲੀ ਵਾਰ ਜਦੋਂ ਮੈਂ ਦਿੱਲੀ ਗਿਆ ਤਾਂ ਸ਼੍ਰੀ ਖੁਰਾਣਾ ਨੇ ਮੈਨੂੰ ਆਪਣੇ ਘਰ ਖਾਣੇ ’ਤੇ ਸੱਦਿਆ, ਜਿਸ ’ਚ ਭਾਜਪਾ ਦੇ ਸਾਰੇ ਪ੍ਰਮੁੱਖ ਨੇਤਾ ਸ਼ਾਮਿਲ ਹੋਏ ਸਨ।
ਇਸ ਤੋਂ ਬਾਅਦ ਸਾਡਾ ਸੰਪਰਕ ਵਧਦਾ ਹੀ ਗਿਆ। ਇਹ ਵੀ ਇਕ ਸੰਯੋਗ ਹੀ ਸੀ ਕਿ ਸਾਡਾ ਦੋਹਾਂ ਦਾ ਜਨਮ ਅਣਵੰਡੇ ਭਾਰਤ ਦੇ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿਚ ਹੋਇਆ।
ਜਦੋਂ ਅਸੀਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ‘ਪੰਜਾਬ ਕੇਸਰੀ ਸਮੂਹ’ ਵਲੋਂ ਚਲਾਏ ਜਾਂਦੇ ‘ਸ਼ਹੀਦ ਪਰਿਵਾਰ ਫੰਡ ਸਮਾਗਮ’ ਵਿਚ ਅੱਤਵਾਦ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵੰਡਣ ਲਈ ਸੱਦਿਆ, ਉਦੋਂ ਉਹ ਪਹਿਲੀ ਵਾਰ ਸ਼੍ਰੀ ਵਾਜਪਾਈ ਨਾਲ 3 ਫਰਵਰੀ 1985 ਨੂੰ ਜਲੰਧਰ ਆਏ।
ਸਮੇਂ ਦੇ ਨਾਲ-ਨਾਲ ਸ਼੍ਰੀ ਖੁਰਾਣਾ ਨਾਲ ਸਾਡੇ ਸਬੰਧ ਮਜ਼ਬੂਤ ਹੁੰਦੇ ਗਏ ਅਤੇ ਉਹ 29 ਮਈ 1994, 23 ਨਵੰਬਰ 1997 ਤੇ 19 ਜੂਨ 2005 ਨੂੰ ਸ਼ਹੀਦ ਪਰਿਵਾਰ ਫੰਡ ਸਮਾਗਮਾਂ ’ਚ ਪੀੜਤਾਂ ਨੂੰ ਸਹਾਇਤਾ ਵੰਡਣ ਲਈ ਜਲੰਧਰ ਆਏ।
ਪੰਜਾਬੀ ਹੋਣ ਦੇ ਨਾਤੇ ਮਦਨ ਲਾਲ ਖੁਰਾਣਾ ਪੰਜਾਬ ਦੇ ਹਾਲਾਤ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਅਤੇ ਉਨ੍ਹਾਂ ਨੇ ਪੰਜਾਬ ਦਾ ਸੰਕਟ ਸੁਲਝਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀਅਾਂ ਨਾਲ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਮੁਲਾਕਾਤ ਸਾਡੇ ਘਰ ’ਚ ਹੀ ਕਰਵਾਈ।
ਉਦੋਂ ਸ. ਬਾਦਲ ਨੇ ਕਿਹਾ ਸੀ ਕਿ ਪੰਜਾਬ ਦੀ ਤ੍ਰਾਸਦੀ ਦੌਰਾਨ ਨਾ ਸਿਰਫ ਪਿੰਡਾਂ ’ਚ ਬੱਚੀਅਾਂ ਨਾਲ ਬਲਾਤਕਾਰ ਹੋਏ ਹਨ, ਸਗੋਂ ਪੰਜਾਬ ਦੇ ਕਿਸਾਨ ਵੀ ਲੁੱਟੇ ਗਏ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅੱਤਵਾਦ ਕਾਰਨ ਪੰਜਾਬ ’ਚ ਮਰਨ ਵਾਲੇ 25000 ਲੋਕਾਂ ’ਚ ਬਹੁਤਾ ਨੁਕਸਾਨ ਸਿੱਖ ਪਰਿਵਾਰਾਂ ਦਾ ਹੀ ਹੋਇਆ ਹੈ।
ਦਿੱਲੀ ’ਚ ਸ਼੍ਰੀ ਖੁਰਾਣਾ ਨੇ ਪੂਜਨੀਕ ਲਾਲਾ ਜੀ ਅਤੇ ਰਮੇਸ਼ ਜੀ ਦੇ ਨਾਂ ’ਤੇ ਸਾਡੇ ਕਹੇ ਬਿਨਾਂ ਹੀ ਇਕ ਸੜਕ ਅਤੇ ਇਕ ਚੌਕ ਦਾ ਨਾਮਕਰਨ ਕਰਵਾਇਆ। ਬਕਾਇਦਾ ਸਮਾਗਮ ਦਾ ਆਯੋਜਨ ਕਰ ਕੇ ਮਧੂਬਨ ਚੌਕ ਤੋਂ ਵਜ਼ੀਰਪੁਰ ਪੀਤਮਪੁਰਾ ਤਕ ਜਾਣ ਵਾਲੀ ਸੜਕ ਦਾ ਨਾਂ ‘ਲਾਲਾ ਜਗਤ ਨਾਰਾਇਣ ਮਾਰਗ’ ਅਤੇ ਰਿੰਗ ਰੋਡ ਉਪਰ ਕੇਸ਼ਵਪੁਰਮ ਅਤੇ ਵਜ਼ੀਰਪੁਰ ਨੂੰ ਜੋੜਨ ਵਾਲੇ ਚੌਰਾਹੇ ਦਾ ਨਾਂ ‘ਰਮੇਸ਼ ਚੰਦਰ ਚੌਕ’ ਰੱਖਿਆ ਗਿਆ।
ਜਦੋਂ ਵੀ ਮੈਂ ਦਿੱਲੀ ’ਚ ਹੁੰਦਾ ਅਤੇ ਉਨ੍ਹਾਂ ਨੂੰ ਮੌਕਾ ਮਿਲਦਾ ਤਾਂ ਉਹ ਮੈਨੂੰ ਆਪਣੇ ਕੋਲ ਜ਼ਰੂਰ ਸੱਦਦੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਨਾਲ ਮਿਲਦੀ-ਜੁਲਦੀ ਕੁਰਸੀ ਆਪਣੇ ਘਰ ’ਚ ਵੀ ਰੱਖੀ ਹੋਈ ਸੀ, ਜਿਸ ’ਤੇ ਉਹ ਬੈਠਦੇ।
ਇਕ ਵਾਰ ਸ਼੍ਰੀ ਖੁਰਾਣਾ ਨੇ ਮੈਨੂੰ ਕਿਹਾ ਕਿ ਭਾਜਪਾ ਮੈਨੂੰ ਰਾਜ ਸਭਾ ’ਚ ਭੇਜਣਾ ਚਾਹੁੰਦੀ ਹੈ, ਇਸ ਲਈ ਮੈਂ ਇਸ ਵਾਸਤੇ ਹਾਂ ਕਹਿ ਦੇਵਾਂ। ਮੈਂ ਧੰਨਵਾਦ ਸਹਿਤ ਇਨਕਾਰ ਕਰਦਿਅਾਂ ਕਿਹਾ ਕਿ 1984 ਤੋਂ ਬਾਅਦ ਸਾਡੇ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਸਾਡਾ ਕੋਈ ਵੀ ਮੈਂਬਰ ਸਿਆਸਤ ’ਚ ਨਹੀਂ ਜਾਵੇਗਾ ਕਿਉਂਕਿ ਕਿਸੇ ਪਾਰਟੀ ਨਾਲ ਜੁੜਨ ’ਤੇ ਅਖਬਾਰ ਦੀ ਨਿਰਪੱਖਤਾ ਪ੍ਰਭਾਵਿਤ ਹੁੰਦੀ ਹੈ।
ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਅਤੀਤ ’ਚ ਮੈਨੂੰ ਗਿਆਨੀ ਜ਼ੈਲ ਸਿੰਘ ਵਲੋਂ ਵੀ ਅਜਿਹੀ ਪੇਸ਼ਕਸ਼ ਮਿਲੀ ਸੀ ਪਰ ਮੈਂ ਉਨ੍ਹਾਂ ਨੂੰ ਵੀ ਇਹੋ ਜਵਾਬ ਦਿੱਤਾ ਸੀ।
ਇਕ ਵਾਰ ਜਦੋਂ ਉਹ ਜੰਮੂ ਮੇਲ ਰਾਹੀਂ ਆਏ ਅਤੇ ਅਸੀਂ ਉਨ੍ਹਾਂ ਨੂੰ ਲੈਣ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਗਏ ਤਾਂ ਪਲੇਟਫਾਰਮ ਛੋਟਾ ਹੋਣ ਕਰਕੇ ਸ਼੍ਰੀ ਖੁਰਾਣਾ ਨੂੰ ਰੇਲ ਲਾਈਨਾਂ ’ਚ ਹੀ ਉਤਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਡੇ ਨਾਲ ਮਿਲ ਕੇ ਰੇਲਵੇ ਪਲੇਟਫਾਰਮ ਲੰਮਾ ਕਰਨ ਦਾ ਮੁੱਦਾ ਰੇਲ ਮੰਤਰਾਲੇ ਕੋਲ ਉਠਾਇਆ ਤੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ.-1 ਨੂੰ ਵੱਡਾ ਕੀਤਾ ਗਿਆ।
ਉਹ ਇਕ ਅਜਿਹੇ ਨੇਤਾ ਸਨ, ਜਿਨ੍ਹਾਂ ’ਤੇ ਸਮੁੱਚੇ ਸਿਆਸੀ ਜੀਵਨ ਦੌਰਾਨ ਕੋਈ ਦਾਗ਼ ਨਹੀਂ ਲੱਗਾ ਅਤੇ ਉਹ ‘ਦਿੱਲੀ ਦਾ ਸ਼ੇਰ’ ਅਖਵਾਉਂਦੇ ਸਨ। ਉਨ੍ਹਾਂ ਨੇ ਦਿੱਲੀ ’ਚ ਭਾਜਪਾ ਨੂੰ ਖੜ੍ਹੀ ਕਰਨ ’ਚ ਅਹਿਮ ਭੂਮਿਕਾ ਨਿਭਾਈ।
ਇਹੋ ਨਹੀਂ, ਇਕ ਸੱਚੇ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਨੇ ਹਿੰਦੂਅਾਂ-ਸਿੱਖਾਂ ਨੂੰ ਇਕਜੁੱਟ ਕਰਨ ’ਚ ਜੋ ਯੋਗਦਾਨ ਦਿੱਤਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। –ਵਿਜੇ ਕੁਮਾਰ
ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੀ ਚੋਣ ਹਲਚਲ
NEXT STORY