ਸ਼੍ਰੀ ਅਟਲ ਬਿਹਾਰੀ ਵਾਜਪਾਈ ਆਧੁਨਿਕ ਦੌਰ ਦੇ ਸ਼ਾਇਦ ਇਕੋ-ਇਕ ਭਾਰਤੀ ਸਿਆਸਤਦਾਨ ਰਹੇ ਹਨ, ਜਿਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੀ ਖੁੱਲ੍ਹ ਕੇ ਸ਼ਲਾਘਾ ਕਰਦੇ ਸਨ। ਅਸਲ ਵਿਚ ਉਨ੍ਹਾਂ ਦੇ ਤਾਂ ਸਿਰਫ ਮਿੱਤਰ ਹੀ ਸਨ, ਦੁਸ਼ਮਣ ਤਾਂ ਕੋਈ ਸੀ ਹੀ ਨਹੀਂ ਅਤੇ ਉਨ੍ਹਾਂ ਨੂੰ ਆਪਣੇ ਵਿਰੋਧੀਆਂ ਦਾ ਦਿਲ ਜਿੱਤਣ ਦੀ ਕਲਾ ਖੂਬ ਆਉਂਦੀ ਸੀ। ਅੱਜ ਜਦੋਂ ਉਹ ਸਾਡੇ ਦਰਮਿਆਨ ਨਹੀਂ ਹਨ, ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਯਾਦਾਂ ਹੇਠਾਂ ਦਰਜ ਹਨ :
* 25 ਦਸੰਬਰ 1924 ਨੂੰ ਗਵਾਲੀਅਰ 'ਚ 'ਸ਼ਿੰਦੇ ਕੀ ਛਾਵਨੀ' ਦੀਆਂ ਤੰਗ ਗਲੀਆਂ ਵਿਚ 'ਕਮਲ ਸਿੰਘ ਕੇ ਬਾਗ' ਵਿਚ ਸਥਿਤ ਇਕ ਛੋਟੇ ਜਿਹੇ ਘਰ ਵਿਚ ਜਨਮ ਲੈਣ ਵਾਲੇ ਅਟਲ ਜੀ ਆਪਣੇ ਮਾਂ-ਪਿਓ ਦੀ 7ਵੀਂ ਔਲਾਦ ਸਨ। ਉਨ੍ਹਾਂ ਦੇ 3 ਭਰਾ ਅਤੇ 3 ਭੈਣਾਂ ਸਨ।
ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਸੀ ਬੰਟੇ ਖੇਡਣਾ, ਬਚਪਨ ਵਿਚ ਹੀ ਕਵੀ ਸੰਮੇਲਨਾਂ ਵਿਚ ਜਾ ਕੇ ਕਵਿਤਾਵਾਂ ਅਤੇ ਨੇਤਾਵਾਂ ਦੇ ਭਾਸ਼ਣ ਸੁਣਨਾ।
* ਅਟਲ ਜੀ ਨੇ ਗਵਾਲੀਅਰ ਦੇ ਵਿਕਟੋਰੀਆ ਕਾਲਜ ਤੋਂ ਬੀ. ਏ. ਕੀਤੀ ਅਤੇ 3 ਵਿਸ਼ਿਆਂ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਵਿਚ ਡਿਸਟਿੰਕਸ਼ਨ ਹਾਸਿਲ ਕੀਤੀ। ਕਾਲਜ ਦੇ ਦਿਨਾਂ ਵਿਚ ਹੀ ਉਨ੍ਹਾਂ ਨੂੰ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਭਾਸ਼ਣ ਦੀ ਰਿਹਰਸਲ ਕਰਨ ਦਾ ਸ਼ੌਕ ਲੱਗ ਗਿਆ ਸੀ। ਕਾਲਜ ਦੇ ਵਾਦ-ਵਿਵਾਦ ਮੁਕਾਬਲਿਆਂ ਦੇ ਉਹ ਹੀਰੋ ਹੁੰਦੇ ਸਨ।
* ਜਦੋਂ ਉਨ੍ਹਾਂ ਨੇ ਕਾਨਪੁਰ ਦੇ ਡੀ. ਏ. ਵੀ. ਕਾਲਜ ਵਿਚ ਵਕਾਲਤ ਦੀ ਪੜ੍ਹਾਈ ਲਈ ਦਾਖਲਾ ਲਿਆ, ਉਸੇ ਸਮੇਂ ਉਨ੍ਹਾਂ ਦੇ ਪਿਤਾ ਸ਼੍ਰੀ ਕ੍ਰਿਸ਼ਨ ਬਿਹਾਰੀ ਵਾਜਪਾਈ, ਜੋ ਇਕ ਅਧਿਆਪਕ ਸਨ ਅਤੇ ਵਕੀਲ ਬਣਨਾ ਚਾਹੁੰਦੇ ਸਨ, ਨੇ ਵੀ ਉਨ੍ਹਾਂ ਦੇ ਨਾਲ ਹੀ ਕਾਲਜ ਵਿਚ ਦਾਖਲਾ ਲਿਆ। ਪਿਤਾ ਤੇ ਪੁੱਤਰ ਦੋਵੇਂ ਇਕ ਹੀ ਕਲਾਸ ਵਿਚ ਸਨ ਅਤੇ ਹੋਸਟਲ ਵਿਚ ਉਨ੍ਹਾਂ ਦਾ ਕਮਰਾ ਵੀ ਸਾਂਝਾ ਸੀ। ਦੋਵੇਂ ਸ਼ਾਮ ਨੂੰ ਇਕੱਠੇ ਖਾਣਾ ਪਕਾਉਂਦੇ ਸਨ।
ਜਦੋਂ ਕਦੇ ਪਿਤਾ ਜੀ ਕਲਾਸ ਵਿਚ ਪਹੁੰਚਣ ਤੋਂ ਲੇਟ ਹੋ ਜਾਂਦੇ ਤਾਂ ਅਟਲ ਜੀ ਨੂੰ ਪ੍ਰੋਫੈਸਰ ਪੁੱਛਦੇ ਸਨ ਕਿ ਕਿੱਥੇ ਹਨ ਤੁਹਾਡੇ ਪਿਤਾ ਜੀ? ਉਥੇ ਹੀ ਜਦੋਂ ਕਦੇ ਅਟਲ ਜੀ ਕਲਾਸ ਵਿਚ ਨਹੀਂ ਹੁੰਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੂੰ ਪੁੱਛਿਆ ਜਾਂਦਾ ਸੀ ਕਿ ''ਕਿੱਥੇ ਰਹਿ ਗਏ ਤੁਹਾਡੇ ਸਾਹਿਬਜ਼ਾਦੇ?''
* ਅਟਲ ਜੀ ਹਿਮਾਚਲ ਪ੍ਰਦੇਸ਼ ਨੂੰ ਆਪਣਾ ਦੂਜਾ ਘਰ ਕਹਿੰਦੇ ਸਨ। ਇਥੋਂ ਦੇ ਮਨਾਲੀ ਜ਼ਿਲੇ ਦੇ ਪ੍ਰੀਨੀ ਪਿੰਡ ਨਾਲ ਉਨ੍ਹਾਂ ਨੂੰ ਖਾਸ ਲਗਾਅ ਸੀ, ਜਿਥੇ ਉਹ ਗਰਮੀਆਂ ਵਿਚ ਆ ਕੇ ਰਹਿੰਦੇ ਸਨ। ਇਥੇ ਆਖਰੀ ਵਾਰ ਉਹ 2006 ਵਿਚ ਆਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੁੰਦੀ ਗਈ ਅਤੇ ਉਹ ਫਿਰ ਇਥੇ ਨਹੀਂ ਆ ਸਕੇ।
* ਸ਼੍ਰੀ ਵਾਜਪਾਈ ਦੇ ਪੁਰਾਣੇ ਸਾਥੀ ਸ਼੍ਰੀ ਲਾਲਜੀ ਟੰਡਨ ਨੇ ਮੌਤ ਦੇ ਸਬੰਧ ਵਿਚ ਉਨ੍ਹਾਂ ਦੇ ਨਜ਼ਰੀਏ ਨੂੰ ਪ੍ਰਗਟਾਉਂਦਿਆਂ ਉਨ੍ਹਾਂ ਦੀ ਇਕ ਕਵਿਤਾ ਦਾ ਹੇਠ ਲਿਖਿਆ ਅੰਸ਼ ਪੜ੍ਹਿਆ :
ਠਨ ਗਈ, ਮੌਤ ਸੇ ਠਨ ਗਈ, ਜੂਝਨੇ ਕਾ ਮੇਰਾ ਕੋਈ ਇਰਾਦਾ ਨਾ ਥਾ,
ਮੋੜ ਪਰ ਮਿਲੇਂਗੇ ਇਸਕਾ ਵਾਅਦਾ ਨਾ ਥਾ, ਰਾਸਤਾ ਰੋਕ ਕਰ ਖੜ੍ਹੀ ਹੋ ਗਈ,
ਯੂੰ ਲਗਾ ਜੈਸੇ ਜ਼ਿੰਦਗੀ ਸੇ ਬੜੀ ਹੋ ਗਈ।
* ਜਦੋਂ 1950 ਦੇ ਸ਼ੁਰੂਆਤੀ ਦਿਨਾਂ ਵਿਚ ਅਟਲ ਜੀ ਅਤੇ ਅਡਵਾਨੀ ਜੀ ਦਿੱਲੀ ਵਿਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਦੋਵੇਂ ਇਕ ਹੀ ਕਮਰੇ ਵਿਚ ਰਹਿੰਦੇ ਸਨ। ਖਾਣਾ ਵਾਜਪਾਈ ਜੀ ਹੀ ਬਣਾਉਂਦੇ ਅਤੇ ਅਡਵਾਨੀ ਜੀ ਮਜ਼ਾਕ-ਮਜ਼ਾਕ ਵਿਚ ਸ਼ਿਕਾਇਤ ਕਰਦਿਆਂ ਕਹਿੰਦੇ ਕਿ ਉਨ੍ਹਾਂ ਨੂੰ ਖਿਚੜੀ ਕੁਝ ਜ਼ਿਆਦਾ ਹੀ ਖਾਣੀ ਪੈ ਰਹੀ ਹੈ।
ਇਨ੍ਹਾਂ ਦੋਹਾਂ ਨੂੰ ਫਿਲਮਾਂ ਦੇਖਣ ਦਾ ਵੀ ਬਹੁਤ ਸ਼ੌਕ ਸੀ ਅਤੇ ਦੋਹਾਂ ਨੇ ਕਈ ਫਿਲਮਾਂ ਇਕੱਠੇ ਦੇਖੀਆਂ। ਇਨ੍ਹਾਂ ਵਿਚ ਸ਼ਾਮਿਲ ਹਨ ਸ਼ਾਹਰੁਖ ਖਾਨ ਦੀਆਂ ਜ਼ਿਆਦਾਤਰ ਫਿਲਮਾਂ ਅਤੇ ਰਿਤਿਕ ਰੋਸ਼ਨ ਦੀ 'ਕੋਈ ਮਿਲ ਗਯਾ'।
* ਕਵਿਤਾਵਾਂ ਲਿਖਣ ਤੋਂ ਇਲਾਵਾ ਸ਼੍ਰੀ ਵਾਜਪਾਈ ਨੂੰ ਚੰਗਾ ਬੋਲਣ ਅਤੇ ਸੁਆਦੀ ਖਾਣਾ ਖਾਣ ਤੇ ਬਣਾਉਣ ਦਾ ਬਹੁਤ ਸ਼ੌਕ ਸੀ। ਐਮਰਜੈਂਸੀ ਦੇ ਦਿਨਾਂ ਵਿਚ ਜਦੋਂ ਉਹ ਹੋਰ ਸਿਆਸੀ ਕੈਦੀਆਂ ਨਾਲ ਚੰਡੀਗੜ੍ਹ ਜੇਲ ਵਿਚ ਬੰਦ ਸਨ ਤਾਂ ਉਥੇ ਇਕ ਤਰ੍ਹਾਂ ਨਾਲ 'ਹੈੱਡ ਕੁੱਕ' ਦੀ ਜ਼ਿੰਮੇਵਾਰੀ ਉਹੀ ਨਿਭਾਉਂਦੇ ਸਨ ਅਤੇ ਖਿਚੜੀ, ਖੀਰ, ਮਾਲ੍ਹ-ਪੂੜੇ ਤੇ ਭੰਗ ਦੇ ਖੂਬ ਮਜ਼ੇ ਲੈਂਦੇ ਸਨ।
ਗਵਾਲੀਅਰ ਦੀ ਹਰੇਕ ਮਠਿਆਈ ਵਾਲੀ ਦੁਕਾਨ ਨਾਲ ਅਟਲ ਜੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਗਵਾਲੀਅਰ ਦੀਆਂ ਗਲੀਆਂ ਵਿਚ ਲੱਡੂ ਦੇ ਜ਼ਾਇਕੇ ਨਾਲ ਹੀ ਸ਼ਾਇਦ ਉਨ੍ਹਾਂ ਦੀ ਸਰਲ ਸ਼ਖ਼ਸੀਅਤ ਬਣੀ ਸੀ, ਜੋ ਉਨ੍ਹਾਂ ਦੀ ਇਸ ਕਵਿਤਾ ਤੋਂ ਸਪੱਸ਼ਟ ਹੈ :
''ਮੇਰੇ ਪ੍ਰਭੂ! ਮੁਝੇ ਇਤਨੀ ਊਂਚਾਈ ਕਭੀ ਮਤ ਦੇਨਾ,
ਗ਼ੈਰੋਂ ਕੋ ਗਲ਼ੇ ਨਾ ਲਗਾ ਸਕੂੰ, ਇਤਨੀ ਰੂਖਾਈ ਕਭੀ ਮਤ ਦੇਨਾ।''
* ਇਕ ਵਾਰ ਜਦੋਂ ਕਿਸੇ ਵਿਅਕਤੀ ਨੇ ਉਨ੍ਹਾਂ ਤੋਂ ਇਹ ਜਾਣਨਾ ਚਾਹਿਆ ਕਿ ਪੀ. ਵੀ. ਨਰਸਿਮ੍ਹਾ ਰਾਓ ਦੇ ਸਿਆਸੀ ਪਤਨ ਤੋਂ ਬਾਅਦ ਵੀ ਆਪਣੇ ਘਰ ਵਿਚ ਉਨ੍ਹਾਂ ਦੀ ਫੋਟੋ ਕਿਉਂ ਲਾਈ ਹੋਈ ਹੈ, ਤਾਂ ਅਟਲ ਜੀ ਨੇ ਜਵਾਬ ਦਿੱਤਾ ਸੀ ਕਿ ''ਮੈਂ ਸਿਆਸੀ ਉਤਰਾਅ-ਚੜ੍ਹਾਅ ਅਨੁਸਾਰ ਆਪਣੇ ਮਿੱਤਰ ਨਹੀਂ ਬਦਲਦਾ।''
* ਅਟਲ ਜੀ ਸ਼ਾਹਜਹਾਂਪੁਰ ਵਿਚ ਇਕ ਸਿਆਸੀ ਮੀਟਿੰਗ ਵਿਚ ਹਿੱਸਾ ਲੈਣ ਜਾ ਰਹੇ ਸਨ। ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ, ਤਾਂ ਉਨ੍ਹਾਂ ਨੇ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ ਪਰ ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤਾਂ ਅਟਲ ਜੀ ਆਪਣੀ ਗੱਲ 'ਤੇ ਅੜ ਗਏ ਅਤੇ ਬੋਲੇ, ''ਇਹ ਸਭ ਮੇਰੇ ਵੋਟਰ ਹਨ। ਜੇ ਮੈਂ ਉਤਰ ਕੇ ਇਨ੍ਹਾਂ ਦੀ ਗੱਲ ਨਹੀਂ ਸੁਣਾਂਗਾ ਤਾਂ ਫਿਰ ਇਹ ਮੈਨੂੰ ਵੋਟ ਕਿਵੇਂ ਦੇਣਗੇ?''
ਅੱਜ ਜਦੋਂ ਹਰਦਿਲ ਅਜ਼ੀਜ਼ ਨੇਤਾ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਾਡੇ ਦਰਮਿਆਨ ਨਹੀਂ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਅਸੀਂ ਉਨ੍ਹਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਇਥੇ ਦਰਜ ਕੀਤੀਆਂ ਹਨ। ਉਮੀਦ ਹੈ ਪਾਠਕਾਂ ਨੂੰ ਇਨ੍ਹਾਂ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕੁਝ ਜਾਣਕਾਰੀ ਮਿਲੇਗੀ। —ਵਿਜੇ ਕੁਮਾਰ
ਸਭ ਤੋਂ ਵੱਧ ਹਰਮਨਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ
NEXT STORY