15 ਅਗਸਤ ਨੂੰ ਜਦੋਂ ਦੇਸ਼ ਆਜ਼ਾਦੀ ਦੇ 72ਵੇਂ ਵਰ੍ਹੇ ਵਿਚ ਦਾਖ਼ਲ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉਦੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੈਂਟੀਲੇਟਰ 'ਤੇ ਪਏ ਦਮ ਤੋੜ ਰਹੇ ਸਨ। ਏਮਜ਼ ਨੇ 15 ਅਗਸਤ ਦੀ ਰਾਤ ਨੂੰ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ''ਬਦਕਿਸਮਤੀ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ'' ਅਤੇ ਅਗਲੇ ਹੀ ਦਿਨ 16 ਅਗਸਤ ਨੂੰ ਸ਼ਾਮ 5.05 ਵਜੇ ਇਹ ਮਨਹੂਸ ਖ਼ਬਰ ਆ ਗਈ ਕਿ ਸ਼੍ਰੀ ਵਾਜਪਾਈ ਨਹੀਂ ਰਹੇ।
ਉਹ ਇਕ ਸਿਆਸਤਦਾਨ ਤੋਂ ਇਲਾਵਾ ਕਵੀ ਅਤੇ ਬੇਹਤਰੀਨ ਬੁਲਾਰੇ ਵੀ ਰਹੇ ਅਤੇ ਮੇਰੇ ਵਰਗੇ ਲੋਕ ਵੀ ਉਨ੍ਹਾਂ ਨੂੰ ਸੁਣਨ ਲਈ ਹਮੇਸ਼ਾ ਉਤਾਵਲੇ ਰਹਿੰਦੇ ਸਨ। ਉਨ੍ਹਾਂ ਵਿਚ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਅਦਭੁੱਤ ਸਮਰੱਥਾ ਸੀ।
ਸ਼੍ਰੀ ਵਾਜਪਾਈ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਫਰਵਰੀ 1987 ਵਿਚ ਅੱਤਵਾਦੀਆਂ ਨੇ ਪੰਜਾਬ ਦੇ ਉਦਯੋਗਿਕ ਸ਼ਹਿਰ ਬਟਾਲਾ ਦੀ ਘੇਰਾਬੰਦੀ ਕਰ ਲਈ, ਜ਼ਰੂਰੀ ਖੁਰਾਕੀ ਵਸਤਾਂ ਦੀ ਥੁੜ੍ਹ ਪੈਦਾ ਹੋ ਗਈ। 18 ਦਿਨ ਕਰਫਿਊ ਲੱਗਾ ਰਿਹਾ ਅਤੇ ਬੱਚੇ ਭੁੱਖ ਨਾਲ ਦੁੱਧ ਲਈ ਤਰਸਣ ਲੱਗੇ। ਉਦੋਂ ਮੈਂ ਭਾਜਪਾ ਨੇਤਾ ਸ਼੍ਰੀ ਕ੍ਰਿਸ਼ਨ ਲਾਲ ਜੀ ਨੂੰ ਸ਼੍ਰੀ ਵਾਜਪਾਈ ਨੂੰ ਬਟਾਲਾ ਲਿਆਉਣ ਲਈ ਕਿਹਾ। ਸ਼੍ਰੀ ਵਾਜਪਾਈ ਤੁਰੰਤ ਇਸ ਦੇ ਲਈ ਤਿਆਰ ਹੋ ਗਏ ਤੇ ਮੇਹਤਾ ਚੌਕ ਦੇ ਰਸਤੇ ਹੁੰਦੇ ਹੋਏ ਹੀ ਬਟਾਲਾ ਆਏ ਅਤੇ ਉਨ੍ਹਾਂ ਦੇ ਜਾਂਦਿਆਂ ਹੀ ਘੇਰਾਓ ਖਤਮ ਹੋ ਗਿਆ।
ਉਹ ਹਮੇਸ਼ਾ ਆਪਣੇ ਦੇਸ਼ ਦੇ ਵਿਕਾਸ ਲਈ ਚਿੰਤਤ ਰਹੇ ਅਤੇ ਹਮੇਸ਼ਾ ਸੜਕਾਂ ਚੌੜੀਆਂ ਕਰਨ, ਨਦੀਆਂ ਨੂੰ ਜੋੜਨ ਵਰਗੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹੇ। ਵਿਦੇਸ਼ਾਂ ਨਾਲ ਸਬੰਧ ਆਮ ਵਰਗੇ ਬਣਾਉਣ ਲਈ ਉਨ੍ਹਾਂ ਨੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਇਸੇ ਲੜੀ ਵਿਚ ਪਾਕਿਸਤਾਨ ਵੀ ਗਏ।
ਸ਼੍ਰੀ ਵਾਜਪਾਈ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਦੇ ਸ਼ਾਸਨਕਾਲ ਵਿਚ ਮਹਿੰਗਾਈ ਘੱਟ ਤੋਂ ਘੱਟ ਪੱਧਰ 'ਤੇ ਰਹੀ। ਉਨ੍ਹਾਂ ਨੇ ਭਾਰਤੀ ਸਿਆਸਤ ਨੂੰ ਗੱਠਜੋੜ ਦਾ ਅਰਥ ਸਮਝਾਇਆ ਅਤੇ 26 ਪਾਰਟੀਆਂ ਨੂੰ ਲੈ ਕੇ ਗੱਠਜੋੜ ਬਣਾਇਆ ਅਤੇ ਉਸ ਨੂੰ ਸਫਲਤਾਪੂਰਵਕ ਚਲਾਇਆ।
11 ਮਈ 1998 ਨੂੰ ਸ਼੍ਰੀ ਵਾਜਪਾਈ ਦੀ ਅਗਵਾਈ ਹੇਠ ਭਾਰਤ ਨੇ ਰਾਜਸਥਾਨ ਦੇ ਪੋਖਰਣ ਵਿਚ ਪ੍ਰਮਾਣੂ ਪ੍ਰੀਖਣ ਕੀਤੇ ਅਤੇ ਉਨ੍ਹਾਂ ਦੇ ਇਸ ਫੈਸਲੇ ਦਾ ਸਿਵਾਏ ਇਸਰਾਈਲ ਦੇ ਕਿਸੇ ਵੀ ਦੇਸ਼ ਨੇ ਸਮਰਥਨ ਨਹੀਂ ਕੀਤਾ। ਜਾਪਾਨ, ਅਮਰੀਕਾ ਤੇ ਕੁਝ ਹੋਰ ਪ੍ਰਮੁੱਖ ਦੇਸ਼ਾਂ ਨੇ ਨਾਰਾਜ਼ ਹੋ ਕੇ ਭਾਰਤ 'ਤੇ ਵੱਖ-ਵੱਖ ਪਾਬੰਦੀਆਂ ਲਾ ਦਿੱਤੀਆਂ ਪਰ ਸ਼੍ਰੀ ਵਾਜਪਾਈ ਨੇ ਇਸ ਦੀ ਪਰਵਾਹ ਨਹੀਂ ਕੀਤੀ ਅਤੇ ਭਾਰਤ ਨੂੰ ਪ੍ਰਮਾਣੂ ਮਹਾਸ਼ਕਤੀ ਬਣਾ ਕੇ ਹੀ ਛੱਡਿਆ।
'ਭਾਰਤ ਰਤਨ' ਨਾਲ ਸਨਮਾਨਿਤ ਸ਼੍ਰੀ ਵਾਜਪਾਈ ਨੂੰ ਕਿਸੇ ਵੀ ਕਿਸਮ ਦੇ ਵਿਵਾਦ ਵਿਚ ਪੈਣਾ ਪਸੰਦ ਨਹੀਂ ਸੀ। 2002 ਵਿਚ ਜਦੋਂ ਉਨ੍ਹਾਂ ਨੂੰ ਸਰਕਾਰ ਵਲੋਂ ਪੈਟਰੋਲ ਪੰਪਾਂ ਦੀ ਅਲਾਟਮੈਂਟ 'ਚ ਘਪਲੇ ਦਾ ਪਤਾ ਲੱਗਾ, ਜਿਸ ਵਿਚ ਭਾਜਪਾ ਦੇ ਬੰਦੇ ਵੀ ਸ਼ਾਮਿਲ ਸਨ, ਤਾਂ ਉਨ੍ਹਾਂ ਨੇ ਫੌਰਨ ਸਾਰੇ ਪੈਟਰੋਲ ਪੰਪਾਂ ਦੀ ਅਲਾਟਮੈਂਟ ਰੱਦ ਕਰਨ ਦਾ ਹੁਕਮ ਦੇ ਦਿੱਤਾ। ਮੈਨੂੰ ਸ਼੍ਰੀ ਵਾਜਪਾਈ ਨਾਲ ਕਈ ਵਾਰ ਵਿਦੇਸ਼ ਯਾਤਰਾਵਾਂ ਕਰਨ ਦਾ ਮੌਕਾ ਮਿਲਿਆ ਅਤੇ ਜਦੋਂ ਵੀ ਉਥੇ ਮੁਲਾਕਾਤ ਹੁੰਦੀ ਤਾਂ ਉਹ ਹਮੇਸ਼ਾ ਇਹੋ ਕਹਿੰਦੇ ਕਿ ਕਿਤੇ ਕੋਈ ਕਮੀ ਹੋਵੇ ਤਾਂ ਦੱਸੋ। ਜਦੋਂ ਅਸੀਂ ਇਹ ਕਹਿੰਦੇ ਕਿ ਸਭ ਠੀਕ ਹੈ ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਤੁਸੀਂ ਸੱਚ ਨਹੀਂ ਬੋਲ ਰਹੇ।
ਅਜਿਹੇ ਹੀ ਇਕ ਮੌਕੇ 'ਤੇ ਜਦੋਂ ਮੈਂ ਉਨ੍ਹਾਂ ਨਾਲ ਵਿਦੇਸ਼ ਯਾਤਰਾ ਕਰ ਰਿਹਾ ਸੀ ਤਾਂ ਸਾਡਾ ਜਹਾਜ਼ ਦੁਬਈ ਵਿਚ ਰੁਕਿਆ। ਉਥੇ ਅਸੀਂ ਸ਼ੇਖਾਂ ਨੂੰ ਆਪਣੇ ਰਵਾਇਤੀ ਪਹਿਰਾਵੇ ਵਿਚ ਘੁੰਮਦੇ ਦੇਖਿਆ, ਤਾਂ ਸ਼੍ਰੀ ਵਾਜਪਾਈ ਨੂੰ ਪੱਛਮੀ ਪਹਿਰਾਵੇ ਵਿਚ ਦੇਖ ਕੇ ਮੇਰੇ ਮੂੰਹੋਂ ਨਿਕਲ ਗਿਆ ਕਿ ਇਨ੍ਹਾਂ ਸ਼ੇਖਾਂ ਨੇ ਤਾਂ ਆਪਣਾ ਰਵਾਇਤੀ ਪਹਿਰਾਵਾ ਨਹੀਂ ਛੱਡਿਆ ਪਰ ਤੁਸੀਂ ਕੋਟ-ਪੈਂਟ ਪਹਿਨਿਆ ਹੋਇਆ ਹੈ। ਇਸ 'ਤੇ ਉਨ੍ਹਾਂ ਨੇ ਝੱਟ ਕਿਹਾ ਕਿ ਇਹ ਆਖਰੀ ਵਾਰ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪੱਛਮੀ ਪਹਿਰਾਵਾ ਨਹੀਂ ਪਹਿਨਿਆ। ਸੰਯੁਕਤ ਰਾਸ਼ਟਰ ਵਿਚ ਵੀ 1977 'ਚ ਹਿੰਦੀ ਵਿਚ ਭਾਸ਼ਣ ਦੇ ਕੇ ਰਾਸ਼ਟਰ ਭਾਸ਼ਾ ਦਾ ਮਾਣ ਵਧਾਉਣ ਵਾਲੇ ਉਹ ਪਹਿਲੇ ਭਾਰਤੀ ਨੇਤਾ ਹਨ। ਇਕ ਵਾਰ ਮੈਂ ਦਿੱਲੀ ਵਿਚ ਸ਼੍ਰੀ ਵਾਜਪਾਈ ਦੇ ਪ੍ਰੈੱਸ ਸਕੱਤਰ ਸ਼੍ਰੀ ਅਸ਼ੋਕ ਟੰਡਨ ਦਾ ਸੰਦੇਸ਼ ਮਿਲਣ 'ਤੇ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹੀਂ ਦਿਨੀਂ 2003 ਵਿਚ 3 ਸੂਬਿਆਂ ਵਿਚ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਾਜਗ ਸਰਕਾਰ ਨੇ ਇਕਦਮ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਦੇ ਨੇਤਾ ਆਪਣੀ ਪ੍ਰਚਾਰ ਮੁਹਿੰਮ ਵਿਚ 'ਇੰਡੀਆ ਸ਼ਾਈਨਿੰਗ' ਦਾ ਨਾਅਰਾ ਦੇ ਕੇ ਇਸੇ ਦਾ ਰਾਗ ਅਲਾਪਣ ਵਿਚ ਲੱਗੇ ਹੋਏ ਸਨ। ਜਦੋਂ ਮੈਂ ਉਨ੍ਹਾਂ ਨਾਲ ਇਸ ਦੀ ਚਰਚਾ ਕੀਤੀ ਤਾਂ ਉਨ੍ਹਾਂ ਕਿਹਾ ਕਿ ''ਕਿੱਥੇ ਹੈ ਇੰਡੀਆ ਸ਼ਾਈਨਿੰਗ? ਅਜੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ।''
ਮੈਨੂੰ ਯਾਦ ਹੈ ਕਿ 2002 ਵਿਚ ਜਦੋਂ ਦੇਸ਼ 'ਚ ਅਨਾਜ ਸੜ ਰਿਹਾ ਸੀ ਤਾਂ ਮੈਂ ਉਸ ਵੇਲੇ ਦੇ ਖੁਰਾਕ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਨੂੰ ਇਸ ਸਬੰਧ ਵਿਚ ਕਿਹਾ ਕਿ ਇਸ ਨੂੰ ਵੇਚ ਦੇਣਾ ਚਾਹੀਦਾ ਹੈ। ਸ਼ਾਂਤਾ ਜੀ ਨੇ ਇਸ ਬਾਰੇ ਸ਼੍ਰੀ ਵਾਜਪਾਈ ਨਾਲ ਗੱਲ ਕੀਤੀ, ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਕੈਬਨਿਟ ਦੀ ਮੀਟਿੰਗ ਬੁਲਾਉਣ ਦੀ ਲੋੜ ਨਹੀਂ ਹੈ, ਇਸ ਨੂੰ ਵੇਚ ਦਿਓ ਅਤੇ ਫੌਰਨ ਹੀ ਫਾਲਤੂ ਅਨਾਜ ਵੇਚ ਦਿੱਤਾ ਗਿਆ।
'ਪੰਜਾਬ ਕੇਸਰੀ ਗਰੁੱਪ' ਵਲੋਂ ਚਲਾਏ ਜਾਂਦੇ ਰਾਹਤ ਵੰਡ ਸਮਾਗਮਾਂ ਵਿਚ ਹਿੱਸਾ ਲੈਣ ਲਈ ਉਹ 4 ਵਾਰ ਜਲੰਧਰ ਆਏ। ਪਹਿਲੀ ਵਾਰ 3 ਫਰਵਰੀ 1985 ਨੂੰ ਤੇ ਦੂਜੀ ਵਾਰ 23 ਨਵੰਬਰ 1997 ਨੂੰ। ਤੀਜੀ ਵਾਰ 12 ਮਈ 1999 ਨੂੰ ਅਤੇ ਚੌਥੀ ਵਾਰ ਉਹ 6 ਫਰਵਰੀ 2000 ਨੂੰ 'ਸ਼ਕਤੀ ਕਾਰਗਿਲ' ਫੰਡ ਲੈਣ ਲਈ ਜਲੰਧਰ ਆਏ ਸਨ।
3 ਫਰਵਰੀ 1985 ਨੂੰ ਸ਼ਹੀਦ ਪਰਿਵਾਰ ਫੰਡ ਦੇ ਸਹਾਇਤਾ ਵੰਡ ਸਮਾਗਮ ਵਿਚ ਬੋਲਦਿਆਂ ਉਨ੍ਹਾਂ ਕਿਹਾ, ''ਸ਼ਹੀਦ ਪਰਿਵਾਰ ਇਕੱਲੇ ਨਹੀਂ ਹਨ, ਸਾਰਾ ਸਮਾਜ ਉਨ੍ਹਾਂ ਦੇ ਨਾਲ ਹੈ। ਮੈਂ ਹਿੰਦ ਸਮਾਚਾਰ ਪ੍ਰਕਾਸ਼ਨ ਅਤੇ ਇਸ ਦੇ ਸੰਚਾਲਕਾਂ ਦੀ ਇਸ ਗੱਲ ਲਈ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸ਼੍ਰੀ ਰਮੇਸ਼ ਚੰਦਰ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਉਨ੍ਹਾਂ ਦਾ ਸ਼ੁਰੂ ਕੀਤਾ ਹੋਇਆ ਕੰਮ ਜਾਰੀ ਰੱਖਿਆ ਹੋਇਆ ਹੈ।''
ਸ਼ਹੀਦ ਪਰਿਵਾਰ ਫੰਡ ਦੇ 23 ਨਵੰਬਰ 1997 ਨੂੰ ਆਯੋਜਿਤ ਸਮਾਗਮ ਵਿਚ ਸ਼੍ਰੀ ਵਾਜਪਾਈ ਨੇ ਸਿਆਸਤਦਾਨਾਂ ਨੂੰ ਚੌਕੰਨੇ ਕੀਤਾ ਕਿ ''ਉਨ੍ਹਾਂ ਨੂੰ ਸਿਆਸਤ ਨੂੰ ਕੁਰਸੀ ਦੀ ਖੇਡ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਦੋਂ ਸਿਆਸਤ ਦੂਸ਼ਿਤ ਹੁੰਦੀ ਹੈ ਅਤੇ ਵਿਗੜਦੀ ਹੈ ਤਾਂ ਇਸ ਨਾਲ ਸਾਰੇ ਦੇਸ਼ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਇਸ ਨਾਲ ਨਵੀਆਂ-ਨਵੀਆਂ ਸਮੱਸਿਆਵਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦਾ ਕਈ ਵਾਰ ਹੱਲ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ।''
ਫਿਰ 12 ਮਈ 1999 ਨੂੰ ਪ੍ਰਧਾਨ ਮੰਤਰੀ ਰਾਹਤ ਫੰਡ 'ਸ਼ਕਤੀ' ਦੀ 77 ਲੱਖ ਰੁਪਏ ਦੀ ਰਕਮ ਪ੍ਰਾਪਤ ਕਰਨ ਜਲੰਧਰ ਆਏ ਸ਼੍ਰੀ ਵਾਜਪਾਈ ਨੇ ਕਿਹਾ ਕਿ ''ਭਾਰਤ ਕਿਸੇ ਵੀ ਦੇਸ਼ 'ਤੇ ਹਮਲਾ ਨਹੀਂ ਕਰੇਗਾ ਪਰ ਕਿਸੇ ਹੋਰ ਨੂੰ ਆਪਣੇ 'ਤੇ ਹਮਲਾ ਕਰਨ ਦੀ ਇਜਾਜ਼ਤ ਵੀ ਨਹੀਂ ਦੇਵੇਗਾ। ਇਸ ਦੇ ਲਈ ਜ਼ਰੂਰੀ ਹੈ ਕਿ ਭਾਰਤ ਨੂੰ ਸ਼ਕਤੀਸ਼ਾਲੀ ਅਤੇ ਸਵੈ-ਨਿਰਭਰ ਬਣਾਇਆ ਜਾਵੇ। ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਆਧੁਨਿਕ ਹਥਿਆਰਾਂ ਨਾਲ ਲੈਸ ਅਤੇ ਫੌਜ ਨਾਲ ਦੇਸ਼ਭਗਤ ਜਨਤਾ ਦਾ ਖੜ੍ਹੀ ਹੋਣਾ ਜ਼ਰੂਰੀ ਹੈ।''
ਚੌਥੀ ਵਾਰ ਸ਼੍ਰੀ ਵਾਜਪਾਈ 6 ਫਰਵਰੀ 2000 ਨੂੰ 'ਪੰਜਾਬ ਕੇਸਰੀ' ਵਲੋਂ ਸ਼ੁਰੂ ਕੀਤੇ ਗਏ 'ਪ੍ਰਧਾਨ ਮੰਤਰੀ ਰਾਹਤ ਫੰਡ ਕਾਰਗਿਲ' ਵਿਚ 10 ਕਰੋੜ 34 ਲੱਖ ਰੁਪਏ ਦੀ ਰਕਮ ਪ੍ਰਾਪਤ ਕਰਨ ਲਈ ਜਲੰਧਰ ਆਏ। ਇਸ ਮੌਕੇ 'ਤੇ ਉਨ੍ਹਾਂ ਤੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦੇਣ ਤੋਂ ਬਾਜ਼ ਆਵੇ, ਨਹੀਂ ਤਾਂ ਉਸ ਨੂੰ ਸਖਤ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਫੰਡ ਲਈ ਲੋਕਾਂ ਨੇ ਲਾਈਨਾਂ ਵਿਚ ਖੜ੍ਹੇ ਹੋ ਕੇ ਪੈਸੇ ਦਿੱਤੇ ਅਤੇ ਲੋਕਾਂ ਦਾ ਕਹਿਣਾ ਸੀ ਕਿ ਵਾਜਪਾਈ ਜੀ ਨੇ ਕਾਰਗਿਲ ਦੀ ਜੰਗ ਜਿਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਇਸ ਤਰ੍ਹਾਂ ਦੀਆਂ ਬਹੁਤ ਯਾਦਾਂ ਹਨ, ਜੋ ਅੱਜ ਸ਼੍ਰੀ ਵਾਜਪਾਈ ਦੇ ਸੰਦਰਭ ਵਿਚ ਚੇਤੇ ਆ ਰਹੀਆਂ ਹਨ। ਕਾਸ਼! ਜੇ ਉਨ੍ਹਾਂ ਨੂੰ 5 ਸਾਲ ਹੋਰ ਮਿਲੇ ਹੁੰਦੇ ਤਾਂ ਦੇਸ਼ ਦਾ ਚਿਹਰਾ ਬਦਲਿਆ ਹੁੰਦਾ। ਉਨ੍ਹਾਂ ਵਰਗੇ ਦੂਰਅੰਦੇਸ਼ ਅਤੇ ਮਿਹਨਤੀ ਨੇਤਾ ਦੇ ਜਾਣ ਨਾਲ ਦੇਸ਼ ਦੀ ਸਿਆਸਤ ਵਿਚ ਜੋ ਖਲਾਅ ਪੈਦਾ ਹੋਇਆ ਹੈ, ਉਹ ਕਦੇ ਭਰਿਆ ਨਹੀਂ ਜਾ ਸਕੇਗਾ।
—ਵਿਜੇ ਕੁਮਾਰ
ਆਜ਼ਾਦੀ ਦੇ 72ਵੇਂ ਵਰ੍ਹੇ 'ਚ ਇਸ ਵਾਰ ਦੇ ਆਖਰੀ ਸੰਬੋਧਨ 'ਚ ਪ੍ਰਧਾਨ ਮੰਤਰੀ ਦੇਸ਼ਵਾਸੀਆਂ ਨੂੰ ਕੀ ਸੌਗਾਤ ਦੇਣਗੇ
NEXT STORY