ਹੋਂਦ 'ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਤੇ ਉਥੋਂ ਦੀ ਫੌਜ ਨੇ ਭਾਰਤ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ ਤੇ ਭਾਰਤ ਹੱਥੋਂ ਚਾਰ-ਚਾਰ ਜੰਗਾਂ 'ਚ ਮੂੰਹ ਦੀ ਖਾਣ ਦੇ ਬਾਵਜੂਦ ਉਹ ਬਾਜ਼ ਨਹੀਂ ਆ ਰਹੇ। ਜੰਮੂ-ਕਸ਼ਮੀਰ 'ਚ ਜਾਰੀ ਅੱਤਵਾਦ ਦੇ ਨਾਲ-ਨਾਲ ਹੁਣ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀਆਂ ਨੇ ਲੱਗਭਗ ਦੋ ਦਹਾਕਿਆਂ ਬਾਅਦ ਪੰਜਾਬ 'ਚ ਅੱਤਵਾਦ ਦਾ ਭਿਆਨਕ ਦੌਰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ 'ਚ ਪਿਛਲੇ ਸਾਲ 27 ਜੁਲਾਈ ਨੂੰ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਦੀਨਾਨਗਰ 'ਚ ਫੌਜ ਦੀ ਵਰਦੀ 'ਚ ਆਏ ਪਾਕਿਸਤਾਨੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ 4 ਜਵਾਨਾਂ ਸਮੇਤ 7 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਤੋਂ 5 ਮਹੀਨਿਆਂ ਬਾਅਦ ਹੀ 1 ਜਨਵਰੀ 2016 ਦੀ ਰਾਤ ਨੂੰ ਭਾਰਤੀ ਫੌਜ ਦੀ ਵਰਦੀ ਪਹਿਨੀ 5 ਹਥਿਆਰਬੰਦ ਸ਼ੱਕੀ ਅੱਤਵਾਦੀਆਂ ਨੇ ਪਠਾਨਕੋਟ 'ਚ ਐੱਸ. ਪੀ. ਸਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਕਾਰ ਸਮੇਤ ਅਗਵਾ ਕਰ ਲਿਆ, ਜਿਸ ਤੋਂ ਬਾਅਦ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।
ਇਸੇ ਦਿਨ ਇਥੋਂ ਕੁਝ ਹੀ ਦੂਰੀ 'ਤੇ ਨਰੋਟ ਜੈਮਲ ਸਿੰਘ ਦੇ ਪਿੰਡ 'ਭਨਵਾਲ' ਦੇ ਇਕ ਟੈਕਸੀ ਮਾਲਕ ਇਕਰਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪਠਾਨਕੋਟ ਤੇ ਗੁਰਦਾਸਪੁਰ ਜ਼ਿਲਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਇਸ ਤੋਂ ਅਗਲੇ ਹੀ ਦਿਨ 2 ਜਨਵਰੀ ਨੂੰ ਤੜਕੇ ਸਰਕਾਰੀ ਗੱਡੀ 'ਚ ਭਾਰਤੀ ਫੌਜੀਆਂ ਦੀ ਵਰਦੀ ਪਹਿਨੀ ਤੇ ਭਾਰੀ ਮਾਤਰਾ 'ਚ ਆਰ. ਡੀ. ਐਕਸ ਲੈ ਕੇ ਪਾਕਿਸਤਾਨੀ ਅੱਤਵਾਦੀਆਂ ਦੇ ਗਿਰੋਹ ਨੇ, ਜਿਨ੍ਹਾਂ ਦਾ ਸੰਬੰਧ ਅੱਤਵਾਦੀ ਜਥੇਬੰਦੀ ਜੈਸ਼ੇ-ਮੁਹੰਮਦ ਨਾਲ ਦੱਸਿਆ ਜਾਂਦਾ ਹੈ, ਪੰਜਾਬ ਦੇ ਪਠਾਨਕੋਟ ਏਅਰਬੇਸ 'ਤੇ ਹਮਲਾ ਕਰ ਦਿੱਤਾ।
ਅੱਤਵਾਦੀਆਂ ਨੂੰ ਅਸਫਲ ਕਰਨ ਲਈ ਹੈਲੀਕਾਪਟਰਾਂ, ਐੱਨ. ਐੱਸ. ਜੀ. ਕਮਾਂਡੋਜ਼ ਅਤੇ ਐੱਸ. ਡਬਲਿਊ. ਟੀ. (ਸਵੈਟ) ਦੀਆਂ ਟੁਕੜੀਆਂ ਨੂੰ ਲਗਾਇਆ ਗਿਆ। ਇਸ ਕਾਰਵਾਈ 'ਚ 5 ਅੱਤਵਾਦੀ ਮਾਰੇ ਗਏ ਪਰ ਸਾਨੂੰ ਵੀ ਆਪਣੇ 3 ਜਵਾਨ ਗੁਆਉਣੇ ਪਏ ਤੇ 6 ਹੋਰ ਜ਼ਖ਼ਮੀ ਹੋ ਗਏ। ਸ਼ੁਕਰ ਇਹ ਰਿਹਾ ਕਿ ਅੱਤਵਾਦੀ ਏਅਰਫੋਰਸ ਬੇਸ ਦੇ ਅੰਦਰ ਨਹੀਂ ਜਾ ਸਕੇ ਤੇ ਬਾਹਰ ਨਾਨ-ਆਪ੍ਰੇਸ਼ਨਲ ਏਰੀਏ ਤਕ ਹੀ ਸੀਮਤ ਰਹੇ।
ਪਠਾਨਕੋਟ ਦੇ 'ਅਟੈਕ ਏਅਰਬੇਸ' ਵਿਚ ਮਿੱਗ-29 ਤੇ ਹੈਲੀਕਾਪਟਰ ਰੱਖੇ ਜਾਂਦੇ ਹਨ। ਇਥੇ ਹਵਾਈ ਫੌਜ ਦੇ ਜਵਾਨਾਂ ਦੇ ਕੁਆਰਟਰ ਵੀ ਹਨ। ਪਠਾਨਕੋਟ 'ਚ ਆਰਮੀ ਬੇਸ ਹੋਣ ਕਰਕੇ ਇਹ ਇਲਾਕਾ ਰਣਨੀਤਕ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ।
ਅੱਤਵਾਦ ਦੇ ਦੌਰ 'ਚ ਪਾਕਿਸਤਾਨ ਤੋਂ ਘੁਸਪੈਠ, ਹਥਿਆਰਾਂ, ਵਿਸਫੋਟਕਾਂ, ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸ਼ੁਰੂ ਹੋਣ ਤੋਂ ਬਾਅਦ ਸਰਹੱਦ 'ਤੇ ਤਾਰ-ਵਾੜ ਅਤੇ ਬੂਬੀ ਟ੍ਰੈਪ ਲਗਾਉਣ, ਤਾਰ-ਵਾੜ 'ਚ ਹਾਈ ਵੋਲਟੇਜ ਕਰੰਟ ਛੱਡਣ, ਫਲੱਡ ਲਾਈਟਾਂ ਤੇ ਇਸਰਾਈਲ ਤੋਂ ਪ੍ਰਾਪਤ ਸੈਂਸਿੰਗ ਯੰਤਰ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ। ਸਰਕਾਰ ਨੇ ਕਾਫੀ ਯਤਨਾਂ ਬਾਅਦ ਤਾਰ-ਵਾੜ ਲਗਾਉਣ ਦਾ ਫੈਸਲਾ ਕੀਤਾ ਪਰ ਇਹ ਕੰਮ ਵੀ ਅਜੇ ਤਕ ਅਧੂਰਾ ਹੀ ਪਿਆ ਹੈ।
ਜਿਥੋਂ ਤਕ ਉਕਤ ਦੋਹਾਂ ਹਮਲਿਆਂ 'ਚ ਘੁਸਪੈਠ ਦਾ ਸੰਬੰਧ ਹੈ, ਇਸ ਦੇ ਲਈ ਜ਼ਿਲਾ ਪਠਾਨਕੋਟ ਨਾਲ ਲੱਗਦੀ ਲੱਗਭਗ 15-16 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਜ਼ਿੰਮੇਵਾਰ ਹੈ। ਉਥੇ ਕਈ ਜਗ੍ਹਾ ਘੁਸਪੈਠ ਦੇ ਸੌਖੇ ਰਸਤੇ ਮੰਨੇ ਜਾਂਦੇ ਹਨ। ਜਾਣਕਾਰਾ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਥਾਵਾਂ ਤੋਂ ਵਾਰ-ਵਾਰ ਘੁਸਪੈਠ ਹੋਣ ਦੇ ਬਾਵਜੂਦ ਸੁਰੱਖਿਆ ਦਾ ਕੋਈ ਤਸੱਲੀਬਖਸ਼ ਪ੍ਰਬੰਧ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ।
ਨਵਾਜ਼ ਸ਼ਰੀਫ ਨੇ 5 ਜੂਨ 2013 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਭਾਰਤ ਵਿਰੋਧੀ ਸਰਗਰਮੀਆਂ ਲਈ ਆਪਣੀ ਜ਼ਮੀਨ ਇਸਤੇਮਾਲ ਕਰਨ ਦੀ ਇਜਾਜ਼ਤ ਨਾ ਦੇਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਦਾ ਇਹ ਐਲਾਨ ਸਿਰਫ ਐਲਾਨ ਹੀ ਰਹਿ ਗਿਆ ਤੇ ਜਦੋਂ-ਜਦੋਂ ਵੀ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਪਹਿਲ ਹੁੰਦੀ ਹੈ, ਪਾਕਿ ਫੌਜ ਤੇ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸ਼ਹਿ 'ਤੇ ਅੱਤਵਾਦੀਆਂ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਤੇਜ਼ ਹੋ ਜਾਂਦੀਆਂ ਹਨ।
ਉਕਤ ਦੋਵੇਂ ਹਮਲੇ ਵੀ ਕੁਝ ਸਮਾਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਪਾਕਿਸਤਾਨ ਯਾਤਰਾ ਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਕੀਤੀ ਰੂਸ ਯਾਤਰਾ ਤੋਂ ਵਾਪਸ ਆਉਂਦਿਆਂ ਨਵਾਜ਼ ਸ਼ਰੀਫ ਦੇ ਸੱਦੇ 'ਤੇ ਅਚਾਨਕ ਪਾਕਿਸਤਾਨ ਜਾਣ ਤੋਂ ਕੁਝ ਹੀ ਦਿਨਾਂ ਬਾਅਦ ਹੋਏ ਹਨ। ਇਸ ਨਾਲ ਇਨ੍ਹਾਂ ਖਦਸ਼ਿਆਂ ਨੂੰ ਬਲ ਮਿਲਦਾ ਹੈ ਕਿ ਨਵਾਜ਼ ਸ਼ਰੀਫ 'ਤੇ ਹਾਵੀ ਹੋ ਚੁੱਕੀ ਪਾਕਿ ਫੌਜ, ਖੁਫੀਆ ਏਜੰਸੀ ਤੇ ਅੱਤਵਾਦੀ ਸੰਗਠਨਾਂ ਦੀ ਜੁੰਡਲੀ ਕਿਸੇ ਵੀ ਹਾਲਤ 'ਚ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲ ਨਹੀਂ ਹੋਣ ਦੇਣਾ ਚਾਹੁੰਦੀ।
ਜਿਥੋਂ ਤਕ ਪਾਕਿਸਤਾਨ ਨਾਲ ਗੱਲਬਾਤ ਦਾ ਸੰਬੰਧ ਹੈ, ਇਸ 'ਚ ਕੋਈ ਬੁਰਾਈ ਨਹੀਂ ਪਰ ਮੌਜੂਦਾ ਸਥਿਤੀਆਂ 'ਚ ਲੋੜ ਇਸ ਗੱਲ ਦੀ ਹੈ ਕਿ ਪਹਿਲਾਂ ਅਸੀਂ ਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੀ ਥਾਂ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਤਾਇਨਾਤ ਕਰਕੇ ਆਪਣੀ ਰੱਖਿਆ ਨੂੰ ਮਜ਼ਬੂਤ ਕਰੀਏ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਟਾਲਿਆ ਜਾ ਸਕੇ।
—ਵਿਜੇ ਕੁਮਾਰ
ਮਾਂ-ਬਾਪ ਨੂੰ ਬੇਘਰ ਕਰਨ ਵਾਲੇ ਬੇਟੇ ਨੂੰ ਹਾਈਕੋਰਟ ਦੀ ਫਿਟਕਾਰ
NEXT STORY