ਦੇਸ਼ ਭਰ ਦੇ 19 ‘ਏਮਸ’ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ‘ਨਰਸਿੰਗ ਆਫੀਸਰਜ਼ ਕਾਮਨ ਇਲਿਜੀਬਿਲਿਟੀ ਟੈਸਟ’ (ਐੱਨ. ਓ. ਆਰ. ਸੀ. ਈ. ਟੀ.) ਰਾਹੀਂ ਨਰਸਿੰਗ ਅਫਸਰਾਂ ਦੀ ਭਰਤੀ ਕੀਤੀ ਜਾਣੀ ਹੈ।
ਇਸ ਲਈ ਦਿੱਲੀ ‘ਏਮਸ’ ਨੇ 3 ਜੂਨ ਨੂੰ ਪ੍ਰੀਖਿਆ ਆਯੋਜਿਤ ਕੀਤੀ ਸੀ ਜਿਸ ਦਾ ਪੇਪਰ ਲੀਕ ਨਾਲ ਸਬੰਧਤ ਵੀਡੀਓ ਅਤੇ ਈ-ਮੇਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।
ਇਸ ਪ੍ਰੀਖਿਆ ਵਿਚ ਸ਼ਾਮਲ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੌਰਾਨ ਗੜਬੜੀ, ਹੇਰਾਫੇਰੀ ਅਤੇ ਹੈਕਿੰਗ ਦੇ ਦੋਸ਼ ਲਾਏ ਹਨ। ਇਨ੍ਹਾਂ ਅਨੁਸਾਰ ਕੁਝ ਪ੍ਰੀਖਿਆਰਥੀ ਆਪਣੇ ਡੈਸਕ ਦੀ ਥਾਂ ਕਿਸੇ ਦੂਜੇ ਪ੍ਰੀਖਿਆਰਥੀ ਦੇ ਡੈਸਕ ’ਤੇ ਜਾ ਕੇ ਅਤੇ ਕੁਝ ਹੋਰ ਪ੍ਰੀਖਿਆਰਥੀ ਰਿਮੋਟ ਕੰਟਰੋਲਡ ਸਾਫਟਵੇਅਰ ਰਾਹੀਂ ਪ੍ਰੀਖਿਆ ਦੇ ਰਹੇ ਸਨ।
ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਕੇਂਦਰ ’ਚ ਮੋਬਾਇਲ ਫੋਨ ਲੈ ਜਾਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ ਪ੍ਰਸ਼ਨ ਪੱਤਰ ਦਾ ‘ਸਕ੍ਰੀਨ ਸ਼ਾਟ’ ਪ੍ਰੀਖਿਆ ਕੇਂਦਰ ਤੋਂ ਬਾਹਰ ਆਉਣਾ ਗੰਭੀਰ ਮਾਮਲਾ ਹੈ ਅਤੇ ਇਸ ‘ਸਕ੍ਰੀਨ ਸ਼ਾਟ’ ’ਚ ਦਿਖਾਈ ਦੇਣ ਵਾਲੇ ਪ੍ਰਸ਼ਨ ਹੀ ਪ੍ਰੀਖਿਆ ’ਚ ਪੁੱਛੇ ਗਏ ਸਨ, ਜਿਸ ਬਾਰੇ ‘ਏਮਸ’ ਦੇ ਨਿਰਦੇਸ਼ਕ ਅਤੇ ਡੀਨ (ਪ੍ਰੀਖਿਆ) ਨੂੰ ਈ- ਮੇਲ ਕਰ ਕੇ ਨਰਸ ਪ੍ਰੀਖਿਆ ਦੇ ਲੀਕ ਮਾਮਲੇ ਦੀ ਸ਼ਿਕਾਇਤ ਭੇਜੀ ਗਈ ਹੈ।
ਸਰਕਾਰੀ ਨੌਕਰੀ ਲਈ ਭਰਤੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਜਿੱਥੇ ਬਿਨੈਕਾਰਾਂ ਦੀ ਸਾਲਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ, ਉੱਥੇ ਹੀ ਅਗਲੀ ਪ੍ਰੀਖਿਆ ਦੀ ਉਡੀਕ ਵਿਚ ਬਹੁਤ ਸਾਰਾ ਸਮਾਂ ਬਰਬਾਦ ਹੋਣ ਤੋਂ ਇਲਾਵਾ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।
ਇਹ ਘਟਨਾਕ੍ਰਮ ਇਸ ਪਾਸੇ ਵੀ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਵੱਖ-ਵੱਖ ਪੱਧਰਾਂ ’ਤੇ ਹੋਣ ਵਾਲੀ ਲਾਪ੍ਰਵਾਹੀ ਅਤੇ ਸਬੰਧਤ ਸਟਾਫ ਦੀ ਮਿਲੀਭੁਗਤ ਕਾਰਨ ਹੀ ਇਹ ਸਭ ਹੋ ਰਿਹਾ ਹੈ, ਜਿਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
- ਵਿਜੇ ਕੁਮਾਰ
ਦੇਸ਼ ’ਚ ਬਾਲ ਵਿਆਹਾਂ ਵਿਰੁੱਧ ਆਵਾਜ਼ ਉਠਾਉਣ ਲੱਗੀਆਂ ਧੀਆਂ
NEXT STORY