5 ਅਗਸਤ, 2019 ਨੂੰ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ’ਚ ਆਰਟੀਕਲ-370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਦੇ ਪਾਲੇ ਅੱਤਵਾਦੀਆਂ ਵੱਲੋਂ ਹਿੰਸਕ ਘਟਨਾਵਾਂ ’ਚ ਕੁਝ ਕਮੀ ਆਈ ਸੀ ਪਰ ਵਿਚ-ਵਿਚਾਲੇ ਹਿੰਸਕ ਘਟਨਾਵਾਂ ਜਾਰੀ ਰਹਿੰਦੀਆਂ ਹਨ।
ਦੂਜੇ ਪਾਸੇ ਪਾਕਿਸਤਾਨ ’ਚ ਹਾਲਾਤ ਵਿਗੜਦੇ ਚਲੇ ਗਏ। ਦੀਵਾਲੀਏਪਨ ਦੇ ਕੰਢੇ ’ਤੇ ਪੁੱਜੀ ਪਾਕਿਸਤਾਨ ਸਰਕਾਰ ਨੂੰ ਗਰੀਬੀ ਅਤੇ ਕਮਰਤੋੜ ਮਹਿੰਗਾਈ ਤੋਂ ਇਲਾਵਾ ਅੱਤਵਾਦੀਆਂ ਦੇ ਹਮਲਿਆਂ ਦਾ ਸਾਹਮਣਾ ਵੀ ਕਰਨਾ ਪਿਆ।
ਇਨ੍ਹਾਂ ਹਾਲਾਤ ’ਚ ਸਾਰਿਆਂ ਦੀਆਂ ਨਜ਼ਰਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ’ਤੇ ਟਿਕੀਆਂ ਹਨ, ਜਿਨ੍ਹਾਂ ਨੂੰ ਦੇਸ਼ ਦੀਆਂ ਅਦਾਲਤਾਂ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚੋਂ ਬਰੀ ਕਰ ਕੇ ਅਗਲੇ ਮਹੀਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਉਨ੍ਹਾਂ ਦੇ ਹਿੱਸਾ ਲੈਣ ਦਾ ਰਾਹ ਸਾਫ ਕਰ ਦਿੱਤਾ ਹੈ।
ਉਨ੍ਹਾਂ ਨੇ 22 ਅਕਤੂਬਰ, 2023 ਨੂੰ ਭਾਰਤ ਦੇ ਨਾਲ ਚੰਗੇ ਸਬੰਧ ਕਾਇਮ ਕਰਨ ਦੀ ਸਹੁੰ ਖਾ ਕੇ ਕਿਹਾ, ‘‘ਕਸ਼ਮੀਰ ਮੁੱਦੇ ਨੂੰ ਇਸਲਾਮਾਬਾਦ ਸ਼ਾਲੀਨਤਾ ਨਾਲ ਹੱਲ ਕਰਨਾ ਚਾਹੁੰਦਾ ਹੈ।’’ ਫਿਰ 19 ਦਸੰਬਰ, 2023 ਨੂੰ ਉਨ੍ਹਾਂ ਨੇ ਕਿਹਾ, ‘‘ਸਾਡੇ ਦੇਸ਼ ਦੀਆਂ ਸਮੱਸਿਆਵਾਂ ਲਈ ਨਾ ਤਾਂ ਭਾਰਤ ਜ਼ਿੰਮੇਵਾਰ ਹੈ ਅਤੇ ਨਾ ਹੀ ਅਮਰੀਕਾ, ਅਸੀਂ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰੀ ਹੈ।’’
ਅਤੀਤ ’ਚ ਨਵਾਜ਼ ਸ਼ਰੀਫ ਭਾਰਤ ਵੱਲ ਦੋਸਤੀ ਦਾ ਹੱਥ ਵਧਾ ਕੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦਾ ਦੇ ਕੇ ਆਪਸੀ ਦੋਸਤੀ ਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ਲਾਹੌਰ ਐਲਾਨ ਪੱਤਰ ’ਤੇ ਹਸਤਾਖਰ ਕਰ ਚੁੱਕੇ ਹਨ।
ਅੱਜਕਲ ਠੰਡ ਕਾਰਨ ਚੋਣਾਂ ਮੁਲਤਵੀ ਕਰਨ ਦੀ ਵਿਰੋਧੀ ਪਾਰਟੀਆਂ ਦੀ ਮੰਗ ਚੋਣ ਕਮਿਸ਼ਨ ਵੱਲੋਂ ਨਾਮਨਜ਼ੂਰ ਕਰਨ ਉਪਰੰਤ ਨਵਾਜ਼ ਸ਼ਰੀਫ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਚੋਣ ਰੈਲੀਆਂ ’ਚ ਖੂਬ ਭੀੜ ਇਕੱਠੀ ਹੋ ਰਹੀ ਹੈ।
ਦੂਜੇ ਪਾਸੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਨੇ ਭਾਰਤ ਵਿਰੋਧੀ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸੇ ਨੂੰ ਦੇਖਦੇ ਹੋਏ ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਕੁਝ ਮਹੀਨਿਆਂ ’ਚ ਜੰਮੂ-ਕਸ਼ਮੀਰ ’ਚ ਅੱਤਵਾਦੀ ਘਟਨਾਵਾਂ ਦੇਖੀਆਂ ਗਈਆਂ ਹਨ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਹੋ ਰਹੀ ਹੈ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਦੀ ਸ਼ਹਿ ’ਤੇ ਅੱਤਵਾਦ ਨੂੰ ਫਿਰ ਤੋਂ ਖੜ੍ਹਾ ਕਰਨ ਅਤੇ ਉੱਥੋਂ ਡਰੋਨਾਂ ਰਾਹੀਂ ਹਥਿਆਰ, ਨਸ਼ੇ ਅਤੇ ਨਕਲੀ ਕਰੰਸੀ ਆਦਿ ਭੇਜਣ ਦੀਆਂ ਕੋਸ਼ਿਸ਼ਾਂ ਵਿਰੁੱਧ ਸਰਕਾਰ ਅਤੇ ਫੌਜ ‘ਆਪ੍ਰੇਸ਼ਨ ਆਲ ਆਊਟ’ ਸ਼ੁਰੂ ਕਰਨ ਜਾ ਰਹੀ ਹੈ।
ਇਸ ਸਮੇਂ ਹਾਲਤ ਇਹ ਹੈ ਕਿ ਪਿਛਲੀ ਪਾਕਿਸਤਾਨ ਸਰਕਾਰ ਦੇ ਦੌਰ ’ਚ ਜੋ ਅੱਤਵਾਦੀ ਲੁਕੇ ਬੈਠੇ ਸਨ, ਉਹ ਹੁਣ ਭਾਰਤੀ ਖੇਤਰ ’ਚ ਹਾਲਾਤ ਵਿਗਾੜਨ ਲਈ ਫਿਰ ਬਾਹਰ ਨਿਕਲ ਆਏ ਹਨ ਅਤੇ ਸਰਹੱਦੀ ਪਿੰਡਾਂ-ਕਸਬਿਆਂ ਆਦਿ ’ਚ ਖਤਰਾ ਵਧਿਆ ਹੈ।
ਉੱਥੇ ਸੜਕਾਂ ਟੁੱਟੀਆਂ ਹੋਈਆਂ ਹਨ, ਡਿਸਪੈਂਸਰੀਆਂ ’ਚ ਨਾ ਦਵਾਈਆਂ ਹਨ, ਨਾ ਡਾਕਟਰ, ਸਕੂਲ ਹਨ ਪਰ ਉਨ੍ਹਾਂ ’ਚ ਅਧਿਆਪਕ ਨਹੀਂ ਹਨ। ਹਮਲਾ ਹੋਣ ’ਤੇ ਲੋਕ ਤਾਂ ਬੰਕਰਾਂ ’ਚ ਲੁਕ ਜਾਂਦੇ ਹਨ ਪਰ ਉਨ੍ਹਾਂ ਦੇ ਜਾਨਵਰ, ਜੋ ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਹਨ, ਖੁੱਲ੍ਹੇ ’ਚ ਰਹਿਣ ਕਾਰਨ ਮਾਰੇ ਜਾਂਦੇ ਹਨ।
ਹਮਲਿਆਂ ਕਾਰਨ ਇੱਥੇ ਲੋਕ ਆਪਣੇ ਧੀਆਂ-ਪੁੱਤਰਾਂ ਦੇ ਿਵਆਹ ਨਹੀਂ ਕਰਦੇ। ਇਨ੍ਹਾਂ ਇਲਾਕਿਆਂ ’ਚ ਖਾਣ-ਪੀਣ ਦੀਆਂ ਵਸਤਾਂ ਦੀ ਭਾਰੀ ਕਮੀ ਹੈ, ਠੰਡ ਤੋਂ ਬਚਣ ਲਈ ਕੰਬਲ ਤੇ ਰਜਾਈਆਂ ਤੱਕ ਲੋਕਾਂ ਨੂੰ ਨਸੀਬ ਨਹੀਂ।
ਇਸੇ ਕਾਰਨ ‘ਪੰਜਾਬ ਕੇਸਰੀ ਪੱਤਰ ਸਮੂਹ’ ਨੇ ਇੱਥੋਂ ਦੇ ਲੋਕਾਂ ਲਈ 25 ਸਾਲ ਪਹਿਲਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦੇ ਟਰੱਕ ਭਿਜਵਾਉਣੇ ਸ਼ੁਰੂ ਕੀਤੇ। ਹੁਣ ਤੱਕ 770 ਟਰੱਕ ਭਿਜਵਾਏ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਜਾਰੀ ਰਹੇਗਾ।
ਰਾਹਤ ਸਮੱਗਰੀ ਵੰਡਣ ਲਈ ਟਰੱਕਾਂ ਨਾਲ ਜਾਣ ਵਾਲੇ ਦਾਨੀ ਮਹਾਪੁਰਸ਼ ਇਕ ਵਾਰ ਉੱਥੇ ਜਾ ਕੇ ਲੋਕਾਂ ਦੀ ਤਰਸਯੋਗ ਹਾਲਤ ਦੇਖ ਕੇ ਇਕ ਟਰੱਕ ਹੋਰ ਰਾਹਤ ਸਮੱਗਰੀ ਦੇਣ ਦਾ ਐਲਾਨ ਕੀਤੇ ਬਿਨਾਂ ਰਹਿ ਨਹੀਂ ਸਕਦੇ।
ਦੋਵਾਂ ਦੇਸ਼ਾਂ ’ਚ ਸਰਕਾਰਾਂ ਮਈ ਦੇ ਅੰਤ ਜਾਂ ਜੂਨ ਦੇ ਸ਼ੁਰੂ ’ਚ ਬਣ ਜਾਣਗੀਆਂ ਅਤੇ ਉਦੋਂ ਦੋਵਾਂ ਦੇਸ਼ਾਂ ਦੇ ਨਵੇਂ ਚੁਣੇ ਨੇਤਾ ਆਪਸ ’ਚ ਮਿਲ ਕੇ ਆਪਣੀਆਂ ਸਮੱਸਿਆਵਾਂ ਨੂੰ ਆਪਸੀ ਸੂਝ-ਬੂਝ ਨਾਲ ਸੁਲਝਾ ਸਕਦੇ ਹਨ।
ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਭੇਜੇ ਹੋਏ ਅੱਤਵਾਦੀਆਂ ਵਿਰੁੱਧ ਇਸ ਖੇਤਰ ’ਚ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵਧਾ ਕੇ ਮਜ਼ਬੂਤੀ ਨਾਲ ਇਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਨੀ ਪਵੇਗੀ।
- ਵਿਜੇ ਕੁਮਾਰ
ਧੁੰਦ ਤੇ ਠੰਡ ਦੇ ਕਹਿਰ ਵਿਚਾਲੇ ਜਹਾਜ਼ਾਂ ਅਤੇ ਰੇਲਾਂ ਦੇ ਲੇਟ ਹੋਣ ’ਤੇ ਹੰਗਾਮਾ ਕਰਨਾ ਸਹੀ ਨਹੀਂ
NEXT STORY