ਅੱਜਕਲ ਪੰਜਾਬ, ਹਰਿਆਣਾ, ਉੇੱਤਰੀ ਰਾਜਸਥਾਨ ਅਤੇ ਦਿੱਲੀ ਸਮੇਤ ਪੂਰੇ ਉੱਤਰ-ਪੱਛਮੀ ਭਾਰਤ ਦੇ ਜ਼ਬਰਦਸਤ ਠੰਡ ਅਤੇ ਸੰਘਣੀ ਧੁੰਦ ਦੀ ਚਪੇਟ ’ਚ ਹੋਣ ਦੇ ਕਾਰਨ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਵਿਜ਼ੀਬਿਲਟੀ ਘੱਟ ਜਾਣ ਦੇ ਨਤੀਜੇ ਵਜੋਂ ਜ਼ਿੰਦਗੀ ਦੀ ਰਫਤਾਰ ਜਿਵੇਂ ਰੁਕ ਜਿਹੀ ਗਈ ਹੈ।
ਧੁੰਦ ਕਾਰਨ ਕਈ ਫਲਾਈਟਾਂ ਤੇ ਰੇਲ ਗੱਡੀਆਂ ਤੈਅ ਸਮੇਂ ਤੋਂ ਜਾਂ ਤਾਂ ਘੰਟਿਆਂਬੱਧੀ ਲੇਟ ਚੱਲ ਰਹੀਆਂ ਹਨ ਜਾਂ ਰੱਦ ਕੀਤੇ ਜਾਣ ਦੇ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। 14 ਜਨਵਰੀ ਨੂੰ ਅੰਮ੍ਰਿਤਸਰ ਤੋਂ ਡਿਬਰੂਗੜ੍ਹ ਤੱਕ ਇਸ ਸਾਲ ਦੀ ਸਭ ਤੋਂ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਕਈ ਜਗ੍ਹਾ ਵਿਜ਼ੀਬਿਲਟੀ ਜ਼ੀਰੋ ਮੀਟਰ ਰਹੀ।
ਸੰਘਣੀ ਧੁੰਦ ਦੇ ਕਾਰਨ 14 ਜਨਵਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਘੱਟੋ-ਘੱਟ 550 ਘਰੇਲੂ ਅਤੇ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ, 60 ਉਡਾਣਾਂ ਰੱਦ ਅਤੇ 11 ਡਾਇਵਰਟ ਕੀਤੀਆਂ ਗਈਆਂ।
ਦਿੱਲੀ ਤੋਂ ਹੀ 59 ਤੋਂ ਵੱਧ ਰੇਲ ਗੱਡੀਆਂ ਦੇ ਚੱਲਣ ’ਚ ਵੀ ਦੇਰੀ ਹੋਈ। ਜਹਾਜ਼ਾਂ ਅਤੇ ਰੇਲ ਗੱਡੀਆਂ ਦੇ ਚੱਲਣ ’ਚ ਗੈਰ ਸਾਧਾਰਨ ਦੇਰੀ ਦੇ ਕਾਰਨ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਭੜਕੇ ਯਾਤਰੀਆਂ ਵੱਲੋਂ ਦਿੱਲੀ ਦੇ ਆਈ.ਜੀ.ਆਈ. ਅਤੇ ਹੋਰ ਹਵਾਈ ਅੱਡਿਆਂ ’ਤੇ ਰੋਸ ਪ੍ਰਦਰਸ਼ਨ ਅਤੇ ਹੰਗਾਮਾ ਕਰਨ ਦੀਆਂ ਵੀ ਖਬਰਾਂ ਹਨ।
14 ਜਨਵਰੀ ਨੂੰ ਆਈ.ਜੀ.ਆਈ. ਹਵਾਈ ਅੱਡੇ ’ਤੇ ‘ਇੰਡੀਗੋ’ ਦੀ ਫਲਾਈਟ ’ਚ 10 ਘੰਟਿਆਂ ਦੀ ਦੇਰੀ ਕਾਰਨ ਭੜਕੇ ਇਕ ਯਾਤਰੀ ਨੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ, ਜਿਸ ਨਾਲ ਜਹਾਜ਼ ਵਿਚ ਅਫਰਾ-ਤਫਰੀ ਮੱਚ ਗਈ। ਇਸੇ ਦਿਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਵੇਰੇ ਸਾਢੇ 7 ਵਜੇ ਜਾਣ ਵਾਲੀ ‘ਇੰਡੀਗੋ’ ਦੀ ਫਲਾਈਟ ਸਵਾ 5 ਘੰਟਿਆਂ ਦੀ ਦੇਰੀ ਨਾਲ ਉੱਡੀ, ਜਿਸ ਕਾਰਨ ਕਈ ਯਾਤਰੀਆਂ ਨੇ ਅੱਗੇ ਦੀ ਫਲਾਈਟ ਛੁੱਟ ਜਾਣ ’ਤੇ ਹੰਗਾਮਾ ਕੀਤਾ।
15 ਜਨਵਰੀ ਨੂੰ ਵੀ ਇਹੀ ਹਾਲਾਤ ਰਹੇ ਅਤੇ ਇਸ ਲੇਖ ਦੇ ਲਿਖੇ ਜਾਣ ਤੱਕ ਨਵੀਂ ਦਿੱਲੀ ਹਵਾਈ ਅੱਡੇ ਤੋਂ ਧੁੰਦ ਦੇ ਕਾਰਨ 110 ਫਲਾਈਟਾਂ ਲੇਟ ਚੱਲ ਰਹੀਆਂ ਸਨ, 10 ਫਲਾਈਟਾਂ ਨੂੰ ਰੱਦ ਅਤੇ ਕਈ ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ।
15 ਜਨਵਰੀ ਨੂੰ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ 6 ਘੰਟੇ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ 11 ਘੰਟੇ, ਅੰਮ੍ਰਿਤਸਰ-ਨਵੀਂ ਦਿੱਲੀ ਸਵਰਣ ਸ਼ਤਾਬਦੀ ਐਕਸਪ੍ਰੈੱਸ 4 ਘੰਟੇ, ਗਰੀਬ ਰੱਥ 4.15 ਘੰਟੇ, ਨਾਂਦੇੜ -ਅੰਮ੍ਰਿਤਸਰ ਸੱਚਖੰਡ ਅੈਕਸਪ੍ਰੈੱਸ 5.30 ਘੰਟੇ, ਦਾਦਰ ਐਕਸਪ੍ਰੈੱਸ ਲਗਭਗ 12 ਘੰਟੇ ਲੇਟ ਚੱਲ ਰਹੀਆਂ ਸਨ।
ਜੇ ਵਿਜ਼ੀਬਿਲਟੀ ਘੱਟ ਹੋਣ ਦੇ ਕਾਰਨ ਡਰਾਈਵਰ ਨੂੰ ਦਿਖਾਈ ਨਾ ਦੇਣ ਦੇ ਕਾਰਨ ਜਹਾਜ਼ ਜਾਂ ਰੇਲ ਗੱਡੀਆਂ ਲੇਟ ਹੁੰਦੀਆਂ ਹਨ ਤਾਂ ਇਸ ਵਿਚ ਡਰਾਈਵਰਾਂ ਦਾ ਕੀ ਕਸੂਰ! ਲਾਪ੍ਰਵਾਹੀ ਨਾਲ ਕੋਈ ਹਾਦਸਾ ਹੋ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਉਸ ਹਾਲਤ ’ਚ ਨੁਕਸਾਨ ਤਾਂ ਯਾਤਰੀਆਂ ਦਾ ਹੀ ਹੋਵੇਗਾ ਅਤੇ ਉਦੋਂ ਲੋਕ ਹਵਾਬਾਜ਼ੀ ਅਤੇ ਰੇਲ ਵਿਭਾਗ ਦੀ ਹੋਰ ਵੀ ਜ਼ਿਆਦਾ ਆਲੋਚਨਾ ਕਰਨਗੇ।
ਫਲਾਈਟਾਂ ਅਤੇ ਰੇਲ ਗੱਡੀਆਂ ਰੱਦ ਹੋਣ ਨਾਲ ਹਵਾਬਾਜ਼ੀ ਕੰਪਨੀਆਂ ਅਤੇ ਰੇਲ ਵਿਭਾਗ ਨੂੰ ਕਿਰਾਇਆ ਮੋੜਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ। ਹਵਾਬਾਜ਼ੀ ਕੰਪਨੀਆਂ ਅਤੇ ਰੇਲ ਵਿਭਾਗ ਇਹ ਘਾਟਾ ਇਸ ਲਈ ਬਰਦਾਸ਼ਤ ਕਰਦੇ ਹਨ ਕਿਉਂਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਹੀ ਸਭ ਤੋਂ ਵੱਡੀ ਪਹਿਲ ਹੁੰਦੀ ਹੈ।
ਇਸ ਜ਼ਿੰਮੇਵਾਰੀ ਦੀ ਮਿਸਾਲ 10 ਜਨਵਰੀ ਨੂੰ ‘ਯੂਨਾਈਟਿਡ ਏਅਰਲਾਈਨਜ਼’ ਦੇ ਸਾਰਾਸੋਤਾ, ਫਲੋਰੀਡਾ ਤੋਂ ਸ਼ਿਕਾਗੋ ਜਾ ਰਹੇ ਬੋਇੰਗ 737-9 ਮੈਕਸ ਜਹਾਜ਼ ਦੇ ਚਾਲਕ ਦਲ ਨੇ ਜਹਾਜ਼ ਦਾ ਐਮਰਜੈਂਸੀ ਡੋਰ ਹਵਾ ਵਿਚ ਉੱਡ ਜਾਣ ’ਤੇ ਜਹਾਜ਼ ਦੀ ਨੇੜਲੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰ ਕੇ ਪੇਸ਼ ਕੀਤੀ, ਜਿਸ ਨਾਲ 180 ਯਾਤਰੀਆਂ ਦੀ ਜਾਨ ਬਚ ਗਈ। ਇਕ ਬੱਚਾ ਤਾਂ ਹਵਾ ਵਿਚ ਉੱਡਦਾ-ਉੱਡਦਾ ਬਚਿਅਾ।
ਜਹਾਜ਼ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਦੇ ਮਹੱਤਵਪੂਰਨ ਵਾਸ਼ਰ ਤੇ ‘ਨੱਟ-ਬੋਲਟ’ ਗਲਤ ਢੰਗ ਨਾਲ ਲਗਾਏ ਗਏ ਸਨ। ਇਸ ਘਟਨਾ ਤੋਂ ਬਾਅਦ ਭਾਰਤ ’ਚ ਵੀ ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ (ਡੀ. ਜੀ. ਸੀ. ਏ.) ਨੇ ਹਵਾਬਾਜ਼ੀ ਕੰਪਨੀਆਂ ਨੂੰ ਆਪਣੇ ਬੇੜੇ ਵਿਚ ਸ਼ਾਮਲ ਸਾਰੇ ਬੋਇੰਗ 737 ਮੈਕਸ ਜਹਾਜ਼ਾਂ ਦੀ ਤੁਰੰਤ ਜਾਂਚ ਦਾ ਨਿਰਦੇਸ਼ ਦੇ ਦਿੱਤਾ ਤਾਂ ਜਾਂਚ ਦੌਰਾਨ ਇਕ ਜਹਾਜ਼ ਤੋਂ ਛੋਟਾ ਜਿਹਾ ਪੁਰਜ਼ਾ (ਵਾਸ਼ਰ) ਗਾਇਬ ਪਾਇਆ ਗਿਆ।
ਇਸ ਲਈ ਜਹਾਜ਼ਾਂ ਜਾਂ ਰੇਲ ਗੱਡੀਆਂ ਦੇ ਲੇਟ ਹੋਣ ’ਤੇ ਯਾਤਰੀਆਂ ਦਾ ਹੰਗਾਮਾ ਕਰਨਾ ਸਹੀ ਨਹੀਂ ਹੈ। ਇਸ ਗੱਲ ਨੂੰ ਸਮਝ ਕੇ ਲੋਕਾਂ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਅਣਸੁਖਾਵੇਂ ਹਾਲਾਤ ਪੈਦਾ ਹੋਣ ਜਾਂ ਉਨ੍ਹਾਂ ਦੀ ਆਪਣੀ ਹੀ ਸੁਰੱਖਿਆ ਖਤਰੇ ਵਿਚ ਪਵੇ।
- ਵਿਜੇ ਕੁਮਾਰ
ਮਾੜੇ ਪ੍ਰਬੰਧਾਂ ਦਾ ਸ਼ਿਕਾਰ ਪੰਜਾਬ ਦੀਆਂ ਜੇਲ੍ਹਾਂ, ਭੀੜ ਵੱਧ, ਸੁਰੱਖਿਆ ਮੁਲਾਜ਼ਮ ਘੱਟ
NEXT STORY