ਦੁਨੀਆ ’ਚ ਸਭ ਤੋਂ ਵੱਧ ਸੜਕ ਹਾਦਸਿਆਂ ਵਾਲੇ ਦੇਸ਼ਾਂ ’ਚ ਭਾਰਤ ਪਹਿਲੇ ਨੰਬਰ ’ਤੇ ਹੈ। ਸੜਕ ਟਰਾਂਸਪੋਰਟ ਮੰਤਰਾਲਾ ਮੁਤਾਬਕ 2019 ’ਚ ਦੇਸ਼ ’ਚ 4,49,002 ਸੜਕ ਹਾਦਸਿਆਂ ’ਚ 151,113 ਵਿਅਕਤੀਆਂ ਦੀ ਮੌਤ ਹੋ ਗਈ। ਭਾਵ ਰੋਜ਼ਾਨਾ ਦੇਸ਼ ਦੀਆਂ ਸੜਕਾਂ ਹਾਦਸਿਆਂ ’ਚ ਮਰਨ ਵਾਲੇ 415 ਲੋਕਾਂ ਦੇ ਖੂਨ ਨਾਲ ਲਾਲ ਹੋ ਰਹੀਆਂ ਹਨ।
ਇਸੇ ਲਈ ਭਾਰਤ ਦੁਨੀਆ ’ਚ ‘ਸੜਕ ਹਾਦਸਿਆਂ ਦੀ ਰਾਜਧਾਨੀ’ ਵੀ ਕਹਾਉਣ ਲੱਗਾ ਹੈ। ਸਥਿਤੀ ਦੀ ਗੰਭੀਰਤਾ ਪਿਛਲੇ 15 ਦਿਨਾਂ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਵੀ ਸਪੱਸ਼ਟ ਹੈ :
* 19 ਜਨਵਰੀ ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ‘ਜਲਢਾਕਾ’ ਵਿਖੇ ਬਰਾਤੀਆਂ ਨੂੰ ਲਿਜਾ ਰਹੀਆਂ 3 ਮੋਟਰ ਗੱਡੀਆਂ ਦੀ ਟੱਕਰ ’ਚ 7 ਬਰਾਤੀਆਂ ਦੀ ਮੌਤ ਹੋ ਗਈ।
* 23 ਜਨਵਰੀ ਨੂੰ ਸ਼ਿਮਲਾ ਦੇ ਨਾਲ ਲੱਗਦੇ ‘ਬਿਯੋਲਿਜਾ’ ਦੇ ਨੇੜੇ ਇਕ ਕਾਰ ਹਾਦਸੇ ’ਚ 3 ਵਿਅਕਤੀਆਂ ਦੀ ਜਾਨ ਚਲੀ ਗਈ।
* 25 ਜਨਵਰੀ ਨੂੰ ਫਾਜ਼ਿਲਕਾ ਦੇ ਪਿੰਡ ‘ਟਾਹਲੀਵਾਲਾ ਬੋਦਲਾ’ ਨੇੜੇ ਇਕ ਕਾਰ ਅਤੇ ਬਾਈਕ ਦੀ ਟੱਕਰ ’ਚ ਬਾਈਕ ਸਵਾਰ ਮਾਂ-ਬੇਟਾ ਮਾਰੇ ਗਏ।
* 25 ਜਨਵਰੀ ਨੂੰ ਹੀ ਰਾਜਸਥਾਨ ਦੇ ਬਾਂਸਵਾੜਾ ਵਿਖੇ ਬਾਈਕ ’ਤੇ ਆਪਣੀ ਭੈਣ ਦੇ ਘਰ ਜਾ ਰਹੇ 4 ਭਰਾਵਾਂ ਨੂੰ ਇਕ ਟਰੱਕ ਨੇ ਕੁਚਲ ਦਿੱਤਾ।
* 26 ਜਨਵਰੀ ਨੂੰ ਕਰਨਾਲ ’ਚ ‘ਬਾਬੇਲ’ ਪਿੰਡ ਨੇੜੇ ਇਕ ਪਿਕਅੱਪ ਵੱਲੋਂ ਬਾਈਕ ਨੂੰ ਟੱਕਰ ਮਾਰ ਦੇਣ ਕਾਰਨ ਉਸ ’ਤੇ ਸਵਾਰ ਜੀਜੇ-ਸਾਲੇ ਦੀ ਮੌਤ ਹੋ ਗਈ।
* 26 ਜਨਵਰੀ ਨੂੰ ਹੀ ਅਬੋਹਰ ਦੇ ਪਿੰਡ ‘ਸੱਪਾਂਵਾਲੀ’ ਵਿਖੇ ਅਣਪਛਾਤੇ ਵਾਹਨ ਵੱਲੋਂ ਇਕ ਬਾਈਕ ਨੂੰ ਟੱਕਰ ਮਾਰ ਦੇਣ ਕਾਰਨ ਬਾਈਕ ਸਵਾਰ ਨੇ ਦਮ ਤੋੜ ਦਿੱਤਾ।
* 27 ਜਨਵਰੀ ਨੂੰ ਪਟਿਆਲਾ ਦੇ ਨੇੜੇ ‘ਸਿੱਧੂਵਾਲ’ ਪਿੰਡ ’ਚ ਕਾਰ ਅਤੇ ਗੈਸ ਏਜੰਸੀਆਂ ਦੇ ਵਾਹਨਾਂ ’ਚ ਟੱਕਰ ਹੋਣ ਦੇ ਸਿੱਟੇ ਵਜੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ।
* 27 ਜਨਵਰੀ ਨੂੰ ਹੀ ਜਲੰਧਰ ਦੇ ਨੇੜਲੇ ਪਿੰਡ ‘ਧਨੀ ਪਿੰਡ’ ’ਚ ਤੇਜ਼ ਰਫਤਾਰ ਟਰੱਕ ਵੱਲੋਂ ਬਾਈਕ ਨੂੰ ਟੱਕਰ ਮਾਰ ਦੇਣ ਕਾਰਨ ਬਾਈਕ ਸਵਾਰ ਮਾਰਿਆ ਗਿਆ।
* 27 ਜਨਵਰੀ ਨੂੰ ਹੀ ਜਲੰਧਰ ਦੇ ਟਰਾਂਸਪੋਰਟ ਨਗਰ ’ਚ ਇਕ ਟਰੱਕ ਦੀ ਲਪੇਟ ’ਚ ਆਉਣ ਕਾਰਨ ਬਾਈਕ ਦੇ ਪਿੱਛੇ ਬੈਠੀ ਬਜ਼ੁਰਗ ਔਰਤ ਮਾਰੀ ਗਈ।
* 27 ਜਨਵਰੀ ਨੂੰ ਰਾਜਸਥਾਨ ਦੇ ਟੋਂਕ ਜ਼ਿਲੇ ’ਚ ਇਕ ਕਾਰ ਦੇ ਤੇਜ਼ ਰਫਤਾਰ ਟਰਾਲੇ ਨਾਲ ਟਕਰਾਅ ਜਾ ਕਾਰਨ ਇਕ ਹੀ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਹੋ ਗਈ।
* 29 ਜਨਵਰੀ ਨੂੰ ਅੰਮ੍ਰਿਤਸਰ ਦੇ ‘ਵੱਲਾ’ ਪਿੰਡ ਨੇੜੇ ਔਰਤਾਂ ਦੇ ਇਕ ਗਰੁੱਪ ਨੂੰ ਇਕ ਟੈਂਕਰ ਨੇ ਕੁਚਲ ਦਿੱਤਾ, ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ।
* 29 ਜਨਵਰੀ ਨੂੰ ਪਠਾਨਕੋਟ ਵਿਖੇ ਸੁਜਾਨਪੁਰ ਪੁਲ ਨੇੜੇ ਟਰੱਕ ਦੀ ਟੱਕਰ ਕਾਰਨ ਇਕ ਬਾਈਕ ਸਵਾਰ ਨੌਜਵਾਨ ਮਾਰਿਆ ਗਿਆ।
* 29 ਜਨਵਰੀ ਨੂੰ ਹੀ ਫਿਰੋਜ਼ਪੁਰ ਦੇ ਪਿੰਡ ‘ਭਡਾਨਾ’ ਨੇੜੇ ਇਕ ਟਰੈਕਟਰ-ਟਰਾਲੀ ਨੇ ਇਕ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਸਵਾਰ ਨੇ ਦਮ ਤੋੜ ਦਿੱਤਾ।
* 29 ਜਨਵਰੀ ਵਾਲੇ ਦਿਨ ਹੀ ਹਰਿਆਣਾ ’ਚ ਯਮੁਨਾਨਗਰ ਦੇ ਨੇੜਲੇ ਪਿੰਡ ‘ਕਰਹੇੜਾ’ ’ਚ ਇਕ ਐਂਬੂਲੈਂਸ ਅਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੀ ਟੱਕਰ ’ਚ ਪਰਿਵਾਰ ਦੀ ਬੇਟੀ ਦੀ ਲਾਸ਼ ਲਿਜਾ ਰਹੀਆਂ ਉੱਤਰ ਪ੍ਰਦੇਸ਼ ਦੀਆਂ 2 ਭੈਣਾਂ ਦੀ ਜਾਨ ਚਲੀ ਗਈ।
* 30 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਇਕ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ ’ਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
* 31 ਜਨਵਰੀ ਨੂੰ ਬਦਰੀਨਾਥ-ਰਿਸ਼ੀਕੇਸ਼ ਮਾਰਗ ’ਤੇ ਨਵੀਂ ਟੀਹਰੀ ਨੇੜੇ ਇਕ ਕਾਰ ਦੇ ਖੱਡ ’ਚ ਡਿੱਗ ਜਾਣ ਕਾਰਨ ਉਸ ’ਚ ਸਵਾਰ 5 ਵਿਅਕਤੀਆਂ ਦੀ ਜਾਨ ਚਲੀ ਗਈ।
* 31 ਜਨਵਰੀ ਨੂੰ ਹੀ ਸ਼ਿਮਲਾ ’ਚ ਇਕ ਕਾਰ ਹਾਦਸੇ ਦੌਰਾਨ ਪਤੀ-ਪਤਨੀ ਮਾਰੇ ਗਏ।
* 31 ਜਨਵਰੀ ਵਾਲੇ ਦਿਨ ਹੀ ਤਾਮਿਲਨਾਡੂ ਦੇ ‘ਤੁਤੀਕੋਰਿਨ’ ਜ਼ਿਲੇ ’ਚ ਇਕ ਸ਼ਰਾਬੀ ਟਰੱਕ ਡਰਾਈਵਰ ਨੇ ਇਕ ਪੁਲਸ ਕਾਂਸਟੇਬਲ ਨੂੰ ਕੁਚਲ ਕੇ ਮਾਰ ਦਿੱਤਾ।
* 1 ਫਰਵਰੀ ਨੂੰ ਪਠਾਨਕੋਟ ’ਚ ‘ਬਧਾਨੀ’ ਪਿੰਡ ਨੇੜੇ ਇਕ ਕਾਰ ਦੀ ਟੱਕਰ ਕਾਰਨ ਸਕੂਟੀ ਸਵਾਰ ਦੀ ਮੌਤ ਹੋ ਗਈ।
* 1 ਫਰਵਰੀ ਨੂੰ ਹੀ ‘ਮੱਖੂ’ ਨੇੜੇ ਛੋਟੇ ਹਾਥੀ ਅਤੇ ਘੋੜਾ ਟਰਾਲਾ ਦੀ ਟੱਕਰ ’ਚ ਛੋਟੇ ਹਾਥੀ ’ਤੇ ਸਵਾਰ ਦੋ ਸਕੇ ਭਰਾਵਾਂ ਸਮੇਤ 6 ਮਜ਼ਦੂਰਾਂ ਦੀ ਜਾਨ ਚਲੀ ਗਈ।
* 1 ਫਰਵਰੀ ਵਾਲੇ ਦਿਨ ਹੀ ਖੰਨਾ ਦੇ ਪਿੰਡ ‘ਦਹੇੜੂ’ ਨੇੜੇ ਸੜਕ ’ਤੇ ਆਪਣੇ ਵਾਹਨ ਦਾ ਟਾਇਰ ਬਦਲ ਰਹੇ ਟਰੱਕ ਡਰਾਈਵਰ ਅਤੇ ਉਸ ਦੇ ਬੇਟੇ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਜਾਨ ਚਲੀ ਗਈ।
* 1 ਫਰਵਰੀ ਨੂੰ ਹੀ ਤ੍ਰਿਪੁਰਾ ’ਚ ਕੋਰਾਪੁੱਟ ਜ਼ਿਲੇ ਦੇ ‘ਮੁਰਤਾਹਾਂਡੀ’ ਵਿਖੇ ਇਕ ਵਾਹਨ ਦੇ ਰੁੱਖ ਨਾਲ ਟਕਰਾਅ ਜਾਣ ਕਾਰਨ ਉਸ ’ਚ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ।
* 1 ਫਰਵਰੀ ਨੂੰ ਹੀ ਛੁੱਟੀ ਬਿਤਾ ਕੇ ਡਿਊਟੀ ’ਤੇ ਪਰਤ ਰਹੇ ਫੌਜ ਦੇ ਇਕ ਜਵਾਨ ਦੀ ਪੰਜਾਬ ’ਚ ਤਰਨਤਾਰਨ ਨੇੜੇ ਇਕ ਕਾਰ ਹਾਦਸੇ ’ਚ ਮੌਤ ਹੋ ਗਈ।
ਅਤੇ ਹੁਣ 2 ਫਰਵਰੀ ਨੂੰ ਬੁਲੰਦਸ਼ਹਿਰ ਨੇੜੇ ਇਕ ਟਰੱਕ ਦੇ ਬੇਕਾਬੂ ਹੋ ਕੇ ਟੀ. ਏ. ਸੀ. ਜਵਾਨਾਂ ਦੇ ਟੈਂਟ ’ਚ ਜਾ ਵੜਨ ਨਾਲ 2 ਜਵਾਨਾਂ ਨੇ ਦਮ ਤੋੜ ਦਿੱਤਾ।
ਇਹ ਸੜਕ ਹਾਦਸੇ ਅਜਿਹੇ ਸਮੇਂ ਹੋਏ ਹਨ ਜਦੋਂ ਦੇਸ਼ ’ਚ 18 ਜਨਵਰੀ ਤੋਂ ‘ਸੜਕ ਸੁਰੱਖਿਆ ਮਹੀਨਾ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੜਕ ਮੰਤਰਾਲਾ ਨੇ ਅਗਲੇ 5 ਸਾਲਾਂ ’ਚ ਸੜਕ ਹਾਦਸਿਆਂ ’ਚ ਮੌਤਾਂ ਨੂੰ 50 ਫੀਸਦੀ ਘੱਟ ਕਰਨ ਦਾ ਨਿਸ਼ਾਨਾ ਰੱਖਿਆ ਹੈ।
ਇਕ ਸਰਵੇਖਣ ’ਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦੇਸ਼ ’ਚ ਲਗਭਗ 50 ਫੀਸਦੀ ਟਰੱਕ ਡਰਾਈਵਰ ਨਜ਼ਰ ਦੀ ਕਮਜ਼ੋਰੀ ਦਾ ਸ਼ਿਕਾਰ ਹਨ। ਉਮਰ ਦੇ ਵਧਣ ਨਾਲ ਲੋਕਾਂ ਦੀ ਨਜ਼ਰ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਲਈ ਹਰ ਸਾਲ ਨਿਯਮਿਤ ਅਤੇ ਜ਼ਰੂਰੀ ਰੂਪ ਨਾਲ ਹਰ ਤਰ੍ਹਾਂ ਦੇ ਵਾਹਨ ਚਾਲਕਾਂ ਦੀ ਨਜ਼ਰ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਨਾਲ ਸੜਕ ਹਾਦਸਿਆਂ ਨੂੰ ਰੋਕਣ ’ਚ ਮਦਦ ਮਿਲੇਗੀ।
ਜਦੋਂ ਤੱਕ ਅਜਿਹਾ ਯਕੀਨੀ ਨਹੀਂ ਕੀਤਾ ਜਾਵੇਗਾ, ਭਾਵੇਂ ਲੱਖ ਵਧੀਆ ਅਤੇ ਚਾਰ-ਮਾਰਗੀ ਜਾਂ ਛੇ- ਮਾਰਗੀ ਸੜਕਾਂ ਬਣਾ ਲਈਆਂ ਜਾਣ, ਸੜਕ ਹਾਦਸਿਆਂ ’ਚ ਕਮੀ ਨਹੀਂ ਆ ਸਕਦੀ। ਇਸ ਦੇ ਨਾਲ ਹੀ ਜਿੱਥੋਂ ਤੱਕ ਸੰਭਵ ਹੋਵੇ, ਵਾਹਨ ਨੂੰ ਡਰਾਈਵ ਕਰਨ ਦੀ ਮਿਆਦ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਕ ਸਮੇਂ ਤੋਂ ਬਾਅਦ ਅੱਖਾਂ ਅਤੇ ਸਰੀਰ ਦੇ ਥੱਕ ਜਾਣ ਕਾਰਨ ਹਾਦਸੇ ਹੋਣ ਦਾ ਖਤਰਾ ਵਧ ਜਾਂਦਾ ਹੈ।
-ਵਿਜੇ ਕੁਮਾਰ
‘ਕੇਂਦਰ ਸਰਕਾਰ ਦਾ 2021-22 ਦਾ ਬਜਟ’‘ਸੱਤਾ ਧਿਰ ਵਲੋਂ ਸ਼ਲਾਘਾ, ਵਿਰੋਧੀ ਧਿਰ ਵਲੋਂ ਆਲੋਚਨਾ’
NEXT STORY