ਸੋਮਵਾਰ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2021-22 ਦਾ ਬਜਟ ਪੇਸ਼ ਕੀਤਾ। ਇਹ ਉਨ੍ਹਾਂ ਵਲੋਂ ਪੇਸ਼ ਕੀਤਾ ਗਿਆ ਤੀਸਰਾ ਬਜਟ ਸੀ। ਪਿਛਲੇ ਸਾਲ ਉਨ੍ਹਾਂ ਨੇ ਬ੍ਰੀਫਕੇਸ ਦੀ ਪ੍ਰੰਪਰਾ ਦਾ ਤਿਆਗ ਕਰਦੇ ਹੋਏ ਲਾਲ ਕੱਪੜੇ ’ਚ ਲਿਪਟੇ ਬਹੀ-ਖਾਤੇ ਵਾਲਾ ਬਜਟ ਪੇਸ਼ ਕੀਤਾ ਸੀ। ਇਸ ਸਾਲ ਉਨ੍ਹਾਂ ਨੇ ਟੈਬ ਦੀ ਸਹਾਇਤਾ ਨਾਲ ‘ਪੇਪਰਲੈੱਸ’ ਬਜਟ ਪੇਸ਼ ਕੀਤਾ ਅਤੇ ਸੰਸਦ ਮੈਂਬਰਾਂ ਨੂੰ ਬਜਟ ਦੀਆਂ ਛਪੀਆਂ ਹੋਈਆਂ ਕਾਪੀਆਂ ਨਹੀਂ ਦਿੱਤੀਆਂ ਗਈਆਂ।
ਸ਼੍ਰੀਮਤੀ ਸੀਤਾਰਮਨ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਕਿਹਾ, ‘‘ਦੇਸ਼ ਨੇ ਪਹਿਲੀ ਵਾਰ ਕੋਰੋਨਾ ਦੇ ਰੂਪ ’ਚ ਇਸ ਤਰ੍ਹਾਂ ਦੀ ਮਹਾਮਾਰੀ ਨੂੰ ਝੱਲਿਆ, ਜਿਸ ਨਾਲ ਦੁਨੀਆ ਭਰ ’ਚ ਅਰਥਵਿਵਸਥਾ ਨੂੰ ਭਾਰੀ ਧੱਕਾ ਲੱਗਾ ਹੈ। ਜੇਕਰ ਪ੍ਰਧਾਨ ਮੰਤਰੀ ਲਾਕਡਾਊਨ ਨਹੀਂ ਕਰਦੇ ਤਾਂ ਇਸ ਨਾਲ ਮੌਤਾਂ ਦੀ ਗਿਣਤੀ ਵਧ ਹੋ ਸਕਦੀ ਸੀ।’’
‘‘ਲਾਕਡਾਊਨ ਐਲਾਨਣ ਦੇ 48 ਘੰਟਿਆਂ ਦੇ ਅੰਦਰ ਹੀ ਪ੍ਰਧਾਨ ਮੰਤਰੀ ਨੇ ‘ਗਰੀਬ ਕਲਿਆਣ ਯੋਜਨਾ’ ਦੇ ਰਾਹੀਂ ਕਰੋੜਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 40 ਕਰੋੜ ਰੁਪਏ ਲੋਕਾਂ ਦੇ ਖਾਤੇ ’ਚ ਪਾਏ ਤੇ 80 ਕਰੋੜ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ। ਪ੍ਰਧਾਨ ਮੰਤਰੀ ਨੇ ‘ਆਤਮਨਿਰਭਰ ਭਾਰਤ ਪੈਕੇਜ’ ਦੇ ਅਧੀਨ ਕੁੱਲ 27.1 ਲੱਖ ਕਰੋੜ ਰੁਪਏ ਦੀ ਮਦਦ ਜਾਰੀ ਕੀਤੀ ਗਈ।’’ ਵਿੱਤ ਮੰਤਰੀ ਦੇ ਮੁੱਖ ਬਜਟ ਦੇ ਐਲਾਨ ਹੇਠਾਂ ਹਨ :
* ‘ਆਤਮਨਿਰਭਰ ਸਵਸਥ ਭਾਰਤ ਯੋਜਨਾ’ ਦੇ ਲਈ 64,180 ਕਰੋੜ ਰੁਪਏ।
* ਸਵੱਛ ਭਾਰਤ ਮਿਸ਼ਨ ਦੇ ਅਧੀਨ 2,87,000 ਕਰੋੜ ਰੁਪਏ।
* ਸਿਹਤ ਬਜਟ 94,000 ਕਰੋੜ ਤੋਂ ਵਧਾ ਕੇ 2.24 ਲੱਖ ਕਰੋੜ ਰੁਪਏ ਕੀਤਾ ਅਤੇ ਕੋਰੋਨਾ ਵੈਕਸੀਨ ਦੇ ਲਈ 35 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
* ਵੱਖ-ਵੱਖ ਖੇਤਰਾਂ ਲਈ ਮੈਗਾ ਇਨਵੈਸਟਮੈਂਟ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।
* ਰੋਡ ਇੰਫ੍ਰਾਸਟ੍ਰਕਚਰ ਲਈ ਇਸ ਸਾਲ 1.28 ਲੱਖ ਕਰੋੜ ਰੁਪਏ ਦੀ ਵਿਵਸਥਾ ਹੈ।
* ਰੇਲਵੇ ਨੂੰ 1.10 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਦੇਸ਼ ’ਚ ਬਿਜਲੀ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਦੀ ਗਿਣਤੀ, ਮੈਟਰੋ ਅਤੇ ਸਿਟੀ ਸਰਵਿਸ ਵਧਾਈ ਜਾਵੇਗੀ।
* ਬਿਜਲੀ ਦੇ ਖੇਤਰ ’ਚ 3 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ ਅਤੇ ਕਈ ਪ੍ਰਾਜੈਕਟਸ ਪੀ.ਪੀ.ਪੀ. ਮਾਡਲ ਅਧੀਨ ਪੂਰੇ ਕੀਤੇ ਜਾਣਗੇ।
* ਬੀਮਾ ਅਤੇ ਬੈਂਕਿੰਗ ਖੇਤਰ ’ਚ ਐੱਫ. ਡੀ.ਆਈ. 49 ਫੀਸਦੀ ਤੋਂ ਵਧਾ ਕੇ 74 ਫੀਸਦੀ ਕਰ ਦਿੱਤੀ ਗਈ। ਐੱਲ.ਆਈ.ਸੀ. ਦਾ ਆਈ.ਪੀ.ਓ. ਲਿਆਂਦਾ ਜਾਵੇਗਾ ਅਤੇ ਆਮ ਲੋਕ ਵੀ ਇਸ ਦੇ ਸ਼ੇਅਰ ਖਰੀਦ ਸਕਣਗੇ।
* ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹੈ ਅਤੇ ਖੇਤੀਬਾੜੀ ਦੇ ਲਈ ਕਰਜ਼ੇ ਦਾ ਟੀਚਾ ਵਧਾ ਕੇ 16.5 ਲੱਖ ਕਰੋੜ ਰੁਪਏ ਤਕ ਕੀਤਾ ਜਾ ਰਿਹਾ ਹੈ।
* ਇਕ ਫੀਸਦੀ ਸਟਾਰਟਅਪ ਕੰਪਨੀਆਂ ਨੂੰ ਬਿਨਾਂ ਰੋਕ-ਟੋਕ ਮਨਜ਼ੂਰੀ
* ਟਰਾਂਸਪੋਰਟ ਤੇ ਇੰਫ੍ਰਾਸਟ੍ਰਕਚਰ ਸੈਕਟਰ ਲਈ 1.97 ਲੱਖ ਕਰੋੜ ਰੁਪਏ
* ਸਟਾਰਟਅਪ ਨੂੰ ਟੈਕਸ ’ਚ ਦਿੱਤੀ ਗਈ ਸ਼ੁਰੂਆਤੀ ਛੋਟ 31 ਮਾਰਚ 2022 ਤਕ ਵਧਾ ਦਿੱਤੀ ਗਈ ਹੈ ਅਤੇ ਐੱਨ.ਆਰ.ਆਈ. ਨੂੰ ਡਬਲ ਟੈਕਸ ਸਿਸਟਮ ਤੋਂ ਛੋਟ ਦਿੱਤੀ ਜਾ ਰਹੀ ਹੈ।
* ਟੈਕਸ ਵਿਵਾਦ ਨਿਵਾਰਨ ਕਮੇਟੀ ਬਣਾਈ ਜਾਵੇਗੀ। ਇਸ ’ਚ 50 ਲੱਖ ਰੁਪਏ ਤਕ ਦੀ ਆਮਦਨ ਅਤੇ 10 ਲੱਖ ਰੁਪਏ ਤਕ ਦੀ ਵਿਵਾਦਿਤ ਆਮਦਨ ਵਾਲੇ ਲੋਕ ਜਾ ਸਕਣਗੇ।
* ਸੀਨੀਅਰ ਨਾਗਰਿਕਾਂ ਦੇ ਲਈ ਪੈਨਸ਼ਨ ਅਤੇ ਬੈਂਕਾਂ ਤੋਂ ਮਿਲਣ ਵਾਲੇ ਵਿਆਜ ’ਤੇ ਇਨਕਮ ਟੈਕਸ ਦੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ਇਨਕਮ ਟੈਕਸ ਦੀ ਰਿਟਰਨ ਵੀ ਨਹੀਂ ਭਰਨੀ ਹੋਵੇਗੀ।
* ਪ੍ਰਾਵੀਡੈਂਟ ਫੰਡ ’ਚ 2.50 ਲੱਖ ਰੁਪਏ ਤੋਂ ਵੱਧ ਦੇ ਅੰਸ਼ਦਾਨ ’ਤੇ ਮਿਲਣ ਵਾਲੇ ਵਿਆਜ ’ਤੇ ਟੈਕਸ ਦੇਣਾ ਹੋਵੇਗਾ।
* ਮੋਬਾਇਲ ਯੰਤਰਾਂ ’ਤੇ ਕਸਟਮ ਡਿਊਟੀ 2.5 ਫੀਸਦੀ ਵਧਾਈ ਗਈ।
* ਤਾਂਬੇ, ਸਟੀਲ, ਸੋਨਾ ਅਤੇ ਚਾਂਦੀ ’ਤੇ ਕਸਟਮ ਡਿਊਟੀ ਘਟਾਉਣ ਨਾਲ ਇਹ ਸਸਤੇ ਹੋਣਗੇ।
* ਵਿਦੇਸ਼ੀ ਸ਼ਰਾਬ ’ਤੇ 100 ਫੀਸਦੀ ਸੈੱਸ ਲਗਾਇਆ ਗਿਆ ਹੈ।
* ਇਨਕਮ ਟੈਕਸ ਸਲੈਬ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ।
* ਸਸਤੇ ਘਰ ਖਰੀਦਣ ਵਾਲਿਆਂ ਨੂੰ ਵਿਆਜ ’ਚ 1 ਲੱਖ ਰੁਪਏ ਦੀ ਵਾਧੂ ਛੋਟ ਦੀ ਮਿਆਦ ਇਕ ਸਾਲ ਵਧਾ ਕੇ ਮਾਰਚ 2022 ਤਕ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਬਜਟ ’ਚ ਕੀਤੇ ਗਏ ਸਾਰੇ ਵਾਅਦੇ ਆਤਮਨਿਰਭਰਤਾ ਦੇ ਵਿਜ਼ਨ ਦੇ ਅਨੁਸਾਰ ਹਨ। ਜਿਥੇ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਇਸ ਬਜਟ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਵਿਕਾਸਮੁਖੀ ਬਜਟ ਦੱਸਿਆ ਹੈ, ਉਥੇ ਵਿਰੋਧੀ ਪਾਰਟੀਆਂ ਨੇ ਇਸ ਦੀ ਭਾਰੀ ਆਲੋਚਨਾ ਕੀਤੀ ਹੈ।
ਰਾਹੁਲ ਗਾਂਧੀ ਦੇ ਅਨੁਸਾਰ, ‘‘ਸਰਕਾਰ ਦੀ ਯੋਜਨਾ ਭਾਰਤ ਦੀਆਂ ਜਾਇਦਾਦਾਂ ਨੂੰ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਸੌਂਪਣ ਦੀ ਹੈ। ਸਰਕਾਰ ਲੋਕਾਂ ਦੇ ਹੱਥਾਂ ’ਚ ਪੈਸੇ ਦੇਣ ਬਾਰੇ ਭੁੱਲ ਗਈ ਹੈ।’’
ਮਮਤਾ ਬੈਨਰਜੀ ਨੇ ਕਿਹਾ, ‘‘ਇਹ ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਧੋਖਾ ਦੇਣ ਵਾਲਾ ਬਜਟ ਹੈ। ਸਰਕਾਰ ਜਨਤਕ ਖੇਤਰ ਦੇ ਅਦਾਰੇ ਤੋਂ ਲੈ ਕੇ ਸਰਕਾਰੀ ਬੀਮਾ ਕੰਪਨੀਆਂ ਤਕ ਸਭ ਕੁਝ ਵੇਚ ਰਹੀ ਹੈ।’’
ਅਰਵਿੰਦ ਕੇਜਰੀਵਾਲ ਬੋਲੇ, ‘‘ਇਹ ਕੁਝ ਕੁ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਬਜਟ ਹੈ, ਜੋ ਮਹਿੰਗਾਈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਵਧਾਉਣ ਵਾਲਾ ਸਾਬਿਤ ਹੋਵੇਗਾ।’’
ਮਾਕਪਾ ਨੇਤਾ ਸੀਤਾਰਾਮ ਯੇਚੁਰੀ ਅਨੁਸਾਰ, ‘‘ਇਹ ਪੂੰਜੀਪਤੀਆਂ ਦਾ ਬਜਟ ਹੈ।’’
ਸ਼ਿਵ ਸੈਨਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਦਾ ਕਹਿਣਾ ਹੈ, ‘‘ਬਜਟ ’ਚ ਨੌਕਰੀਪੇਸ਼ਾ ਲੋਕਾਂ ਲਈ ਕੋਈ ਰਾਹਤ ਨਹੀਂ ਹੈ। ਔਰਤਾਂ ਤੇ ਡਿਜੀਟਲ ਡਿਵਾਈਡ ਦੇ ਕਾਰਨ ਆਪਣੀ ਪੜ੍ਹਾਈ ਛੱਡਣ ਨੂੰ ਮਜਬੂਰ ਬੱਚਿਆਂ ਲਈ ਵੀ ਕੁਝ ਨਹੀਂ ਕੀਤਾ ਗਿਆ।’’
ਫਿਲਹਾਲ, ਆਸ ਕੀਤੀ ਜਾ ਰਹੀ ਸੀ ਕਿ ਇਸ ਬਜਟ ’ਚ ਦਰਮਿਆਨੇ ਵਰਗ ਨੂੰ ਕੋਈ ਵੱਡੀ ਰਾਹਤ ਮਿਲੇਗੀ ਪਰ ਸਿਵਾਏ ਹੋਮ ਲੋਨ ਦੇ ਵਿਆਜ ’ਚ ਰਾਹਤ ਦੇ ਉਸ ਦੇ ਹੱਥ ਖਾਲੀ ਹੀ ਰਹੇ ਅਤੇ ਇਨਕਮ ਟੈਕਸਦਾਤਿਆਂ ਨੂੰ ਵੀ ਕੋਈ ਰਾਹਤ ਨਹੀਂ ਮਿਲ ਸਕੀ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਬਜਟ ’ਚ ਕੀਤੇ ਵਾਅਦੇ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਤਾਂ ਕਿ ਮਿਹਨਤ ਨਾਲ ਤਿਆਰ ਕੀਤੇ ਗਏ ਇਸ ਬਜਟ ਦੇ ਫਲ ਆਮ ਲੋਕਾਂ ਤਕ ਪਹੁੰਚਣ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।
–ਵਿਜੇ ਕੁਮਾਰ
‘ਸਿਨੇਮਾ ਦੇ ਪਰਦੇ ’ਤੇ ਫਿਰ ਨਜ਼ਰ ਆਉਣਗੇ’‘ਧਰਤੀ ਦੇ ਸਵਰਗ’ ਕਸ਼ਮੀਰ ਦੇ ਨਜ਼ਾਰੇ
NEXT STORY