ਬਟਾਲਾ ਦੇ ਪ੍ਰਸਿੱਧ ਸਮਾਜ ਸੇਵੀ ਮਹਾਸ਼ਾ ਗੋਕੁਲ ਚੰਦ ਦਾ 15 ਮਈ ਨੂੰ 99 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਆਪਣਾ ਪੂਰਾ ਜੀਵਨ ਸਮਾਜ ਸੇਵਾ ’ਚ ਲਾਉਣ ਵਾਲੇ ਮਹਾਸ਼ਾ ਗੋਕੁਲ ਚੰਦ ਦਾ ਜਨਮ 10 ਜੂਨ, 1922 ਨੂੰ ਬਟਾਲਾ ਦੇ ਆਰੀਆ ਸਮਾਜੀ ਪਰਿਵਾਰ ’ਚ ਹੋਇਆ ਅਤੇ ਉਨ੍ਹਾਂ ਸਾਰੀ ਉਮਰ ਵਿਆਹ ਨਾ ਕਰਵਾ ਕੇ ਜਨ ਸੇਵਾ ਕੀਤੀ।
13 ਸਾਲ ਦੀ ਉਮਰ ’ਚ ਹੀ ਉਨ੍ਹਾਂ ‘ਬਾਲ ਸਭਾ’ ਬਣਾ ਕੇ ਬੱਚਿਆਂ ’ਚ ਦੇਸ਼ ਭਗਤੀ ਅਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਜਗਾਉਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ’ਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ‘ਦੈਨਿਕ ਪ੍ਰਾਰਥਨਾ ਸਭਾ’ ਦਾ ਗਠਨ ਕੀਤਾ।
ਮਹਾਸ਼ਾ ਜੀ ਨੇ ਔਲਾਦਾਂ ਵੱਲੋਂ ਠੁਕਰਾਏ ਬਜ਼ੁਰਗਾਂ ਨੂੰ ਆਸਰਾ ਦੇਣ ਲਈ ਬਿਰਧ ਆਸ਼ਰਮ ਸ਼ੁਰੂ ਕੀਤਾ, ਗਿਆਨ ਦੇ ਪਸਾਰ ਲਈ ਲਾਇਬ੍ਰੇਰੀ ਖੋਲ੍ਹੀ ਜੋ ਸਮਾਂ ਬੀਤਣ ਦੇ ਨਾਲ-ਨਾਲ ਸ਼ਹਿਰ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਬਣ ਗਈ।
ਸਿੱਖਿਆ ਦੇ ਪਸਾਰ ਲਈ ਉਨ੍ਹਾਂ ਬਟਾਲਾ ’ਚ ਕੁੜੀਆਂ ਅਤੇ ਮੁੰਡਿਆਂ ਦੇ ਵੱਖ-ਵੱਖ ਕਾਲਜ ਅਤੇ ਰੋਗੀਆਂ ਦੇ ਇਲਾਜ ਲਈ ਕੌਸ਼ਲਿਆ ਦੇਵੀ ਸਾਨਨ ਆਈ ਹਾਸਪਿਟਲ, ਮੋਹਰੀ ਲਾਲ ਚਾਨਣ ਦੇਈ ਮੈਟਰੀਨਿਟੀ ਹਾਸਪਿਟਲ, ਜਨਰਲ ਹਾਸਪਿਟਲ, ਲੈਬੋਰੇਟਰੀ ਅਤੇ ਐਕਸ-ਰੇ ਸੈਂਟਰ ਸਮੇਤ ਆਦਿ ਕਾਇਮ ਕੀਤੇ।
ਮੈਨੂੰ ਮਹਾਸ਼ਾ ਜੀ ਨੇ ‘ਦੈਨਿਕ ਪ੍ਰਾਰਥਨਾ ਸਭਾ’ ਦੇ ਕੰਮ ਵੇਖਣ ਲਈ ਬਟਾਲਾ ਸੱਦਿਆ ਅਤੇ ਇਸੇ ਮੁਤਾਬਕ ਮੈਂ ਬਟਾਲਾ ਗਿਆ ਅਤੇ ‘ਦੈਨਿਕ ਪ੍ਰਾਰਥਨਾ ਸਭਾ’ ਵੱਲੋਂ ਸੰਚਾਲਿਤ ਬਿਰਧ ਆਸ਼ਰਮ, ਸਤੀ ਲਕਛਮੀ ਦੇਵੀ ਗਊਸ਼ਾਲਾ, ਲਾਇਬ੍ਰੇਰੀ, ਧਰਮਵੀਰ ਬਾਲ ਹਕੀਕਤ ਰਾਏ ਦੀ ਪਤਨੀ ਲਕਛਮੀ ਦੇਵੀ ਦੀ ਯਾਦ ’ਚ ਬਣੀ ਸਮਾਧੀ ਵਾਲੀ ਥਾਂ ਨੂੰ ਦੇਖਣ ਤੋਂ ਇਲਾਵਾ ਸ਼ਾਮ ਨੂੰ ਆਯੋਜਿਤ ਸਮਾਰੋਹ ’ਚ ਸ਼ਾਮਲ ਹੋਇਆ।
ਇਸ ਮੌਕੇ ’ਤੇ ਉਨ੍ਹਾਂ ਮੈਨੂੰ ਬੋਲਣ ਲਈ ਕਿਹਾ ਤਾਂ ਮੈਂ ਕਿਹਾ ਕਿ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਚਾਹੁੰਦਾ ਹੈ। ਉਦੋਂ ਤੱਕ ਸਤੰਬਰ, 1997 ’ਚ ਲੁਧਿਆਣਾ ਸਥਿਤ ਗਿਆਨਸਥਲ ਮੰਦਿਰ ਵਿਖੇ ਸਵ. ਜਗਦੀਸ਼ ਬਜਾਜ ਦੀ ਦੇਖ-ਰੇਖ ਹੇਠ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਹੋ ਚੁੱਕਾ ਸੀ।
ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਵੀ ਲੋੜਵੰਦ ਭੈਣਾਂ ਨੂੰ ਮਾਸਿਕ ਰਾਸ਼ਨ ਦੇਣ ਦਾ ਐਲਾਨ ਕਰੋ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਹੋ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਹੀ ਵਿਧਵਾ ਭੈਣਾਂ ਲਈ ਪ੍ਰਤੀ ਮਹੀਨਾ ਰਾਸ਼ਨ ਦੇਣ ਦੀ ਸੇਵਾ ਸ਼ੁਰੂ ਕਰ ਦਿੱਤੀ।
ਮਹਾਸ਼ਾ ਜੀ ਨੇ ਪੰਜਾਬ ’ਚ ਬਟਾਲਾ ਤੋਂ ਇਲਾਵਾ ਉੱਤਰਾਖੰਡ ਦੇ ਹਰਿਦੁਆਰ, ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਅਤੇ ਹਿਮਾਚਲ ਪ੍ਰਦੇਸ਼ ਦੇ ਚਿੰਤਪੂਰਨੀ ਧਾਮ ਵਿਖੇ ਧਰਮਸ਼ਾਲਾਵਾਂ ਅਤੇ ਗਊਸ਼ਾਲਾਵਾਂ ਆਦਿ ਦਾ ਨਿਰਮਾਣ ਕਰਵਾਇਆ।
ਨਵੰਬਰ, 2009 ’ਚ ਮਹਾਸ਼ਾ ਜੀ ਦੇ ਸੱਦੇ ’ਤੇ ਮੈਂ ਵਰਿੰਦਾਵਨ ਗਿਆ। ਮੈਂ ਇਹ ਖੇਤਰ ਪਹਿਲਾਂ ਨਹੀਂ ਵੇਖਿਆ ਸੀ। ਅਸੀਂ ਮਥੁਰਾ ਪਹੁੰਚੇ ਤਾਂ ਟੁੱਟੀਆਂ-ਭੱਜੀਆਂ ਸੜਕਾਂ, ਧੂੜ-ਮਿੱਟੀ ਅਤੇ ਗੰਦਗੀ ਦੇ ਢੇਰ ਵੇਖ ਕੇ ਮਨ ਨੂੰ ਭਾਰੀ ਦੁੱਖ ਹੋਇਆ।
ਜਦੋਂ ਅਸੀਂ ਉੱਥੇ ਹੱਥ-ਮੂੰਹ ਧੋ ਰਹੇ ਸੀ ਤਾਂ ਪਾਣੀ ਕੁਝ ਖਾਰਾ ਜਿਹਾ ਲੱਗਾ। ਪੁੱਛਣ ’ਤੇ ਦੱਸਿਆ ਗਿਆ ਕਿ ਇੱਥੋਂ ਦੀ ਨਗਰਪਾਲਿਕਾ ਵੱਲੋਂ ਪਾਣੀ ਦੀ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਲੋਕਾਂ ਨੂੰ ਪੀਣ ਲਈ ਪਾਣੀ ਬਾਹਰ ਤੋਂ ਮੰਗਵਾਉਣਾ ਪੈਂਦਾ ਹੈ।
ਖੈਰ, ਵਰਿੰਦਾਵਨ ਪਹੁੰਚ ਕੇ ਮੈਂ ਮਹਾਸ਼ਾ ਜੀ ਵੱਲੋਂ ਸੰਚਾਲਿਤ ‘ਸ਼੍ਰੀ ਰਾਧਾ ਬ੍ਰਜ ਰਮਨ ਲਾਲ ਮੰਦਿਰ’ ’ਚ ਬਣਾਏ ਗਏ ‘ਸਾਧਕ ਨਿਵਾਸ’ ਦਾ ਉਦਘਾਟਨ ਕੀਤਾ। ਮੰਦਿਰ ਦੇ ਪੁਰਾਣੇ ਪ੍ਰਬੰਧਕਾਂ ਨੇ ਮਹਾਸ਼ਾ ਜੀ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਇਹ ਮੰਦਿਰ ਸੌਂਪਿਆ ਸੀ। ਮਹਾਸ਼ਾ ਜੀ ਨੇ ਇਸ ਦਾ ਨਵੀਨੀਕਰਨ ਕਰਵਾਇਆ ਅਤੇ ਇਸ ’ਚ ਲਿਫਟ ਆਦਿ ਲਵਾਈ।
‘ਸਾਧਕ ਨਿਵਾਸ’ ਦੇ ਉਦਘਾਟਨ ਲਈ ਮੈਨੂੰ ਸੱਦਾ ਦਿੰਦੇ ਹੋਏ ਮਹਾਸ਼ਾ ਜੀ ਨੇ ਕਿਹਾ ਸੀ ਕਿ ਉੱਥੇ ਲੋੜਵੰਦ ਭੈਣਾਂ ਨੂੰ ਰਾਸ਼ਨ ਵੀ ਦੇਣਾ ਹੈ। ਇਸ ਲਈ ਮੇਰੇ ਉੱਥੇ ਪਹੁੰਚਣ ’ਤੇ 50 ਤੋਂ ਵੱਧ ਬਜ਼ੁਰਗ ਵਿਧਵਾ ਭੈਣਾਂ ਨੂੰ ਰਾਸ਼ਨ ਦਿੱਤਾ ਗਿਆ ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕੁਝ ਰੁਪਏ ਦੇ ਕੇ ਵਰਿੰਦਾਵਨ ਦੇ ਮੰਦਿਰਾਂ ’ਚ ਇਹ ਕਹਿ ਕੇ ਛੱਡ ਗਏ ਸਨ ਕਿ ਹੁਣ ਤੁਸੀਂ ਇੱਥੇ ਰਹਿ ਕੇ ਪ੍ਰਭੂ ਦਾ ਭਜਨ ਕਰਿਆ ਕਰੋ।
ਮੰਦਿਰ ਵਾਲਿਆਂ ਨੇ ਉਨ੍ਹਾਂ ਨੂੰ ਰਹਿਣ ਲਈ ਥਾਂ ਦਿੱਤੀ ਹੋਈ ਸੀ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਭਜਨ ਕਰਨ ਦੇ ਬਦਲੇ ’ਚ ਕੁਝ ਪੈਸੇ ਉੱਥੋਂ ਮਿਲ ਜਾਂਦੇ ਸਨ। ਸਭ ਔਰਤਾਂ ਬਜ਼ੁਰਗ ਸਨ ਅਤੇ ਸਭ ਨੇ ਇਕ ਸਾੜ੍ਹੀ ’ਚ ਖੁਦ ਨੂੰ ਲਪੇਟਿਆ ਹੋਇਆ ਸੀ।
ਉਨ੍ਹਾਂ ਦੀ ਇਹ ਤਰਸਯੋਗ ਹਾਲਤ ਵੇਖ ਕੇ ਮੇਰਾ ਮਨ ਬੇਹੱਦ ਦੁਖੀ ਹੋਇਆ ਕਿ ਜਿਨ੍ਹਾਂ ਬੱਚਿਆਂ ਨੂੰ ਇਨ੍ਹਾਂ ਨੇ ਲਾਡ-ਪਿਆਰ ਨਾਲ ਪਾਲ-ਪੋਸ ਕੇ ਵੱਡਾ ਕੀਤਾ, ਉਨ੍ਹਾਂ ਨੇ ਹੀ ਇਨ੍ਹਾਂ ਨੂੰ ਛੱਡ ਿਦੱਤਾ ਅਤੇ ਫਿਰ ਕਦੇ ਮਿਲਣ ਹੀ ਨਹੀਂ ਆਏ।
ਮਹਾਸ਼ਾ ਜੀ ਦੀ ਵਿਸ਼ੇਸ਼ਤਾ ਉਨ੍ਹਾਂ ਦੀ ਸਾਦਗੀ ਸੀ। ਸਵਦੇਸ਼ੀ ਪ੍ਰਤੀ ਉਨ੍ਹਾਂ ਦਾ ਇੰਨਾ ਲਗਾਅ ਸੀ ਕਿ ਉਨ੍ਹਾਂ ਸਾਰੀ ਉਮਰ ਖਾਦੀ ਦੇ ਕੱਪੜੇ ਬਿਨਾਂ ਪ੍ਰੈੱਸ ਕੀਤੇ ਹੋਏ ਹੀ ਪਹਿਨੇ ਅਤੇ ਪੂਰੀ ਜ਼ਿੰਦਗੀ ਚੱਪਲ ਵੀ ਚਮੜੇ ਦੀ ਨਹੀਂ ਪਾਈ।
ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਧਿਆਨ ਰੱਖਣਾ ਸਰਕਾਰਾਂ ਦਾ ਕੰਮ ਹੁੰਦਾ ਹੈ। ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਮਹਾਸ਼ਾ ਗੋਕੁਲ ਚੰਦ ਵਰਗੇ ਲੋਕ ਹੀ ਕਰ ਰਹੇ ਹਨ।
ਆਪਣਾ ਜੀਵਨ ਦੇ ਕੇ ਸਮਾਜ ਦੇ ਪੱਛੜੇ ਅਤੇ ਕਮਜ਼ੋਰ ਲੋਕਾਂ ਦੀ ਮਦਦ ਲਈ ਹੀ ਮਹਾਸ਼ਾ ਗੋਕੁਲ ਚੰਦ ਜੀ ਵਰਗੇ ਲੋਕਾਂ ਦਾ ਇਸ ਧਰਤੀ ’ਤੇ ਆਗਮਨ ਹੁੰਦਾ ਹੈ ਜਿਨ੍ਹਾਂ ਦੀ ਯਾਦ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਹਮੇਸ਼ਾ ਬਣੀ ਰਹਿੰਦੀ ਹੈ।
-ਵਿਜੇ ਕੁਮਾਰ
ਕੇਂਦਰ ਅਤੇ ਬੰਗਾਲ ਸਰਕਾਰ ਦਾ ਮਿਲ-ਜੁਲ ਕੇ ਚੱਲਣਾ ਹੀ ਦੇਸ਼ ਹਿੱਤ 'ਚ
NEXT STORY