ਨਾ ਸਿਰਫ ਬਿਨਾਂ ਸੋਚੇ-ਵਿਚਾਰੇ ਇਧਰ-ਉਧਰ ਥੁੱਕਣ ਵਾਲਿਆਂ ਨੂੰ ਲੋਕ ਨਾਪਸੰਦ ਕਰਦੇ ਹਨ, ਸਗੋਂ ਮਨੁੱਖ ਦਾ ਥੁੱਕ ਕਈ ਬੀਮਾਰੀਆਂ ਤੇ ਇਨਫੈਕਸ਼ਨਾਂ ਵੀ ਫੈਲਾਉਂਦਾ ਹੈ। ਪਾਨ ਤੇ ਤੰਬਾਕੂ ਦੀ ਲਾਰ ਵੀ ਘੱਟ ਨੁਕਸਾਨਦੇਹ ਨਹੀਂ ਹੈ। ਪਾਨ ਵਿਚ ਕੁਝ ਅਜਿਹੇ ਕੈਮੀਕਲ ਹੁੰਦੇ ਹਨ, ਜਿਹੜੇ ਸਟੀਲ ਨੂੰ ਵੀ ਖੋਰ ਸਕਦੇ ਹਨ। ਇਸੇ ਕਰਕੇ ਦੁਨੀਆ ਦੇ ਸਭ ਤੋਂ ਚੰਗੇ 'ਕੈਂਟੀਲਿਵਰ' ਪੁਲਾਂ ਵਿਚੋਂ ਇਕ ਕੋਲਕਾਤਾ ਦੇ ਹਾਵੜਾ ਬ੍ਰਿਜ ਦੇ ਖੰਭੇ ਵੀ ਉਨ੍ਹਾਂ 'ਤੇ ਸੁੱਟੀ ਪਾਨ ਦੀ ਪੀਕ ਕਾਰਨ ਖੁਰਨ ਲੱਗੇ ਹਨ।
ਥੁੱਕ ਦੇ ਇਨ੍ਹਾਂ ਹੀ ਨੁਕਸਾਨਾਂ ਕਾਰਨ ਕਈ ਦੇਸ਼ਾਂ 'ਚ ਜਨਤਕ ਥਾਵਾਂ 'ਤੇ ਥੁੱਕਣ ਦੀ ਪਾਬੰਦੀ ਹੈ ਅਤੇ ਇਸ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਦੀ ਵਿਵਸਥਾ ਹੈ। ਇਨ੍ਹਾਂ 'ਚ ਸਿੰਗਾਪੁਰ, ਸਪੇਨ ਦਾ ਬਾਰਸੀਲੋਨਾ ਸ਼ਹਿਰ ਅਤੇ ਅਮਰੀਕਾ ਦੇ ਕਈ ਸੂਬੇ ਸ਼ਾਮਲ ਹਨ। ਭਾਰਤ ਦੇ ਵੀ ਕੁਝ ਸ਼ਹਿਰਾਂ 'ਚ ਜਨਤਕ ਥਾਵਾਂ 'ਤੇ ਥੁੱਕਣ ਦੀ ਪਾਬੰਦੀ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਸੀ ਪਰ ਨਤੀਜਾ ਸਿਫਰ ਹੀ ਹੈ।
ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਕੁਝ ਸਮਾਂ ਪਹਿਲਾਂ ਜਨਤਕ ਥਾਵਾਂ 'ਤੇ ਥੁੱਕਣ 'ਤੇ ਕੀਤੀ ਗਈ ਜੁਰਮਾਨੇ ਦੀ ਵਿਵਸਥਾ ਦਾ ਕੋਈ ਹਾਂ-ਪੱਖੀ ਨਤੀਜਾ ਨਾ ਨਿਕਲਣ ਕਰਕੇ ਸੂਬਾ ਸਰਕਾਰ ਕਾਫੀ ਸਮੇਂ ਤੋਂ ਇਸ ਸੰਬੰਧ 'ਚ ਸੋਚ ਰਹੀ ਸੀ ਤੇ ਹੁਣ ਇਸ ਨੇ ਇਸ ਦਿਸ਼ਾ 'ਚ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਇਸ ਦੇ ਤਹਿਤ ਭਾਰੀ ਜੁਰਮਾਨਾ ਕਰਨ ਦੇ ਨਾਲ ਹੀ ਦੋਸ਼ੀਆਂ ਵਲੋਂ ਫੈਲਾਈ ਗਈ ਗੰਦਗੀ ਉਨ੍ਹਾਂ ਤੋਂ ਹੀ ਸਾਫ ਕਰਵਾਉਣ ਤੋਂ ਇਲਾਵਾ ਜਨਤਕ ਥਾਵਾਂ ਦੀ ਸਫਾਈ ਅਤੇ ਕਮਿਊਨਿਟੀ ਸਰਵਿਸ (ਭਾਈਚਾਰਕ ਸੇਵਾ) ਕਰਨ ਦੀ ਸਜ਼ਾ ਸੁਣਾਉਣ ਦਾ ਪ੍ਰਸਤਾਵ ਹੈ।
ਇਸ ਸੰਬੰਧ 'ਚ ਅਸੀਂ ਥਾਈਲੈਂਡ ਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਤੋਂ ਸਬਕ ਲੈ ਸਕਦੇ ਹਾਂ, ਜੋ ਆਰਥਿਕ ਤੌਰ 'ਤੇ ਬੇਸ਼ੱਕ ਹੀ ਸਾਡੇ ਤੋਂ ਕਮਜ਼ੋਰ ਹੋਣ ਪਰ ਸਾਫ-ਸਫਾਈ ਦੇ ਮਾਮਲੇ 'ਚ ਸਾਡੇ ਤੋਂ ਬਹੁਤ ਅੱਗੇ ਹਨ। ਇਸ ਲਈ ਸਿਰਫ ਮਹਾਰਾਸ਼ਟਰ ਵਿਚ ਹੀ ਨਹੀਂ, ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਜਨਤਕ ਥਾਵਾਂ 'ਤੇ ਥੁੱਕਣ 'ਤੇ ਪਾਬੰਦੀ ਲਗਾਉਣ ਅਤੇ ਉਸ 'ਤੇ ਸਖਤੀ ਨਾਲ ਅਮਲ ਕਰਵਾਉਣ ਦੀ ਲੋੜ ਹੈ।
—ਵਿਜੇ ਕੁਮਾਰ
'ਹੱਜ ਉਤੇ ਜਾਣ ਵਾਲੇ ਕਰਜ਼ਾ ਚੁਕਾ ਕੇ ਜਾਣ', ਦਰਗਾਹ ਆਲਾ ਹਜ਼ਰਤ ਦੇ ਵਿਦਵਾਨਾਂ ਦਾ ਹੁਕਮ
NEXT STORY