ਦੇਸ਼ ਵਿਚ ਬੋਤਲਬੰਦ ਦੁੱਧ ਅਤੇ ਡੱਬਾਬੰਦ ਉਤਪਾਦਾਂ ਆਈਸਕ੍ਰੀਮ, ਲੱਸੀ, ਮੱਖਣ, ਘਿਓ, ਪਨੀਰ ਆਦਿ ਦੀ ਵਿਕਰੀ ਸ਼ੁਰੂ ਹੋਣ ਦੇ ਬਾਅਦ ਤੋਂ ਕਈ ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਪਨੀਆਂ ਇਸ ਖੇਤਰ ਵਿਚ ਸਰਗਰਮ ਹੋਈਆਂ ਹਨ। ਇਨ੍ਹਾਂ ਵਿਚ ‘ਅਮੂਲ’ ਦੇ ਦੁੱਧ ਉਤਪਾਦ ਮੁੱਖ ਹਨ ਪਰ ਕੁਝ ਸੂਬਿਆਂ ਵਲੋਂ ਇਨ੍ਹਾਂ ਦੀ ਵਿਕਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਅਮੂਲ’ ਅਤੇ ਕਰਨਾਟਕ ਦੇ ਦੁੱਧ ਬ੍ਰਾਂਡ ‘ਨੰਦਿਨੀ’ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ ਅਤੇ ਹੁਣ ਅਮੂਲ ਵਲੋਂ ਤਮਿਲਨਾਡੂ ਵਿਚ ਪਲਾਂਟ ਲਈ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਦੁੱਧ ਖਰੀਦਣ ਦੀ ਯੋਜਨਾ ਦਾ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਸਰਕਾਰ ਵਿਰੋਧ ਕਰ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਵਿਚ ਸਟਾਲਿਨ ਨੇ ਉਨ੍ਹਾਂ ਨੂੰ ‘ਅਮੂਲ’ ਨੂੰ ਤਮਿਲਨਾਡੂ ਦੇ ਦੁੱਧ ਬ੍ਰਾਂਡ ‘ਆਵਿਨ’ ਦੇ ਮਿਲਕਸ਼ੈਡ ਖੇਤਰ ਤੋਂ ਦੁੱਧ ਖਰੀਦਣ ਤੋਂ ਰੋਕਣ ਲਈ ਤੁਰੰਤ ਦਖਲ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿਚ ਦੁੱਧ ਦੀ ਮੌਜੂਦਾ ਕਮੀ ਨੂੰ ਦੇਖਦੇ ਹੋਏ ਇਸ ਨਾਲ ਖਪਤਕਾਰਾਂ ਦੀਆਂ ਸਮੱਸਿਆਵਾਂ ਵਧਣਗੀਆਂ।
ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦਾ ਉਕਤ ਤਰਕ ਸਹੀ ਨਹੀਂ ਹੈ। ਬਾਜ਼ਾਰ ਵਿਚ ਜ਼ਿਆਦਾ ਬ੍ਰਾਂਡ ਮੁਹੱਈਆ ਹੋਣ ਨਾਲ ਖਪਤਕਾਰ ਉਨ੍ਹਾਂ ਵਿਚੋਂ ਬਿਹਤਰੀਨ ਦੀ ਚੋਣ ਕਰ ਸਕਦੇ ਹਨ ਅਤੇ ਵੱਖ-ਵੱਖ ਉਤਪਾਦਾਂ ਵਿਚ ਮੁਕਾਬਲੇਬਾਜ਼ੀ ਹੋਣ ਨਾਲ ਉਤਪਾਦਾਂ ਦੀ ਗੁਣਵੱਤਾ ਵਿਚ ਸੁਧਾਰ ਆਉਂਦਾ ਹੈ।
ਇਹੀ ਨਹੀਂ, ਇਸ ਨਾਲ ਸਪਲਾਈ ਬਿਹਤਰ ਹੋਣ ਨਾਲ ਉਤਪਾਦਾਂ ਦੀ ਮੰਗ ਵਧਦੀ ਹੈ। ਮੰਗ ਵਧਣ ਨਾਲ ਸੂਬੇ ਵਿਚ ਪਸ਼ੂ ਪਾਲਣ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਬੇਰੋਜ਼ਗਾਰਾਂ ਨੂੰ ਕੰਮ ਮਿਲੇਗਾ ਅਤੇ ਲੋਕਾਂ ਨੂੰ ਬਿਹਤਰ ਉਤਪਾਦ ਚੁਣਨ ਦਾ ਮੌਕਾ ਹਾਸਲ ਹੋਵੇਗਾ।
–ਵਿਜੇ ਕੁਮਾਰ
ਕੁਝ ਪੁਲਸ ਕਰਮਚਾਰੀਆਂ ਦੀਆਂ ਕਰਤੂਤਾਂ ਜੋ ਬਣ ਰਹੀਆਂ ਵਿਭਾਗ ਦੀ ਬਦਨਾਮੀ ਦਾ ਕਾਰਨ
NEXT STORY