ਸਿਰਫ 52 ਸੈਕੇਂਡ ਵਿਚ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ਵਿਚ ਸਮਰੱਥ ‘ਵੰਦੇ ਭਾਰਤ ਐਕਸਪ੍ਰੈੱਸ’ ਦੇਸ਼ ਦੀਆਂ ਪ੍ਰੀਮੀਅਮ ਅਤੇ ਸਭ ਤੋਂ ਤੇਜ਼ ਰਫਤਾਰ ‘ਸੈਮੀ ਹਾਈਸਪੀਡ’ ਰੇਲਗੱਡੀਆਂ ਹਨ। ਪਹਿਲੀ ‘ਵੰਦੇ ਭਾਰਤ’ ਐਕਸਪ੍ਰੈੱਸ 15 ਫਰਵਰੀ, 2019 ਨੂੰ ਨਵੀਂ ਦਿੱਲੀ ਤੋਂ ਵਾਰਾਣਸੀ ਦਰਮਿਆਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਮੇਂ ਦੇਸ਼ ਵਿਚ 10 ਰੂਟਾਂ ’ਤੇ ਲਗਭਗ 1 ਦਰਜਨ ‘ਵੰਦੇ ਭਾਰਤ’ ਰੇਲਗੱਡੀਆਂ ਚੱਲ ਰਹੀਆਂ ਹਨ।
ਹਾਦਸੇ ਤੋਂ ਬਚਾਅ ਪ੍ਰਣਾਲੀ ਨਾਲ ਭਰਪੂਰ ਇਨ੍ਹਾਂ ਰੇਲਗੱਡੀਆਂ ਦੇ ਸਾਰੇ ਕੋਚ ਸਵੈ-ਚਾਲਿਤ ਦਰਵਾਜ਼ਿਆਂ, ਆਡੀਓ ਵਿਜ਼ੁਅਲ ਯਾਤਰੀ ਸੂਚਨਾ ਪ੍ਰਣਾਲੀ, ਮਨੋਰੰਜਨ ਦੇ ਉਦੇਸ਼ ਨਾਲ ਇੰਟਰਨੈੱਟ, ਵਾਈਫਾਈ ਅਤੇ ਆਰਾਮਦਾਇਕ ਸੀਟਾਂ ਤੋਂ ਇਲਾਵਾ ਹੋਰ ਕਈ ਸਹੂਲਤਾਂ ਨਾਲ ਲੈਸ ਹਨ।
ਪਰ ਯਾਤਰਾ ਦਾ ਸਮਾਂ ਬਚਾਉਣ ਵਾਲੀਆਂ ਇਨ੍ਹਾਂ ਰੇਲਗੱਡੀਆਂ ’ਤੇ ਪਤਾ ਨਹੀਂ ਕਿਉਂ ਲਗਾਤਾਰ ਅਣਪਛਾਤੇ ਹਮਲਾਵਰਾਂ ਵਲੋਂ ਪਥਰਾਅ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੇਲ ਪੱਟੜੀਆਂ ਦੇ ਕੰਢੇ ਰਹਿਣ ਵਾਲੇ ਸ਼ਰਾਰਤੀ ਤੱਤ ਇਨ੍ਹਾਂ ’ਤੇ ਪਥਰਾਅ ਕਰ ਕੇ ਭੱਜ ਜਾਂਦੇ ਹਨ।
ਇਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 20 ਜਨਵਰੀ ਨੂੰ ਬਿਹਾਰ ਦੇ ਕਟਿਹਾਰ ਜ਼ਿਲੇ ਵਿਚ ‘ਡਾਲਕੋਲਾ’ ਅਤੇ ‘ਟੈਲਟਾ’ ਰੇਲਵੇ ਸਟੇਸ਼ਨਾਂ ਦਰਮਿਆਨ ਨਿਊ ਜਲਪਾਈਗੁੜੀ-ਹਾਵੜਾ ‘ਵੰਦੇ ਭਾਰਤ’ ਰੇਲ ’ਤੇ ਪਥਰਾਅ ਨਾਲ ਇਕ ਡੱਬੇ ਦੇ ਸ਼ੀਸ਼ੇ ਟੁੱਟੇ।
* 10 ਫਰਵਰੀ ਨੂੰ ਤੇਲੰਗਾਨਾ ਵਿਚ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਦਰਮਿਆਨ ਚੱਲਣ ਵਾਲੀ ‘ਵੰਦੇ ਭਾਰਤ’ ਰੇਲ ’ਤੇ ‘ਮਹਿਬੂਬਾਬਾਦ’ ਅਤੇ ‘ਖੰਮਮ’ ਰੇਲਵੇ ਸਟੇਸ਼ਨਾਂ ਦਰਮਿਆਨ ਪਥਰਾਅ ਨਾਲ 2 ਡੱਬਿਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ।
* 25 ਫਰਵਰੀ ਨੂੰ ਕਰਨਾਟਕ ਦੇ ‘ਕ੍ਰਿਸ਼ਣਰਾਜਪੁਰਮ’ ਅਤੇ ‘ਬੇਂਗਲੁਰੂ’ ਦਰਮਿਆਨ ਮੈਸੂਰ ਤੋਂ ਚੇਨਈ ਜਾਣ ਵਾਲੀ ‘ਵੰਦੇ ਭਾਰਤ’ ਰੇਲ ’ਤੇ ਪਥਰਾਅ ਨਾਲ 2 ਖਿੜਕੀਆਂ ਟੁੱਟ ਗਈਆਂ।
* 11 ਮਾਰਚ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਵਿਚ ‘ਫਰੱਕਾ’ ਨਾਮਕ ਸਥਾਨ ’ਤੇ ਹਾਵੜਾ-ਨਿਊ ਜਲਪਾਈਗੁੜੀ ‘ਵੰਦੇ ਭਾਰਤ’ ਰੇਲ ’ਤੇ ਪਥਰਾਅ ਕਾਰਨ ਇਕ ਡੱਬੇ ਦੀ ਖਿੜਕੀ ਦੇ ਸ਼ੀਸ਼ੇ ਟੁੱਟੇ।
* 29 ਮਾਰਚ ਨੂੰ ਮੈਸੂਰ ਤੋਂ ਚੇਨਈ ਜਾਣ ਵਾਲੀ ‘ਵੰਦੇ ਭਾਰਤ’ ਰੇਲ ’ਤੇ ਪਥਰਾਅ ਕਰ ਕੇ ਉਸ ਦਾ ਇਕ ਸ਼ੀਸ਼ਾ ਤੋੜ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* ਅਤੇ ਹੁਣ 6 ਅਪ੍ਰੈਲ ਨੂੰ ਸਿਕੰਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜਾ ਰਹੀ ‘ਵੰਦੇ ਭਾਰਤ’ ਰੇਲ ’ਤੇ ‘ਖੰਮਮ’ ਅਤੇ ‘ਵਿਜੇਵਾੜਾ’ ਦਰਮਿਆਨ ਪਥਰਾਅ ਕੀਤਾ ਗਿਆ। ਇਸ ਸੈਕਸ਼ਨ ’ਤੇ 3 ਮਹੀਨਿਆਂ ਵਿਚ ਇਸ ਗੱਡੀ ’ਤੇ ਪਥਰਾਅ ਦੀ ਇਹ ਤੀਜੀ ਘਟਨਾ ਹੈ।
ਇਨ੍ਹਾਂ ਤੋਂ ਇਲਾਵਾ ਵੀ ਵੰਦੇ ਭਾਰਤ ਰੇਲਗੱਡੀਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਹਮਲਿਆਂ ਦਾ ਕਾਰਨ ਇਕ ਰਹੱਸ ਹੀ ਬਣਿਆ ਹੋਇਆ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਸਿਆਸੀ ਗੁੱਸਾ ਵੀ ਹੋ ਸਕਦਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਨੁਸਾਰ, ‘‘ਲੋਕ ਇਨ੍ਹਾਂ ਰੇਲਗੱਡੀਆਂ ’ਤੇ ਇਸ ਲਈ ਹਮਲੇ ਕਰ ਰਹੇ ਹਨ ਕਿਉਂਕਿ ਉਹ ਇਨ੍ਹਾਂ ਤੋਂ ਖੁਸ਼ ਨਹੀਂ ਹਨ।’’
ਦੂਜੇ ਪਾਸੇ ਭਾਜਪਾ ਨੇ ਬੰਗਾਲ ਵਿਚ ਇਨ੍ਹਾਂ ’ਤੇ ਪਥਰਾਅ ਦੇ ਪਿੱਛੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਾ ਹੱਥ ਹੋਣ ਦਾ ਦੋਸ਼ ਵੀ ਲਾਇਆ ਹੈ।
ਰੇਲਵੇ ਸੁਰੱਖਿਆ ਫੋਰਸਾਂ ਅਨੁਸਾਰ ਸਾਲ 2022 ਵਿਚ ਰੇਲਗੱਡੀਆਂ ’ਤੇ ਪਥਰਾਅ ਦੀਆਂ 1503 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 488 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਮਿਆਦ ਦੌਰਾਨ ਰੇਲਗੱਡੀਆਂ ਵਿਚ ਧਮਾਕਾਖੇਜ਼ ਸਮੱਗਰੀ ਦੇ ਨਾਲ ਯਾਤਰਾ ਕਰਨ ਵਾਲੇ 100 ਤੋਂ ਵੱਧ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਭਾਰਤੀ ਰੇਲਗੱਡੀਆਂ ਕਿਸ ਕਦਰ ਅਸਮਾਜਿਕ ਤੱਤਾਂ ਦੇ ਨਿਸ਼ਾਨੇ ’ਤੇ ਆਈਆਂ ਹੋਈਆਂ ਹਨ।
ਇਸ ਸੰਬੰਧੀ ਰੇਲਵੇ ਨੇ ਪਥਰਾਅ ਕਰਨ ਵਾਲਿਆਂ ਵਿਰੁੱਧ ਭਾਰਤੀ ਰੇਲਵੇ ਕਾਨੂੰਨ ਦੀ ਧਾਰਾ 153 ਤਹਿਤ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸ ਵਿਚ ਅਜਿਹਾ ਕਰਨ ਵਾਲਿਆਂ ਨੂੰ 5 ਸਾਲ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਕਿਉਂਕਿ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਖੁਦ ਨੂੰ ਹੀ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ, ਇਸ ਲਈ ਇਨ੍ਹਾਂ ਰੇਲਗੱਡੀਆਂ ’ਤੇ ਪਥਰਾਅ ਕਰ ਕੇ ਇਨ੍ਹਾਂ ਨੂੰ ਹਾਨੀ ਪਹੁੰਚਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਿੱਖਿਆਦਾਇਕ ਸਜ਼ਾ ਦੇਣ ਲਈ ਉਕਤ ਕਾਨੂੰਨ ’ਤੇ ਅਮਲ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਗੁੱਸਾ ਛੋਟੇ-ਛੋਟੇ ਵਿਵਾਦਾਂ ਦਾ ਨਿਕਲ ਰਿਹਾ ਭਿਆਨਕ ਨਤੀਜਾ
NEXT STORY