ਅੱਜ ਸਮਾਜ ’ਚ ਅਸਹਿਣਸ਼ੀਲਤਾ ਅਤੇ ਗੁੱਸੇ ’ਚ ਭਾਰੀ ਵਾਧਾ ਹੋ ਰਿਹਾ ਹੈ। ਛੋਟੇ-ਮੋਟੇ ਵਿਵਾਦਾਂ ਨੂੰ ਪ੍ਰੇਮ-ਪਿਆਰ ਨਾਲ ਸੁਲਝਾਉਣ ਦੀ ਬਜਾਏ ਲੋਕ ਆਪਸ ’ਚ ਉਲਝ ਰਹੇ ਹਨ ਅਤੇ ਹਿੰਸਕ ਹੋ ਕੇ ਇਕ-ਦੂਜੇ ’ਤੇ ਹਮਲੇ ਕਰ ਰਹੇ ਹਨ ਜਿਸ ਦਾ ਨਤੀਜਾ ਦੁਖਦਾਈ ਘਟਨਾਵਾਂ ’ਚ ਨਿਕਲ ਰਿਹਾ ਹੈ।
ਇਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 13 ਮਾਰਚ ਨੂੰ ਹਿਮਾਚਲ ਦੇ ਸੋਲਨ ’ਚ ਇਕ ਪਾਰਟੀ ਤੋਂ ਆਪਣੇ ਪਿੰਡ ਪਰਤ ਰਹੇ 5 ਨੌਜਵਾਨਾਂ ਦਾ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਜਿਸ ਦੌਰਾਨ 1 ਨੌਜਵਾਨ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ।
* 28 ਮਾਰਚ ਨੂੰ ਹਰਿਆਣਾ ’ਚ ਗੁਰੂਗ੍ਰਾਮ ਸਥਿਤ ਇਕ ਕੰਪਨੀ ਦੇ 2 ਕਰਮਚਾਰੀਆਂ ਦਰਮਿਆਨ ਕੁਰਸੀ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਅਗਲੇ ਦਿਨ ਜਦੋਂ ਇਨ੍ਹਾਂ ’ਚੋਂ ਇਕ ਨੌਜਵਾਨ ਸੜਕ ’ਤੇ ਜਾ ਰਿਹਾ ਸੀ ਤਾਂ ਦੂਜੇ ਨੇ ਪਿੱਛਿਓਂ ਆ ਕੇ ਪਿਸਤੌਲ ਨਾਲ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 31 ਮਾਰਚ ਨੂੰ ਲੁਧਿਆਣਾ ’ਚ ਹੈਬੋਵਾਲ ਸਿਵਲ ਸਿਟੀ ਇਲਾਕੇ ’ਚ ਫਟੇ ਨੋਟਾਂ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਨੌਜਵਾਨ ਨੇ ਆਪਣੇ ਸਾਥੀ ਨਾਲ ਮਿਲ ਕੇ ਸਬਜ਼ੀ ਵੇਚਣ ਵਾਲੇ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਿਦੱਤੀ ਜਿਸ ਨਾਲ ਸਬਜ਼ੀ ਵੇਚਣ ਵਾਲਾ ਗੰਭੀਰ ਰੂਪ ’ਚ ਝੁਲਸ ਗਿਆ ਤੇ ਇਸ ਸਮੇਂ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
* 3 ਅਪ੍ਰੈਲ ਨੂੰ ਦਿੱਲੀ ਦੇ ਸਿਰਸਪੁਰ ’ਚ ਅੱਧੀ ਰਾਤ ਦੇ ਸਮੇਂ ਤੇਜ਼ ਆਵਾਜ਼ ’ਚ ਸੰਗੀਤ ਵਜਾਉਣ ਦਾ ਵਿਰੋਧ ਕਰਨ ’ਤੇ ਇਕ ਔਰਤ ਨੂੰ ਉਸ ਦੇ ਗੁਆਂਢੀ ਨੇ ਗੋਲੀ ਮਾਰ ਿਦੱਤੀ ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ।
* 3 ਅਪ੍ਰੈਲ ਨੂੰ ਹੀ ਪਟਿਆਲਾ ’ਚ ਇਕ ਨੌਜਵਾਨ ਨੇ ਜਦੋਂ ਆਪਣੇ ਘਰ ਦੇ ਬਾਹਰ ਕਿਸੇ ਨੂੰ ਗਾਲ੍ਹਾਂ ਕੱਢ ਰਹੇ ਵਿਅਕਤੀ ਨੂੰ ਟੋਕਿਆ ਤਾਂ ਉਸ ਨੇ ਆਪਣੇ ਸਾਥੀਆਂ ਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੌਜਵਾਨ ਦੀ ਨੱਕ ਕੱਟਣ ਅਤੇ ਦੋ ਹੋਰ ਮੈਂਬਰਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ ਪਰਿਵਾਰ ਦੀਆਂ ਔਰਤਾਂ ਨੂੰ ਵੀ ਕੁੱਟਿਆ।
* ਅਤੇ ਹੁਣ 5 ਅਪ੍ਰੈਲ ਨੂੰ ਕਰਨਾਟਕ ’ਚ ਮੇਂਗਲੁਰੂ ਦੇ ‘ਗੁੱਟੂਗਰ’ ਪਿੰਡ ’ਚ ਇਕ ਘਰ ਦਾ ਬਣਿਆ ਭੋਜਨ ਪਸੰਦ ਨਾ ਆਉਣ ’ਤੇ ਪਿਓ-ਪੁੱਤ ’ਚ ਝਗੜੇ ਦੌਰਾਨ ਭੜਕੇ ਪਿਤਾ ਨੇ ਆਪਣੇ ਬੇਟੇ ਸ਼ਿਵਰਾਮ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੋਏ ਵਿਵਾਦ ਇੰਨਾ ਗੰਭੀਰ ਰੂਪ ਧਾਰਨ ਕਰ ਗਏ ਇਨ੍ਹਾਂ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ। ਨਿਸ਼ਚੇ ਹੀ ਇਹ ਲੋਕਾਂ ’ਚ ਵਧ ਰਹੇ ਗੁੱਸੇ ਅਤੇ ਅਸਹਿਣਸ਼ੀਲਤਾ ਦਾ ਨਤੀਜਾ ਹੈ ਜਿਸ ਨੂੰ ਸਮਾਜ ਲਈ ਸਹੀ ਨਹੀਂ ਕਿਹਾ ਜਾ ਸਕਦਾ।
-ਵਿਜੇ ਕੁਮਾਰ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਿਰੀਖਣ ਦਾ ਫ਼ੈਸਲਾ ਤਾਂ ਚੰਗਾ ਪਰ ਅਜੇ ਕਾਫੀ ਕੁਝ ਕਰਨਾ ਬਾਕੀ
NEXT STORY