ਇਕ ਪਾਸੇ ਜਿੱਥੇ ਦੇਸ਼ ’ਚ ਅਪਰਾਧ ਵਧ ਰਹੇ ਹਨ, ਉੱਥੇ ਲੋਕਾਂ ’ਚ ਕਾਨੂੰਨ ਹੱਥ ’ਚ ਲੈਣ ਦਾ ਗਲਤ ਰੁਝਾਨ ਬਹੁਤ ਜ਼ਿਆਦਾ ਵਧ ਰਿਹਾ ਹੈ ਜੋ ਪਿਛਲੇ ਸਿਰਫ 8 ਦਿਨਾਂ ’ਚ ਸਾਹਮਣੇ ਆਈਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 22 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਮਿਰਜ਼ਾਪੁਰ ਜ਼ਿਲੇ ਦੇ ‘ਮਡਿਹਾਨ’ ਪਿੰਡ ’ਚ ਇਕ ਨੌਜਵਾਨ ਦੀ ਹੱਤਿਆ ਕਰ ਕੇ ਭੱਜ ਰਹੇ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
* 22 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ’ਚ ਘਰ ਤੋਂ ਭੱਜਣ ਦੀ ਸਜ਼ਾ ਦੇ ਤੌਰ ’ਤੇ ਇਕ ਪ੍ਰੇਮੀ ਜੋੜੇ ਦੇ ਗਲੇ ’ਚ ਟਾਇਰ ਪਾ ਕੇ ਨੱਚਣ ਦੇ ਲਈ ਮਜਬੂਰ ਕਰਨ ਦੇ ਦੋਸ਼ ’ਚ ਪੁਲਸ ਨੇ 5 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।
* 22 ਸਤੰਬਰ ਨੂੰ ਵਾਇਰਲ ਹੋਏ ਇਕ ਵੀਡੀਓ ਦੇ ਅਨੁਸਾਰ ਰਾਜਸਥਾਨ ਦੇ ਕੋਟਾ ’ਚ ਕਿਸੇ ਵਿਵਾਦ ਦੇ ਕਾਰਨ ਇਕ ਨੌਜਵਾਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕੁੱਟਣ ਅਤੇ ਪਿਸ਼ਾਬ ਪਿਆਉਣ ਦੇ ਇਲਾਵਾ ਉਸ ਦਾ ਮੋਬਾਇਲ ਫੋਨ, ਪਛਾਣ ਪੱਤਰ ਅਤੇ ਲਗਭਗ 22,000 ਰੁਪਏ ਦੀ ਨਕਦ ਰਕਮ ਵੀ ਖੋਹ ਲਈ ਗਈ।
* 22 ਸਤੰਬਰ ਨੂੰ ਹੀ ਕਰਨਾਟਕ ਦੇ ਕੋਪਲ ਜ਼ਿਲੇ ਦੇ ਮਿਆਪੁਰਾ ਪਿੰਡ ਦੇ ਮੰਦਰ ’ਚ ਇਕ 4 ਸਾਲਾ ਦਲਿਤ ਬੱਚੇ ਦੇ ਦਾਖਲ ਹੋਣ ’ਤੇ ਪੁਜਾਰੀਆਂ ਨੇ ਮੰਦਰ ਸੈਨੇਟਾਈਜ਼ ਕਰਨ ਦੇ ਲਈ ਪਰਿਵਾਰ ’ਤੇ 25,000 ਰੁਪਏ ਜੁਰਮਾਨਾ ਲਗਾ ਦਿੱਤਾ। ਇਸ ਮਾਮਲੇ ’ਚ ਪੁਲਸ ਨੇ ਪੁਜਾਰੀ ਸਮੇਤ 5 ਲੋਕਾਂ ਦੇ ਵਿਰੁੱਧ ਐੱਸ. ਸੀ./ਐੱਸ. ਟੀ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ।
* 23 ਸਤੰਬਰ ਨੂੰ ਹਰਿਆਣਾ ’ਚ ਕਰਨਾਲ ਦੇ ਸਦਰਪੁਰ ਪਿੰਡ ’ਚ ਰੁੱਖਾਂ ਦੀ ਨਾਜਾਇਜ਼ ਕਟਾਈ ਦੇ ਦੋਸ਼ ’ਚ ਇਕ ਵਿਅਕਤੀ ਨੂੰ ਫੜਨ ਗਈ ਪੁਲਸ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ।
* 25 ਸਤੰਬਰ ਨੂੰ ਝਾਰਖੰਡ ਦੇ ਗੁਮਲਾ ਜ਼ਿਲੇ ਦੇ ਲੂਟੋ ਪਿੰਡ ’ਚ ਲੌਕੀ ਦੀ ਫਸਲ ਖਰਾਬ ਹੋ ਜਾਣ ’ਤੇ ਇਕ ਵਿਅਕਤੀ ਨੇ ਆਪਣੇ ਹੀ ਚਾਚੇ ਦੇ ਪਰਿਵਾਰ ਦੇ 3 ਮੈਂਬਰਾਂ ’ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
* 25 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਹਯਾਤ ਨਗਰ ’ਚ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਉਸ ਸਮੇਂ ਕੁੱਟ ਦਿੱਤਾ ਜਦੋਂ ਉਹ ਪੈਸੇ ਨਾ ਹੋਣ ਦੇ ਕਾਰਨ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ ’ਤੇ ਰੱਖ ਕੇ ਅੰਤਿਮ ਸੰਸਕਾਰ ਕਰਨ ਲਈ ਲਿਜਾ ਰਿਹਾ ਸੀ।
* 26 ਸਤੰਬਰ ਨੂੰ ਪਟਿਆਲਾ ਦੇ ਪਿੰਡ ਸੌਜਾ ’ਚ ਖੇਤਾਂ ’ਚ ਲੱਗੀਆਂ ਮੋਟਰਾਂ ’ਤੇ ਪ੍ਰੀਪੇਡ ਮੀਟਰ ਲਗਾਉਣ ਆਏ ਪਾਵਰਕਾਮ ਦੇ ਐੱਸ. ਡੀ. ਓ. ਸਮੇਤ 4 ਵਿਅਕਤੀਆਂ ਨੂੰ ਪਿੰਡ ਵਾਲਿਆਂ ਨੇ 6 ਘੰਟਿਆਂ ਤੱਕ ਬੰਧਕ ਬਣਾਈ ਰੱਖਿਆ ਅਤੇ ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਗਾਉਣ ’ਤੇ ਹੀ ਉਨ੍ਹਾਂ ਨੂੰ ਛੱਡਿਆ।
* 28 ਸਤੰਬਰ ਨੂੰ ਝਾਰਖੰਡ ਦੇ ਸਾਹਿਬਗੰਜ ਜ਼ਿਲੇ ਦੇ ਸਰਕੰਡਾ ਪਿੰਡ ’ਚ ਇਕ ਪ੍ਰੇਮੀ ਜੋੜੇ ਨੂੰ ਫੜ ਕੇ ਲੋਕਾਂ ਨੇ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਅਤੇ ਮੁਟਿਆਰ ਨੂੰ ਵਾਲਾਂ ਤੋਂ ਖਿੱਚ ਕੇ ਕੁੱਟਿਆ ਤੇ ਘਸੀਟਿਆ।
* 28 ਸਤੰਬਰ ਨੂੰ ਹੀ ਬਿਹਾਰ ’ਚ ਔਰੰਗਾਬਾਦ ਦੇ ਚਪਰਾ ਪਿੰਡ ’ਚ ਬੱਚਿਆਂ ਦੇ ਖੇਡ-ਖੇਡ ’ਚ ਹੋਇਆ ਵਿਵਾਦ ਇੰਨਾ ਵਧ ਗਿਆ ਕਿ ਇਕ ਧਿਰ ਨੇ ਦੂਸਰੀ ਧਿਰ ਦੇ 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 29 ਸਤੰਬਰ ਨੂੰ ਬਿਹਾਰ ’ਚ ਸਾਸਾਰਾਮ ਜ਼ਿਲੇ ਦੇ ਕੰਚਨਪੁਰ ਪਿੰਡ ’ਚ ਲੋਕਾਂ ਨੇ ਪੱਥਰ ਮਾਫੀਆ ’ਤੇ ਛਾਪਾ ਮਾਰਨ ਗਏ ਜੰਗਲਾਤ ਵਿਭਾਗ ਦੇ 3 ਅਧਿਕਾਰੀਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ।
* 29 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ’ਚ ਇਕ ‘ਪ੍ਰੇਮੀ ਜੋੜੇ’ ਦਾ ਮੂੰਹ ਕਾਲਾ ਕਰਕੇ ਅਤੇ ਦੋਵਾਂ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਪੂਰੇ ਪਿੰਡ ’ਚ ਘੁਮਾਉਣ ਦੇ ਦੋਸ਼ ’ਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 30 ਸਤੰਬਰ ਨੂੰ ਹਰਿਦੁਆਰ ’ਚ ਲੁੱਟ ਦੇ ਦੋਸ਼ੀਆਂ ਨੂੰ ਫੜਨ ਗਈ ਹਰਿਆਣਾ ਪੁਲਸ ਦੀ ਟੀਮ ’ਤੇ ਅਪਰਾਧੀ ਗਿਰੋਹ ਦੇ ਮੈਂਬਰਾਂ ਵਲੋਂ ਹਮਲਾ ਕਰ ਦੇਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ।
* 30 ਸਤੰਬਰ ਨੂੰ ਝਾਰਖੰਡ ’ਚ ਦੁਮਕਾ ਸ਼ਹਿਰ ਦੇ ਇਕ ਪਿੰਡ ’ਚ ਪਿੰਡ ਵਾਸੀਆਂ ਨੇ ਨਾਜਾਇਜ਼ ਪ੍ਰੇਮ ਸਬੰਧਾਂ ਦੇ ਸ਼ੱਕ ’ਚ ਇਕ ਮਰਦ ਅਤੇ ਔਰਤ ਨੂੰ ਲਗਭਗ 1 ਕਿਲੋਮੀਟਰ ਨਿਰਵਸਤਰ ਕਰ ਕੇ ਘੁਮਾਇਆ।
* 30 ਸਤੰਬਰ ਨੂੰ ਹੀ ਮੁੰਬਈ ਦੇ ‘ਅੰਧੇਰੀ’ ਇਲਾਕੇ ’ਚ ਇਕ ਟ੍ਰੈਫਿਕ ਕਾਂਸਟੇਬਲ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਉਸ ਨੂੰ ਬੋਨਟ ’ਤੇ ਡੇਗ ਕੇ ਲਗਭਗ 1 ਕਿਲੋਮੀਟਰ ਤੱਕ ਘਸੀਟਿਆ ਅਤੇ ਫਿਰ ਉਸ ਨੂੰ ਸੜਕ ’ਤੇ ਸੁੱਟ ਕੇ ਕਾਰ ਭਜਾ ਕੇ ਲੈ ਗਿਆ।
ਲੋਕਾਂ ਵਲੋਂ ਇਸ ਤਰ੍ਹਾਂ ਕਾਨੂੰਨ ਆਪਣੇ ਹੱਥ ’ਚ ਲੈਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਿਹਾ ਜਾ ਸਕਦਾ।
ਇਸ ਲਈ ਇਸ ਭੈੜੀ ਪ੍ਰਵਿਰਤੀ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਲੋਕ ਖਬਰਦਾਰ ਹੋਣ ਅਤੇ ਉਹ ਕਾਨੂੰਨ ਹੱਥ ’ਚ ਨਾ ਲੈਣ।
-ਵਿਜੇ ਕੁਮਾਰ
ਪਰਗਟ ਸਿੰਘ ਜੀ, ਖੇਡ ਮੰਤਰੀ ਦੀ ਕੁਰਸੀ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ
NEXT STORY