ਭਾਰਤ ਵਿਚ ਸਰਵ ਧਰਮ ਸਮਭਾਵ ਦੀ ਭਾਵਨਾ ਯੁਗਾਂ ਤੋਂ ਚਲੀ ਆ ਰਹੀ ਹੈ। ਇਸੇ ਲੜੀ ’ਚ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਜਿਸ ਦੀ ਨੀਂਹ ਮੁਸਲਿਮ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ।
ਇਸੇ ਤਰ੍ਹਾਂ 9 ਨਵੰਬਰ, 2019 ਨੂੰ ਸੁਪਰੀਮ ਕੋਰਟ ਨੇ ਰਾਮ ਮੰਦਿਰ-ਬਾਬਰੀ ਮਸਜਿਦ ਵਿਵਾਦ ’ਚ ਜਦੋਂ ‘ਰਾਮ ਲੱਲਾ ਬਿਰਾਜਮਾਨ’ ਦੇ ਪੱਖ ਵਿਚ ਫੈਸਲਾ ਸੁਣਾਇਆ ਤਾਂ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਚ ਮੁੱਖ ਧਿਰ ਇਕਬਾਲ ਅੰਸਾਰੀ ਨੇ ਫੈਸਲੇ ’ਤੇ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੁੱਧ ਕੋਈ ਰੀਵਿਊ ਪਟੀਸ਼ਨ ਦਾਖਲ ਨਹੀਂ ਕਰਨਗੇ।
ਭਾਈਚਾਰੇ ਦੀ ਨਵੀਂ ਉਦਾਹਰਣ ਹਾਲ ਹੀ ’ਚ ਪੰਜਾਬ ਦੇ ਬਰਨਾਲਾ ਜ਼ਿਲੇ ਦੇ ਬਖਤਗੜ੍ਹ ਪਿੰਡ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪੇਸ਼ ਕੀਤੀ। ਪਿੰਡ ਦੇ ਮੁਸਲਮਾਨਾਂ ਲਈ ਮਸਜਿਦ ਬਣਾਉਣ ਦੇ ਲਈ ਇਕ ਸਿੱਖ ਅਮਨਦੀਪ ਸਿੰਘ ਨੇ ਸਵਾ 6 ਲੱਖ ਰੁਪਏ ਤੋਂ ਵੱਧ ਮੁੱਲ ਦੀ ਆਪਣੀ 8 ਮਰਲੇ ਜ਼ਮੀਨ ਦੇ ਦਿੱਤੀ।
ਹੁਣ ਮਸਜਿਦ ਦੀ ਉਸਾਰੀ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ’ਤੇ 12 ਲੱਖ ਰੁਪਏ ਤੋਂ ਵੱਧ ਖਰਚ ਆਉਣ ਦਾ ਅੰਦਾਜ਼ਾ ਹੈ। ਇਹ ਖਰਚ ਪਿੰਡ ਦੇ ਹਿੰਦੂ ਅਤੇ ਸਿੱਖ ਰਲ ਕੇ ਚੁੱਕਣਗੇ। ਇਸ ਤੋਂ ਪਹਿਲਾਂ ਵੀ ਪੰਜਾਬ ’ਚ ਸਿੱਖਾਂ ਤੇ ਹਿੰਦੂਆਂ ਨੇ ਰਲ ਕੇ ਆਪਣੇ ਪਿੰਡਾਂ ਦੇ ਮੁਸਲਮਾਨਾਂ ਦੇ ਲਈ ਮਸਜਿਦਾਂ ਬਣਵਾਈਆਂ ਹਨ। ਫਰਵਰੀ, 2018 ’ਚ ਬਰਨਾਲਾ ਜ਼ਿਲੇ ਦੇ ‘ਮੂਮ’ ਪਿੰਡ ’ਚ ਹਿੰਦੂਆਂ ਨੇ ਮਸਜਿਦ ਲਈ 2 ਮਰਲੇ ਜ਼ਮੀਨ ਦਿੱਤੀ ਸੀ ਜਦਕਿ ਦਸੰਬਰ, 2019 ’ਚ ਮੋਗਾ ਜ਼ਿਲੇ ਦੇ ਮਾਛੀਕੇ ਪਿੰਡ ’ਚ ਇਕ ਿਸੱਖ ਪਰਿਵਾਰ ਨੇ ਮਸਜਿਦ ਦੀ ਉਸਾਰੀ ਲਈ ਜ਼ਮੀਨ ਦਿੱਤੀ ਸੀ।
ਭਾਈਚਾਰਕ ਸਾਂਝ ਦੀਆਂ ਇਹ ਮਿਸਾਲਾਂ ਗਵਾਹ ਹਨ ਕਿ ਨਫਰਤਾਂ ਦੀ ਹਨੇਰੀ ’ਚ ਵੀ ਸਾਡੇ ਦੇਸ਼ ’ਚ ਭਾਈਚਾਰੇ ਦੇ ਚਿਰਾਗ ਸਦਾ ਰੌਸ਼ਨ ਸਨ ਤੇ ਰੌਸ਼ਨ ਰਹਿਣਗੇ।
–ਵਿਜੇ ਕੁਮਾਰ
ਭਾਰਤੀ ਹਵਾਈ ਅੱਡਿਆਂ ’ਤੇ ਭੀੜ, ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਵਧਾਈਆਂ ਜਾਣ
NEXT STORY