ਇਨ੍ਹੀਂ ਦਿਨੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਇਲਾਵਾ ਮੁੰਬਈ, ਚੇਨਈ, ਬੇਂਗਲੁਰੂ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਭਾਰੀ ਭੀੜ ਹੋਣ ਦੇ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਬੋਰਡਿੰਗ ਪਾਸ ਲੈਣ ਅਤੇ ਸੁਰੱਖਿਆ ਜਾਂਚ ਲਈ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ। ਸ਼ਿਕਾਇਤਾਂ ਮਿਲਣ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ 12 ਦਸੰਬਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਅਚਾਨਕ ਨਿਰੀਖਣ ਕਰਨ ਦੇ ਬਾਅਦ ਜਹਾਜ਼ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।
ਇਸੇ ਸਿਲਸਿਲੇ ’ਚ 15 ਦਸੰਬਰ ਨੂੰ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਦੇ ਚੋਟੀ ਦੇ ਅਧਿਕਾਰੀਆਂ ਦੀ ਬੈਠਕ ’ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਐਂਟਰੀ ਗੇਟਾਂ ਦੀ ਗਿਣਤੀ 14 ਤੋਂ ਵਧਾ ਕੇ 16 ਕਰਨ ਦੇ ਇਲਾਵਾ ਸਾਰੀਆਂ ਜਹਾਜ਼ ਸੇਵਾਵਾਂ ਨੂੰ ਆਪਣੇ ਚੈੱਕ-ਇਨ ਅਤੇ ਬੈਗੇਜ ਕਾਊਂਟਰਾਂ ’ਤੇ ਲੋੜੀਂਦੀ ਗਿਣਤੀ ’ਚ ਮੁਲਾਜ਼ਮ ਲਗਾਉਣ ਦਾ ਨਿਰਦੇਸ਼ ਦਿੱਤਾ। ਹਵਾਈ ਅੱਡਿਆਂ ’ਤੇ ਭੀੜ ਦੀ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਦੀ ਬਹੁਤ ਲੋੜ ਹੈ ਕਿਉਂਕਿ ਭਾਰਤ ਤੋਂ ਦੂਸਰੇ ਦੇਸ਼ਾਂ ਨੂੰ ਜਾਣ ਵਾਲੇ ਲਗਭਗ 25 ਫੀਸਦੀ ਯਾਤਰੀ ਪੰਜਾਬ ਤੋਂ ਹੁੰਦੇ ਹਨ।
ਇਸ ਲਈ ਸਰਕਾਰ ਨੂੰ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਤੁਰੰਤ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਲਈ ਪ੍ਰਵਾਨਗੀ ਮੁਹੱਈਆ ਕਰਨੀ ਚਾਹੀਦੀ ਹੈ। ਇਸ ਨਾਲ ਜਿਥੇ ਇਲਾਕੇ ਦੇ ਯਾਤਰੀਆਂ ਨੂੰ ਸਹੂਲਤ ਹੋ ਜਾਵੇਗੀ, ਉਥੇ ਦਿੱਲੀ ਦੇ ਹਵਾਈ ਅੱਡੇ ’ਤੇ ਭੀੜ ਦੀ ਸਮੱਸਿਆ ’ਚ ਕੁਝ ਕਮੀ ਆਏਗੀ ਅਤੇ ਇਸ ਨਾਲ ਚੰਡੀਗੜ੍ਹ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਯਾਤਰੀਆਂ ਨੂੰ ਵੀ ਲਾਭ ਹੋਵੇਗਾ। ਇਸ ਦੇ ਇਲਾਵਾ ਪੰਜਾਬ ਦੇ ਬੰਦ ਪਏ ਹਵਾਈ ਅੱਡਿਆਂ ਸਾਹਨੇਵਾਲ (ਲੁਧਿਆਣਾ), ਆਦਮਪੁਰ (ਜਲੰਧਰ), ਪਠਾਨਕੋਟ ਅਤੇ ਬਠਿੰਡਾ ਨੂੰ ਵੀ ਤੁਰੰਤ ਚਾਲੂ ਕਰਨ ਦੀ ਲੋੜ ਹੈ। ਇਸ ਨਾਲ ਯਾਤਰੀਆਂ ਨੂੰ ਆਸਾਨੀ ਹੋਣ ਦੇ ਨਾਲ-ਨਾਲ ਦੂਜੇ ਹਵਾਈ ਅੱਡਿਆਂ ’ਤੇ ਭੀੜ ਵੀ ਘੱਟ ਹੋਵੇਗੀ।
–ਵਿਜੇ ਕੁਮਾਰ
ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਨਾਲ ਸੁਰੱਖਿਆ ਵਿਵਸਥਾ ਨੂੰ ਵਧ ਰਿਹਾ ਖਤਰਾ
NEXT STORY