ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚੰਗੇ ਸਬੰਧ ਹਨ ਅਤੇ ਉਨ੍ਹਾਂ ਨੂੰ ਟਰੰਪ ਤੋਂ ਕਾਫੀ ਆਸਾਂ ਵੀ ਸਨ। ਜਿਥੇ ਭਾਰਤ ਸਰਕਾਰ ਟਰੰਪ ਅਤੇ ਅਮਰੀਕਾ ਨਾਲ ਚੰਗੇ ਸਬੰਧਾਂ ਦੀ ‘ਖੁਸ਼ਫਹਿਮੀ’ ’ਚ ਹੈ ਉਥੇ ਟਰੰਪ ਨੇ ਅਮਰੀਕਾ ’ਚ ਰੋਜ਼ਗਾਰ ਅਾਧਾਰਤ ਐੱਚ-1ਬੀ ਵੀਜ਼ੇ ਦੇ ਇਲਾਵਾ ਐੱਲ-1, ਐੱਚ-4 ਅਤੇ ਹੋਰ ਆਰਜ਼ੀ ਕੰਮਕਾਜੀ ਵੀਜ਼ੇ ਦੀ ਮੁਅੱਤਲੀ 31 ਦਸੰਬਰ ਤਕ ਵਧਾ ਦਿੱਤੀ ਅਤੇ ਇਸੇ ਅਰਸੇ ’ਚ ਗ੍ਰੀਨ ਕਾਰਡ ਜਾਰੀ ਕਰਨ ’ਤੇ ਵੀ ਰੋਕ ਲਗਾ ਕੇ ਭਾਰਤ ਨੂੰ ਝਟਕਾ ਦੇ ਦਿੱਤਾ ਹੈ। ਅਮਰੀਕਾ ’ਚ ਇਸ ਸਮੇਂ ਲਗਭਗ 4 ਲੱਖ ਐੱਚ-1ਬੀ ਅਤੇ ਇਕ ਲੱਖ ਐੱਲ-1 ਵੀਜ਼ਾ ਧਾਰਕ ਹਨ, ਜੋ ਉਥੇ ਚੋਟੀ ਦੀਆਂ ਆਈ.ਟੀ ਅਤੇ ਹੋਰ ਕੰਪਨੀਆਂ ’ਚ ਕੰਮ ਕਰ ਰਹੇ ਹਨ। ਇਸ ਨਾਲ ਜਿਥੇ ਆਈ.ਟੀ. ਕੰਪਨੀਆਂ ਦੀਆਂ ਪ੍ਰਤਿਭਾਵਾਂ ਦੀ ਉਪਲਬਧਤਾ ’ਤੇ ਅਸਰ ਪਵੇਗਾ, ਉਥੇ ਐੱਚ-4 ਵੀਜ਼ਾ ਨਾ ਮਿਲਣ ਨਾਲ ਉਨ੍ਹਾਂ ਔਰਤਾਂ ਦੇ ਅਮਰੀਕਾ ਜਾਣ ’ਚ ਅੜਿੱਕਾ ਪਵੇਗਾ, ਜਿਨ੍ਹਾਂ ਦੇ ਪਤੀ ਅਮਰੀਕਾ ’ਚ ਐੱਚ-1 ਬੀ ਵੀਜ਼ਾ ’ਤੇ ਕੰਮ ਕਰ ਰਹੇ ਹਨ। ਸਰਕਾਰੀ ਸੂਤਰਾਂ ਅਨੁਸਾਰ ਟਰੰਪ ਨੇ ਇਹ ਰੋਕ ਚੋਣਾਂ ਦੇ ਇਸ ਮਹੱਤਵਪੂਰਨ ਸਾਲ ’ਚ ਅਮਰੀਕੀਆਂ ਲਈ ਨੌਕਰੀਆਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ’ਚ 5.25 ਲੱਖ ਨੌਕਰੀਆਂ ਪੈਦਾ ਹੋਣਗੀਆਂ ਅਤੇ ਇਹ ਫੈਸਲਾ ਸਥਾਨਕ ਲੋਕਾਂ ਲਈ ਨਵੇਂ ਰੋਜ਼ਗਾਰ ਪੈਦਾ ਕਰੇਗਾ ਪਰ ਖੁਦ ਅਮਰੀਕੀ ਕੰਪਨੀਆਂ ਹੀ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ।
* ‘ਗੂਗਲ’ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਹੈ ਕਿ ਉਹ ਇਮੀਗ੍ਰਾਂਟਸ ਦੇ ਨਾਲ ਹਨ ਅਤੇ ਸਾਰਿਆਂ ਲਈ ਮੌਕੇ ਪੈਦਾ ਕਰਨ ਲਈ ਕੰਮ ਕਰਨਗੇ।
* ਮਾਈਕ੍ਰੋਸਾਫਟ ਦੇ ਮੁਖੀ ਬ੍ਰੈਡ ਸਮਿਥ ਅਨੁਸਾਰ, ‘‘ਟਰੰਪ ਦੇ ਫੈਸਲੇ ਦਾ ਇਹ ਖਰਾਬ ਸਮਾਂ ਹੈ ਕਿਉਂਕਿ ਸੰਕਟ ਦੇ ਇਸ ਸਮੇਂ ’ਚ ਪ੍ਰਵਾਸੀ ਅਮਰੀਕਾ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।’’
* ਟੇਸਲਾ ਦੇ ਸੀ.ਈ.ਓ. ਐਲੇਨ ਮਸਕ ਦਾ ਕਹਿਣਾ ਹੈ ਕਿ, ‘‘ਇਹ ਸਮਾਂ ਸਾਡੇ ਦੇਸ਼ ਨੂੰ ਵਿਸ਼ਵ ਪੱਧਰੀ ਪ੍ਰਤਿਭਾ ਤੋਂ ਦੂਰ ਰੱਖਣ ਦਾ ਨਹੀਂ ਹੈ।’’
* ਟਵਿਟਰ ਦੀ ਵਾਈਸ ਪ੍ਰੈਜ਼ੀਡੈਂਟ ਜੈਸਿਕਾ ਹਰੇਰਾ ਅਨੁਸਾਰ, ‘‘ ਅਮਰੀਕਾ ਵਲੋਂ ਵਿਸ਼ਵ ਦੀਆਂ ਉੱਚ ਟਰੇਂਡ ਪ੍ਰਤਿਭਾਵਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਦਾ ਇਕਪਾਸੜ ਫੈਸਲਾ ਸੌੜੀ ਸੋਚ ਵਾਲਾ ਅਤੇ ਅਮਰੀਕਾ ਦੀ ਅਰਥਵਿਵਸਥਾ ਲਈ ਖਤਰਨਾਕ ਹੈ।’’
* ਫੇਸਬੁੱਕ ਦੇ ਬੁਲਾਰੇ ਦਾ ਮੰਨਣਾ ਹੈ ਕਿ, ‘‘ਟਰੰਪ ਦੇ ਐਲਾਨ ਨਾਲ ਉੱਚ ਟਰੇਂਡ ਪ੍ਰਤਿਭਾਵਾਂ ਅਮਰੀਕਾ ਨਹੀਂ ਆ ਸਕਣਗੀਆਂ, ਜਿਸ ਨਾਲ ਆਰਥਕ ਸੁਧਾਰਾਂ ’ਚ ਮੁਸ਼ਕਲਾਂ ਆਉਣਗੀਆਂ।’’
* ਅਜਿਹੇ ਸਮੇਂ ’ਚ ਜਦਕਿ ਭਾਰਤ ਅਤੇ ਅਮਰੀਕਾ ਦੀ ਦੋਸਤੀ ਦਾ ਡੰਕਾ ਸਾਰੀ ਦੁਨੀਆ ’ਚ ਵੱਜ ਰਿਹਾ ਹੈ, ਟਰੰਪ ਵਲੋਂ ਆਪਣੇ ਚੋਣਾਂ ਦੇ ਨਫੇ-ਨੁਕਸਾਨ ਨੂੰ ਦੇਖਦੇ ਹੋਏ ਐੱਚ-1ਬੀ ਅਤੇ ਹੋਰ ਵੀਜ਼ਾ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਕੇ ਭਾਰਤੀ ਪ੍ਰਤਿਭਾਵਾਂ ਦਾ ਅਮਰੀਕਾ ’ਚ ਦਾਖਲਾ ਰੋਕਣਾ ਯਕੀਨਨ ਹੀ ਮੰਦਭਾਗਾ ਹੈ, ਜਿਸ ਨਾਲ ਉਨ੍ਹਾਂ ਨੂੰ ਚੋਣਾਂ ’ਚ ਲਾਭ ਸ਼ਾਇਦ ਹੀ ਮਿਲੇ ਪਰ ਇਸ ਨਾਲ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਦੀ ਨਾਰਾਜ਼ਗੀ ਦੇ ਕਾਰਨ ਨੁਕਸਾਨ ਜ਼ਰੂਰ ਹੋ ਸਕਦਾ ਹੈ।
- ਵਿਜੇ ਕੁਮਾਰ
25 ਮਾਰਚ ਦੇ ਗੁਰਦੁਆਰਾ ‘ਕਤਲੇਆਮ ਕਾਂਡ ਤੋਂ ਬਾਅਦ’ ਅਫਗਾਨਿਸਤਾਨ ’ਚ ‘ਇਕ ਸਿੱਖ ਨੂੰ ਕੀਤਾ ਅਗਵਾ’
NEXT STORY