ਦੇਸ਼ ’ਚ ਸੱਤਾਧਾਰੀ ਭਾਜਪਾ ਦੇ ਮੁਕਾਬਲੇ ਲਈ ਵਿਰੋਧੀ ਪਾਰਟੀਆਂ ਦਰਮਿਆਨ ਏਕਤਾ ਦੇ ਯਤਨਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਜਿਸ ’ਚ ਕਦੇ-ਕਦੇ ਉਮੀਦ ਦੀ ਕੋਈ ਕਿਰਨ ਦਿਖਾਈ ਤਾਂ ਦਿੰਦੀ ਹੈ ਪਰ ਵਧੇਰੇ ਕਰ ਕੇ ਜਲਦੀ ਹੀ ਧੁੰਦਲੀ ਹੋ ਜਾਂਦੀ ਹੈ।
ਹੁਣ ਜਦਕਿ ਲੋਕ ਸਭਾ ਚੋਣਾਂ ’ਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਵਿਰੋਧੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਸੱਤਾ ’ਚ ਆਉਣ ਤੋਂ ਰੋਕਣ ਲਈ ਇਕ ਵਾਰ ਫਿਰ ਏਕਤਾ ਦੇ ਯਤਨ ਸ਼ੁਰੂ ਕੀਤੇ ਹਨ।
ਜਿੱਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਕਾਂਗਰਸ ਤੋਂ ਬਿਨਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਚਾਹੁੰਦੇ ਹਨ ਉੱਥੇ ਹੀ ਕੁਝ ਸਮੇਂ ਤੋਂ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕਾਂਗਰਸ ਨੂੰ ਨਾਲ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਦਰਮਿਆਨ ਏਕਤਾ ਦੇ ਯਤਨ ਸ਼ੁਰੂ ਕਰ ਰੱਖੇ ਹਨ।
ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਜਨਤਾ ਦਲ (ਯੂ) ਦੇ ਪ੍ਰਧਾਨ ਰਾਜੀਵ ਰੰਜਨ ਸਿੰਘ ਅਤੇ ਕਈ ਸੀਨੀਅਰ ਨੇਤਾਵਾਂ ਦੇ ਨਾਲ ਆਪਣੇ ਤਾਜ਼ਾ ਦਿੱਲੀ ਦੌਰੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਰਾਹੁਲ ਗਾਂਧੀ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਨਾਲ ਮੁਲਾਕਾਤ ਕਰ ਕੇ ਵਿਰੋਧੀ ਪਾਰਟੀਆਂ ਦਰਮਿਆਨ ਜੰਮੀ ਬਰਫ ਪਿਘਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ਮੁਲਾਕਾਤਾਂ ’ਚ ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਮੁਕਾਬਲੇ ਲਈ ਵੱਧ ਤੋਂ ਵੱਧ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਅਤੇ ਦੇਸ਼ ਲਈ ‘ਵਿਰੋਧੀ ਧਿਰ ਦਾ ਨਜ਼ਰੀਆ’ ਸਾਹਮਣੇ ਰੱਖਣ ਦਾ ਫ਼ੈਸਲਾ ਲਿਆ ਹੈ।
ਨਿਤੀਸ਼ ਕੁਮਾਰ ਨੇ ਕਿਹਾ ਕਿ ਇੱਥੇ ਆਖਰੀ ਰੂਪ ਨਾਲ ਗੱਲਬਾਤ ਹੋ ਗਈ ਹੈ ਅਤੇ ਇਸੇ ਦੇ ਆਧਾਰ ’ਤੇ ਭਵਿੱਖ ’ਚ ਵੱਧ ਤੋਂ ਵੱਧ ਪਾਰਟੀਆਂ ਨੂੰ ਨਾਲ ਲਿਆਉਣਾ ਹੈ।
ਮਲਿਕਾਰਜੁਨ ਖੜਗੇ ਨੇ ਇਸ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ 2024 ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵਿਰੁੱਧ ਲੜਨਾ ਸਮੇਂ ਦੀ ਮੰਗ ਹੈ।
ਜ਼ਿਕਰਯੋਗ ਹੈ ਕਿ ਲਗਭਗ 6 ਮਹੀਨੇ ਪਹਿਲਾਂ ਵੀ ਨਿਤੀਸ਼ ਕੁਮਾਰ ਇਸੇ ਸਿਲਸਿਲੇ ’ਚ ਦਿੱਲੀ ਆ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਡੀ. ਰਾਜਾ ਅਤੇ ਸੀਤਾਰਾਮ ਯੇਚੁਰੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲੇ ਸਨ।
ਉਦੋਂ ਸੋਨੀਆ ਅਤੇ ਰਾਹੁਲ ਗਾਂਧੀ ਨੇ ਇਸ ’ਚ ਕੋਈ ਦਿਲਚਸਪੀ ਨਹੀਂ ਲਈ ਸੀ ਪਰ ਹੁਣ ਰਾਹੁਲ ਨੂੰ ‘ਮੋਦੀ ਚੋਰ’ ਵਾਲੇ ਮਾਮਲੇ ’ਚ 2 ਸਾਲ ਦੀ ਸਜ਼ਾ ਅਤੇ ਸੰਸਦ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕਾਂਗਰਸ ਦੇ ਤੇਵਰ ਕੁਝ ਨਰਮ ਹੋਏ ਹਨ।
ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਏਕਤਾ ਦੇ ਯਤਨਾਂ ਦਰਮਿਆਨ ‘ਰਾਕਾਂਪਾ ਸੁਪਰੀਮੋ’ ਸ਼ਰਦ ਪਵਾਰ ਨੇ ਵੀ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਅਤੇ ਕਿਹਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਕਾਂਗਰਸ ਤੋਂ ਬਿਨਾਂ ਵਿਰੋਧੀ ਧਿਰ ਦੀ ਏਕਤਾ ਸੰਭਵ ਨਹੀਂ ਹੈ। ਕੁਝ ਸਮਾਂ ਪਹਿਲਾਂ ਕਾਂਗਰਸ ਨਾਲੋਂ ਨਾਤਾ ਤੋੜਨ ਵਾਲੇ ਕਪਿਲ ਸਿੱਬਲ ਦਾ ਵੀ ਕਹਿਣਾ ਹੈ ਕਿ ਵਿਰੋਧੀ ਧਿਰ ਦੀ ਏਕਤਾ ਲਈ ਕਾਂਗਰਸ ਨੂੰ ਕੇਂਦਰ ’ਚ ਰੱਖਣਾ ਜ਼ਰੂਰੀ ਹੈ।
ਇਸ ਸਮੇਂ ਜਿੱਥੇ ਮੁੱਖ ਧਾਰਾ ਦੀਆਂ ਪਾਰਟੀਆਂ ’ਚੋਂ ਨਿਕਲ ਕੇ ਬਣੀਆਂ ਹੋਈਆਂ ਛੋਟੀਆਂ-ਛੋਟੀਆਂ ਖੇਤਰੀ ਪਾਰਟੀਆਂ ਵਿਚਾਰਕ ਮਤਭੇਦਾਂ ਕਾਰਨ ਆਪਸ ’ਚ ਲੜਦੀਆਂ-ਝਗੜਦੀਆਂ ਰਹਿਣ ਕਾਰਨ ਵਿਧਾਨ ਸਭਾਵਾਂ ਅਤੇ ਸੰਸਦ ’ਚ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਰੱਖ ਪਾ ਰਹੀਆਂ ਹਨ, ਉੱਥੇ ਹੀ ਜਨ ਆਧਾਰ ਸਿਮਟਣ ਕਾਰਨ ਉਹ ਆਪਣੀ ਮਾਨਤਾ ਵੀ ਗਵਾ ਰਹੀਆਂ ਹਨ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਵਿਰੋਧੀ ਪਾਰਟੀਆਂ ’ਚ ਏਕਤਾ ਦੀ ਕੋਸ਼ਿਸ਼ ’ਚ ਲੱਗੇ ਕੁਝ ਵੱਡੇ ਨੇਤਾਵਾਂ ਨੇ ਕਿਹਾ ਵੀ ਹੈ ਕਿ ਵਿਰੋਧੀ ਪਾਰਟੀਆਂ ਦਾ ਗਠਜੋੜ ਹੋਂਦ ’ਚ ਆਉਣ ’ਤੇ ਉਨ੍ਹਾਂ ਦੀ ਸਰਵਉੱਚ ਨੇਤਾ ਬਣਨ ਦੀ ਇੱਛਾ ਵੀ ਨਹੀਂ ਹੈ।
ਇਸੇ ’ਤੇ ਅੱਗੇ ਵਧਦੇ ਹੋਏ ਜੇਕਰ ਵਿਰੋਧੀ ਪਾਰਟੀਆਂ ਇਕ ਮਜ਼ਬੂਤ ਗਠਜੋੜ ਬਣਾ ਲੈਂਦੀਆਂ ਹਨ ਤਾਂ ਦੇਸ਼ ’ਚ ‘ਚੈੱਕ ਐਂਡ ਬੈਲੇਂਸ’ ਦੇ ਨਿਯਮ ’ਤੇ ਲੋਕਤੰਤਰ ਆਧਾਰਿਤ ਸਿਆਸੀ ਸ਼ੈਲੀ ਪੈਦਾ ਹੋਵੇਗੀ। ਇਸ ਨਾਲ ਮਜ਼ਬੂਤ ਵਿਰੋਧੀ ਧਿਰ ਸੱਤਾਧਾਰੀ ਪਾਰਟੀ ਨੂੰ ਕੰਟਰੋਲ ’ਚ ਰੱਖਣ ’ਚ ਸਫਲ ਹੋਵੇਗੀ।
ਆਜ਼ਾਦੀ ਦੇ 75 ਸਾਲਾਂ ਦੌਰਾਨ ਦੇਸ਼ ਨੇ ਵੱਖ-ਵੱਖ ਵਿਚਾਰਧਾਰਾ ਦੀਆਂ ਸਿਆਸੀ ਪਾਰਟੀਆਂ ਦਾ ਸ਼ਾਸਨ ਦੇਖਿਆ ਹੈ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਨੇ ਦੇਸ਼ ਦੇ ਵਿਕਾਸ ’ਚ ਯੋਗਦਾਨ ਦਿੱਤਾ ਜਿਸ ਦੇ ਨਤੀਜੇ ਵਜੋਂ ਦੇਸ਼ ’ਚ ਵਧੀਆ ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦਾ ਨਿਰਮਾਣ ਹੋਇਆ ਹੈ। ਲੋਕਾਂ ਦਾ ਜੀਵਨ ਪੱਧਰ ਸੁਧਰ ਰਿਹਾ ਹੈ।
ਦੇਸ਼ ’ਚ ਬੱਸ, ਰੇਲ ਅਤੇ ਹਵਾਈ ਸੇਵਾਵਾਂ ਦਾ ਵਿਸਤਾਰ ਹੋ ਰਿਹਾ ਹੈ। ਨਵੀਆਂ ਆਧੁਨਿਕ ਤੇਜ਼ ਰਫਤਾਰ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਸੀਂ ਪੁਲਾੜ ਖੋਜ ਦੇ ਖੇਤਰ ’ਚ ਵਿਸ਼ਵ ’ਚ ਆਪਣਾ ਇਕ ਵਿਸ਼ੇਸ਼ ਸਥਾਨ ਬਣਾਇਆ ਹੈ।
ਦੇਸ਼ ਵਾਸੀਆਂ ਦੀ ਮਿਹਨਤ, ਹਿੰਮਤ ਅਤੇ ਸਹਿਯੋਗ ਦਾ ਵੀ ਦੇਸ਼ ਨੂੰ ਅੱਗੇ ਵਧਾਉਣ ’ਚ ਯੋਗਦਾਨ ਹੈ। ਇਸ ਲਈ ਖਿਲਰੀਆਂ ਹੋਈਆਂ ਵਿਰੋਧੀ ਪਾਰਟੀਆਂ ਦੀ ਏਕਤਾ ਨਾਲ ਦੇਸ਼ ਦੀ ਸਿਆਸਤ ’ਚ ਨਵੀਂ ਊਰਜਾ ਦਾ ਸੰਚਾਰ ਹੋਣ ਨਾਲ ਤਰੱਕੀ ਅਤੇ ਵਿਕਾਸ ਨੂੰ ਹੋਰ ਤਾਕਤ ਮਿਲੇਗੀ, ਇਸ ਲਈ ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ।
-ਵਿਜੇ ਕੁਮਾਰ
ਧਾਰਮਿਕ ਸਥਾਨਾਂ ’ਤੇ ਪੁਰਾਣੇ ਹੋ ਗਏ ਨਿਰਮਾਣਾਂ ਕਾਰਨ ਹਾਦਸਿਆਂ ’ਚ ‘ਸ਼ਰਧਾਲੂਆਂ ਦੀਆਂ ਦੁਖਦਾਈ ਮੌਤਾਂ’
NEXT STORY