ਆਪਣੀ ਧੀ ਨੂੰ ਸੁਖਾਵਾਂ ਭਵਿੱਖ ਦੇਣ ਲਈ ਜ਼ਿਆਦਾਤਰ ਮਾਂ-ਪਿਓ ਉਨ੍ਹਾਂ ਦਾ ਵਿਆਹ ਵਿਦੇਸ਼ਾਂ ’ਚ ਰਹਿਣ ਵਾਲੇ ਨੌਜਵਾਨਾਂ ਨਾਲ ਕਰਨਾ ਚਾਹੁੰਦੇ ਹਨ ਪਰ ਕਈ ਮਾਮਲਿਅਾਂ ’ਚ ਵਿਦੇਸ਼ ’ਚ ਵਿਆਹ ਕੇ ਧੀ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਮਾਂ-ਪਿਓ ਦਾ ਸੁਪਨਾ ਚੂਰ-ਚੂਰ ਹੋ ਜਾਂਦਾ ਹੈ।
ਕੁਝ ਸਾਲਾਂ ਤੋਂ ਐੱਨ. ਆਰ. ਆਈ. ਭਾਰਤੀ ਲਾੜਿਅਾਂ ਵਲੋਂ ਪਤਨੀਅਾਂ ਨਾਲ ਧੋਖਾ ਕਰਨ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਹਨ ਅਤੇ ਐੱਨ. ਆਰ. ਆਈ. ਲਾੜਿਅਾਂ ਵਲੋਂ ਵਿਸ਼ਵਾਸਘਾਤ ਕਾਰਨ ਉਨ੍ਹਾਂ ਨਾਲ ਵਿਆਹ ਕਰਵਾਉਣ ਵਾਲੀਅਾਂ ਭਾਰਤੀ ਔਰਤਾਂ ਦੀਅਾਂ ਪ੍ਰੇਸ਼ਾਨੀਅਾਂ ਲਗਾਤਾਰ ਵਧਦੀਅਾਂ ਜਾ ਰਹੀਅਾਂ ਹਨ।
ਹਰ 8 ਘੰਟਿਅਾਂ ’ਚ ਘੱਟੋ-ਘੱਟ ਇਕ ਔਰਤ ਐੱਨ. ਆਰ. ਆਈ. ਪਤੀ ਦੇ ਅੱਤਿਆਚਾਰ ਸਹਿਣ ’ਚ ਅਸਮਰੱਥ ਹੋਣ ਕਾਰਨ ਭਾਰਤ ’ਚ ਰਹਿ ਰਹੇ ਆਪਣੇ ਮਾਂ-ਪਿਓ ਨਾਲ ਸੰਪਰਕ ਕਰ ਕੇ ਉਸ ਨੂੰ ਵਾਪਸ ਬੁਲਾ ਲੈਣ ਲਈ ਕਹਿੰਦੀ ਹੈ। ਵਿਆਹ ਕਰ ਕੇ ਲਾੜੀਅਾਂ ਨੂੰ ਆਪਣੇ ਨਾਲ ਵਿਦੇਸ਼ ਨਾ ਲਿਜਾਣ ਅਤੇ ਜੇ ਵਿਦੇਸ਼ ਲੈ ਵੀ ਗਏ ਤਾਂ ਉਥੇ ਉਨ੍ਹਾਂ ਤੋਂ ਨੌਕਰਾਣੀ ਵਰਗਾ ਕੰਮ ਕਰਵਾਉਣ ਦੀਅਾਂ ਸ਼ਿਕਾਇਤਾਂ ਹੁਣ ਆਮ ਹੁੰਦੀਅਾਂ ਜਾ ਰਹੀਅਾਂ ਹਨ।
ਕਈ ਮਾਮਲਿਅਾਂ ’ਚ ਵਿਆਹ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਐੱਨ. ਆਰ. ਆਈ. ਲਾੜਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਨਵੀਂ ਲੜੀ ਨੂੰ ਪਹਿਲੇ ਵਿਆਹ ਤੋਂ ਹੋਏ ਉਸ ਦੇ ਬੱਚਿਅਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ।
ਕਈ ਮਾਮਲਿਅਾਂ ’ਚ ਐੱਨ. ਆਰ. ਆਈ. ਲੜਕੇ ਵਿਆਹ ਕਰਨ ਤੋਂ ਬਾਅਦ ਪਤਨੀ ਨਾਲ 2-3 ਮਹੀਨੇ ਬਿਤਾ ਕੇ ਉਸ ਨੂੰ ਨਾਲ ਲਏ ਬਿਨਾਂ ਹੀ ਵਿਦੇਸ਼ ਚਲੇ ਜਾਂਦੇ ਹਨ ਤੇ ਉਸ ਨੂੰ ਆਪਣੇ ਕੋਲ ਬੁਲਾਉਂਦੇ ਹੀ ਨਹੀਂ। ਪੁੱਛਣ ’ਤੇ ਕਦੇ ਵੀਜ਼ਾ ਲੱਗਣ ’ਚ ਮੁਸ਼ਕਿਲ ਦੱਸਦੇ ਹਨ ਤਾਂ ਕਦੇ ਕੋਈ ਹੋਰ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦੇ ਹਨ।
ਕੌਮੀ ਮਹਿਲਾ ਕਮਿਸ਼ਨ ਦੇ ਐੱਨ. ਆਰ. ਆਈ. ਸੈੱਲ ’ਚ ਵਿਆਹ ਅਤੇ ਅਜਿਹੀਅਾਂ ਹੀ ਹੋਰ ਸਬੰਧਤ ਸਮੱਸਿਆਵਾਂ ਬਾਰੇ ਮਿਲਣ ਵਾਲੀਅਾਂ ਸ਼ਿਕਾਇਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਜਿੱਥੇ ਇਸ ਬਾਰੇ 2015 ’ਚ ਦੇਸ਼ ਭਰ ਤੋਂ 422 ਲਾੜੀਅਾਂ ਨੇ ਸ਼ਿਕਾਇਤ ਕੀਤੀ ਸੀ, ਉਥੇ ਹੀ 2016 ’ਚ ਇਹ ਗਿਣਤੀ ਵਧ ਕੇ 468 ਤੇ 2017 ’ਚ 528 ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਇੰਗਲੈਂਡ ’ਚ ਰਹਿਣ ਵਾਲੇ ਐੱਨ. ਆਰ. ਆਈ. ਲੜਕਿਅਾਂ ਨੇ ਆਪਣੀਅਾਂ ਭਾਰਤੀ ਲਾੜੀਅਾਂ ਨਾਲ ਸਭ ਤੋਂ ਵੱਧ ਧੋਖਾ ਕੀਤਾ ਹੈ।
ਇਸੇ ਨੂੰ ਦੇਖਦਿਅਾਂ ਹੁਣ ਚੰਡੀਗੜ੍ਹ ’ਚ ਸਥਿਤ ਖੇਤਰੀ ਪਾਸਪੋਰਟ ਦਫਤਰ (ਆਰ. ਪੀ. ਓ.) ਨੇ ਇਸ ਸਾਲ ਮਈ ਤੋਂ ਪਤਨੀਅਾਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲਾੜਿਅਾਂ ਨੂੰ ਭਾਰਤ ਆਉਣ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੇ ਪਾਸਪੋਰਟ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਸਾਰੇ ਵੀਜ਼ੇ ਆਦਿ ਆਪਣੇ ਆਪ ਹੀ ਰੱਦ ਹੋ ਜਾਣਗੇ।
ਪੀੜਤ ਔਰਤਾਂ ਇਸ ਬਾਰੇ ਚੰਡੀਗੜ੍ਹ ਦਫਤਰ ’ਚ ਸ਼ਿਕਾਇਤ ਕਰ ਸਕਦੀਅਾਂ ਹਨ। ਪੰਜਾਬ, ਚੰਡੀਗੜ੍ਹ, ਹਿਮਾਚਲ ਅਤੇ ਹਰਿਆਣਾ ’ਚ ਅਜਿਹੇ ਐੱਨ. ਆਰ. ਆਈ. ਲਾੜਿਅਾਂ ਦੀ ਗਿਣਤੀ 13000 ਤੋਂ ਜ਼ਿਆਦਾ ਹੈ।
4 ਮਹੀਨਿਅਾਂ ਦੌਰਾਨ ਚੰਡੀਗੜ੍ਹ ਆਰ. ਪੀ. ਓ. ਨੇ ਪੰਜਾਬ ਤੇ ਹਰਿਆਣਾ ਦੇ ਆਪਣੀਅਾਂ ਪਤਨੀਅਾਂ ਨੂੰ ਛੱਡ ਕੇ ਜਾਣ ਵਾਲੇ ਅਜਿਹੇ 60 ਐੱਨ. ਆਰ. ਆਈ. ਭਾਰਤੀਅਾਂ ਦੇ ਪਾਸਪੋਰਟ ਰੱਦ ਕੀਤੇ ਹਨ, ਜਦਕਿ 250 ਹੋਰ ਮਾਮਲਿਅਾਂ ’ਚ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਸਬੰਧਤ ਵਿਅਕਤੀ ਦਾ ਪਾਸਪੋਰਟ ਰੱਦ ਕਰਨ ਤੋਂ ਪਹਿਲਾਂ ਰੀਜਨਲ ਪਾਸਪੋਰਟ ਅਥਾਰਿਟੀ ਉਸ ਨੂੰ ‘ਕਾਰਨ ਦੱਸੋ’ ਨੋਟਿਸ ਭੇਜਦੀ ਹੈ। ਰੱਦ ਹੋਣ ਨਾਲ ਪਾਸਪੋਰਟ ’ਚ ਦਿੱਤੇ ਸਾਰੇ ਜਾਇਜ਼ ਵੀਜ਼ੇ ਵੀ ਰੱਦ ਹੋ ਜਾਂਦੇ ਹਨ, ਜਿਸ ਨਾਲ ਪਾਸਪੋਰਟਧਾਰਕ ਦਾ ਸਬੰਧਤ ਦੇਸ਼ ’ਚ ਰਹਿਣਾ ਨਾਜਾਇਜ਼ ਹੋ ਜਾਂਦਾ ਹੈ।
ਲਾੜਿਅਾਂ ਨੂੰ ਵਾਪਸ ਬੁਲਾਉਣ ਲਈ ਪਾਸਪੋਰਟ ਦਫਤਰ ਸਬੰਧਤ ਦੇਸ਼ਾਂ ਦੇ ਅਧਿਕਾਰੀਅਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੇ ਸਟੇਟਸ ਬਾਰੇ ਸੂਚਿਤ ਕਰ ਦਿੰਦਾ ਹੈ ਅਤੇ ਜੇ ਸਬੰਧਤ ਵਿਅਕਤੀ ਭਾਰਤ ’ਚ ਹੈ ਤਾਂ ਉਹ ਵਿਦੇਸ਼ ਨਹੀਂ ਜਾ ਸਕਦਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਐੱਨ. ਆਰ. ਆਈ. ਲਾੜਿਅਾਂ ਵਲੋਂ ਭਾਰਤੀ ਲੜਕੀਅਾਂ ਨਾਲ ਵਿਆਹ ਤੋਂ ਪਹਿਲਾਂ ਵਿਦੇਸ਼ਾਂ ’ਚ ਸਥਿਤ ਸਬੰਧਤ ਦੂਤਘਰਾਂ ਤੋਂ ਮਨਜ਼ੂਰੀ ਲੈਣ ਨੂੰ ਜ਼ਰੂਰੀ ਬਣਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਲਾੜਿਅਾਂ ਦਾ ਵਿਆਹ ਰਜਿਸਟਰਡ ਕਰਨ ਲਈ ਭਾਰਤੀ ਅੰਬੈਸੀ ਅਤੇ ਲਾੜਿਅਾਂ ਦੇ ਮਾਲਕ ਵਲੋਂ (ਜਿੱਥੇ ਉਹ ਕੰਮ ਕਰਦੇ ਹਨ) ਜਾਣਕਾਰੀ ਦੀ ਚਿੱਠੀ ਆਉਣੀ ਜ਼ਰੂਰੀ ਹੋਣੀ ਚਾਹੀਦੀ ਹੈ, ਤਾਂ ਕਿ ਕੋਈ ਐੱਨ. ਆਰ. ਆਈ. ਲਾੜਾ ਕਿਸੇ ਭਾਰਤੀ ਲੜਕੀ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ।
ਪਤਨੀਅਾਂ ਨੂੰ ਧੋਖਾ ਦੇ ਕੇ ਵਿਦੇਸ਼ ਖਿਸਕ ਜਾਣ ਵਾਲਿਅਾਂ ਦੇ ਪਾਸਪੋਰਟ ਰੱਦ ਕਰ ਕੇ ਉਨ੍ਹਾਂ ਨੂੰ ਵਾਪਸ ਬੁਲਾਉਣਾ ਇਕ ਚੰਗਾ ਫੈਸਲਾ ਹੈ। ਇਸ ਨੂੰ ਦੇਸ਼ ਭਰ ’ਚ ਤੁਰੰਤ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਧੀਅਾਂ ਨੂੰ ਸੁਖਾਵਾਂ ਭਵਿੱਖ ਦੇਣ ਦੇ ਨਾਂ ’ਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾ ਸਕੇ ਅਤੇ ਦੋਸ਼ੀਅਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। –ਵਿਜੇ ਕੁਮਾਰ
ਇਸ ਦੇ ਮੈਂਬਰ ਇਸ ਤੋਂ ਕਿਉਂ ਮੂੰਹ ਮੋੜ ਰਹੇ ਹਨ ਭਾਜਪਾ ਧਿਆਨ ਦੇਵੇ
NEXT STORY