ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਅਤੇ ਉਸ ਦੀਅਾਂ ਸਹਿਯੋਗੀ ਪਾਰਟੀਅਾਂ ਦਾ ਬੇਸ਼ੱਕ ਹੀ ਦੇਸ਼ ਦੇ 21 ਸੂਬਿਅਾਂ ’ਤੇ ਸ਼ਾਸਨ ਹੈ ਪਰ ਪਾਰਟੀ ’ਚ ਸਭ ਕੁਝ ਠੀਕ ਨਹੀਂ ਹੈ। ਜਿੱਥੇ ਇਸਦੇ ਗੱਠਜੋੜ ਸਹਿਯੋਗੀ ਇਸ ਤੋਂ ਨਾਰਾਜ਼ ਚੱਲ ਰਹੇ ਹਨ, ਉਥੇ ਹੀ ਪਾਰਟੀ ਅੰਦਰ ਵੀ ਬਗਾਵਤੀ ਸੁਰ ਰਹਿ-ਰਹਿ ਕੇ ਸੁਣਾਈ ਦੇ ਰਹੇ ਹਨ।
ਵਾਜਪਾਈ ਸਰਕਾਰ ’ਚ ਵਿੱਤ ਮੰਤਰੀ ਰਹੇ ਸ਼੍ਰੀ ਯਸ਼ਵੰਤ ਸਿਨ੍ਹਾ ਨੇ ਵੱਖ-ਵੱਖ ਮੁੱਦਿਅਾਂ ’ਤੇ ਪਾਰਟੀ ਨਾਲ ਅਸਹਿਮਤੀ ਹੋਣ ਕਾਰਨ 21 ਅਪ੍ਰੈਲ ਨੂੰ ਭਾਜਪਾ ਨਾਲ ਆਪਣੇ ਸਾਰੇ ਸਬੰਧਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਅਤੇ ਹੁਣ ਸਿਰਫ ਇਕ ਹਫਤੇ ਅੰਦਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਭਾਜਪਾ ਨਾਲ ਜੁੜੀਅਾਂ 3 ਹੋਰ ਹਸਤੀਅਾਂ ਨੇ ਵੱਖ-ਵੱਖ ਮੁੱਦਿਅਾਂ ’ਤੇ ਨਾਰਾਜ਼ਗੀ ਕਾਰਨ ਇਸ ਤੋਂ ਕਿਨਾਰਾ ਕਰ ਲਿਆ।
ਸਭ ਤੋਂ ਪਹਿਲਾਂ ਵਾਜਪਾਈ ਸਰਕਾਰ ’ਚ ਵਿਦੇਸ਼ ਮੰਤਰੀ ਰਹੇ ਸ਼੍ਰੀ ਜਸਵੰਤ ਸਿੰਘ ਦੇ ਪੁੱਤਰ ਮਾਨਵੇਂਦਰ ਸਿੰਘ (ਵਿਧਾਇਕ) ਨੇ 22 ਸਤੰਬਰ ਨੂੰ ‘ਕਮਲ ਕਾ ਫੂਲ, ਹਮਾਰੀ ਭੂਲ’ ਕਹਿੰਦਿਅਾਂ ਭਾਜਪਾ ਤੋਂ ਅਸਤੀਫਾ ਦੇ ਦਿੱਤਾ। ਬਾੜਮੇਰ ਜ਼ਿਲੇ ’ਚ ਇਕ ਰੈਲੀ ਵਿਚ ਬੋਲਦਿਅਾਂ ਉਨ੍ਹਾਂ ਇਹ ਕਿਹਾ ਕਿ ‘‘2013 ’ਚ ਪਾਰਟੀ ਵਿਚ ਸ਼ਾਮਿਲ ਹੋਣਾ ਮੇਰੀ ਭੁੱਲ ਸੀ। ਸਾਡੇ ਜ਼ਖ਼ਮਾਂ ਨੂੰ ਕੁਰੇਦਿਅਾ ਜਾ ਰਿਹਾ ਹੈ।’’
ਮਾਨਵੇਂਦਰ ਸਿੰਘ ਦੀ ਪਤਨੀ ਚਿੱਤਰਾ ਸਿੰਘ ਨੇ ਦੋਸ਼ ਲਾਇਆ ਕਿ ‘‘ਵਸੁੰਧਰਾ ਰਾਜੇ ਸਰਕਾਰ ਸ਼੍ਰੀ ਸਿੰਘ ਦੇ ਨੇੜਲੇ ਲੋਕਾਂ ਅਤੇ ਅਧਿਕਾਰੀਅਾਂ ਤਕ ਨੂੰ 2014 ਤੋਂ ਪ੍ਰੇਸ਼ਾਨ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੀਅਾਂ (ਮਾਨਵੇਂਦਰ ਸਿੰਘ) ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਸੀਂ ਆਪਣੇ ਲੋਕਾਂ ਨੂੰ ਨਹੀਂ ਛੱਡ ਸਕਦੇ। ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਲੋਕ ਚਾਹੁੰਦੇ ਸਨ ਕਿ ਉਹ ਪਾਰਟੀ ਛੱਡ ਦੇਣ।’’
ਇਸ ਤੋਂ 2 ਦਿਨਾਂ ਬਾਅਦ 24 ਸਤੰਬਰ ਨੂੰ ਮੱਧ ਪ੍ਰਦੇਸ਼ ’ਚ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਕੱਦਾਵਰ ਨੇਤਰੀ ਪਦਮਾ ਸ਼ੁਕਲਾ ਨੇ ਆਪਣੇ 150 ਸਮਰਥਕਾਂ ਨਾਲ ਭਾਜਪਾ ਨਾਲੋਂ 38 ਸਾਲ ਪੁਰਾਣਾ ਨਾਤਾ ਤੋੜ ਕੇ ਕਾਂਗਰਸ ਦਾ ਹੱਥ ਫੜ ਲਿਆ।
ਉਨ੍ਹਾਂ ਦੋਸ਼ ਲਗਾਇਆ ਕਿ ਵਿਜੇ ਰਾਘਵਗੜ੍ਹ ਦੀ ਉਪ-ਚੋਣ ਤੋਂ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕ ਭਾਜਪਾ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਗੰਧਾਰੀ ਵਾਂਗ ਉੱਥੇ ਨਹੀਂ ਰਹਿ ਸਕਦੀ ਸੀ। ਇਸ ਲਈ ਉਥੋਂ ਦੇ ਲੋਕਾਂ ਦੇ ਹਿੱਤ ਕਾਰਨ ਉਹ ਬਿਨਾਂ ਕਿਸੇ ਸੁਆਰਥ ਦੇ ਕਾਂਗਰਸ ’ਚ ਆ ਗਈ ਹੈ।
ਭਾਜਪਾ ਛੱਡਣ ਵਾਲਿਅਾਂ ’ਚ ਤੀਜਾ ਨਾਂ ਜੰਮੂ-ਕਸ਼ਮੀਰ ’ਚ ਸ਼੍ਰੀਨਗਰ ਤੋਂ ਪਾਰਟੀ ਦੇ ਉਪ-ਪ੍ਰਧਾਨ ਹਕੀਮ ਮਸੂਦ-ਉਲ-ਹਸਨ ਦਾ ਹੈ, ਜਿਨ੍ਹਾਂ ਨੇ 25 ਸਤੰਬਰ ਨੂੰ ਇਹ ਕਹਿੰਦਿਅਾਂ ਪਾਰਟੀ ਛੱਡ ਕੇ ਆਪਣੇ 12 ਹਮਾਇਤੀਅਾਂ ਨਾਲ ਕਾਂਗਰਸ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਕਿ ‘‘ਪਾਰਟੀ ਨਫਰਤ ਦੀ ਸਿਆਸਤ ’ਚ ਸ਼ਾਮਿਲ ਹੋ ਰਹੀ ਹੈ।’’
ਇਥੇ ਹੀ ਬਸ ਨਹੀਂ, 23 ਅਕਤੂਬਰ 1996 ਤੋਂ ਲੈ ਕੇ 27 ਅਕਤੂਬਰ 1997 ਤਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਸ਼ੰਕਰ ਸਿੰਘ ਵਘੇਲਾ ਨੇ ਵੀ ਭਾਜਪਾ ਵਿਰੁੱਧ ਸੰਘਰਸ਼ ਛੇੜ ਦਿੱਤਾ ਹੈ। ਉਹ ਗੁਜਰਾਤ ਦੇ ਹੈਵੀਵੇਟ ਨੇਤਾਵਾਂ ’ਚ ਗਿਣੇ ਜਾਂਦੇ ਹਨ।
ਉਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਜਨਸੰਘ ਤੋਂ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ ਤੇ 1970 ਦੇ ਦਹਾਕੇ ਤੋਂ 1996 ਤਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ।
26 ਸਤੰਬਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਸ਼੍ਰੀ ਸ਼ੰਕਰ ਸਿੰਘ ਵਘੇਲਾ ਨੇ ਮੋਦੀ ਸਰਕਾਰ ’ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਅਾਂ ਕਿਹਾ ਕਿ ਉਹ ਅਗਲੀਅਾਂ ਚੋਣਾਂ ’ਚ ਇਸ ਸਰਕਾਰ ਨੂੰ ਮੁੜ ਸੱਤਾ ’ਚ ਆਉਣ ਤੋਂ ਰੋਕਣ ਲਈ ਭਾਜਪਾ ਵਿਰੋਧੀ ਸਾਰੀਅਾਂ ਪਾਰਟੀਅਾਂ ਦਾ ਬਿਨਾਂ ਸ਼ਰਤ ਸਮਰਥਨ ਕਰਨਗੇ।
ਵਘੇਲਾ ਨੇ ਕਿਹਾ, ‘‘ਮੈਂ ਕਿਸੇ ਇਕ ਪਾਰਟੀ ਤੋਂ ਨਹੀਂ ਹਾਂ, ਹੁਣ ਮੈਂ ਸਿਰਫ ਭਾਜਪਾ ਵਿਰੋਧੀ ਹਾਂ। ਮੈਂ ਅਗਲੀਅਾਂ ਚੋਣਾਂ ਦੌਰਾਨ ਸਾਰੀਅਾਂ ਪਾਰਟੀਅਾਂ ’ਚ ਆਪਣੇ ਸਬੰਧਾਂ ਦਾ ਇਸਤੇਮਾਲ ਮੋਦੀ ਸਰਕਾਰ ਨੂੰ ਗੱਦੀਓਂ ਲਾਹੁਣ ’ਚ ਕਰਾਂਗਾ। ਮੈਂ ਗੁਜਰਾਤ ਮਾਡਲ ਨੂੰ ‘ਚਿੱਕੜ ਮਾਡਲ’ ਕਹਿੰਦਾ ਹਾਂ, ਜਿਸ ’ਚੋਂ ਨਿਕਲਿਆ ਕਮਲ ਸੱਤਾ ਦੇ ਰੂਪ ’ਚ ਭਾਜਪਾ ਕੋਲ ਆ ਜਾਂਦਾ ਹੈ ਤੇ ਚਿੱਕੜ ਲੋਕਾਂ ਕੋਲ ਰਹਿ ਜਾਂਦਾ ਹੈ।’’
ਇਕ ਪਾਸੇ ਭਾਜਪਾ ਲਗਾਤਾਰ ਸਫਲਤਾਵਾਂ ਹਾਸਿਲ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਦੇ ਸਾਥੀ ਇਸ ਤੋਂ ਨਾਰਾਜ਼ ਹੋ ਰਹੇ ਹਨ। ਪਾਰਟੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਦੇ ਸਾਥੀ ਇਸ ਤੋਂ ਮੂੰਹ ਕਿਉਂ ਮੋੜ ਰਹੇ ਹਨ? ਜਿਹੜੇ ਲੋਕਾਂ ਨੇ ਪਾਰਟੀ ਲਈ ਤਿਆਗ ਕੀਤੇ ਹਨ ਅਤੇ ਇਸ ਨੂੰ ਆਪਣਾ ਜੀਵਨ ਦਿੱਤਾ ਹੈ, ਕੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਤੇ ਉਨ੍ਹਾਂ ਦੀਅਾਂ ਸ਼ਿਕਾਇਤਾਂ ਦੂਰ ਕਰ ਕੇ ਉਨ੍ਹਾਂ ਨੂੰ ਮੁੜ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ?
–ਵਿਜੇ ਕੁਮਾਰ
ਸੁਪਰੀਮ ਕੋਰਟ ਦਾ ਅਹਿਮ ਫੈਸਲਾ ਬੈਂਕ ਖਾਤੇ, ਮੋਬਾਇਲ, ਸਕੂਲ-ਕਾਲਜ ਦਾਖਲੇ ਲਈ ‘ਆਧਾਰ’ ਜ਼ਰੂਰੀ ਨਹੀਂ
NEXT STORY