ਦੇਸ਼ ’ਚ ਪਿਛਲੇ ਕੁਝ ਸਮੇੇਂ ਤੋਂ ਵਾਹਨ ਚਾਲਕਾਂ ’ਚ ਰਾਹ ਚੱਲਦੇ ਲੋਕਾਂ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦੇ ਬਾਅਦ ਉਨ੍ਹਾਂ ਦੀ ਸਹਾਇਤਾ ਕਰਨ ਦੀ ਬਜਾਏ ਆਪਣੀ ਜਾਨ ਬਚਾਉਣ ਦੇ ਲਈ ਉਨ੍ਹਾਂ ਨੂੰ ਘਸੀਟ ਕੇ ਲੈ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ।
* 18 ਜਨਵਰੀ ਨੂੰ ਬੇਂਗਲੁਰੂ (ਕਰਨਾਟਕ) ’ਚ ਸਕੂਟਰ ਸਵਾਰ ਨੌਜਵਾਨ ਇਕ ਬਜ਼ੁਰਗ ਨੂੰ ਟੱਕਰ ਮਾਰ ਕੇ ਉਥੋਂ ਭੱਜਣ ਦੀ ਕੋਸ਼ਿਸ਼ ’ਚ ਉਸ ਨੂੰ ਇਕ ਕਿਲੋਮੀਟਰ ਤਕ ਘਸੀਟਦਾ ਲੈ ਗਿਆ, ਜਿਸ ਨਾਲ ਬਜ਼ੁਰਗ ਦਾ ਸਰੀਰ ਛਿਲ ਗਿਆ ਪਰ ਨੌਜਵਾਨ ਨੇ ਸਕੂਟਰ ਨਹੀਂ ਰੋਕਿਆ।
* 20 ਜਨਵਰੀ ਨੂੰ ਹਿਸਾਰ (ਹਰਿਆਣਾ) ’ਚ ਇਕ ਟਰਾਲਾ ਚਾਲਕ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਦੇ ਬਾਅਦ ਟਰਾਲੇ ਵਿਚ ਫਸੇ ਵਿਅਕਤੀ ਨੂੰ 100 ਮੀਟਰ ਤੱਕ ਘਸੀਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸੜਕ ’ਤੇ ਦੂਰ ਤੱਕ ਖੂਨ ਫੈਲ ਗਿਆ ਅਤੇ ਮ੍ਰਿਤਕ ਦੇ ਸਰੀਰ ਦੇ ਵੱਖ ਹੋਏ ਅੰਗ ਵੀ ਇਧਰ-ਓਧਰ ਖਿੱਲਰ ਗਏ।
* ਇਸੇ ਦਿਨ ਮੋਤੀਹਾਰੀ (ਬਿਹਾਰ) ’ਚ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਦੇ ਬੋਨਟ ’ਚ ਫਸੇ ਜ਼ਖਮੀ ਬਜ਼ੁਰਗ ਨੂੰ 7 ਕਿਲੋਮੀਟਰ ਤਕ ਘਸੀਟਦਾ ਲੈ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਹੁਣ ਤੱਕ ਤਾਂ ਇਹ ਬੁਰਾਈ ਸਿਰਫ ਮਰਦਾਂ ਤਕ ਹੀ ਸੀਮਤ ਸੀ ਪਰ ਹੁਣ ਔਰਤਾਂ ਵੀ ਇਸ ’ਚ ਸ਼ਾਮਲ ਹੋਣ ਲੱਗੀਆਂ ਹਨ :
* 20 ਜਨਵਰੀ ਨੂੰ ਬੇਂਗਲੁਰੂ ’ਚ ਇਕ ਔਰਤ ਕਾਰ ਚਾਲਕ ਨੇ ਇਕ ਨੌਜਵਾਨ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਨੌਜਵਾਨ ਨੇ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਔਰਤ ਦੀ ਕਾਰ ਰੋਕਣ ਅਤੇ ਉਸ ’ਚ ਸਵਾਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਸਪੀਡ ਤੇਜ਼ ਕਰ ਕੇ ਕਾਰ ਦੌੜਾ ਦਿੱਤੀ।
ਕੁਚਲੇ ਜਾਣ ਦੇ ਡਰ ਤੋਂ ਨੌਜਵਾਨ ਕੁੱਦ ਕੇ ਔਰਤ ਦੀ ਕਾਰ ਦੇ ਬੋਨਟ ’ਤੇ ਚੜ੍ਹ ਗਿਆ ਅਤੇ ਉਹ ਔਰਤ ਕਾਰ ਨੂੰ ਇਕ ਕਿਲੋਮੀਟਰ ਤਕ ਦੌੜਾਉਂਦੀ ਚਲੀ ਗਈ। ਇਸ ਦੌਰਾਨ ਨੌਜਵਾਨ ਕਾਰ ਦੇ ਬੋਨਟ ’ਤੇ ਹੀ ਚਿੰਬੜਿਆ ਰਿਹਾ। ਇਸ ਸਿਲਸਿਲੇ ’ਚ ਪੁਲਸ ਨੇ ਔਰਤ ਅਤੇ ਉਸ ਦੇ ਪਤੀ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਘਟਨਾਵਾਂ ’ਚ ਹੁਣ ਔਰਤਾਂ ਦੇ ਵੀ ਸ਼ਾਮਲ ਹੋਣ ਤੋਂ ਸਪੱਸ਼ਟ ਹੈ ਕਿ ਇਹ ਬੁਰਾਈ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਅਪਰਾਧਾਂ ’ਚ ਸ਼ਾਮਲ ਲੋਕਾਂ ਨੂੰ ਪ੍ਰਸ਼ਾਸਨ ਵਲੋੋੋਂ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
‘ਸਵਾਤੀ ਮਾਲੀਵਾਲ ਨਾਲ ਛੇੜਖਾਨੀ’: ਦਿੱਲੀ ’ਚ ਮਹਿਲਾ ਸੁਰੱਖਿਆ ਦੀ ਤਰਸਯੋਗ ਸਥਿਤੀ ਉਜਾਗਰ
NEXT STORY