ਦੱਖਣੀ ਕੋਰੀਆ ਦੀ ਅਦਾਕਾਰਾ ਅਤੇ ਗਾਇਕ ਸੁਲੀ ਨੇ ਬਿਨਾਂ ਬ੍ਰਾਅ ਵਾਲੀਆਂ ਫੋਟੋਆਂ ਆਪਣੇ ਇੰਸਟਾਗ੍ਰਾਮ ਐਕਾਊਂਟ ਉੱਤੇ ਪਾਈਆਂ ਹਨ
ਦੱਖਣੀ ਕੋਰੀਆ ਦੀਆਂ ਔਰਤਾਂ ਕੱਪੜਿਆਂ ਹੇਠਾਂ ਬਿਨਾਂ ਬ੍ਰਾਅ ਪਹਿਨੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੀਆਂ ਹਨ।
#ਨੋ ਬ੍ਰਾਅ ਹੈਸ਼ਟੈਗ ਨਾਲ ਸੋਸ਼ਲ ਮੀਡੀਆ 'ਤੇ ਔਰਤਾਂ ਦੀ ਨਵੀਂ ਆਨਲਾਈਨ ਲਹਿਰ ਚੱਲ ਪਈ ਹੈ।
ਇਹ ਵਿਚਾਰ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਦੱਖਣੀ ਕੋਰੀਆ ਦੀ ਅਦਾਕਾਰਾ ਅਤੇ ਗਾਇਕ ਸੁਲੀ ਨੇ ਬਿਨਾਂ ਬ੍ਰਾਅ ਵਾਲੀਆਂ ਫੋਟੋਆਂ ਆਪਣੇ ਇੰਸਟਾਗ੍ਰਾਮ ਐਕਾਊਂਟ ਉੱਤੇ ਪਾਈਆਂ ਤੇ ਲੱਖਾਂ ਫੋਲੋਰਜ਼ ਤੱਕ ਪਹੁੰਚ ਗਈਆਂ।
ਇਹ ਵੀ ਪੜ੍ਹੋ:
ਉਹ ਉਦੋਂ ਤੋਂ ਹੀ ਦੱਖਣੀ ਕੋਰੀਆ ਵਿੱਚ ਬ੍ਰਾਅਲੈਸ ਅੰਦੋਲਨ ਦਾ ਪ੍ਰਤੀਕ ਬਣ ਗਈ ਹੈ। ਇਸ ਦੇ ਨਾਲ ਹੀ ਉਹ ਇਹ ਵੀ ਸੰਦੇਸ਼ ਦੇ ਰਹੀ ਹੈ ਕਿ ਬ੍ਰਾਅ ਪਹਿਨਣਾ ਜਾਂ ਨਾ ਪਹਿਨਣਾ 'ਨਿੱਜੀ ਆਜ਼ਾਦੀ' ਦਾ ਮਾਮਲਾ ਹੈ।
ਬ੍ਰਾਅਲੈਸ ਮੂਵਮੈਂਟ
ਕਈ ਸਮਰਥਨ ਵਾਲੇ ਸੰਦੇਸ਼ਾਂ ਦੇ ਬਾਵਜੂਦ, ਸੁਲੀ ਦੀਆਂ ਇਨਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਕਈ ਔਰਤਾਂ ਅਤੇ ਮਰਦਾਂ ਵੱਲੋਂ ਧਿਆਨ ਖਿੱਚਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਉਸ 'ਤੇ ਜਾਣਬੁੱਝ ਕੇ ਭੜਕਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਇਹ ਲਹਿਰ ਦੀ ਵਰਤੋਂ ਪ੍ਰਸਿੱਧੀ ਵਾਸਤੇ ਕਰ ਰਹੀ ਹੈ।
ਇੱਕ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲੇ ਨੇ ਲਿਖਿਆ, "ਮੈਂ ਸਮਝਦਾ ਹਾਂ ਕਿ ਬ੍ਰਾਅ ਪਹਿਨਣਾ ਤੁਹਾਡੀ ਮਰਜ਼ੀ ਹੈ, ਪਰ ਉਹ ਹਮੇਸ਼ਾ ਤੰਗ ਕਮੀਜ਼ ਪਾ ਕੇ ਆਪਣੇ ਫੋਟੋਆਂ ਖਿੱਚਦੀ ਹੈ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।"
https://www.instagram.com/p/BwUQRVLh0jH/
ਇੱਕ ਹੋਰ ਪੋਸਟ ਵਿੱਚ ਲਿਖਿਆ ਸੀ, "ਅਸੀਂ ਤੁਹਾਨੂੰ ਬ੍ਰਾਅ ਨਾ ਪਾਉਣ ਲਈ ਕੁਝ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਅੰਗ ਨੂੰ ਸਹੀ ਤਰ੍ਹਾਂ ਢਕੋ।"
ਇੱਕ ਹੋਰ ਨੇ ਲਿਖਿਆ, "ਸ਼ਰਮ ਆਉਣੀ ਚਾਹੀਦੀ ਹੈ। ਕੀ ਤੁਸੀਂ ਚਰਚ ਵਿੱਚ ਇਸ ਤਰ੍ਹਾਂ ਜਾ ਸਕਦੇ ਹੋ? ਕੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਇਸ ਤਰ੍ਹਾਂ ਮਿਲ ਸਕਦੇ ਹੋ? ਇਸ ਨਾਲ ਸਿਰਫ਼ ਆਦਮੀਆਂ ਨੂੰ ਹੀ ਨਹੀਂ ਸਗੋਂ ਔਰਤਾਂ ਨੂੰ ਵੀ ਦਿੱਕਤ ਹੋ ਸਕਦੀ ਹੈ।"
ਹਾਲ ਹੀ ਵਿੱਚ, ਇੱਕ ਹੋਰ ਮਸ਼ਹੂਰ ਗਾਇਕਾ ਹਵਾਸਾ ਦੀਆਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਨੋ-ਬ੍ਰਾਅ ਮੂਵਮੈਂਟ ਨੂੰ ਸਮਰਥਨ ਦਿੰਦੀਆਂ ਨਜ਼ਰ ਆਈਆਂ ਸਨ।
ਆਪਣੀ ਪਸੰਦ ਦੀ ਆਜ਼ਾਦੀ
ਸਿਓਲ ਤੋਂ ਹਾਂਗਕਾਂਗ ਆਉਣ ਵੇਲੇ ਦੀਆਂ ਉਸ ਦੀਆਂ ਬਿਨਾਂ ਬ੍ਰਾਅ ਵਾਲੀਆਂ ਫੋਟੋਆਂ ਵਾਇਰਲ ਹੋ ਗਈਆਂ।
ਉਸ ਵੇਲੇ ਤੋਂ ਹੀ #ਨੋ-ਬ੍ਰਾਅ ਮੂਵਮੈਂਟ ਆਮ ਔਰਤਾਂ ਵਿੱਚ ਮਸ਼ਹੂਰ ਹੋ ਰਹੀ ਹੈ। ਇਹ ਕੋਈ ਇੱਕਲਾ ਮਾਮਲਾ ਨਹੀਂ ਹੈ, ਜਿਸ ਵਿੱਚ ਔਰਤਾਂ ਆਪਣੇ ਮਨ ਦੀ ਕਰਨ ਲਈ ਆਜ਼ਾਦੀ ਮੰਗ ਰਹੀਆਂ ਹਨ।
2018 'ਚ ਵੀ 'ਇਸਕੇਪ ਦਾ ਕੋਰਸੇਟ' ਨਾਂ ਦੀ ਲਹਿਰ ਮਸ਼ਹੂਰ ਹੋਈ ਸੀ, ਜਿਸ ਵਿੱਚ ਔਰਤਾਂ ਨੇ ਆਪਣੇ ਸਾਰੇ ਵਾਲ ਕਟਵਾ ਕੇ ਬਿਨਾਂ ਮੇਕ-ਅਪ ਦੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ ਸਨ।
ਦੱਖਣੀ ਕੋਰੀਆ ਦੀ ਯੂ-ਟਿਊਬ ਸਟਾਰ ਲੀਨਾ ਬੇਅ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਜਦੋਂ ਉਹ ਮੇਕ ਤੋਂ ਬਿਨਾਂ ਸਾਹਮਣੇ ਆਈ ਸੀ
'ਇਸਕੇਪ ਦਾ ਕੋਰਸੇਟ' ਨਾਂ ਦਾ ਨਾਅਰਾ ਦੱਖਣੀ ਕੋਰੀਆ ਵਿੱਚ ਮੇਕਅਪ ਤੇ ਉਸ 'ਤੇ ਘੰਟਿਆਂ ਬਰਬਾਦ ਕਰਨ ਦੇ ਖਿਲਾਫ਼ ਚੁੱਕਿਆ ਗਿਆ ਸੀ।
ਬੀਬੀਸੀ ਨਾਲ ਗੱਲ ਕਰਦਿਆਂ ਕਈ ਔਰਤਾਂ ਨੇ ਕਿਹਾ ਕਿ ਇਹ ਦੋਵੇਂ ਲਹਿਰਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਤੇ ਜਿਸ ਤਰੀਕੇ ਨਾਲ ਇਹ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ, ਉਹ ਨਵੀਂ ਤਰ੍ਹਾਂ ਦੀ ਜਾਗਰੂਕਤਾ ਦੀ ਨਿਸ਼ਾਨੀ ਹੈ।
'ਗੇਜ਼ ਰੇਪ'
ਪਿਛਲੇ ਕਈ ਸਾਲਾਂ ਵਿੱਚ ਦੱਖਣੀ ਕੋਰੀਆ ਦੀਆਂ ਔਰਤਾਂ ਪਿਤਾਪੁਰਖੀ, ਜਿਨਸੀ ਸੋਸ਼ਣ ਤੇ ਲਕੋ ਕੇ ਲਗਾਏ ਗਏ ਕੈਮਰਿਆਂ ਕਰਕੇ ਹੋਏ ਜੁਰਮਾਂ ਦੇ ਵਿਰੁੱਧ ਆਵਾਜ਼ ਚੁੱਕ ਰਹੀਆਂ ਹਨ।
ਦੇਸ਼ 'ਚ ਔਰਤਾਂ ਵੱਲੋਂ 2018 ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਹੋਏ। ਹਜ਼ਾਰਾਂ ਔਰਤਾਂ ਸਿਓਲ ਦੀਆਂ ਸੜਕਾਂ 'ਤੇ ਇਨ੍ਹਾਂ ਲਕੋ ਕੇ ਲਗਾਏ ਕੈਮਰਿਆਂ ਵਿਰੁੱਧ ਆਵਾਜ਼ ਚੁੱਕ ਰਹੀਆਂ ਸਨ।
#nobra ਮੁਹਿੰਮ ਦੱਖਣੀ ਕੋਰੀਆ ਵਿੱਚ ਸੋਸ਼ਲ ਮੀਡੀਆ ’ਤੇ ਜੋਰ-ਸ਼ੋਰ ਨਾਲ ਫੈਲੀ ਹੈ
ਬੀਬੀਸੀ ਨੇ ਦੱਖਣੀ ਕੋਰੀਆ ਦੀਆਂ ਕੁਝ ਔਰਤਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਦੁਚਿੱਤੀ ਦਾ ਸਾਹਮਣਾ ਕਰ ਰਹੀਆਂ ਹਨ। ਉਹ ਬਿਨਾਂ ਬ੍ਰਾਅ ਦੇ ਚੱਲਣ ਦਾ ਸਮਰਥਨ ਕਰਦੇ ਹਨ, ਪਰ ਉਹ ਸਾਰਿਆਂ ਸਾਹਮਣੇ ਬ੍ਰਾਅ-ਲੈਸ ਹੋਣ ਲਈ ਤਿਆਰ ਨਹੀਂ ਹਨ।
ਇਸ ਦਾ ਵੱਡਾ ਹਵਾਲਾ ਉਨ੍ਹਾਂ ਨੇ 'ਨਿਗਾਹ ਨਾਲ ਜਬਰ ਜਨਾਹ' ਦਾ ਡਰ ਦੱਸਿਆ। ਇਹ ਦੱਖਣੀ ਕੋਰੀਆ ਵਿੱਚ ਵਰਤਿਆ ਜਾਣ ਵਾਲਾ ਇੱਕ ਅਜਿਹਾ ਸ਼ਬਦ ਜੋ ਉਸ ਹਾਲਾਤ ਲਈ ਵਰਤਿਆ ਜਾਂਦਾ ਹੈ ਜਦੋਂ ਲਗਾਤਾਰ ਘੂਰਨ ਨਾਲ ਕਿਸੇ ਨੂੰ ਅਜੀਬ ਮਹਿਸੂਸ ਹੁੰਦਾ ਹੈ।
28 ਸਾਲਾ ਜੀਓਂਗ ਸੇਂਗ-ਏਨ, 2014 ਦੇ 'ਨੋ ਬ੍ਰੈਬਲਮ' ਲਈ ਨਿਰਮਾਣ ਟੀਮ ਦਾ ਹਿੱਸਾ ਸੀ, ਜੋ ਬਿਨਾਂ ਬ੍ਰਾਅ ਦੇ ਤਜਰਬਿਆਂ ਬਾਰੇ ਬਣੀ ਇੱਕ ਦਸਤਾਵੇਜ਼ੀ ਹੈ।
ਸੀਓਂਗ-ਏਨ ਕਹਿੰਦੀ ਹੈ ਕਿ ਉਸ ਨੇ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਆਪਣੇ ਦੋਸਤਾਂ ਨਾਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਿੱਥੇ ਉਸ ਨੇ ਸਵਾਲ ਕਰਨਾ ਸ਼ੁਰੂ ਕੀਤਾ, "ਸਾਨੂੰ ਲਗਦਾ ਹੈ ਕਿ ਬ੍ਰਾਅ ਪਹਿਨਣਾ ਸੁਭਾਵਕ ਕਿਉਂ ਹੈ?"
ਚੋਣ ਕਰਨ ਦਾ ਅਧਿਕਾਰ
ਉਹ ਸੋਚਦੀ ਹੈ ਕਿ ਇਹ ਚੰਗਾ ਹੈ ਕਿ ਵਧੇਰੇ ਔਰਤਾਂ ਇਸ ਮੁੱਦੇ 'ਤੇ ਜਨਤਕ ਤੌਰ ਉੱਤੇ ਚਰਚਾ ਕਰ ਰਹੀਆਂ ਹਨ। ਉਹ ਇਹ ਵੀ ਮੰਨਦੀ ਹੈ ਕਿ ਜ਼ਿਆਦਾਤਰ ਔਰਤਾਂ ਅਜੇ ਵੀ ਇੰਝ ਕਰਨ 'ਤੇ ਸ਼ਰਮਿੰਦਾ ਮਹਿਸੂਸ ਕਰਦੀਆਂ ਹਨ।
ਉਹ ਕਹਿੰਦੀ ਹੈ, "ਉਹ ਜਾਣਦੀਆਂ ਹਨ ਕਿ ਦੱਖਣੀ ਕੋਰੀਆ ਵਿੱਚ ਬ੍ਰਾਅ ਪਹਿਨਣਾ ਅਜੇ ਵੀ ਆਮ ਮੰਨਿਆ ਜਾਂਦਾ ਹੈ ਅਤੇ ਇਸੇ ਲਈ ਉਨ੍ਹਾਂ ਨੇ ਬ੍ਰਾਅ ਪਹਿਨਣ ਦੀ ਚੋਣ ਕੀਤੀ ਹੈ।"
24 ਪਾਰਕ ਆਈ ਸਿਓਲ ਇੱਕ ਦੱਖਣੀ ਕੋਰੀਆ ਦੀ ਮਾਡਲ ਹੈ, ਜੋ ਕਿ ਬਾਡੀ ਪੌਜ਼ੀਟੀਵਿਟੀ ਮੂਵਮੈਂਟ ਵਿੱਚ ਸ਼ਾਮਿਲ ਹੈ।
ਪਿਛਲੇ ਸਾਲ ਉਸ ਨੇ ਰਾਜਧਾਨੀ ਸਿਓਲ ਵਿੱਚ ਤਿੰਨ ਦਿਨਾਂ ਲਈ ਬ੍ਰਾਅਲੈਸ ਹੋਣ 'ਤੇ ਵੀਡੀਓ ਬਣਾਉਣ ਦਾ ਫ਼ੈਸਲਾ ਲਿਆ ਸੀ। ਇਸ ਵੀਡੀਓ ਨੂੰ 26 ਹਜ਼ਾਰ ਵਿਊਜ਼ ਮਿਲੇ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਕਹਿਣਾ ਹੈ, "ਉਸ ਦੇ ਫੌਲੋਅਰਜ਼ ਹੁਣ ਵਾਇਰ ਵਾਲੀ ਪੈਡੇਡ ਬ੍ਰਾਅ ਦੀ ਬਜਾਇ ਬਿਨਾਂ ਵਾਇਰ ਵਾਲੀ ਬ੍ਰਾਅ (ਬ੍ਰਾਅਲੈਟ) ਆਪਣਾ ਰਹੇ ਹਨ।"
ਉਸ ਨੇ ਕਿਹਾ, "ਮੈਨੂੰ ਗ਼ਲਤਫਹਿਮੀ ਸੀ ਜੇਕਰ ਅਸੀਂ ਵਾਇਰਡ ਵਾਲੀ ਬ੍ਰਾਅ ਨਹੀਂ ਪਾਵਾਂਗੇ ਤਾਂ ਛਾਤੀ ਥੱਲੇ ਲਟਕ ਜਾਵੇਗੀ ਅਤੇ ਅਸੀਂ ਬਦਸੂਰਤ ਲੱਗਾਂਗੇ।"
"ਜਦੋਂ ਵੀਡੀਓ ਬਣਾਈ ਤਾਂ ਮੈਂ ਕੁਝ ਵੀ ਨਹੀਂ ਪਹਿਨਿਆ ਸੀ। ਹੁਣ ਮੈਂ ਗਰਮੀਆਂ ਦੇ ਵਧੇਰੇ ਦਿਨਾਂ 'ਚ ਬਾਅਲੈਟ ਪਹਿਨਦੀ ਹਾਂ ਅਤੇ ਸਰਦੀਆਂ ਬਿਨਾਂ ਬ੍ਰਾਅ ਦੇ ਰਹਿੰਦੀ ਹਾਂ।"
ਕੁਝ ਔਰਤਾਂ ਨੇ ਬ੍ਰਾਅ ਦੀ ਥਾਂ ਨਿੱਪਲ ਪੈਚਸ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ
ਇਹ ਮੁਹਿੰਮ ਖ਼ਾਸ ਤੌਰ 'ਤੇ ਰਾਜਧਾਨੀ ਲਈ ਹੀ ਨਹੀਂ ਹੈ।
ਇਸ ਮੁਹਿੰਮ ਨੇ ਇੱਕ 22 ਸਾਲਾ ਉਦਮੀ ਅਤੇ ਵਿਜ਼ੂਅਲ ਡਿਜ਼ਾਇਨ ਸਟੂਡੈਂਟ ਨਾਹਿਓਨ ਲੀ ਨੂੰ ਵੀ ਉਤਸ਼ਾਹਿਤ ਕੀਤਾ।
ਉਸ ਨੇ ਇਸ ਸਾਲ ਮਈ ਤੋਂ "ਕੋਈ ਨਹੀਂ ਜੇ ਬ੍ਰਾਅ ਨਹੀਂ" ਦੇ ਨਾਅਰੇ ਹੇਠ ਨਿੱਪਲ ਪੈਚਸ ਵੇਚਣੇ ਸ਼ੁਰੂ ਕੀਤੇ ਹਨ।
28 ਸਾਲਾ ਦਾ ਕਿਓਂਗ ਦਾ ਕਹਿਣਾ ਹੈ ਕਿ ਉਹ ਅਦਾਕਾਰਾ ਅਤੇ ਗਾਇਕ ਸੁਲੀ ਦੀ ਫੋਟੋਗਰਾਫੀ ਤੋਂ ਬੇਹੱਦ ਪ੍ਰਭਾਵਿਤ ਹੋਈ ਹੈ ਅਤੇ ਉਹ ਹੁਣ ਸਿਰਫ਼ ਉਸ ਵੇਲੇ ਬ੍ਰਾਅ ਪਹਿਨਦੀ ਹੈ ਜਦੋਂ ਆਪਣੇ ਬੌਸ ਦੇ ਕੋਲ ਕੰਮ ਰਹੀ ਹੋਵੇ ਪਰ ਉਦੋਂ ਨਹੀਂ ਪਹਿਨਦੀ ਜਦੋਂ ਆਪਣੇ ਬੁਆਏਫਰੈਂਡ ਨਾਲ ਹੋਵੇ।
ਉਹ ਕਹਿੰਦੀ ਹੈ, "ਮੇਰਾ ਬੁਆਏਫਰੈਂਡ ਕਹਿੰਦਾ ਹੈ , ਜੇਕਰ ਮੈਨੂੰ ਸਹੀ ਨਹੀਂ ਲਗਦਾ ਤਾਂ ਮੈਨੂੰ ਬ੍ਰਾਅ ਨਹੀਂ ਪਹਿਨਣੀ ਚਾਹੀਦੀ।"
ਉਨ੍ਹਾਂ ਦਾ ਸੰਦੇਸ਼ ਹੈ ਕਿ ਔਰਤਾਂ ਨੂੰ ਚੁਣਨ ਦਾ ਹੱਕ ਹੈ ਪਰ ਬ੍ਰਾਅ ਨਾ ਪਹਿਨਣ ਬਾਰੇ ਖੋਜ ਕੀ ਕਹਿੰਦੀ ਹੈ।
ਕੀ ਬ੍ਰਾਅ ਨਾ ਪਹਿਨਣ ਕਰਕੇ ਸਿਹਤ ਨੂੰ ਨੁਕਸਾਨ ਹੁੰਦਾ ਹੈ?
ਡਾ. ਦੇਦਰੇ ਮੈਕਘੀ ਸਾਈਕੋਥੈਰੇਪਿਸਟ ਅਤੇ ਯੂਨੀਵਰਸਿਟੀ ਆਫ ਵੋਲੋਨਗੋਂਗ ਵਿੱਚ ਬ੍ਰੈਸਟ ਰਿਸਰਚ ਆਸਟਰੇਲੀਆ ਦੇ ਕੋ-ਡਾਇਰੈਕਟਕ ਹਨ।
ਉਨ੍ਹਾਂ ਦਾ ਕਹਿਣਾ ਹੈ, "ਮੇਰਾ ਮੰਨਣਾ ਹੈ ਕਿ ਔਰਤਾਂ ਨੂੰ ਚੁਣਨ ਦਾ ਹੱਕ ਹੈ ਕਿ ਉਹ ਬ੍ਰਾਅ ਪਹਿਨਣ ਜਾਂ ਨਾ ਪਰ ਜੇਕਰ ਤੁਹਾਡੀ ਥਾਤੀ ਥੋੜ੍ਹੀ ਭਾਰੀ ਹੈ ਤਾਂ ਗਰਦਨ ਅਤੇ ਪਿੱਠ 'ਤੇ ਅਸਰ ਪਾ ਸਕਦੀ ਹੈ।"
"ਜਿਵੇਂ ਕਿ ਔਰਤਾਂ ਦੀ ਉਮਰ ਹੁੰਦੀ ਜਾਂਦੀ ਹੈ ਉਨ੍ਹਾਂ ਦੀ ਸਰੀਰਕ ਬਣਤਰ ਬਦਲਦੀ ਜਾਂਦੀ ਹੈ, ਸਕਿਨ ਬਦਲਦੀ ਹੈ ਤੇ ਸਰੀਰ ਨੂੰ ਸਪੋਰਟ ਦੇਣ ਵਾਲੀਆਂ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ।"
"ਜਦੋਂ ਔਰਤਾਂ ਬਿਨਾਂ ਕਿਸੇ ਸਪੋਰਟ ਦੇ ਕਸਤਰ ਕਰਦੀਆਂ ਹਨ ਤਾਂ ਛਾਤੀ ਵਿੱਚ ਦਰਦ ਹੁੰਦਾ ਹੈ ਅਤੇ ਅਜਿਹੇ ਸਪੋਰਸਟ ਬ੍ਰਾਅ ਇਸ ਦਰਦ ਨੂੰ ਘੱਟ ਕਰ ਸਕਦੀ ਹੈ ਤੇ ਪਿੱਠ ਤੇ ਗਰਦਨ ਦੇ ਦਰਦ 'ਚ ਵੀ ਮਦਦ ਕਰ ਸਕਦੀ ਹੈ।"
"ਸਾਡੀ ਰਿਸਰਚ ਮੁਤਾਬਕ ਜੇ ਔਰਤਾਂ ਆਪਣੇ ਸਤਨ ਹਟਾ ਵੀ ਲੈਂਦੀਆਂ ਹਨ, ਫਿਰ ਵੀ ਉਹ ਸਰੀਰ ਦੇ ਉਸ ਹਿੱਸੇ ਦਾ ਪੂਰਾ ਧਿਆਨ ਰੱਖਦੀਆਂ ਹਨ।"
"ਇਸੇ ਤਰ੍ਹਾਂ ਜੇ ਤੁਸੀਂ ਆਪਣੀ ਛਾਤੀ ਬਾਰੇ ਜ਼ਿਆਦਾ ਸੋਚੋ ਜਾਂ ਉਸ ਦੀ ਹਿੱਲ-ਜੁਲ ਬਾਰੇ ਧਿਆਨ ਦੇਵੋ ਤਾਂ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ।"
"ਜਿਨ੍ਹਾਂ ਔਰਤਾਂ ਦਾ ਛਾਤੀ ਜਾ ਆਪਰੇਸ਼ਨ ਹੋਇਆ ਹੁੰਦਾ ਹੈ ਮੈਂ ਉਨ੍ਹਾਂ ਨੂੰ ਆਪਣੀ ਸਰੀਰਕ ਦਿੱਖ ਤੇ ਆਤਮ ਵਿਸ਼ਵਾਸ਼ ਲਈ ਬ੍ਰਾਅ ਪਹਿਨਣ ਦੀ ਸਲਾਹ ਦਿੰਦੀ ਹਾਂ।"
‘ਬ੍ਰਾਅ ਸਾੜਦੀਆਂ ਨਾਰੀਵਾਦੀਆਂ’ ਕਹਾਵਤ 60ਵਿਆਂ ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ
ਡਾ. ਜੈਨੀ ਬਰਬੈਚ ਪੋਰਸਮਾਊਥ ਯੂਨੀਵਰਸਿਟੀ ਵਿੱਚ ਬਾਓਕੈਮਿਸਟਰੀ ਦੀ ਲੈਕਚਰਾਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਬ੍ਰਾਅ (ਖ਼ਰਾਬ ਅਤੇ ਜੋ ਫਿਟ ਨਾ ਹੋਵੇ) ਪਹਿਨ ਕੇ ਬੇਚੈਨੀ ਅਤੇ ਦਰਦ ਮਹਿਸੂਸ ਕਰਦੀਆਂ ਹਨ।"
ਉਨ੍ਹਾਂ ਦਾ ਕਹਿਣਾ ਹੈ, "ਇੱਥੋਂ ਤੱਕ ਸਾਡੀ ਖੋਜ ਟੀਮ ਨੇ ਕੋਈ ਵਿਗਿਆਨਕ ਅਧਿਐਨ ਨਹੀਂ ਦੇਖਿਆ ਜਿਸ 'ਚ ਇਹ ਪਤਾ ਲੱਗੇ ਕਿ ਬ੍ਰਾਅ ਪਹਿਨਣ ਨਾਲ ਛਾਤੀ ਦਾ ਕੈਂਸਰ ਜੁੜਿਆ ਹੈ।"
ਪਰ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਔਰਤਾਂ ਨੇ ਬ੍ਰਾਅ ਦੇ ਖ਼ਿਲਾਫ਼ ਕੋਈ ਮੁਹਿੰਮ ਛੇੜੀ ਹੋਵੇ।
ਇੱਥੇ ਇੱਕ ਕਹਾਵਤ ਹੈ 'ਬ੍ਰਾਅ ਬਰਨਿੰਗ ਫੈਮੀਨਿਸਟਸ' ਜੋ ਕਿ 1968 ਵਿੱਚ ਮਿਸ ਅਮਰੀਕਾ ਸੁੰਦਰਤਾ ਮੁਕਾਬਲੇ ਤੋਂ ਬਾਅਦ ਸਾਹਮਣੇ ਆਈ।
ਉਸ ਵੇਲੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਬ੍ਰਾ ਸਣੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਕੂੜੇ ਦੇ ਡੱਬੇ ਵਿੱਚ ਸੁੱਟ ਦਿੱਤਾ ਜਿਨ੍ਹਾਂ ਨੂੰ ਉਹ ਔਰਤਾਂ ਨੂੰ ਦਬਾਉਣ ਵਾਲਾ ਸਮਝਦੀਆਂ ਸਨ। ਹਾਲਾਂਕਿ ਅਸਲ ਵਿੱਚ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਸਾੜਿਆ ਨਹੀਂ ਸੀ।
ਪਰ ਉਦੋਂ ਤੋਂ ਹੀ ਬ੍ਰਾ ਨੂੰ ਸਾੜਨਾ ਔਰਤਾਂ ਦੀ ਆਜ਼ਾਦੀ ਦੀ ਮੁਹਿੰਮ ਨਾਲ ਜੁੜ ਗਿਆ।
ਇਸੇ ਸਾਲ ਜੂਨ ਵਿੱਚ ਸਵਿਜ਼ਰਲੈਂਡ ਵਿੱਚ ਹਜ਼ਾਰਾਂ ਔਰਤਾਂ ਨੇ ਕੰਮ ਛੱਡ ਕੇ ਸੜਕਾਂ 'ਤੇ ਨਿੱਤਰ ਆਈਆਂ ਸਨ। ਉਨ੍ਹਾਂ ਨੇ ਬ੍ਰਾ ਸਾੜੀਆਂ ਤੇ ਸੜਕਾਂ 'ਤੇ ਜਾਮ ਲਾ ਦਿੱਤਾ ਸੀ। ਉਹ ਬਰਾਬਰ ਤਨਖ਼ਾਹ, ਹੋਰ ਬਰਾਬਰੀ ਤੇ ਜਿਨਸੀ ਸ਼ੋਸ਼ਣ ਤੇ ਹਿੰਸਾ ਖ਼ਤਮ ਕਰਨ ਦੀ ਮੰਗ ਕਰ ਰਹੀਆਂ ਸਨ।
13 ਅਕਤੂਬਰ ਨੂੰ ਨੋ ਬ੍ਰਾ ਡੇਅ ਦੁਨੀਆਂ ਭਰ ਵਿੱਚ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਦਿਨ ਬਣ ਗਿਆ। ਪਰ ਪਿਛਲੇ ਸਾਲ ਫਿਲੀਪੀਨਜ਼ ਵਿਚ ਔਰਤਾਂ ਨੇ ਇਸ ਦਿਨ ਨੂੰ ਸਮਾਨਤਾ ਦੀ ਮੰਗ ਕਰਨ ਲਈ ਵਰਤਿਆ।
ਔਰਤਾਂ ਦੀ ਛਾਤੀ ਦੀ ਸੈਂਸਰਸ਼ਿਪ ਦੇ ਵਿਰੋਧ ਵਿੱਚ ‘ਫ੍ਰੀ ਦਿ ਨਿੱਪਲ’ ਨਾਅਰੇ ਹੇਠ ਮੁਜ਼ਾਹਰੇ ਹੋਏ ਸੀ
ਪੱਤਰਕਾਰ ਵੈਨੀਸਾ ਅਰਮੈਡਾ ਨੇ ਕਿਹਾ, "ਨੋ ਬ੍ਰਾ ਡੇਅ" ਨਾਰੀਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਅਸੀਂ ਔਰਤਾਂ ਕੌਣ ਹਾਂ।"
ਉਨ੍ਹਾਂ ਕਿਹਾ, "ਬ੍ਰਾ ਇਸ ਦਾ ਸੰਕੇਤ ਹੈ ਕਿ ਔਰਤਾਂ 'ਤੇ ਕਿੰਨੀਆਂ ਪਾਬੰਦੀਆਂ ਲਾਈਆਂ ਗਈਆਂ ਹਨ।"
ਅੰਦੋਲਨਕਾਰੀਆਂ ਨੇ ਹਾਲ ਦੇ ਕੁਝ ਸਾਲਾਂ ਵਿੱਚ ਇੱਕ ਕਦਮ ਹੋਰ ਅੱਗੇ ਵਧਾਇਆ ਹੈ ਅਤੇ ਮਰਦਾਂ ਤੇ ਔਰਤਾਂ ਦੇ ਨਿੱਪਲ 'ਤੇ ਲਾਈਆਂ ਪਾਬੰਦੀਆਂ ਸਬੰਧੀ ਦੋਗਲੀ ਨੀਤੀ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ।
2014 ਦਸੰਬਰ ਨੂੰ, ਨੈੱਟਫਲਿਕ ਨੇ 'ਫ੍ਰੀ ਦਿ ਨਿੱਪਲ' ਨਾਮ ਦੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਸੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਨਿਊ ਯਾਰਕ ਵਿੱਚ ਕੁਝ ਔਰਤਾਂ, ਔਰਤਾਂ ਦੀ ਛਾਤੀ ਦੀ ਸੈਂਸਰਸ਼ਿਪ 'ਤੇ ਲਾਏ ਜਾਣ ਦੀ ਇੱਕ ਮੁਹਿੰਮ ਸ਼ੁਰੂ ਕਰਦੀਆਂ ਹਨ।
ਇਸ ਤੋਂ ਬਾਅਦ 'ਫ੍ਰੀ ਦਿ ਨਿੱਪਲ' ਮੁਹਿੰਮ ਗਲੋਬਲ ਮੁੱਦਾ ਬਣ ਗਿਆ।
ਹਾਲ ਹੀ ਵਿੱਚ ਦੱਖਣੀ ਕੋਰੀਆ ਵਿੱਚ 'ਨੋ ਬ੍ਰਾ' ਮੁਹਿੰਮ ਔਰਤਾਂ ਦੇ ਸਰੀਰ 'ਤੇ ਲਾਈਆਂ ਪਾਬੰਦੀਆਂ ਨਾਲ ਜੁੜ ਗਿਆ ਹੈ।
ਦੱਖਣੀ ਕੋਰੀਆ ਵਿੱਚ ਕਈ ਔਰਤਾਂ ਲਈ ਇਹ "ਨਿੱਜੀ ਆਜ਼ਾਦੀ" ਦਾ ਮੁੱਦਾ ਹੈ।।
ਇਸ ਮੁਹਿੰਮ ਦੇ ਪਸਾਰ ਤੋਂ ਇਹ ਕਿਆਸ ਲਾਏ ਜਾ ਸਕਦੇ ਹਨ ਕਿ ਦੱਖਣੀ ਕੋਰੀਆ ਦੀਆਂ ਕਈ ਔਰਤਾਂ ਇਸ 'No Bra' ਹੈਸ਼ਟੈਗ ਦੀ ਗਿਣਤੀ ਘਟਣ ਨਹੀਂ ਦੇਣਗੀਆਂ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:
https://www.youtube.com/watch?v=xWw19z7Edrs&t=1s
https://www.youtube.com/watch?v=qBHQm-5eYCE
https://www.youtube.com/watch?v=xhYBOuRb9Cg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਬ੍ਰਿਟੇਨ: ਸੱਤਾਧਾਰੀ ਟੋਰੀ ਪਾਰਟੀ ''ਚ ਬਗਾਵਤ, ਬੋਰਿਸ ਨੇ ਗੁਆਇਆ ਬਹੁਮਤ - 5 ਅਹਿਮ ਖ਼ਬਰਾਂ
NEXT STORY