ਇੱਕ ਆਮ ਨਾਗਰਿਕ ਨੂੰ ਮਿਸ਼ਨ ਚੰਦਰਯਾਨ-2 ਨਾਲ ਕੀ ਮਤਲਬ ਹੈ?
ਗਰੀਬੀ ਦੇ ਮੱਕੜਜਾਲ ਵਿੱਚ ਫਸੇ ਆਮ ਆਦਮੀ, ਜਿਸ ਨੇ ਵਿਗਿਆਨ ਕਦੇ ਪੜ੍ਹਿਆ ਹੀ ਨਹੀਂ, ਉਸ ਲਈ ਇੰਨੇ ਵੱਡੇ ਪੱਧਰ ਦਾ ਇਹ ਮਿਸ਼ਨ ਕਿਸੇ ਪਰੀਆਂ ਦੀ ਕਹਾਣੀ ਤੋਂ ਘੱਟ ਨਹੀਂ ਹੈ। ਰਾਕਟ, ਉਪਗ੍ਰਹਿ, ਆਰਬਿਟਰ, ਲੈਂਡਰ ਅਤੇ ਰੋਵਰ ਵਰਗੇ ਸ਼ਬਦਾਂ ਨਾਲ ਉਨ੍ਹਾਂ ਦਾ ਕਦੇ ਵਾਗ-ਵਾਸਤਾ ਨਹੀਂ ਪਿਆ।
ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਸਵਾਲ ਦਾ ਜਵਾਬ ਲੱਭੀਏ, ਸਾਨੂੰ ਪੁੱਛਣਾ ਚਾਹੀਦਾ ਹੈ ਕਿ ਜਿਸ ਦੇਸ ਦੀ ਜਾਇਦਾਦ 'ਤੇ ਬਰਤਾਨੀ ਸਾਮਰਾਜਵਾਦ ਨੇ ਕਬਜ਼ਾ ਕਰ ਲਿਆ ਸੀ, ਉਸ ਨਵੇਂ ਦੇਸ ਨੇ ਕਿਉਂ ਪੁਲਾੜ ਵਿਗਿਆਨ 'ਤੇ ਪੈਸਾ ਖਰਚ ਕਰਨ ਦਾ ਫ਼ੈਸਲਾ ਕੀਤਾ ਸੀ?
ਸ਼ੁਰੂਆਤੀ ਦੌਰ ਵਿੱਚ ਵਿਕਰਮ ਸਾਰਾਭਾਈ ਅਤੇ ਇਸਰੋ ਨਾਲ ਜੁੜੇ ਵਿਗਿਆਨੀਆਂ ਨੂੰ ਤਿੱਖੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਕਈ ਵਾਰ ਇਸ ਸਵਾਲ ਨਾਲ ਨਜਿੱਠਣਾ ਪਿਆ ਸੀ।
ਇਹ ਵੀ ਪੜ੍ਹੋ-
ਵਿਕਰਮ ਸਾਰਾਭਾਈ ਉਸ ਵੇਲੇ ਸਿਆਸੀ ਅਗਵਾਈ ਨੂੰ ਇਹ ਸਮਝਾ ਸਕੇ ਸਨ ਕਿ, "ਸਾਨੂੰ ਮਨੁੱਖ ਅਤੇ ਸਮਾਜ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਲਈ ਆਧੁਨਿਕ ਤਕਨੀਕ ਦੇ ਇਸਤੇਮਾਲ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ।"
ਉਹ ਇਸ ਗੱਲ ਨੂੰ ਲੈ ਕੇ ਵੀ ਸਪੱਸ਼ਟ ਸਨ ਕਿ ਭਾਰਤੀ ਪੁਲਾੜ ਮੁਹਿੰਮ ਦਾ ਉਦੇਸ਼ "ਹੋਰਨਾਂ ਦੂਜੇ ਗ੍ਰਹਿਆਂ ਦੀ ਪੜਤਾਲ ਕਰਨ ਜਾਂ ਮਨੁੱਖਾਂ ਵਾਲੀਆਂ ਪੁਲਾੜ ਉਡਾਣਾਂ ਭਰਨ ਨੂੰ ਲੈ ਕੇ ਆਰਥਿਕ ਤੌਰ 'ਤੇ ਮਜ਼ਬੂਤ ਦੇਸਾਂ ਨਾਲ ਮੁਕਾਬਲਾ ਨਹੀਂ ਕਰਨਾ ਹੈ।"
ਇਸ ਲਈ ਅਸੀਂ ਬਾਕੀਆਂ ਤੋਂ ਵੱਖ ਇੱਕ ਅਜਿਹੇ ਦੇਸ ਵਜੋਂ ਰਹੇ ਜਿਸ ਨੇ ਆਪਣਾ ਪੁਲਾੜ ਅਭਿਆਨ ਸੈਨਿਕ ਉਪਯੋਗ ਲਈ ਸ਼ੁਰੂ ਨਹੀਂ ਕੀਤਾ ਸੀ।
ਇਹ ਗ਼ੈਰ-ਫੌਜੀ ਪ੍ਰੋਜੈਕਟ ਸੀ ਜਦਕਿ ਅਮਰੀਕਾ, ਯੂਰਪ ਅਤੇ ਸੋਵੀਅਤ ਸੰਘ ਦਾ ਸਪੇਸ ਰਿਸਰਚ ਸ਼ੀਤ ਯੁੱਧ ਕਾਰਨ ਸ਼ੁਰੂ ਹੋਇਆ ਸੀ।
ਕੀ ਬਦਲ ਗਿਆ ਹੈ ਉਦੇਸ਼
ਸੁਭਾਵਿਕ ਜਿਹਾ ਸਵਾਲ ਉਠਦਾ ਹੈ ਕਿ ਕੀ ਹੁਣ ਭਾਰਤ ਦੇ ਪੁਲਾੜ ਅਭਿਆਨ ਦਾ ਉਦੇਸ਼ ਬਦਲ ਗਿਆ ਹੈ? ਜਾਂ ਫਿਰ "ਚੰਨ ਅਤੇ ਹੋਰ ਗ੍ਰਹਿਆਂ" ਦੀ ਪੜਤਾਲ ਨਾਲ "ਮਨੁੱਖ ਅਤੇ ਸਮਾਜ ਦੀ ਕਿਹੜੀਆਂ ਅਸਲ ਸਮੱਸਿਆਵਾਂ" ਹੱਲ ਹੋ ਸਕਦੀਆਂ ਹਨ?
ਇਨ੍ਹਾਂ ਸਵਾਲਾਂ ਦਾ ਜਵਾਬ 'ਵਿਗਿਆਨਕ ਖੋਜ' ਦੀ ਬੁਨਿਆਦੀ ਸੁਭਾਅ 'ਚ ਹੈ। ਆਮ ਤੌਰ 'ਤੇ ਵਿਗਿਆਨ ਅਤੇ ਖ਼ਾਸ ਕਰਕੇ ਪੁਲਾੜ ਖੋਜ ਦਾ ਮਤਲਬ ਹੈ, ਅਣਛੋਏ ਖੇਤਰਾਂ ਦੀ ਪੜਤਾਲ ਕਰ ਕੇ ਗਿਆਨ ਹਾਸਿਲ ਕਰਨਾ ਜਿਸ ਨਾਲ ਮਨੁੱਖ ਜਾਤੀ ਦੇ ਕ੍ਰਮਵਾਰ ਉਨਤੀ ਅਤੇ ਵਿਕਾਸ ਦੇ ਆਧਾਰ ਦਾ ਪਤਾ ਲੱਗ ਸਕੇ।
ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਸਾਰਾਭਾਈ ਦਾ ਆਰਥਿਰ ਤੌਰ 'ਤੇ ਵਿਕਸਿਤ ਦੇਸਾਂ ਦੀ ਨਕਲ ਕਰਨ ਜਾਂ ਫਿਰ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਵਿਰੋਧ ਹੋਇਆ ਸੀ।
ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ 1960 ਦੇ ਦਹਾਕੇ ਵਿੱਚ ਜੇਕਰ ਉਹ ਖਿਡੌਣੇ ਵਰਗੇ ਰਾਕਟ ਨਾ ਬਣਾ ਗਏ ਹੁੰਦੇ ਅਤੇ ਉਨ੍ਹਾਂ ਨੂੰ ਕੇਰਲ ਦੇ ਤੁੰਬਾ ਵਿੱਚ ਮੌਜੂਦ ਇੱਕ ਚਰਚ ਕੋਲ ਲਾਂਚ ਨਾ ਕੀਤਾ ਹੁੰਦਾ ਤਾਂ ਭਾਰਤ ਚੰਨ ਅਤੇ ਮੰਗਲ 'ਤੇ ਅਭਿਆਨ ਭੇਜਣ ਵਿੱਚ ਸਮਰੱਖ ਨਹੀਂ ਹੋਇਆ ਹੁੰਦਾ।
ਬੀਤੇ ਕੱਲ੍ਹ ਦੇ ਉਨ੍ਹਾਂ ਦੇ ਆਲੋਚਕਾਂ ਨੂੰ ਭਲਾ ਕੌਣ ਸਮਝਾ ਸਕਦਾ ਸੀ ਕਿ ਇੱਕ ਦਿਨ ਭਾਰਤ ਦੇ ਆਪਣੇ ਉਪਗ੍ਰਹਿ ਹੋਣਗੇ। ਜੋ ਸਮੇਂ ਤੋਂ ਪਹਿਲਾਂ ਚਿਤਾਵਨੀ ਦੇ ਕੇ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਸਮਰੱਥ ਹੋਣਗੇ।
ਅਜਿਹੇ ਉਪਗ੍ਰਹਿ ਹੋਣਗੇ ਜਿਨ੍ਹਾਂ ਨਾਲ ਫ਼ਸਲਾਂ ਅਤੇ ਜੰਗਲਾਂ ਦੇ ਪ੍ਰਬੰਧਾਂ ਤੇ ਰਾਸ਼ਟਰੀ ਸੰਚਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਅਜਿਹਾ ਨਾ ਹੁੰਦਾ ਤਾਂ ਵਧੇਰੇ ਦੇਸਾਂ ਵਾਂਗ ਅਸੀਂ ਵੀ ਆਪਣੀ ਸਾਮਾਜਿਕ ਅਤੇ ਆਰਥਿਕ ਸੁਰੱਖਿਆ ਲਈ ਵਿਕਸਿਤ ਦੇਸਾਂ ਦੀ ਕ੍ਰਿਪਾ 'ਤੇ ਨਿਰਭਰ ਰਹਿੰਦੇ।
ਇਸਰੋ, ਸੀਐਸਆਈਆਰ, ਆਈਏਆਰਆਈ, ਐਟਾਮਿਕ ਐਨਰਜੀ ਅਤੇ ਡੀਆਰਡੀਓ ਨੇ ਪਿਛਲੇ 70 ਸਾਲਾਂ ਵਿੱਚ ਜੋ ਕੁਝ ਹਾਸਿਲ ਕੀਤਾ ਹੈ, ਉਸ ਨੂੰ 1950 ਅਤੇ 60 ਦੇ ਦਹਾਕੇ ਵਿੱਚ ਕਿਸੇ ਸਾਇੰਸ ਫਿਕਸ਼ਨ ਦੀ ਕਹਾਣੀ ਵਾਂਗ ਹੀ ਸਮਝਿਆ ਜਾਂਦਾ।
ਕਿਸ ਨੇ ਸੋਚਿਆ ਹੋਵੇਗਾ ਕਿ ਚੱਕਰਵਾਤ ਨੂੰ ਲੈ ਕੇ ਉਪਗ੍ਰਹਿ ਨਾਲ ਮਿਲੇ ਅੰਕੜਿਆਂ ਦੇ ਆਧਾਰ 'ਤੇ ਤੱਟੀ ਇਲਾਕਿਆਂ ਤੋਂ ਲਗਭਗ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚ ਕੇ ਗਰੀਬ ਵਿਕਾਸਸ਼ੀਲ ਦੇਸ ਵਿੱਚ ਇਨਸਾਨਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਇਹ ਕਲਪਨਾ ਤੋਂ ਪਰੇ ਸੀ ਕਿ ਇੱਕ ਦਿਨ ਦੇਸ ਵਿੱਚ 1000 ਤੋਂ ਵੱਧ ਟੀਵੀ ਚੈਨਲ ਹੋਣਗੇ, ਉਨ੍ਹਾਂ ਵਿੱਚ ਵਧੇਰੇ ਆਪਣੇ ਦੇਸ ਦੀ ਤਕਨੀਕ ਵਰਤ ਰਹੇ ਹੋਣਗੇ। ਇਹ ਸੂਚੀ ਜ਼ਰਾ ਲੰਬੀ ਹੈ।
ਚੰਦਰਯਾਨ ਬਾਰੇ ਜਾਣਨਾ ਕਿਉਂ ਜ਼ਰੂਰੀ
ਮੁੜ ਤੋਂ ਬੁਨਿਆਦੀ ਸਵਾਲ 'ਤੇ ਆਉਂਦੇ ਹਾਂ ਕਿ ਕਿਉਂ ਇੱਕ ਆਦਮੀ ਨੂੰ ਵਿਗਿਆਨ ਨਾਲ ਵਾਸਤਾ ਰੱਖਣਾ ਚਾਹੀਦਾ ਹੈ ਅਤੇ ਖ਼ਾਸ ਕਰਕੇ ਚੰਦਰਯਾਨ-2 ਵਿੱਚ ਕਿਉਂ ਦਿਲਚਸਪੀ ਹੋਣੀ ਚਾਹੀਦੀ ਹੈ।
ਵੈਸੇ ਤਾਂ ਇਸ ਨੂੰ ਲੈ ਕੇ ਅਸੀਂ ਇੱਕ ਕਦੇ ਨਾ ਹੋਣ ਵਾਲੀ ਬਹਿਸ 'ਚ ਉਲਝ ਸਕਦੇ ਹਾਂ ਪਰ ਮੈਂ ਇੱਥੇ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਚਾਹਾਗਾਂ।
ਸਭ ਤੋਂ ਪਹਿਲਾਂ ਕਾਰਨ ਤਾਂ ਇਹ ਹੈ ਕਿ ਵਿਗਿਆਨ ਦਾ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਹੈ ਜਿਸ ਵਿੱਚ ਕਿਸੇ ਇੱਕ ਖੋਜ ਜਾਂ ਕਾਡ ਨੇ ਬ੍ਰਹਿਮੰਡ, ਸੌਰ ਪ੍ਰਣਾਲੀ ਅਤੇ ਇਨਸਾਨਾਂ ਬਾਰੇ ਸਾਡੀ ਸਮਝ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਵਿਗਿਆਨਕ ਜਾਣਕਾਰੀਆਂ ਨੇ ਲਗਾਤਾਰ ਸਾਡੇ ਜੀਵਨ ਅਤੇ ਸਮਾਜਿਕ ਸਬੰਧਾਂ 'ਤੇ ਅਸਰ ਪਾਇਆ ਹੈ। ਹਾਲਾਂਕਿ, ਅੱਜ ਦੀ ਦੁਨੀਆਂ ਵਿੱਚ ਸਮਾਜ ਦੇ ਸਹਿਯੋਗ ਨਾਲ ਕੋਈ ਵਿਗਿਆਨਕ ਖੋਜ ਨਹੀਂ ਕੀਤੀ ਜਾ ਸਕਦੀ।
ਹੁਣ, ਜਦਕਿ ਵਧੇਰਾ ਸਮਾਂ ਵਿਗਿਆਨ ਨੂੰ ਅੱਗੇ ਵਧਾਇਣ ਦਾ ਕੰਮ ਇਕੱਲਿਆ 'ਚ ਜਾਂ ਲੋਕਾਂ ਦੀ ਨਜ਼ਰ ਤੋਂ ਲੁਕਾ ਕੇ ਕੀਤਾ ਜਾਂਦਾ ਹੈ, ਉਦੋਂ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮ ਰਾਸ਼ਟਰੀ ਬਹਿਸ ਖੜੀ ਕਰ ਦਿੰਦੇ ਹਨ ਅਤੇ ਲੋਕਾਂ ਦੀ ਵਿਗਿਆਨਕ ਸਮਝ ਵੀ ਵਧਦੀ ਹੈ। ਇਸ ਨਾਲ ਵਿਗਿਆਨਕ ਭਾਈਚਾਰਾ ਅਤੇ ਆਮ ਨਾਗਰਿਕਾਂ ਵਿਚਾਲੇ ਵਿਸ਼ਵਾਸ਼ ਪੈਦਾ ਹੁੰਦਾ ਹੈ।
ਖ਼ੁਦਮੁਖਤਿਆਰ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਸ ਦੇ ਵਿਗਿਆਨੀ ਕੀ ਕਰ ਰਹੇ ਹਨ ਅਤੇ ਜੇਕਰ ਜ਼ਰੂਰੀ ਹੈ ਤਾਂ ਉਹ ਉਨ੍ਹਾਂ ਨੂੰ, "ਇਨਸਾਨ ਅਤੇ ਸਮਾਜ ਦੀਆਂ ਅਸਲ ਸਮੱਸਿਆਵਾਂ" ਨੂੰ ਹੱਲ ਕਰਨ ਦੇ ਨਿਰਦੇਸ਼ ਦੇਣ ਦਾ ਵੀ ਅਧਿਕਾਰ ਰੱਖਦੇ ਹਨ।
ਚੰਦਰਯਾਨ-2 ਵਰਗੇ ਪ੍ਰੋਜੈਕਟ ਪੂਰੇ ਹੋ ਜਾਣ ਤਾਂ ਇਨ੍ਹਾਂ ਨੂੰ ਵਿਗਿਆਨਕ ਭਾਈਚਾਰੇ ਦਾ ਰਿਪੋਰਟ ਕਾਰਡ ਸਮਝਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਤਾ ਲਗਦਾ ਹੈ ਕਿ ਦੇਸ ਵਿੱਚ ਵਿਗਿਆਨ ਕਿਸ ਪੱਧਰ 'ਤੇ, ਕਿਸ ਹਾਲਤ ਵਿੱਚ ਹੈ।
ਸਾਫਟ ਲੈਂਡਿੰਗ ਵੱਡੀ ਗੱਲ ਕਿਉਂ
ਜਨਤਾ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਚੰਨ 'ਤੇ ਸਾਫਟ ਲੈਂਡਿੰਗ ਕਿਉਂ ਰਾਸ਼ਟਰੀ ਮਾਣ ਦਾ ਵਿਸ਼ਾ ਹੈ ਅਤੇ ਲੈਂਡਿੰਗ ਲਈ ਚੰਨ ਦੇ ਦੱਖਣੀ ਧਰੁਵ ਨੂੰ ਚੁਣਨਾ ਕਿਉਂ ਮਹੱਤਵਪੂਰਨ ਹੈ।
ਚੰਦਰਮਾ 'ਤੇ ਗੁਰਤਾਕਰਸ਼ਨ ਬਲ ਅਤੇ ਵਾਯੂਮੰਡਲ ਦੇ ਹਾਲਾਤ ਪ੍ਰਿਥਵੀ ਤੋਂ ਬੇਹੱਦ ਵੱਖ ਹਨ। ਅਸੀਂ ਪ੍ਰਿਥਵੀ 'ਤੇ ਸਾਫਟ ਲੈਂਡ ਕਰਵਾਉਣ ਦੀ ਤਕਨੀਕ 'ਤੇ ਪਹਿਲਾਂ ਹੀ ਮਹਾਰਤ ਹਾਸਿਲ ਕਰ ਲਈ ਹੈ। ਲੈਂਡਰ ਦੀ ਗਤੀ ਕਿਵੇਂ ਵਧਣੀ ਹੈ, ਕਿਵੇਂ ਕੰਮ ਕਰਨਾ ਹੈ ਅਤੇ ਉਸ ਨੂੰ ਕਿੱਥੇ ਕਿਵੇਂ ਮੋੜਨਾ ਹੈ, ਇਸ ਲਈ ਅਸੀਂ ਹਵਾ ਨੂੰ ਇਸਤੇਮਾਲ ਕਰਦੇ ਹਾਂ।
ਹਵਾਈ ਜਹਾਜ਼, ਹੈਲੀਕਾਪਟਰ, ਹੋਵਰਕਰਾਫ਼ਟ ਅਤੇ ਡਰੋਨ ਇਸੇ ਤਰ੍ਹਾਂ ਨਾਲ ਪ੍ਰਿਥਵੀ ਦੀ ਸਤਹਿ 'ਤੇ ਬਿਨਾਂ ਕਰੈਸ਼ ਹੋਏ ਆਰਾਮ ਨਾਲ ਲੈਂਡ ਕਰਦੇ ਹਨ।
ਪਰ ਚੰਨ 'ਤੇ ਹਵਾ ਨਹੀਂ ਹੈ। ਇਸ ਲਈ, ਉੱਥੇ ਸਾਫਟ ਲੈਂਡਿੰਗ ਕਰਨ ਲਈ ਬਾਲਣ ਦੀ ਲੋੜ ਹੁੰਦੀ ਹੈ। ਗਤੀ ਵਧਾਉਣ ਲਈ, ਘੱਟ ਕਰਨ ਲਈ ਅਤੇ ਲੈਂਡਰ ਨੂੰ ਸਹੀ ਥਾਂ 'ਤੇ ਉਤਰਨ ਲਈ ਗਾਈਡ ਕਰਨ ਲਈ ਵੀ ਬਾਲਣ ਚਾਹੀਦਾ ਹੈ।
ਇਸ ਪੂਰੀ ਪ੍ਰਕਿਰਿਆ ਲਈ ਬੇਹੱਦ ਤੇਜ਼ੀ ਅਤੇ ਸਟੀਕਤਾ ਚਾਹੀਦੀ ਹੈ। ਭਾਰਤ ਇਸ ਨੂੰ ਹਾਸਿਲ ਕਰਨ ਵਾਲਾ ਚੌਥਾ ਦੇਸ ਹੋਵੇਗਾ।
ਦੱਖਣੀ ਧਰੁਵ ਹੀ ਕਿਉਂ
ਚੰਨ ਦੇ ਦੱਖਣੀ ਧਰੁਵ ਖੇਤਰ ਨੂੰ ਲੈਂਡਿੰਗ ਲਈ ਚੁਣ ਜਾਣ ਦੇ ਦੋ ਕਾਰਨ ਹਨ। ਪਹਿਲਾਂ ਤਾਂ ਇਹ ਕਿ ਇਸ ਨਾਲ ਸਾਨੂੰ ਪਤਾ ਲੱਗੇਗਾ ਕਿ ਉੱਥੇ ਮਿੱਟੀ ਦੀ ਬਣਾਵਟ ਉੱਤਰੀ ਹਿੱਸੇ ਵਰਗੀ ਹੈ ਜਾਂ ਨਹੀਂ।
ਇਸ ਨਾਲ ਸਾਨੂੰ ਸੋਲਰ ਸਿਸਟਮ ਦੀ ਉਤਪੱਤੀ ਨੂੰ ਸਮਝਣ ਦੀ ਦਿਸ਼ਾ ਵਿੱਚ ਅਹਿਮ ਜਾਣਕਾਰੀਆਂ ਮਿਲਣਗੀਆਂ।
ਦੂਜਾ ਕਾਰਨ ਹੈ ਕਿ ਸਾਨੂੰ ਜਾਣਨਾ ਹੋਵੇਗਾ ਇਸ ਖੇਤਰ ਵਿੱਚ ਪਾਣੀ ਹੈ ਜਾਂ ਨਹੀਂ ਅਤੇ ਕੀ ਉਹ ਇੰਨੀ ਮਾਤਰਾ ਵਿੱਚ ਹੈ ਕਿ ਉਸ ਨੂੰ ਇਸਤੇਮਾਲ ਕੀਤਾ ਜਾ ਸਕੇ।
ਇਹ ਸਵਾਲ ਲੰਬੇ ਸਮੇਂ ਤੋਂ ਵਿਗਿਆਨਕਾਂ ਨੂੰ ਪਰੇਸ਼ਾਨ ਕਰਦਾ ਰਿਹਾ ਹੈ ਕਿਉਂਕਿ ਉੱਥੇ ਪਾਣੀ ਹੋਇਆ ਤਾਂ ਇਸ ਨਾਲ ਚੰਦਰਮਾ 'ਤੇ ਬਸਤੀਆਂ ਵਸਾਉਣ ਦਾ ਰਸਤਾ ਖੁੱਲੇਗਾ ਅਤੇ ਉਸ ਨੂੰ ਪੁਲਾੜ ਤੋਂ ਅੱਗੇ ਦੇ ਖੋਜੀ ਆਭਿਆਨਾਂ ਲਈ ਸਸਤੇ ਲਾਂਚ ਪੈਡ ਵਾਂਗ ਇਸਤੇਮਾਲ ਕੀਤਾ ਜਾ ਸਕੇਗਾ।
ਜੇਕਰ ਸਾਨੂੰ ਚੰਨ ਦੇ ਦੱਖਣੀ ਧਰੁਵ 'ਤੇ ਪਾਣੀ ਦਾ ਇੱਕ ਸੰਗ੍ਰਹਿ ਵੀ ਮਿਲਦਾ ਹੈ ਤਾਂ ਇਸ ਨਾਲ ਚੰਨ ਬਾਰੇ ਸਾਡੀ ਪੂਰੀ ਧਾਰਨਾ ਹੀ ਬਦਲ ਜਾਵੇਗੀ ਕਿਉਂਕਿ ਬੇਸ਼ੱਕ ਹੀ ਉਸ ਦੀ ਸਤਹਿ 'ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦੇ ਸਬੂਤ ਮਿਲੇ ਹਨ, ਫਿਰ ਵੀ ਉਸ ਨੂੰ ਹੁਣ ਤੱਕ ਪੂਰੀ ਤਰ੍ਹਾਂ ਖੁਸ਼ਕ ਸਮਝਿਆ ਜਾਂਦਾ ਹੈ।
ਚੰਦਰਯਾਨ-2 ਪ੍ਰੋਜੈਕਟ ਇੱਕ ਬਦਲਾਅ ਦੀ ਵੀ ਸਪੱਸ਼ਟ ਸੰਕੇਤ ਹੈ। ਹੁਣ ਤੱਕ ਇਸਰੋ ਦਾ ਫੋਕਸ ਪੁਲਾੜ ਨਾਲ ਜੁੜੀ ਤਕਨੀਕ 'ਤੇ ਮਹਾਰਤ ਹਾਸਿਲ ਕਰਨਾ ਸੀ। ਹੁਣ ਇਸਰੋ ਆਪਣੀ ਚਾਰ ਦਿਵਾਰੀ ਤੋਂ ਪਰੇ ਵੱਡੀ ਗਿਣਤੀ 'ਚ ਸੰਸਥਾਵਾਂ, ਜਿਨ੍ਹਾਂ ਵਿੱਚ ਯੂਨੀਵਰਸਿਟੀ ਆਦਿ ਸ਼ਾਮਿਲ ਹੈ, ਉਨ੍ਹਾਂ ਨੂੰ ਵੀ ਸ਼ਾਮਿਲ ਕਰੇਗਾ।
ਅਕਸਰ ਸਾਰਾਭਾਈ ਦੇ ਇੱਕ ਕਥਨ ਦਾ ਜ਼ਿਕਰ ਕੀਤਾ ਜਾਂਦਾ ਹੈ, "ਸਰਕਾਰ ਦਾ ਸਭ ਤੋਂ ਚੰਗਾ ਰੂਪ ਕਿਹੜਾ ਹੈ? ਸਰਕਾਰ ਉਹ ਹੈ ਜੋ 'ਸ਼ਾਸਨ' ਘੱਟ ਕਰੇ ਅਤੇ ਇਸ ਦੀ ਬਜਾਇ ਜਨਤਾ ਦੀ ਊਰਜਾ ਨੂੰ ਇਕੱਠਾ ਕਰਕੇ ਇਸਤੇਮਾਲ ਕਰਨ ਦੇ ਰਸਤੇ ਤਲਾਸ਼ੇ।"
ਤਾਂ ਲੋਕਾਂ ਦੀ ਊਰਜਾ ਨੂੰ ਵਰਤਣ ਦੇ ਸਾਰਾਭਾਈ ਦੇ ਸਾਰੇ ਸੁਪਨੇ ਤਹਿਤ ਹੁਣ ਵਿਗਿਆਨਕ ਭਾਈਚਾਰੇ ਦੇ ਕਾਫੀ ਵੱਡੇ ਹਿੱਸੇ ਨੂੰ ਰੱਖਿਆ ਜਾਵੇਗਾ।
ਆਖ਼ਿਰ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਗੱਲ, ਇਸ ਤਰ੍ਹਾਂ ਦੇ ਪ੍ਰੋਜੈਕਟ ਦੇਸ ਦੀ ਆਮ ਜਨਤਾ ਦੇ ਪੈਸਿਆਂ ਦੀ ਮਦਦ ਨਾਲ ਚਲਾਏ ਜਾਂਦੇ ਹਨ।
ਇਸ ਲਈ ਉਨ੍ਹਾਂ ਜਾਨਣ ਦਾ ਅਧਿਕਾਰ ਹੈ ਕਿ ਉਨ੍ਹਾਂ ਦਾ ਪੈਸਾ ਆਉਣ ਵਾਲੀਆਂ ਪੀੜੀਆਂ ਲਈ ਲਾਹੇਵੰਦ ਹੋਵੇਗਾ ਜਾਂ ਨਹੀਂ।
ਮੈਨੂੰ ਵਿਸ਼ਵਾਸ਼ ਹੈ ਕਿ ਚੰਦਰਯਾਨ-2 ਆਉਣ ਵਾਲੀਆਂ ਪੀੜੀਆਂ ਨੂੰ ਗਿਆਨ ਦੇ ਇਸ ਸਿਰੇ ਨੂੰ ਛੋਹਣ ਲਈ ਪ੍ਰੇਰਿਤ ਕਰੇਗਾ, ਜਿਸ ਬਾਰੇ ਵਿੱਚ ਅਸੀਂ ਸੋਚਿਆ ਵੀ ਨਹੀਂ ਹੈ।
ਹੋ ਸਕਦਾ ਹੈ ਕਿ ਉਹ ਚੰਨ ਜਾਂ ਮੰਗਲ 'ਤੇ ਪਹਿਲੀ ਇਨਸਾਨੀ ਬਸਤੀ ਭਾਰਤ ਵੱਲੋਂ ਵਸਾਏ ਜਾਣ ਦਾ ਸੁਪਨਾ ਦੇਖਣ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=pgjmWpvATXM
https://www.youtube.com/watch?v=kHWrsPE6t0A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਜ਼ਿੰਬਾਬਵੇ ਦੀ ਸੱਤਾ 3 ਦਹਾਕੇ ਕਾਬਜ਼ ਰਹੇ ਮੁਗਾਬੇ ਨਾਇਕ ਸਨ ਜਾਂ ਖ਼ਲਨਾਇਕ
NEXT STORY