ਸੁਬਮਨ ਗਿੱਲ ਦੀ ਚੋਣ ਭਾਰਤੀ ਕ੍ਰਿਕਟ ਟੀਮ ਲਈ ਕੀਤੀ ਗਈ ਹੈ। ਉਹ ਭਾਰਤ -ਦੱਖਣੀ ਅਫ਼ਰੀਕਾ ਵਿਚਾਲੇ ਹੋਣ ਜਾ ਰਹੀ ਤਿੰਨ ਮੈਂਚਾਂ ਦੀ ਟੈਸਟ ਲੜੀ ਵਿਚ ਖੇਡਣਗੇ।
ਸੁਬਮਨ ਇਸ ਤੋਂ ਪਹਿਲਾਂ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ ਅਤੇ ਆਈਪੀਐੱਲ 2019 ਵਿਚ ਕੋਲਕਾਤਾ ਨਾਇਟ ਰਾਇਡਰਜ਼ ਦੀ ਤਰਫ਼ੋ ਖੇਡ ਕੇ ਉੱਭਰਦੇ ਖਿਡਾਰੀ ਦੀ ਟਰਾਫੀ ਤੇ 10 ਲੱਖ ਦਾ ਇਨਾਮ ਜਿੱਤ ਚੁੱਕੇ ਹਨ।
ਫਰਵਰੀ 2018 ਵਿਚ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਦੌਰਾਨ ਬੀਬੀਸੀ ਪੰਜਾਬੀ ਨੇ ਸ਼ੁਬਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਮਾਤਾ ਕੀਰਤ ਕੌਰ ਗਿੱਲ ਨਾਲ ਗੱਲਬਾਤ ਕੀਤੀ।
ਪਰਿਵਾਰ ਦਾ ਪਿਛੋਕੜ ਫਿਰੋਜ਼ਪੁਰ ਦੇ ਜਲਾਲਾਬਾਦ ਦਾ ਹੈ ਤੇ ਸ਼ੁਬਮਨ ਦੇ ਦਾਦਾ-ਦਾਦੀ ਉੱਥੇ ਹੀ ਰਹਿੰਦੇ ਹਨ। ਸ਼ੁਬਮਨ ਦਾ ਪਰਿਵਾਰ ਉਸ ਨੂੰ ਕ੍ਰਿਕਟ ਦੀ ਸਿਖਲਾਈ ਦਿਵਾਉਣ ਲਈ ਮੁਹਾਲੀ ਰਹਿਣ ਲੱਗ ਪਿਆ ਸੀ।
ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ
ਮਾਂ ਕੀਰਤ ਕੌਰ ਨੇ ਦੱਸਿਆ ਕਿ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ ਤੇ ਉਹ ਬਾਕੀ ਖਿਡੌਣਿਆਂ ਦੇ ਮੁਕਾਬਲੇ ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਸੀ।
"ਇਸ ਕਾਰਨ ਅਸੀਂ ਸ਼ੁਬਮਨ ਨੂੰ ਇਸ ਪਾਸੇ ਲਾਉਣ ਦਾ ਫ਼ੈਸਲਾ ਕੀਤਾ। ਉਸਦੇ ਪਿਤਾ ਉਸ ਦੀ ਸਿਖਲਾਈ ਲਈ ਗੰਭੀਰ ਸਨ ਪਰ ਕਈ ਵਾਰ ਜਦੋਂ ਗੇਂਦ ਲੱਗ ਜਾਂਦੀ ਤਾਂ ਉਸ ਨੂੰ ਦੇਖਣਾ ਔਖਾ ਹੋ ਜਾਂਦਾ।"
"ਸ਼ੁਬਮਨ ਆਪਣੀ ਕਾਮਯਾਬੀ ਤੋਂ ਖੁਸ਼ ਹੈ ਕਿ ਇੰਨੇ ਸਾਲਾਂ ਦੀ ਮਿਹਨਤ ਰਾਸ ਆਈ ਹੈ।"
ਉਹਨਾਂ ਨੇ ਸ਼ੁਬਮਨ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਘਰ ਵਿੱਚ ਖਾਧੀਆਂ ਜਾਣ ਵਾਲੀਆਂ ਕਈ ਚੀਜ਼ਾਂ ਪਸੰਦ ਸਨ ਪਰ ਹੁਣ ਤਾਂ ਉਹ ਵਿਰਾਟ ਕੋਹਲੀ ਦਾ ਫੈਨ ਹੈ ਤੇ ਖਾਣ ਪੀਣ ਬਾਰੇ ਕਾਫ਼ੀ ਸੁਚੇਤ ਹੈ।
ਇਹ ਵੀ ਪੜ੍ਹੋ:-
ਘਰ ਤੀਜੀ ਮੰਜਿਲ 'ਤੇ ਹੈ
ਸ਼ੁਬਮਨ ਨੇ ਆਪਣੀ ਪ੍ਰੈਕਟਿਸ ਜ਼ਿਆਦਾਤਰ ਆਪਣੇ ਘਰ ਦੇ ਸਾਹਮਣੇ ਗੈਲਰੀ ਵਿੱਚ ਕੀਤੀ। ਉਹਨਾਂ ਦਾ ਘਰ ਤੀਜੀ ਮੰਜਿਲ 'ਤੇ ਹੈ।
ਉੱਥੇ ਸ਼ੁਭਮਨ ਦੇ ਪਿਤਾ ਨੇ ਇੱਕ ਸ਼ੀਸ਼ਾ ਵੀ ਲਾਇਆ ਹੋਇਆ ਹੈ ਜਿੱਥੇ ਉਹ ਆਪਣੀ ਬੈਟਿੰਗ ਵਿੱਚ ਸੁਧਾਰ ਕਰਨ ਲਈ ਆਪਣੇ ਆਪ ਨੂੰ ਦੇਖ ਕੇ ਡਰਿਲਜ਼ ਕਰਦਾ ਸੀ।
ਲਖਵਿੰਦਰ ਨੇ ਕਿਹਾ, "ਇਸੇ ਸ਼ੀਸ਼ੇ ਵਿੱਚ ਉਹ ਮੇਰਾ ਦਿੱਤਾ ਖੇਡ ਨਾਲ ਜੁੜਿਆ ਹੋਮ ਵਰਕ ਵੀ ਕਰਦਾ ਸੀ। ਇਸ ਗੈਲਰੀ ਵਿੱਚ ਉਹ ਰਾਤ ਨੂੰ ਰੌਸ਼ਨੀ ਕਰ ਕੇ ਤੇ ਆਸੇ ਪਾਸੇ ਚਾਦਰਾਂ ਲਾ ਕੇ ਅਭਿਆਸ ਕਰਦਾ।"
"ਗੈਲਰੀ ਵਿੱਚ ਮੀਂਹ ਦੇ ਦਿਨਾਂ ਵਿੱਚ ਜਾਂ ਜਦੋਂ ਉਸ ਦੇ ਨਾਲ ਮੈਦਾਨ ਜਾਣ ਵਾਲਾ ਕੋਈ ਨਾ ਹੁੰਦਾ ਉਸ ਸਮੇਂ ਹੀ ਪ੍ਰੈਕਟਿਸ ਕੀਤੀ ਜਾਂਦੀ ਸੀ ਤਾਂ ਕਿ ਰੁਟੀਨ ਨਾ ਟੁੱਟੇ। ਉਹ ਦਿਨ ਵਿੱਚ ਕੋਈ ਪੰਜ ਘੰਟੇ ਤਾਂ ਪ੍ਰੈਕਟਿਸ ਕਰ ਹੀ ਲੈਂਦਾ ਸੀ।"
ਪਿੱਪਲ ਦੇ ਤਣੇ ਤੋਂ ਬੈਟ
ਸ਼ੁਬਮਨ ਦੇ ਪਿਤਾ ਨੇ ਦੱਸਿਆ, "ਬਚਪਨ ਵਿੱਚ ਜਦੋਂ ਉਹ ਢਾਈ ਸਾਲ ਦਾ ਸੀ ਤਾਂ ਥਾਪੀ ਨਾਲ ਵੀ ਖੇਡਦਾ ਸੀ ਪਰ ਉਹ ਉਸਦੀ ਉਮਰ ਮੁਤਾਬਕ ਕਾਫ਼ੀ ਭਾਰੀ ਹੁੰਦੀ ਸੀ।"
"ਫਿਰ ਸ਼ੁਭਮਨ ਦੇ ਦਾਦਾ ਜੀ ਨੇ ਪਿੱਪਲ ਦੇ ਤਣੇ ਤੋਂ ਉਸਨੂੰ ਛੇ-ਸੱਤ ਬੈਟ ਬਣਾ ਕੇ ਦਿੱਤੇ ਜੋ ਕਿ ਬਹੁਤ ਹਲਕੇ ਸਨ। ਇਸ ਪ੍ਰਕਾਰ ਸ਼ੁਬਮਨ ਦੀ ਕਾਮਯਾਬੀ ਤਿੰਨ ਪੀੜ੍ਹੀਆਂ ਦੇ ਸਹਿਯੋਗ ਦਾ ਨਤੀਜਾ ਹੈ।"
ਗੇਂਦਾਂ ਦੀ ਚੋਣ ਬਾਰੇ ਵੀ ਸ਼ੁਬਮਨ ਦੇ ਪਿਤਾ ਨੇ ਦੱਸਿਆ, "ਟੈਨਿਸ ਦੀ ਗੇਂਦ ਵਿੱਚ ਉਛਾਲ ਬਹੁਤ ਹੁੰਦਾ ਸੀ ਤੇ ਪਲਾਸਟਿਕ ਦੀ ਗੇਂਦ ਨਾਲ ਸੱਟ ਬਹੁਤ ਲਗਦੀ ਸੀ।"
ਫੇਰ ਉਹ ਕੋਸਕੋ ਦੀ ਗੇਂਦ ਲੈ ਕੇ ਆਏ। ਉਹ ਦੁਕਾਨਦਾਰ ਤੋਂ ਉਸ ਗੇਂਦ ਦੇ ਸਾਰੇ ਹੀ ਡੱਬੇ ਲੈ ਆਏ।
ਉਹਨਾਂ ਕਿਹਾ, "ਇਹਨੂੰ ਮੈਂ ਦੂਸਰੇ ਤੋਂ ਤੀਸਰੇ ਦਿਨ ਇੱਕ ਨਵੀਂ ਬਾਲ ਦੇ ਦੇਣੀ। ਨਵੀਂ ਬਾਲ ਦੇਖ ਕੇ ਉਹ ਐਨਾ ਖ਼ੁਸ਼। ਫੇਰ ਉਸਦਾ ਇਸ ਪਾਸੇ ਹੋਰ ਉਤਸ਼ਾਹ ਵਧਦਾ ਸੀ।"
ਮਾਂ-ਬਾਪ ਜਿੰਦਗੀ ਦੇ ਦਸ ਸਾਲ ਬੱਚਿਆਂ ਦੇ ਲੇਖੇ ਲਾਉਣ
ਸ਼ੁਬਮਨ ਦੇ ਪਿਤਾ ਨੇ ਦੱਸਿਆ, "ਜੇ ਕੋਈ ਮਾਂ-ਬਾਪ ਆਪਣੀ ਜਿੰਦਗੀ ਦੇ ਦਸ ਸਾਲ ਆਪਣੇ ਬੱਚਿਆਂ ਦੇ ਲੇਖੇ ਲਾ ਦੇਣ ਤਾਂ ਕੋਈ ਵਜ੍ਹਾ ਨਹੀਂ ਕਿ ਬੱਚੇ ਕਾਮਯਾਬ ਨਾ ਹੋਣ।"
ਹੁਣ ਉਨ੍ਹਾਂ ਦੀ ਸੋਸਾਈਟੀ ਦੀ ਪਹਿਚਾਣ ਹੀ ਇਹ ਬਣ ਗਈ ਹੈ ਕਿ ਇੱਥੇ ਇੱਕ ਇੰਟਰਨੈਸ਼ਨਲ ਖਿਡਾਰੀ ਰਹਿੰਦਾ ਹੈ।
ਇਸ ਬਾਰੇ ਸ਼ੁਬਮਨ ਦੇ ਮਾਤਾ ਨੇ ਦੱਸਿਆ, "ਹੁਣ ਪਹਿਲਾਂ ਵਾਂਗ ਖੁੱਲ੍ਹ ਕੇ ਬਾਹਰ ਜਾਣਾ ਔਖਾ ਹੋ ਗਿਆ ਹੈ ਕਿਉਂਕਿ ਸਾਰੇ ਪਛਾਨਣ ਲੱਗੇ ਹਨ।"
ਨਿਮਰਤਾ ਦੀ ਤਾਕੀਦ
ਉਹਨਾਂ ਹੋਰ ਵੀ ਦੱਸਿਆ, "ਸ਼ੁਬਮਨ ਨੂੰ ਵੀ ਇਹੀ ਕਹੀਦਾ ਹੈ ਕਿ ਡਾਊਨ ਟੂ ਅਰਥ ਹੋ ਕੇ ਰਹਿਣਾ, ਦਿਖਾਵਾ ਨਹੀਂ ਕਰਨਾ। ਸੋਬਰ ਬਣ ਕੇ ਰਹਿਣਾ ਜਿਵੇਂ ਕਿ ਇੱਕ ਆਮ ਬੰਦੇ ਦੀ ਜ਼ਿੰਦਗੀ ਹੁੰਦੀ ਹੈ।"
ਸ਼ੁਬਮਨ ਦੇ ਸਕੂਲ ਵਾਲੇ ਵੀ ਉਤਸ਼ਾਹਿਤ ਹਨ ਤੇ ਉਸਦੀ ਉਡੀਕ ਕਰ ਰਹੇ ਹਨ।
ਸ਼ੁਬਮਨ ਦੇ ਮਾਤਾ ਨੇ ਦੱਸਿਆ, "ਪਿੰਡ ਵਾਲੇ ਵੀ ਖੁਸ਼ ਹਨ ਤੇ ਪੁੱਛ ਰਹੇ ਹਨ ਕਿ ਦੱਸੋ ਸ਼ੁਬਮਨ ਨੇ ਕਦੋਂ ਆਉਣਾ ਹੈ ਅਸੀਂ ਟੈਂਟ ਲਾਉਣਾ ਹੈ।"
ਕ੍ਰਿਕਟ ਦੇ ਇਲਾਵਾ ਸ਼ੁਬਮਨ ਨੂੰ ਗਾਣੇ ਸੁਣਨ ਤੇ ਪੀਐਸਪੀ ਖੇਡਣ ਦਾ ਸ਼ੌਕ ਹੈ।
ਮੋਬਾਈਲ ਤੇ ਹੋਰ ਚੀਜ਼ਾਂ ਨਾਲ ਬੱਚੇ ਬੱਝ ਜਾਂਦੇ ਹਨ ਉਹ ਸਮਾਂ ਕਿਸੇ ਹੋਰ ਸ਼ੌਕ ਵਿੱਚ ਜਾਂ ਕਿਤੇ ਹੋਰ ਲਾਉਣਾ ਚਾਹੀਦਾ ਹੈ।
ਸ਼ੁਬਮਨ ਦੇ ਪਿਤਾ ਨੇ ਦੱਸਿਆ, "ਇਸ ਸਭ ਦਾ ਸਿਹਰਾ ਰਾਹੁਲ ਦ੍ਰਾਵਿੜ ਨੂੰ ਹੀ ਹੈ ਜਿਨ੍ਹਾਂ ਨੇ ਉਸਨੂੰ ਖੇਡ ਦੀਆਂ ਬਾਰੀਕੀਆਂ ਦੱਸੀਆਂ।"
ਸ਼ੁਬਮਨ ਦੇ ਪਿਤਾ ਨੇ ਅੱਗੇ ਕਿਹਾ ਕਿ ਭਾਵੇਂ ਉਹਨਾਂ ਨੂੰ ਅਜਿਹਾ ਕੁਝ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਉਹਨਾਂ ਨੇ ਟੀਵੀ ਤੋਂ ਹੀ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ-ਸਮਝੀਆਂ।
ਹੁਣ ਤਾਂ ਉਹ ਬੱਸ ਉਹ ਸ਼ੁਬਮਨ ਨੂੰ ਮਿਲ ਕੇ ਪਿਆਰ ਦੀ ਜੱਫ਼ੀ ਪਾਉਣਾ ਚਾਹੁੰਦੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਪਾਕਿਸਤਾਨ ਤੋਂ ਪਿਆਜ ਦਰਾਮਦ ਕਰਨ ਦੇ ਟੈਂਡਰ ਤੋਂ ਨਾਰਾਜ਼ ਕਿਸਾਨ - 5 ਅਹਿਮ ਖ਼ਬਰਾਂ
NEXT STORY