ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਪੰਜਾਬ ਦੇ ਰਾਜਪਾਲ ਨੇ ਮਾਫ਼ ਕਰ ਦਿੱਤਾ ਹੈ।
ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਵਾਉਣ ਲਈ ਬਰਨਾਲਾ ਦੀ ਸਬ ਜੇਲ੍ਹ ਅੱਗੇ ਬੀਤੇ 46 ਦਿਨਾਂ ਤੋਂ ਜਨਤਕ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ।
ਮਨਜੀਤ ਧਨੇਰ ਦੀ ਰਿਹਾਈ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਧਰਨੇ ਵਾਲੀ ਥਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ:
ਕੌਣ ਹਨ ਮਨਜੀਤ ਧਨੇਰ?
ਮਨਜੀਤ ਧਨੇਰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਆਗੂ ਹਨ ਅਤੇ 1997 ਵਿੱਚ ਬਣੀ ਕਿਰਨਜੀਤ ਅਗਵਾ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਵੀ ਮੈਂਬਰ ਸਨ।
ਐਕਸ਼ਨ ਕਮੇਟੀ ਵੱਲੋਂ ਕਿਰਨਜੀਤ ਕੌਰ ਨਾਂ ਦੀ ਮਹਿਲ ਕਲਾਂ ਦੀ ਵਿਦਿਆਰਥਣ ਬਲਾਤਕਾਰ ਤੇ ਕਤਲ ਕੀਤੇ ਜਾਣ ਖ਼ਿਲਾਫ਼ ਸੰਘਰਸ਼ ਲੜਿਆ ਗਿਆ ਸੀ।
ਕਿਰਨਜੀਤ ਕੌਰ ਮਾਮਲੇ ਵਿੱਚ 3 ਅਗਸਤ 1997 ਨੂੰ 7 ਲੋਕਾਂ ਖ਼ਿਲਾਫ਼ ਕਤਲ ਅਤੇ ਬਲਾਤਕਾਰ ਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਨਾਮਜ਼ਦ ਦੋਸ਼ੀਆਂ ਵਿੱਚੋਂ ਚਾਰ ਨੂੰ ਬਰਨਾਲਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਮਨਜੀਤ ਧਨੇਰ ਨੂੰ ਕਿਸ ਮਾਮਲੇ ਵਿੱਚ ਹੋਈ ਉਮਰ ਕੈਦ
ਕਿਰਨਜੀਤ ਕਤਲ ਮਾਮਲੇ ਵਿੱਚ ਦੋਸ਼ੀ ਧਿਰ ਨਾਲ ਸਬੰਧ ਰੱਖਦੇ ਦਲੀਪ ਸਿੰਘ ਨਾਂ ਦੇ ਇੱਕ ਵਿਅਕਤੀ 'ਤੇ 3 ਮਾਰਚ 2001 ਨੂੰ ਬਰਨਾਲਾ ਵਿੱਚ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਸੀ। ਦਲੀਪ ਸਿੰਘ ਦੀ ਕੁਝ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਇਸ ਵਿੱਚੋਂ ਪ੍ਰੇਮ ਕੁਮਾਰ, ਨਰਾਇਣ ਦੱਤ ਅਤੇ ਮਨਜੀਤ ਧਨੇਰ ਨਾਮੀ ਤਿੰਨ ਵਿਅਕਤੀ, ਕਿਰਨਜੀਤ ਕੌਰ ਅਗਵਾ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਵੀ ਸਨ।
30 ਮਾਰਚ 2005 ਨੂੰ ਬਰਨਾਲਾ ਸੈਸ਼ਨ ਕੋਰਟ ਵੱਲੋਂ ਇਨ੍ਹਾਂ ਤਿੰਨ ਆਗੂਆਂ ਸਣੇ ਸੱਤ ਨਾਮਜ਼ਦ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਮਰ-ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ:
24 ਅਗਸਤ 2007 ਨੂੰ ਪੰਜਾਬ ਦੇ ਤਤਕਾਲੀ ਗਵਰਨਰ ਨੇ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਸੁਣਾਈ ਸਜ਼ਾ ਰੱਦ ਕਰ ਦਿੱਤੀ ਸੀ।
ਗਵਰਨਰ ਪੰਜਾਬ ਦੇ ਇਸ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਪਾਈ ਗਈ ਸੀ।
ਇਸ ਅਪੀਲ ਦੇ ਅਧਾਰ ਉੱਤੇ ਹਾਈ ਕੋਰਟ ਵੱਲੋਂ 11 ਫਰਵਰੀ 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਸੀ।
ਮਨਜੀਤ ਧਨੇਰ ਵੱਲੋਂ ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਗਈ ਸੀ।
3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਵਿੱਚ ਵੀ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ ਗਈ ਸੀ। ਸੁਪਰੀਮ ਕੋਰਟ ਨੇ ਮਨਜੀਤ ਧਨੇਰ ਨੂੰ ਬਰਨਾਲਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਹੋਣ ਲਈ 28 ਦਿਨਾਂ ਦਾ ਸਮਾਂ ਦਿੱਤਾ ਸੀ।
ਮਨਜੀਤ ਧਨੇਰ 30 ਸਤੰਬਰ ਨੂੰ ਬਰਨਾਲਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਹੋਏ ਸਨ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਬਰਨਾਲਾ ਦੀ ਸਬ ਜੇਲ੍ਹ ਵਿੱਚ ਭੇਜ ਦਿੱਤਾ ਸੀ।
ਉਸ ਦਿਨ ਤੋਂ ਲੈ ਕੇ ਹੀ 42 ਜਨਤਕ ਜਥੇਬੰਦੀਆਂ ਵੱਲੋਂ ਮਨਜੀਤ ਧਨੇਰ ਨੂੰ ਇਨਸਾਫ਼਼ ਦਿਵਾਉਣ ਲਈ ਕਮੇਟੀ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਅੱਜ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਨੂੰ ਆਪਣੀ ਜਿੱਤ ਕਰਾਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਬਿੰਦੂ ਨੇ ਕਿਹਾ, "ਜਦੋਂ ਦਾ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਦਾ ਪਤਾ ਲੱਗਿਆ ਹੈ, ਲੋਕਾਂ ਵਿੱਚ ਬਹੁਤ ਚਾਅ ਹੈ। ਉਨ੍ਹਾਂ ਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ। ਸਾਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਸੀ ਕਿ ਅਸੀਂ ਸਹੀ ਲੜ ਰਹੇ ਹਾਂ। ਇਸ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਤਾਕਤ ਦੇ ਸਿਰ ਉੱਤੇ ਬਹੁਤ ਕੁੱਝ ਠੀਕ ਕੀਤਾ ਜਾ ਸਕਦਾ ਹੈ। ਮਨਜੀਤ ਧਨੇਰ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਲੜਿਆ ਸੀ ਇਸ ਲਈ ਔਰਤਾਂ ਵਿੱਚ ਇਸ ਜਿੱਤ ਨਾਲ ਬਹੁਤ ਉਤਸ਼ਾਹ ਹੈ।"
ਮਨਜੀਤ ਧਨੇਰ ਦੀ ਧੀ ਦਵਿੰਦਰ ਕੌਰ ਅਤੇ ਨੂੰਹ ਪ੍ਰਦੀਪ ਕੌਰ ਨੇ ਪਰਿਵਾਰ ਦੀਆਂ ਭਾਵਨਾਵਾਂ ਵਿਅਕਤ ਕਰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਏਕੇ ਕਰਕੇ ਹੀ ਸੰਭਵ ਹੋਈ ਹੈ ਅਤੇ ਇਸ ਸ਼ਾਨਦਾਰ ਸੰਘਰਸ਼ ਲਈ ਉਹ ਜਨਤਕ ਜਥੇਬੰਦੀਆਂ ਦੇ ਧੰਨਵਾਦੀ ਹਨ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=NHw79rtyR5A
https://www.youtube.com/watch?v=NxJT0493_xQ
https://www.youtube.com/watch?v=Sd9sgTWfPks
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮਾਲਵਿੰਦਰ ਸਿੰਘ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਭੇਜਿਆ ਤਿਹਾੜ ਜੇਲ੍ਹ
NEXT STORY