ਰਾਹੁਲ ਬਜਾਜ ਨੇ ਆਲੋਚਨਾ ਲਈ ਹੌਂਸਲੇ ਦੀ ਕਮੀ, ਲਿੰਚਿੰਗ ਬਾਰੇ ਅਸਰਦਾਰ ਕਾਰਵਾਈਆਂ ਨਾ ਹੋਣ 'ਤੇ ਚਿੰਤਾ ਜ਼ਾਹਿਰ ਕੀਤੀ
ਬਜਾਜ ਗਰੁੱਪ ਦੇ ਚੇਅਰਮੈਨ ਰਾਹੁਲ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਵੇਲੇ ਆਲੋਚਨਾ ਕਰਨ ਦਾ ਹੌਂਸਲਾ ਨਹੀਂ ਪੈਂਦਾ ਹੈ।
ਟੈਲੀਗ੍ਰਾਫ ਅਖ਼ਬਾਰ ਮੁਤਾਬਕ, ਉਨ੍ਹਾਂ ਨੇ ਇਹ ਗੱਲ ਇਕੋਨਾਮਿਕ ਟਾਈਮਜ਼ ਦੇ ਇੱਕ ਸਮਾਗਮ ਦੌਰਾਨ ਸ਼ਨਿੱਚਰਵਾਰ ਨੂੰ ਕਹੀ ਹੈ।
ਉਸ ਵੇਲੇ ਉਸ ਸਮਾਗਮ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਰੇਲਵੇ ਮੰਤਰੀ ਪਿਯੂਸ਼ ਗੋਇਲ, ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਅਦਿਤਿਆ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵੀ ਮੌਜੂਦ ਸਨ।
ਰਾਹੁਲ ਬਜਾਜ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ, "ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪਰ ਜੇ ਤੁਸੀਂ ਕਹਿ ਰਹੇ ਹੋ ਅਜਿਹਾ ਮਾਹੌਲ ਹੈ ਤਾਂ ਉਸ ਨੂੰ ਸੁਧਾਰਨ ਦੀ ਲੋੜ ਹੈ।"
ਇਹ ਵੀ ਪੜ੍ਹੋ-
'ਅਸੀਂ ਡਰਦੇ ਹਾਂ'
ਇੰਡੀਅਨ ਐਕਸਪ੍ਰੈੱਸ ਅਖ਼ਬਾਰ ਮੁਤਾਬਕ ਰਾਹੁਲ ਬਜਾਜ ਨੇ ਕਾਰੋਪਰੇਟ ਜਗਤ 'ਚ ਕੇਂਦਰ ਸਰਕਾਰ ਦੀ ਆਲੋਚਨਾ ਲਈ ਹੌਂਸਲੇ ਦੀ ਕਮੀ, ਲਿੰਚਿੰਗ ਬਾਰੇ ਅਸਰਦਾਰ ਕਾਰਵਾਈਆਂ ਨਾ ਹੋਣ ਅਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਠਾਕੁਰ ਵੱਲੋਂ ਇਸ ਹਫ਼ਤੇ ਨੱਥੂਰਾਮ ਗੋਡਸੇ ਦੀ ਸ਼ਲਾਘਾ ਵਾਲੇ ਬਿਆਨ 'ਤੇ ਚਿੰਤਾ ਜ਼ਾਹਿਰ ਕੀਤੀ ਗਈ।
ਰਾਹੁਲ ਨੇ ਕਿਹਾ ਕਿ ਅਸਹਿਣਸ਼ੀਲਤਾ ਦਾ ਮਾਹੌਲ ਹੋਣਾ ਚਾਹੀਦਾ ਹੈ
ਉਨ੍ਹਾਂ ਨੇ ਕਿਹਾ, "ਸਾਡੇ ਵਿਚੋਂ ਕੋਈ ਵੀ ਉਦਯੋਗਪਤੀ ਦੋਸਤ ਨਹੀਂ ਬੋਲੇਗਾ, ਮੈਂ ਖੁਲ੍ਹੇਆਮ ਬੋਲਾਂਗਾ ਕਿ ਯੂਪੀਏ-2 ਦੀ ਸੱਤਾ ਦੌਰਾਨ ਅਸੀਂ ਕਿਸੇ ਦੀ ਵੀ ਆਲੋਚਨਾ ਕਰ ਸਕਦੇ ਸੀ।”
"ਬੇਸ਼ੱਕ ਤੁਸੀਂ ਚੰਗਾ ਕੰਮ ਕਰ ਰਹੇ ਹੋ, ਉਸ ਦੇ ਬਾਵਜੂਦ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ, ਤੁਹਾਡੀ ਖੁੱਲ੍ਹੇਆਮ ਆਲੋਚਨਾ ਕਰ ਸਕੀਏ ਕਿਉਂਕਿ ਸਾਨੂੰ ਲਗਦਾ ਹੈ ਕਿ ਤੁਸੀਂ ਇਸ ਤੋਂ ਖੁਸ਼ ਨਹੀਂ ਹੋਵੋਗੇ।"
ਪ੍ਰੱਗਿਆ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜਿਹਾ ਕਹੇ ਜਾਣ ਤੋਂ ਬਾਅਦ ਵੀ ਕਿ ਉਨ੍ਹਾਂ ਨੂੰ (ਪ੍ਰੱਗਿਆ ਠਾਕੁਰ) ਨੂੰ ਮੁਆਫ਼ ਕਰਨਾ ਔਖਾ ਹੈ, ਉਨ੍ਹਾਂ ਨੂੰ ਸੰਸਦ ਵਿੱਚ ਹਾਊਸ ਆਫ ਕੰਸਲਟੈਂਟ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ।
ਲਿੰਚਿੰਗ ਬਾਰੇ ਗੱਲ ਕਰਦਿਆਂ ਰਾਹੁਲ ਕਹਿੰਦੇ ਹਨ, " ਅਸਹਿਣਸ਼ੀਲਤਾ ਦਾ ਮਾਹੌਲ ਹੈ, ਅਸੀਂ ਡਰਦੇ ਹਾਂ, ਕੁਝ ਚੀਜ਼ਾਂ 'ਤੇ ਅਸੀਂ ਬੋਲਣਾ ਨਹੀਂ ਚਾਹੁੰਦੇ ਪਰ ਦੇਖਦੇ ਹਾਂ ਕਿ ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਅਜੇ ਤੱਕ।"
ਇਹ ਵੀ ਪੜ੍ਹੋ-
'ਲਿੰਚਿੰਗ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸਨ ਤੇ ਅੱਜ ਵੀ ਹੁੰਦੀਆਂ ਹਨ'
ਰਾਹੁਲ ਬਜਾਜ ਦੀਆਂ ਟਿੱਪਣੀਆਂ 'ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਆਪਣੀ ਪ੍ਰਤੀਕਿਰਿਆ ਪੇਸ਼ ਕਰਦਿਆਂ ਕਿਹਾ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਮਾਹੌਲ ਬਣਿਆ ਹੋਇਆ ਹੈ ਤਾਂ "ਸਾਨੂੰ ਹੀ ਇਸ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।"
ਉਨ੍ਹਾਂ ਨੇ ਕਿਹਾ, "ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਡਰਨ ਦੀ ਲੋੜ ਨਹੀਂ ਹੈ...ਨਾ ਕੋਈ ਡਰਾਉਣਾ ਚਾਹੁੰਦਾ ਹੈ। ਅਸੀਂ ਅਜਿਹਾ ਕੁਝ ਨਹੀਂ ਕੀਤਾ ਕਿ ਸਾਨੂੰ ਆਲੋਚਨਾ ਦੀ ਚਿੰਤਾ ਕਰਨਾ ਪਵੇ।"
"ਸਰਕਾਰ ਬਹੁਤ ਪਾਰਦਰਸ਼ਿਤਾ ਨਾਲ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਸਾਨੂੰ ਡਰ ਨਹੀਂ ਹੈ।"
ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ
"ਜੇਕਰ ਫਿਰ ਵੀ ਕੋਈ ਆਲੋਚਨਾ ਕਰਦਾ ਹੈ ਤਾਂ ਅਸੀਂ ਉਸ ਨੂੰ ਆਲੋਚਨਾ ਦੇ ਹਿਸਾਬ ਨਾਲ ਸੁਧਾਰਨ ਦੀ ਕੋਸ਼ਿਸ਼ ਕਰਾਂਗੇ।"
ਟੈਲੀਗ੍ਰਾਫ ਮੁਤਾਬਕ ਪ੍ਰਗਿਆ ਦੇ ਬਿਆਨ ਬਾਰੇ ਬੋਲਦਿਆ ਅਮਿਤ ਸ਼ਾਹ ਨੇ ਕਿਹਾ ਕਿ ਜਿਵੇਂ ਹੀ ਪ੍ਰਗਿਆ ਦਾ ਬਿਆਨ ਆਇਆ, ਉਸੇ ਵੇਲੇ ਹੀ ਭਾਜਪਾ ਦੇ ਸੀਨੀਅਰ ਆਗੂਆਂ ਨੇ ਉਸ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਵੀ ਕੀਤੀ ਗਈ।
ਉਨ੍ਹਾਂ ਨੇ ਕਿਹਾ, "ਭਾਵੇਂ ਕਿ ਇਹ ਸਪੱਸ਼ਟ ਨਹੀਂ ਸੀ ਕਿ ਉਨ੍ਹਾਂ ਦਾ ਮਤਲਬ ਨੱਥੂਰਾਮ ਗੋਡਸੇ ਸੀ ਜਾਂ ਊਧਮ ਸਿੰਘ ਤੋਂ ਸੀ, ਇਸ ਦੇ ਖ਼ਿਲਾਫ਼ ਕਦਮ ਚੁੱਕਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੇ ਸੰਸਦ ਵਿੱਚ ਮੁਆਫ਼ੀ ਵੀ ਮੰਗੀ।"
ਲਿੰਚਿੰਗ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਕਿਹਾ, “ਜਿਥੋਂ ਤੱਕ ਲਿੰਚਿੰਗ ਬਾਰੇ ਚਿੰਤਾ ਹੈ, ਮੈਂ ਇਹੀ ਕਹਿ ਸਕਦਾ ਹਾਂ ਕਿ ਲਿੰਚਿੰਗ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸਨ ਅਤੇ ਅੱਜ ਵੀ ਹੁੰਦੀਆਂ ਹਨ ਪਰ ਹੁਣ ਪਹਿਲਾਂ ਨਾਲੋਂ ਘੱਟ ਹੁੰਦੀਆਂ ਹਨ।"
"ਪਰ ਇਹ ਗ਼ਲਤ ਹੈ ਕਿ ਕਿਸੇ ਨੂੰ ਸਜ਼ਾ ਨਹੀਂ ਮਿਲੀ, ਕਈ ਅਪਰਾਧੀ ਠਹਿਰਾਏ ਗਏ ਹਨ ਤੇ ਉਨ੍ਹਾਂ ਨੂੰ ਸਜ਼ਾ ਹੋਈ ਹੈ ਪਰ ਇਹ ਮੀਡੀਆ 'ਚ ਦਿਖਾਈ ਨਹੀਂ ਦਿੰਦਾ।"
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=1xznOP55alU
https://www.youtube.com/watch?v=ptleDzf_Zwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

JNU ਤੋਂ ਇਲਾਵਾ ਕਦੋਂ-ਕਦੋਂ ਵਿਦਿਆਰਥੀਆਂ ਦੇ ਅੰਦੋਲਨ ਵੱਡਾ ਬਦਲਾਅ ਲਿਆਏ
NEXT STORY