ਭਾਰਤ ਸ਼ਾਸਿਤ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਦਾ ਕੁਨਨ ਪੋਸ਼ਪੋਰਾ ਪਿੰਡ, ਸੜਕ ਦੇ ਦੋਵੇਂ ਪਾਸੇ ਗ਼ੁਲਾਮ ਮੋਹੀਉਦੀਨ ਖ਼ਾਨ ਉਰਫ਼ ਬਾਸਿਤ ਦੀਆਂ ਤਸਵੀਰਾਂ ਵਾਲੇ ਬੈਨਰ ਲੱਗੇ ਹੋਏ ਸਨ। ਇਨ੍ਹਾਂ 'ਤੇ ਲਿਖਿਆ ਸੀ-ਸ਼ਹੀਦ ਬਾਸਿਤ ਚੌਂਕ।
ਐਤਵਾਰ ਸਵੇਰੇ ਦਰਜਨਾਂ ਲੋਕ ਕੁਨਨ ਪੋਸ਼ਪੋਰਾ ਪਿੰਡ ਵਿੱਚ AG ਸਾਲ ਦੇ ਗ਼ੁਲਾਮ ਮੋਹੀਉਦੀਨ ਖ਼ਾਨ ਦੇ ਇੱਕ ਮੰਜ਼ਿਲਾ ਘਰ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇਣ ਪਹੁੰਚੇ ਹੋਏ ਸਨ।
ਰਾਜਸਥਾਨ ਵਿੱਚ ਕੁਝ ਲੜਕਿਆਂ ਨੇ ਬਾਸਿਤ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਉਸ ਦੀ ਮੌਤ ਦੀ ਖ਼ਬਰ ਉਸ ਦੇ ਜ਼ੱਦੀ ਪਿੰਡ ਵਿੱਚ ਪਹੁੰਚਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਗੁੱਸਾ ਹੈ। ਉਹ ਨਰਿੰਦਰ ਮੋਦੀ ਸਰਕਾਰ 'ਤੇ ਕਸ਼ਮੀਰੀਆਂ ਨੂੰ ਮਾਰਨ ਦਾ ਦੋਸ਼ ਲਗਾ ਰਹੇ ਹਨ।
ਬਾਸਿਤ ਦੀ ਮਾਂ ਹਫ਼ੀਜ਼ਾ ਰੋ ਰਹੀ ਸੀ ਅਤੇ ਖ਼ੁਦ ਨੂੰ ਸੰਭਾਲ ਨਹੀਂ ਪਾ ਰਹੀ ਸੀ। ਉਹ ਵਿਲਕਦੇ ਹੋਏ ਕਹਿ ਰਹੀ ਸੀ, "ਮੈਂ ਇਨ੍ਹਾਂ ਅਨਾਥ ਬੱਚਿਆਂ ਦਾ ਕੀ ਕਰਾਂਗੀ? ਮੇਰੇ ਬੱਚੇ, ਤੂੰ ਮੈਨੂੰ ਧੋਖਾ ਦਿੱਤਾ ਹੈ।"
ਬਾਸਿਤ ਦੀਆਂ ਪਿੱਛੇ ਚਾਰ ਛੋਟੀਆਂ ਭੈਣਾਂ, ਇੱਕ ਛੋਟਾ ਭਰਾ ਅਤੇ ਉਸ ਦੀ ਮਾਂ ਹੈ।
ਇਹ ਵੀ ਪੜ੍ਹੋ-
'ਬੇਟੇ ਦਾ ਇੰਤਜ਼ਾਰ ਕਰ ਰਹੀ ਸੀ, ਉਸ ਦੀ ਲਾਸ਼ ਦਾ ਨਹੀਂ'
ਬਾਸਿਤ ਨੇ ਸ਼੍ਰੀਨਗਰ ਵਿੱਚ ਸੈਨਾ ਦੇ ਗੁੱਡ ਵਿਲ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਉਸ ਦਾ ਪਿੰਡ ਸ਼੍ਰੀਨਗਰ ਤੋਂ 107 ਕਿਲੋਮੀਟਰ ਦੂਰ ਹੈ।
ਉਸ ਦੇ ਪਿਤਾ ਖ਼ੁਰਸ਼ੀਦ ਦੀ 2012 ਵਿੱਚ ਕੁਦਰਤੀ ਕਾਰਨਾਂ ਨਾਲ ਮੌਤ ਹੋ ਗਈ ਸੀ। ਉਹ ਭਾਰਤੀ ਸੈਨਾ ਦੀ ਜੇਕੇਐੱਨਆਈ ਰੈਜੀਮੈਂਟ ਵਿੱਚ ਸਨ।
ਪਿੰਡ ਵਿੱਚ ਰਹਿਣ ਵਾਲੇ ਸਾਕਿਬ ਅਹਿਮਦ ਨੇ ਕਿਹਾ, "ਅਸੀਂ ਆਪਣੇ ਪਿੰਡ ਦੇ ਚੌਕ ਦਾ ਨਾਮ ਬਦਲ ਦਿੱਤਾ ਹੈ। ਪਹਿਲਾਂ ਇਸ ਨੂੰ ਗਮਾਨਦਾਰ ਚੌਕ ਕਹਿੰਦੇ ਸਨ, ਪਰ ਹੁਣ ਇਹ ਬਾਸਿਤ ਚੌਕ ਹੈ। ਨਾਂ ਬਦਲਣ ਨਾਲ ਸਾਨੂੰ ਆਪਣੇ ਪਿੰਡ ਦੇ ਬੇਟੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਯਾਦ ਰਹੇਗੀ ਅਤੇ ਇਸ ਨਾਲ ਸਾਨੂੰ ਆਪਣੀ ਮੌਤ ਤੱਕ ਇਨਸਾਫ਼ ਲਈ ਸੰਘਰਸ਼ ਕਰਦੇ ਰਹਿਣ ਦੀ ਪ੍ਰੇਰਣਾ ਮਿਲੇਗੀ।"
ਅੱਖਾਂ ਵਿੱਚ ਹੰਝੂ ਲਈ ਬਾਸਿਤ ਦੀ ਮਾਂ ਕਹਿੰਦੀ ਹੈ, "ਮੈਂ ਆਪਣੇ ਬੇਟੇ ਦਾ ਇੰਤਜ਼ਾਰ ਕਰ ਰਹੀ ਸੀ ਨਾ ਕਿ ਉਸਦੀ ਲਾਸ਼ ਦਾ। ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਬੇਟੇ ਦੀ ਲਾਸ਼ ਲਿਆਂਦੀ ਜਾਵੇਗੀ। ਜਦੋਂ ਬਾਸਿਤ ਘਰੋਂ ਗਿਆ ਸੀ, ਉਸ ਨੇ ਕਿਹਾ ਸੀ ਕਿ ਜਲਦੀ ਵਾਪਸ ਆਵਾਂਗਾ, ਪਰ ਮੈਂ ਹੁਣ ਮੈਨੂੰ ਆਪਣੀਆਂ ਅੱਖਾਂ 'ਚੇ ਯਕੀਨ ਨਹੀਂ ਹੋ ਰਿਹਾ। ਉਹ ਤਿੰਨ ਮਹੀਨੇ ਪਹਿਲਾਂ ਘਰੋਂ ਗਿਆ ਸੀ। ਮੈਨੂੰ ਨਿਆਂ ਚਾਹੀਦਾ ਹੈ ਅਤੇ ਮੇਰੇ ਬੇਟੇ ਦੇ ਕਾਤਲਾਂ ਨੂੰ ਮੈਨੂੰ ਸੌਂਪਿਆਂ ਜਾਣਾ ਚਾਹੀਦਾ ਹੈ।"
ਫ਼ਿਰਦੌਸ ਅਹਿਮਦ ਡਾਰ ਬਾਸਿਤ ਦੇ ਚਚੇਰੇ ਭਰਾ ਹਨ ਅਤੇ ਉਨ੍ਹਾਂ ਨਾਲ ਕੰਮ ਵੀ ਕਰਦੇ ਸਨ। ਉਹ ਉਸ ਸਮੇਂ ਰਾਜਸਥਾਨ ਵਿੱਚ ਸੀ ਜਦੋਂ ਬਾਸਿਤ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ, "ਘਟਨਾ ਦੇ ਡੇਢ ਘੰਟੇ ਪਹਿਲਾਂ ਖ਼ਾਨ (ਬਾਸਿਤ) ਨੇ ਮੈਨੂੰ ਕਾਲ ਕਰਕੇ ਕਿਹਾ ਕਿ ਮੇਰਾ ਫੋਨ ਚਾਰਜ ਕਰਨ ਲਈ ਲਾ ਦਿਓ ਤਾਂ ਕਿ ਮੈਂ ਚੈਟ ਕਰ ਸਕਾਂ। ਮੈਂ ਕਿਹਾ ਕਿ ਤੂੰ ਜਾ, ਫੋਨ ਚਾਰਜਿੰਗ 'ਤੇ ਲਾ ਦੇਵਾਂਗਾ। ਕੁਝ ਹੀ ਦੇਰ ਬਾਅਦ ਉਹ ਘਰ ਆਇਆ। ਉਸ ਨੇ ਆਪਣਾ ਸਿਰ ਦੋਵੇਂ ਹੱਥਾਂ ਨਾਲ ਫੜਿਆ ਹੋਇਆ ਸੀ।"
'ਬਾਸਿਤ ਦੀ ਮੌਤ ਕਸ਼ਮੀਰੀਆਂ ਨਾਲ ਨਫ਼ਰਤ ਦਾ ਨਤੀਜਾ'
ਡਾਰ ਦੱਸਦੇ ਹਨ, "ਸਾਨੂੰ ਨਹੀਂ ਪਤਾ ਸੀ ਕਿ ਉਸ ਨੂੰ ਕੀ ਹੋਇਆ। ਉਸ ਨੇ ਦੱਸਿਆ ਕਿ ਉਸ ਨੂੰ ਸਿਰ ਦਰਦ ਹੋ ਰਿਹਾ ਹੈ। ਅਸੀਂ ਉਸ ਨੂੰ ਦਵਾਈ ਦਿੱਤੀ। ਅਸੀਂ ਸੋਚਿਆ ਕਿ ਆਟੋ ਰਾਹੀਂ ਆਇਆ ਹੈ ਤਾਂ ਠੰਢ ਕਾਰਨ ਸਿਰ ਵਿੱਚ ਦਰਦ ਹੋ ਰਿਹਾ ਹੈ। ਫਿਰ ਉਹ ਬਾਹਰ ਗਿਆ।"
"ਸਾਡਾ ਇੱਕ ਹੋਰ ਦੋਸਤ ਤਾਹਿਰ ਉਸ ਦੇ ਪਿੱਛੇ ਗਿਆ ਅਤੇ ਉਸ ਨੇ ਪੁੱਛਿਆ ਕਿ ਕੀ ਹੋਇਆ ਹੈ। ਤਾਹਿਰ ਅੰਦਰ ਆਇਆ ਅਤੇ ਬੋਲਿਆ ਕਿ ਖ਼ਾਨ ਨੂੰ ਕੁਝ ਹੋ ਗਿਆ। ਅਸੀਂ ਖ਼ਾਨ ਨੂੰ ਕਿਹਾ ਕਿ ਡਾਕਟਰ ਕੋਲ ਚੱਲੋ। ਪਹਿਲਾਂ ਉਸ ਨੇ ਇਨਕਾਰ ਕੀਤਾ ਅਤੇ ਫਿਰ ਉਹ ਤਿਆਰ ਹੋ ਗਿਆ। ਮੈਂ ਉਸ ਦੀਆਂ ਅੱਖਾਂ ਦੇਖੀਆਂ ਤਾਂ ਥੋੜ੍ਹੀ ਸੋਜ ਆਈ ਹੋਈ ਸੀ। ਉਸ ਨੂੰ ਉਲਟੀਆਂ ਆਉਣ ਲੱਗੀਆਂ। ਅਸੀਂ ਤੁਰੰਤ ਕੈਬ ਬੁੱਕ ਕੀਤੀ ਅਤੇ ਉਸ ਨੂੰ ਹਸਪਤਾਲ ਲੈ ਗਏ।"
ਡਾਰ ਕਹਿੰਦੇ ਹਨ ਕਿ ਜਦੋਂ ਬਾਸਿਤ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੂੰ ਸਮਝ ਵਿੱਚ ਨਹੀਂ ਆਇਆ ਕਿ ਉਸ ਨੂੰ ਹੋਇਆ ਕੀ ਹੈ।
ਉਹ ਦੱਸਦੇ ਹਨ, "ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਕਿਹਾ ਕਿ ਸ਼ਾਇਦ ਇਸ ਨੇ ਡਰੱਗਜ਼ ਲਈ ਹੈ। ਫਿਰ ਕਿਹਾ ਕਿ ਫੂਡ ਪੋਆਇਜ਼ਨਿੰਗ ਹੋਈ ਹੈ। ਡਾਕਟਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਖ਼ਾਨ ਦੀ ਹਾਲਤ ਖ਼ਰਾਬ ਕਿਉਂ ਹੋ ਰਹੀ ਹੈ।"
"ਫਿਰ ਅਸੀਂ ਉਸ ਦੇ ਅੰਕਲ ਨੂੰ ਅਤੇ ਸਾਹਿਲ ਨਾਂ ਦੇ ਲੜਕੇ ਨੂੰ ਫੋਨ ਕਰਕੇ ਹਾਲਾਤ ਦੀ ਜਾਣਕਾਰੀ ਦਿੱਤੀ। ਫਿਰ ਸਾਹਿਲ ਨੇ ਸਾਨੂੰ ਦੱਸਿਆ ਕਿ ਪਾਰਟੀ ਦੌਰਾਨ ਕੁਝ ਲੜਕਿਆਂ ਨੇ ਖ਼ਾਨ ਨੂੰ ਕੁੱਟਿਆ ਸੀ।"
ਇਹ ਵੀ ਪੜ੍ਹੋ-
ਸਾਹਿਲ ਨੂੰ ਸੋਫ਼ਿਆਨ ਨਾਂ ਦੇ ਚਸ਼ਮਦੀਦ ਨੇ ਇਸ ਬਾਰੇ ਦੱਸਿਆ ਸੀ।
ਡਾਰ ਨੇ ਦੱਸਿਆ, "ਅਸੀਂ ਪੂਰੀ ਗੱਲ ਡਾਕਟਰ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਿਰ ਵਿੱਚ ਅੰਦਰੂਨੀ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਖ਼ਾਨ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਅਤੇ ਅਗਲੇ ਦਿਨ ਆਪਰੇਸ਼ਨ ਕੀਤਾ ਗਿਆ। ਰਾਤ 9 ਵਜੇ ਸੱਟਾਂ ਕਾਰਨ ਉਸ ਨੇ ਦਮ ਤੋੜ ਦਿੱਤਾ।"
ਡਾਰ ਕਹਿੰਦੇ ਹਨ ਕਿ ਭਾਰਤ ਵਿੱਚ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਖ਼ਾਨ ਦੀ ਮੌਤ ਵੀ ਇਸੇ ਨਫ਼ਰਤ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ, "ਨਰਿੰਦਰ ਮੋਦੀ ਨੇ ਧਾਰਾ 370 ਨੂੰ ਕਮਜ਼ੋਰ ਕੀਤੇ ਜਾਣ ਦੇ ਬਾਅਦ ਕਿਹਾ ਸੀ ਕਿ ਭਾਰਤ ਵਿੱਚ ਕਿਸੇ ਕਸ਼ਮੀਰੀ ਨੂੰ ਕੋਈ ਦਿੱਕਤ ਨਹੀਂ ਹੋਵੇਗੀ, ਪਰ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ? 370 ਨੂੰ ਮਸਨੂਖ਼ ਕੀਤੇ ਜਾਣ ਦੇ ਬਾਅਦ ਅਸੀਂ ਭਾਰਤ ਜਾਣਾ ਚਾਹੁੰਦੇ ਹਾਂ, ਪਰ ਸਾਡੇ ਲੋਕਾਂ ਨਾਲ ਇਹ ਅਨਿਆਂ ਕਿਉਂ ਕੀਤਾ ਜਾ ਰਿਹਾ ਹੈ?"
ਡਾਰ ਦਾ ਕਹਿਣਾ ਹੈ ਕਿ ਖ਼ਾਨ ਦੀ ਮੌਤ ਦੇ ਬਾਅਦ ਉਹ ਵੀ ਡਰ ਮਹਿਸੂਸ ਕਰ ਰਹੇ ਹਨ।
ਉਸ ਰਾਤ ਕੀ ਹੋਇਆ ਸੀ?
ਬਾਸਿਤ ਦੀ ਲਾਸ਼ ਜਦੋਂ ਲੰਘੇ ਸ਼ਨਿੱਚਰਵਾਰ ਨੂੰ ਉਸ ਦੇ ਪਿੰਡ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਉਸ ਦੀ ਹੱਤਿਆ ਦੇ ਵਿਰੋਧ ਵਿੱਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਕੀਤਾ।
ਉਹ ਆਪਣੇ ਕੁਝ ਕਸ਼ਮੀਰੀ ਦੋਸਤਾਂ ਨਾਲ ਰਾਜਸਥਾਨ ਦੇ ਜੈਪੁਰ ਦੇ ਹਸਨਪੁਰਾ ਇਲਾਕੇ ਵਿੱਚ ਕੇਟਰਿੰਗ ਦਾ ਕੰਮ ਕਰਦੇ ਸਨ।
ਘਟਨਾ ਸਮੇਂ ਉੱਥੇ ਮੌਜੂਦ ਰਹੇ ਇੱਕ ਹੋਰ ਕਸ਼ਮੀਰੀ ਸੋਫ਼ਿਆਨ ਨੇ ਫੋਨ 'ਤੇ ਬੀਬੀਸੀ ਨੂੰ ਜੈਪੁਰ ਤੋਂ ਦੱਸਿਆ ਕਿ ਬਾਸਿਤ ਨੂੰ ਕੁਝ ਲੜਕਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
https://www.youtube.com/watch?v=xWw19z7Edrs
ਸੋਫ਼ਿਆਨ ਦੱਸਦੇ ਹਨ, "ਉਸ ਰਾਤ 12 ਵਜੇ ਅਸੀਂ ਕੰਮ ਖ਼ਤਮ ਕੀਤਾ ਅਤੇ ਗੱਡੀ ਕੋਲ ਗਏ। ਉਸ ਦਾ ਅਗਲਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਡਰਾਈਵਰ ਪਿੱਛੇ ਸੌਂ ਰਿਹਾ ਸੀ। ਖ਼ਾਨ ਨੇ ਪਿਛਲਾ ਦਰਵਾਜ਼ਾ ਖੜਕਾਇਆ ਅਤੇ ਡਰਾਈਵਰ ਨੂੰ ਇਸ ਨੂੰ ਖੋਲ੍ਹਣ ਲਈ ਕਿਹਾ।"
"ਮੁੰਬਈ ਦਾ ਰਹਿਣ ਵਾਲਾ ਆਦਿੱਤਿਆ ਨਾਂ ਦਾ ਲੜਕਾ ਅੱਗੇ ਵਾਲੀ ਸੀਟ 'ਤੇ ਬੈਠਾ ਸੀ। ਉਹ ਖ਼ਾਨ 'ਤੇ ਚਿਲਾਇਆ ਕਿ ਦਰਵਾਜ਼ਾ ਨਾ ਖੜਕਾਏ, ਉਹ ਡਿਸਟਰਬ ਹੋ ਰਿਹਾ ਹੈ। ਖ਼ਾਨ ਨੇ ਆਦਿੱਤਿਆ ਨੂੰ ਕਿਹਾ ਕਿ ਉਹ ਗੱਡੀ ਦੇ ਅੰਦਰ ਆ ਕੇ ਆਰਾਮ ਕਰਨਾ ਚਾਹੁੰਦਾ ਹੈ। ਇਹ ਸੁਣ ਕੇ ਆਦਿੱਤਿਆ ਨੇ ਉਸ ਦਾ ਕਾਲਰ ਫੜਿਆ, ਦੋ ਹੋਰ ਲੜਕੇ ਆਏ ਅਤੇ ਉਨ੍ਹਾਂ ਨੇ ਖ਼ਾਨ ਦੇ ਹੱਥ ਫੜ ਲਏ।"
ਸੋਫ਼ਿਆਨ ਮੁਤਾਬਕ, "ਪੰਜ ਵਿਅਕਤੀ ਆਏ ਅਤੇ ਉਨ੍ਹਾਂ ਨੇ ਖ਼ਾਨ ਨੂੰ ਫੜ ਲਿਆ। ਦੋ ਨੇ ਖ਼ਾਨ ਨੂੰ ਫੜਿਆ ਹੋਇਆ ਸੀ ਅਤੇ ਆਦਿੱਤਿਆ ਉਸ ਦੇ ਸਿਰ 'ਤੇ ਮਾਰੀ ਜਾ ਰਿਹਾ ਸੀ। ਮੈਂ ਖ਼ਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਰੋਕ ਦਿੱਤਾ ਗਿਆ।"
"ਮੈਂ ਇਹ ਸਭ ਦੇਖ ਰਿਹਾ ਸੀ। ਉਹ ਖ਼ਾਨ ਨੂੰ ਮੇਰੇ ਸਾਹਮਣੇ ਕੁੱਟ ਰਹੇ ਸਨ। ਖ਼ਾਨ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਕਿਸੇ ਚੀਜ਼ ਨਾਲ ਉਸ ਦੇ ਸਿਰ 'ਤੇ ਸੱਟ ਮਾਰੀ ਹੈ।"
ਸੋਫ਼ਿਆਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੌਸ ਨੇ ਬਾਅਦ ਵਿੱਚ ਉਨ੍ਹਾਂ ਨੂੰ ਧਮਕਾਉਂਦਿਆਂ ਕਿਹਾ ਸੀ ਕਿ ਜੇਕਰ ਐੱਫਆਈਆਰ ਵਾਪਸ ਨਹੀਂ ਲਈ ਤਾਂ ਤੈਨੂੰ ਵੀ ਤੇਰੇ ਦੋਸਤ ਕੋਲ ਕੋਮਾ ਵਿੱਚ ਭੇਜ ਦਿੱਤਾ ਜਾਵੇਗਾ।
'ਅਸੀਂ ਦੁਬਾਰਾ ਉੱਥੇ ਨਹੀਂ ਜਾਵਾਂਗੇ...'
ਉਹ ਕਹਿੰਦੇ ਹਨ, "ਮੈਂ ਇਹ ਗੱਲ ਪੁਲਿਸ ਰਿਪੋਰਟ ਵਿੱਚ ਨਹੀਂ ਲਿਖਵਾਈ ਕਿਉਂਕਿ ਮੈਨੂੰ ਡਰ ਸੀ ਕਿ ਮੈਂ ਇਕੱਲਾ ਚਸ਼ਮਦੀਦ ਸੀ, ਜਿਨ੍ਹਾਂ ਲੋਕਾਂ ਨੇ ਖ਼ਾਨ ਨੂੰ ਕੁੱਟਿਆ, ਉਹ ਕਹਿ ਰਹੇ ਸਨ ਕਿ ਕਸ਼ਮੀਰੀਆਂ ਨੂੰ ਇੱਥੋਂ ਖ਼ਾਨ ਦੀ ਤਰ੍ਹਾਂ ਕੱਢ ਕੇ ਸੁੱਟਿਆ ਜਾਵੇਗਾ।"
ਸੋਫ਼ਿਆਨ ਦਾ ਮੰਨਣਾ ਹੈ ਕਿ ਖ਼ਾਨ ਨੂੰ ਇਸ ਲਈ ਕੁੱਟਿਆ ਅਤੇ ਮਾਰਿਆ ਗਿਆ ਕਿਉਂਕਿ ਉਹ ਕਸ਼ਮੀਰੀ ਸੀ।
ਖ਼ਾਨ ਦਾ ਇੱਕ ਹੋਰ ਦੋਸਤ ਤਾਹਿਰ ਅਹਿਮਦ ਵੀ ਉਸ ਨਾਲ ਰਾਜਸਥਾਨ ਗਿਆ ਸੀ। ਉਨ੍ਹਾਂ ਨੇ ਡਾਰ ਅਤੇ ਸੋਫ਼ਿਆਨ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ।
ਉਨ੍ਹਾਂ ਨੇ ਕਿਹਾ, "ਉੱਥੇ ਸਾਡੇ 'ਤੇ ਸ਼ੱਕ ਕੀਤਾ ਜਾਂਦਾ ਹੈ। ਜਦੋਂ ਅਸੀਂ ਉੱਥੇ ਗਏ ਤਾਂ ਸਥਾਨਕ ਲੋਕਾਂ ਨੇ ਸਾਨੂੰ ਅਲੱਗ ਨਜ਼ਰੀਏ ਨਾਲ ਦੇਖਿਆ। ਉਹ ਸਾਡੇ ਨਾਲ ਬਹੁਤ ਬੇਰੁਖੀ ਨਾਲ ਪੇਸ਼ ਆਉਂਦੇ ਸਨ।"
ਕੇਟਰਿੰਗ ਦੇ ਕੰਮ ਲਈ ਖ਼ਾਨ ਨਾਲ ਰਾਜਸਥਾਨ ਗਏ ਸਾਹਿਲ ਕਹਿੰਦੇ ਹਨ, "ਕਸ਼ਮੀਰੀਆਂ ਨੂੰ ਉੱਥੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ। ਖ਼ਾਨ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਕਸ਼ਮੀਰੀ ਸੀ। ਅਸੀਂ ਦੁਬਾਰਾ ਉੱਥੇ ਨਹੀਂ ਜਾਵਾਂਗੇ। ਅਸੀਂ ਬੁਰੀ ਤਰ੍ਹਾਂ ਨਾਲ ਡਰੇ ਹੋਏ ਹਾਂ।"
ਕੁਨਨ ਪੋਸ਼ਪੋਰਾ ਪਿੰਡ ਦੇ ਇੱਕ ਨਾਰਾਜ਼ ਸ਼ਖ਼ਸ ਹਬੀਬ ਉਲ੍ਹਾ ਨੇ ਪੁੱਛਿਆ ਕਿ ਕਸ਼ਮੀਰੀਆਂ ਨੂੰ ਕਿਉਂ ਇਸ ਤਰ੍ਹਾਂ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਹੋਰ ਲੋਕ ਵੀ ਉੱਥੇ ਸੌਂ ਰਹੇ ਹਨ, ਪਰ ਕਸ਼ਮੀਰੀਆਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ। ਮੈਂ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਭਾਰਤ ਵਿੱਚ ਮੁਸਲਮਾਨਾਂ ਨਾਲ ਅਨਿਆਂ ਕੀਤਾ ਹੈ, ਪਰ ਅਸੀਂ ਕਸ਼ਮੀਰ ਵਿੱਚ ਤੁਹਾਨੂੰ ਅਜਿਹਾ ਨਹੀਂ ਕਰਨ ਦੇਵਾਂਗਾ। ਕਸ਼ਮੀਰ ਵਿੱਚ ਤੁਸੀਂ ਹੁਣ ਤੱਕ ਜੋ ਬੇਇਨਸਾਫ਼ੀ ਕੀਤੀ ਹੈ, ਅਸੀਂ ਉਸ ਦਾ ਬਦਲਾ ਲਾਵਾਂਗੇ।"
ਹਬੀਬ ਕਹਿੰਦੇ ਹਨ, "ਕਸ਼ਮੀਰੀਆਂ ਦਾ ਗੁਨਾਹ ਕੀ ਹੈ? ਇਹ ਲੜਕੇ ਮਜ਼ਦੂਰੀ ਲਈ ਰਾਜਸਥਾਨ ਗਏ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਲਿਆ ਗਿਆ। ਇੱਕ ਆਮ ਕਸ਼ਮੀਰੀ ਇਸ ਲਈ ਕਸ਼ਮੀਰ ਤੋਂ ਬਾਹਰ ਗੱਲ ਨਹੀਂ ਕਰ ਸਕਦਾ ਕਿਉਂਕਿ ਉਹ ਕਸ਼ਮੀਰੀ ਹਨ।"
"ਕਿੰਨੇ ਕਸ਼ਮੀਰੀਆਂ ਨੂੰ ਮਾਰਿਆ ਜਾਵੇਗਾ? ਕੱਲ੍ਹ ਜਦੋਂ ਖ਼ਾਨ ਦੀ ਲਾਸ਼ ਪਿੰਡ ਪਹੁੰਚੀ ਤਾਂ ਸ਼ਾਂਤੀਪੂਰਨ ਜਲੂਸ ਕੱਢਿਆ ਗਿਆ, ਪਰ ਸੁਰੱਖਿਆ ਬਲਾਂ ਨੇ ਉਸ ਜਲੂਸ 'ਤੇ ਹੰਝੂ ਗੈਸ ਦੀ ਵਰਤੋਂ ਕੀਤੀ।"
ਪਰ ਭਾਰਤੀ ਜਨਤਾ ਪਾਰਟੀ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ।
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਪ੍ਰਦੇਸ਼ ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ ਹੈ।"
"ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਭਾਜਪਾ 'ਤੇ ਦੋਸ਼ ਲਗਾਉਣ ਵਾਲਿਆਂ ਨੂੰ ਕਾਂਗਰਸ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਲੜਕੇ ਦੀ ਹੱਤਿਆ ਕਿਵੇਂ ਹੋਈ। ਸਾਨੂੰ ਮਰਨ ਵਾਲੇ ਨਾਲ ਪੂਰੀ ਹਮਦਰਦੀ ਹੈ। ਮੋਦੀ ਜੀ ਦਾ ਨਾਅਰਾ ਹੈ, 'ਸਬਕਾ ਸਾਥ, ਸਬਕਾ ਵਿਕਾਸ।"
ਜੰਮੂ-ਕਸ਼ਮੀਰ ਪੁਲਿਸ ਨੇ ਵੀ ਸੱਤ ਫਰਵਰੀ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਗ਼ੁਲਾਮ ਮੋਹੀਉਦੀਨ ਖ਼ਾਨ ਉਰਫ਼ ਬਾਸਿਤ ਦੀ ਮੌਤ ਬਾਰੇ ਜੋ ਖ਼ਬਰ ਫੈਲਾਈ ਜਾ ਰਹੀ ਹੈ, ਉਹ ਸਹੀ ਨਹੀਂ ਹੈ ਅਤੇ ਪੁਲਿਸ ਇਸ ਦਾ ਖੰਡਨ ਕਰਦੀ ਹੈ। ਪੁਲਿਸ ਅਨੁਸਾਰ ਬਾਸਿਤ ਦੀ ਮੌਤ ਲਿੰਚਿੰਗ ਕਾਰਨ ਨਹੀਂ ਹੋਈ ਸੀ।
ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਸਿਤ ਜੈਪੁਰ ਵਿੱਚ ਕੇਟਰਰ ਦੀ ਹੈਸੀਅਤ ਨਾਲ ਕੰਮ ਕਰ ਰਿਹਾ ਸੀ ਅਤੇ ਉਸ ਦੀ ਆਪਣੇ ਨਾਲ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ।
ਪੁਲਿਸ ਅਨੁਸਾਰ ਬਾਸਿਤ ਦੀ ਮੌਤ ਦੂਜੇ ਵਿਅਕਤੀ ਨਾਲ ਲੜਾਈ ਕਾਰਨ ਹੋਈ ਸੀ ਅਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਵੀ ਹੋਈ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=dxLt-ZUpgF0
https://www.youtube.com/watch?v=wyN4PTWo3pA
https://www.youtube.com/watch?v=-GR8BVvrhv0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

''ਆਪ'' ਦੇ ਪੰਜਾਬ ''ਚ ਹਾਲਾਤ ਦੇ ਹਵਾਲੇ ਨਾਲ ਸਮਝੋ ਪੰਜਾਬ ਦੇ ਸਿਆਸੀ ਸਮੀਕਰਨ
NEXT STORY