ਉੱਤਰ ਪ੍ਰਦੇਸ਼ ਦੇ ਮੁਹੰਮਦ ਸ਼ਰੀਫ਼ ਨੂੰ ਆਪਣੇ ਪੁੱਤਰ ਦੀ ਲਾਸ਼ ਦਫ਼ਨ ਕਰਨ ਦਾ ਮੌਕਾ ਨਹੀਂ ਮਿਲਿਆ।ਉਸ ਮਗਰੋਂ, ਉਹ ਪਿਛਲੇ 27 ਸਾਲਾਂ ਤੋਂ ਉਨ੍ਹਾਂ ਅਣਪਛਾਤੇ ਧੀਆਂ ਤੇ ਪੁੱਤਰਾਂ ਦੀ ਲਾਸ਼ਾਂ ਦਫ਼ਨ ਕਰ ਰਹੇ ਹਨ, ਜਿਨਾਂ ਦਾ ਕੋਈ ਨਹੀਂ ਹੁੰਦਾ।
ਪੁਲਿਸ ਨੇ ਸ਼ਰੀਫ਼ ਨੂੰ ਉਸ ਦੇ ਪੁੱਤਰ ਦੀ ਮੌਤ ਬਾਰੇ ਇੱਕ ਮਹੀਨੇ ਬਾਅਦ ਦੱਸਿਆ ਸੀ। ਪਰ ਉਸ ਵੇਲੇ ਵੀ ਉਹ ਇਹ ਨਹੀਂ ਦੱਸ ਸਕੇ ਸੀ ਕਿ ਉਸ ਦੀ ਮੌਤ ਕਿੱਥੇ ਤੇ ਕਿਵੇਂ ਹੋਈ।
ਬਸ ਸ਼ਰੀਫ਼ ਇੰਨਾ ਹੀ ਜਾਣਦੇ ਹਨ ਕਿ ਉਨ੍ਹਾਂ ਦਾ ਪੁੱਤਰ, ਮੁਹੰਮਦ ਰਾਇਸ ਲਗਭਗ 2000 ਲੋਕਾਂ ਦੇ ਨਾਲ ਮਰਿਆ ਜੋ ਕਿ 1992 ਵਿੱਚ ਹਿੰਦੂ-ਮੁਸਲਮਾਨ ਦੰਗਿਆਂ ਦਾ ਸ਼ਿਕਾਰ ਹੋਏ ਸਨ।
ਸ਼ਰੀਫ਼ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ 25 ਸਾਲਾ ਪੁੱਤਰ ਕਿੱਥੇ ਦਫ਼ਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਘਟਨਾ ਦੇ 30 ਸਾਲਾਂ ਬਾਅਦ ਸ਼ਰੀਫ਼ ਮੁੜ ਯਾਦਾਂ ਤਾਜ਼ੀਆਂ ਕਰਦੇ ਹੋਏ ਕਹਿੰਦੇ ਹਨ, "ਪੁਲਿਸ ਨੇ ਸਾਨੂੰ ਦੱਸਿਆ ਸੀ ਕਿ ਉਸ ਦੀ ਲਾਸ਼ ਗਲ ਚੁੱਕੀ ਸੀ। ਪਰ ਅਸੀਂ ਉਸ ਦੀ ਲਾਸ਼ ਨਹੀਂ ਦੇਖੀ। ਸਾਨੂੰ ਉਸਦੇ ਸਿਰਫ਼ ਕੱਪੜੇ ਹੀ ਮਿਲੇ ਸਨ।"
ਪਰ ਇਸ ਦੇ ਕੁਝ ਮਹੀਨਿਆਂ ਬਾਅਦ ਹੀ ਸ਼ਰੀਫ਼ ਨੇ ਕੁਝ ਅਜਿਹਾ ਦੇਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।
ਸ਼ਰੀਫ਼ ਨੇ ਦੱਸਿਆ, "ਇੱਕ ਦਿਨ ਮੈਂ ਪੁਲਿਸ ਵਾਲੀਆਂ ਨੂੰ ਨਦੀ ਵਿੱਚ ਇੱਕ ਲਾਸ਼ ਸੁੱਟਦੇ ਦੇਖ ਲਿਆ। ਮੈਂ ਸਹਿਮ ਗਿਆ।"
ਡਰ ਦੇ ਨਾਲ, ਉਨ੍ਹਾਂ ਨੂੰ ਇੱਕ ਅਹਿਸਾਸ ਵੀ ਹੋਇਆ।
"ਮੈਨੂੰ ਲੱਗਦਾ ਹੈ ਕਿ ਕਿਸੇ ਹੋਰ ਲਾਸ਼ ਵਾਂਗ ਮੇਰੇ ਪੁੱਕਰ ਦੀ ਵੀ ਲਾਸ਼ ਨਦੀ ਵਿੱਚ ਸੁੱਟ ਦਿੱਤੀ ਗਈ ਹੋਵੇਗੀ। ਉਸ ਦਿਨ ਮੈਂ ਸੋਚ ਲਿਆ ਕਿ ਮੈਂ ਅਣਪਛਾਤਿਆਂ ਲਾਸ਼ਾਂ ਦਾ ਰਖਵਾਲਾ ਬਣਾਂਗਾ ਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਸਸਕਾਰ ਕਰਾਂਗਾ।"
ਭਾਰਤ ਵਿੱਚ ਅਣਪਛਾਤੀ ਲਾਸ਼ਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਈ ਕਾਰਨ ਹਨ। ਜ਼ਿਆਦਾ ਲੋਕਾਂ ਦਾ ਸੜਕ ਤੇ ਰੇਲ ਹਾਦਸਿਆਂ ਦਾ ਸ਼ਿਕਾਰ ਹੋਣਾ ਤੇ ਘਰੋਂ ਦੂਰ ਰਹਿ ਰਹੇ ਲੋਕਾਂ ਦੀ ਮੌਤ ਇੱਕ ਵੱਡਾ ਕਾਰਨ ਹੈ।
ਘਰਾਂ ਤੋਂ ਬੇਦਖ਼ਲ ਕੀਤੇ ਕਈ ਬੁਜ਼ਰਗਾਂ ਤੇ ਹਸਪਤਾਲਾਂ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋਏ ਗਰੀਬ ਲੋਕਾਂ ਦਾ ਵੀ ਅੰਤਮ ਸੰਸਕਾਰ ਕਰਨ ਵਾਲੇ ਘੱਟ ਹੀ ਹੁੰਦੇ ਹਨ।
ਪਰ ਇਨ੍ਹਾਂ ਲਾਸ਼ਾਂ ਦਾ ਕੀ ਕਰਨਾ ਹੁੰਦਾ ਹੈ? 1992 ਵਿੱਚ, ਭਾਰਤ ਦੇ ਕਈ ਜ਼ਿਲਿਆਂ ਵਿੱਚ ਮੁਰਦਾ ਘਰ ਨਹੀਂ ਸਨ। ਇਸ ਕਰਕੇ ਅਣਪਛਾਤੀਆਂ ਲਾਸ਼ਾਂ ਨੂੰ ਛੇਤੀ ਨਾਲ ਖ਼ਤਮ ਕਰ ਦਿੱਤਾ ਜਾਂਦਾ ਸੀ।
ਇਨ੍ਹਾਂ ਲਾਸ਼ਾਂ ਨੂੰ ਦਫ਼ਨਾਉਣਾ ਹੀ ਸਹੀ ਮੰਨਿਆ ਜਾਂਦਾ ਸੀ ਪਰ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਸਮੇਂ ਤੇ ਪੈਸੇ ਦੀ ਬੱਚਤ ਲਈ ਅਣਪਛਾਤੀਆਂ ਲਾਸ਼ਾਂ ਨੂੰ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਸੀ।
ਇਹ ਵੀ ਦੇਖੋ:
https://youtu.be/rtco_BLjf10
ਸ਼ਰੀਫ਼ ਦੇ ਪਰਿਵਾਰ ਨੂੰ ਲੰਬੇ ਸਮੇਂ ਤੱਕ ਲੱਗਦਾ ਰਿਹਾ ਕਿ ਰਾਇਸ ਦੀ ਲਾਸ਼ ਨੂੰ ਗੋਮਤੀ ਨਦੀ ਵਿੱਚ ਬਹਾ ਦਿੱਤਾ ਗਿਆ। ਇਹ ਨਦੀ ਸੁਲਤਾਨਪੁਰ ਸ਼ਹਿਰ ਵਿੱਚੋਂ ਨਿਕਲਦੀ ਹੈ ਜਿੱਥੇ ਰਾਇਸ ਦੰਸਬਰ 1992 ਤੱਕ ਇੱਕ ਦਵਾਇਆਂ ਦੀ ਦੁਕਾਨ ਉੱਤੇ ਕੰਮ ਕਰਦਾ ਸੀ।
ਦਸੰਬਰ 1992 ਵਿੱਚ ਹਿੰਦੂ ਕੱਟੜਵਾਦੀਆਂ ਨੇ ਅਯੋਧਿਆ ਵਿੱਚ 16ਵੀਂ ਸਦੀ ਵਿੱਚ ਬਣੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਹ ਥਾਂ ਸ਼ਰੀਫ਼ ਦੇ ਘਰ ਤੋਂ 65 ਕਿਲੋਮੀਟਰ ਦੂਰ ਸੀ।
ਦੰਗਿਆਂ ਦੌਰਾਨ ਰਾਇਸ ਗੁੰਮਸ਼ੁਦਾ ਹੋ ਗਿਆ।
ਸ਼ਰੀਫ਼ ਦੱਸਦੇ ਹਨ, "ਜਦੋਂ ਰਾਇਸ ਗੁੰਮ ਹੋਇਆ ਤਾਂ ਮੈਂ ਪਾਗਲਾਂ ਵਾਂਗ ਉਸ ਨੂੰ ਇੱਕ ਮਹੀਨਾ ਬਹੁਤ ਲੱਭਿਆ। ਪਰ ਮੈਨੂੰ ਉਹ ਕੀਤੇ ਨਹੀਂ ਮਿਲਿਆ। ਉਸ ਦੀ ਖੋਜ ਲਈ ਮੈਂ ਸੁਲਤਾਨਪੁਰ ਵੀ ਗਿਆ।
ਇਹ ਵੀ ਪੜ੍ਹੋ:
ਫਿਰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਸ਼ਰੀਫ਼ ਤੇ ਉਨ੍ਹਾਂ ਦੀ ਪਤਨੀ ਬੀਬੀ ਨੂੰ ਡੂੰਘਾ ਸਦਮਾ ਪਹੁੰਚਿਆ। ਉਨ੍ਹਾਂ ਦੀ ਪਤਨੀ ਅਜੇ ਵੀ ਆਪਣੇ ਪੁੱਤਰ ਦੀ ਮੌਤ ਕਾਰਨ ਸਦਮੇ ਵਿੱਚ ਹੈ।
ਉਨ੍ਹਾਂ ਨੂੰ ਇਸ ਗੱਲ ਦਾ ਵੀ ਦੁੱਖ ਪਹੁੰਚਿਆ ਕਿ ਉਹ ਆਪਣੇ ਪੁੱਤਰ ਦਾ ਸਹੀ ਤਰੀਕੇ ਨਾਲ ਅੰਤਮ ਸੰਸਕਾਰ ਨਹੀਂ ਕਰ ਸਕੇ।
"ਇਹੋ ਜਿਹਾ ਦੁੱਖ ਕਦੇ ਕਿਸੇ 'ਤੇ ਨਾ ਆਵੇ।"
ਸ਼ਰੀਫ਼ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਵੇਲੇ ਸੋਚ ਲਿਆ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੁਣ ਕੋਈ ਵੀ ਲਾਸ਼ ਨਦੀ ਵਿੱਚ ਨਹੀਂ ਸੁੱਟੀ ਜਾਵੇਗੀ।
ਸਮਾਜ ਵਿੱਚ ਲਾਸ਼ਾਂ ਨੂੰ ਦਫ਼ਨਾਉਣ ਤੇ ਸਸਕਾਰ ਕਰਨ ਵਾਲਿਆਂ ਨੂੰ ਅਛੂਤ ਮੰਨਿਆ ਜਾਂਦਾ ਸੀ। ਪਰ ਇਨ੍ਹਾਂ ਸਮਾਜਿਕ ਧਾਰਨਾਵਾਂ ਦੇ ਬਾਵਜੂਦ ਸ਼ਰੀਫ਼ ਨੇ ਲਾਸ਼ਾਂ ਨੂੰ ਦਫ਼ਨਾਉਣ ਦਾ ਕੰਮ ਬੰਦ ਨਹੀਂ ਕੀਤਾ।
"ਜਦੋਂ ਇਸ ਕੰਮ ਲਈ ਮੈਨੂੰ ਪਹਿਲੀ ਵਾਰ ਫ਼ੋਨ ਆਇਆ ਤਾਂ ਮੈਂ ਦਿਲ ਥੋੜ੍ਹਾ ਘਬਰਾਇਆ। ਪੋਸਟ-ਮਾਰਟਮ ਮਗਰੋਂ ਮਾਨੂੰ ਪੁਲਿਸ ਨੇ ਲਾਸ਼ ਲੈ ਕੇ ਜਾਣ ਲਈ ਕਿਹਾ। ਮੈਨੂੰ ਅਜੇ ਵੀ ਯਾਦ ਹੈ ਕਿ ਉਸ ਆਦਮੀ ਦਾ ਗਲਾ ਵੱਢਿਆ ਹੋਇਆ ਸੀ।"
ਸਮੇਂ ਨਾਲ ਸ਼ਰੀਫ਼ ਦਾ ਕੰਮ ਵਧਿਆ ਤੇ ਉਨ੍ਹਾਂ ਦੇ ਲਾਸ਼ਾਂ ਨੂੰ ਢੋਹਣ ਲਈ ਇੱਕ ਰੇੜਾ ਵੀ ਖਰੀਦ ਲਿਆ। ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋਸਤਾਂ, ਰਿਸ਼ਤੇਦਾਰਾਂ ਤੇ ਲੋਕਾਂ ਦੇ ਤਾਨੇ ਵੀ ਸੁਣਨੇ ਪਏ। ਉਨ੍ਹਾਂ ਨੂੰ ਸਮਾਜਿਕ ਤੌਰ 'ਤੇ ਵੱਖਰਾ ਕਰ ਦਿੱਤਾ ਗਿਆ।
"ਮੇਰੇ ਪਰਿਵਾਰ ਵਿੱਚ ਉਸ ਵੇਲੇ ਕੋਈ ਵੀ ਖ਼ੁਸ਼ ਨਹੀਂ ਸੀ, ਸਾਰੇ ਕਹਿੰਦੇ ਕਿ ਮੈਂ ਪਾਗਲ ਹੋ ਗਿਆ ਹਾਂ।"
ਇਹ ਵੀ ਪੜ੍ਹੋ:
"ਕਈਆਂ ਨੂੰ ਤਾਂ ਮੇਰੇ ਨੇੜੇ ਆਉਣ ਤੋਂ ਵੀ ਡਰ ਲੱਗਦਾ ਸੀ। ਉਨ੍ਹਾਂ ਨੂੰ ਲੱਗਦਾ ਕਿ ਮੈਨੂੰ ਛੁਹਣ ਨਾਲ ਉਨ੍ਹਾਂ ਨੂੰ ਕਿਟਾਣੂਆਂ ਕਰਕੇ ਕੋਈ ਲਾਗ ਹੋ ਸਕਦੀ ਹੈ।"
ਇਸ ਸਭ ਦੇ ਬਾਵਜੂਦ ਉਹ ਨਹੀਂ ਰੁੱਕੇ। ਉਨ੍ਹਾਂ ਨੇ ਵਿਆਹ, ਤਿਉਹਾਰ ਤੇ ਇੱਥੇ ਤੱਕ ਕੇ ਨਮਾਜ ਲਈ ਜਾਣਾ ਵੀ ਬੰਦ ਕਰ ਦਿੱਤਾ। ਉਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਕੇ ਸ਼ਾਂਤੀ ਦੇ ਨਾਲ-ਨਾਲ ਆਪਣੇ ਪੁੱਤਰ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਹੈ।
"ਇਸ ਨਾਲ ਮੈਂ ਆਪਣੇ ਪੁੱਤਰ ਦੇ ਵਿਛੋੜੇ ਦੇ ਦਰਦ ਨੂੰ ਭੁੱਲ ਸਕਿਆ। ਮੈਂ ਉਸ ਬਾਰੇ ਹਰ ਵੇਲੇ ਸੋਚਦਾ ਹਾਂ।"
ਸਮਾਜ ਵਿੱਚ ਲਾਸ਼ਾਂ ਨੂੰ ਦਫ਼ਨਾਉਣ ਤੇ ਸਸਕਾਰ ਕਰਨ ਵਾਲਿਆਂ ਨੂੰ ਅਛੂਤ ਮੰਨਿਆ ਜਾਂਦਾ ਹੈ
ਪੇਸ਼ੇ ਵਜੋਂ ਸਾਇਕਲ ਠੀਕ ਕਰਨ ਦਾ ਕੰਮ ਕਰਨ ਵਾਲੇ ਸ਼ਰੀਫ਼ ਨੇ ਦੱਸਿਆ ਕਿ ਇਹ ਕੰਮ ਸੌਖਾ ਨਹੀਂ ਹੈ। ਪੁਲਿਸ ਵਾਲਿਆਂ ਨੂੰ ਅਕਸਰ ਲਾਸ਼ ਪਹਿਚਾਨਣ ਵਿੱਚ ਸਮਾਂ ਲੱਗਦਾ ਹੈ।
"ਲਾਸ਼ਾਂ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ ਉਨ੍ਹਾਂ ਵਿੱਚੋਂ ਆ ਰਹੀ ਗੰਦ ਬਰਦਾਸ਼ਤ ਕਰਨਾ। ਜਦੋਂ ਵੀ ਮੈਂ ਜ਼ਿਆਦਾ ਮਾੜੀ ਹਾਲਤ ਵਾਲੀ ਲਾਸ਼ ਦੇਖ ਲੈਂਦਾ ਹਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਫਿਰ ਬੁਰੇ ਸੁਪਨੇ ਆਉਂਦੇ ਹਨ। ਮੈਨੂੰ ਫਿਰ ਨੀਂਦ ਲਈ ਦਵਾਈ ਖਾਣੀ ਪੈਂਦੀ ਹੈ।"
"ਕਈ ਵਾਰ ਤਾਂ ਪੁਲਿਸ ਵਾਲੇ ਮੇਰੇ ਨਾਲ ਕਬਰਸਿਤਾਨ ਜਾਂਦੇ ਹਨ ਪਰ ਉਹ ਵੀ ਦੂਰ ਖੜੇ ਰਹਿੰਦੇ ਹਨ।"
ਇਹ ਵੀ ਦੇਖੋ:
ਕੋਰੋਨਾਵਾਇਰਸ: ਚੰਡੀਗੜ੍ਹ ਦੀਆਂ ਕੁੜੀਆਂ ਨੂੰ ਕੀ ਡਰ?
https://youtu.be/7s5W39dMPew
ਪਰ ਫਿਰ ਵੀ 80 ਸਾਲਾ ਦੇ ਸ਼ਰੀਫ਼ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਲਾਸ਼ ਦਾ ਸਹੀ ਤਰੀਕੇ ਨਾਲ ਸਸਕਾਰ ਹੋਵੇ, ਉਸ ਨੂੰ ਸਹੀ ਤਰੀਕੇ ਨਾਲ ਨਵਾਇਆ ਜਾਵੇ।
ਸ਼ਰੀਫ਼ ਨੂੰ ਜੇਕਰ ਮਰਨ ਵਾਲੇ ਦਾ ਧਰਮ ਪਤਾ ਲੱਗ ਜਾਵੇ, ਤਾਂ ਉਹ ਉਸਦਾ ਉਸੇ ਤਰੀਕੇ ਨਾਲ ਸਸਕਾਰ ਕਰਦੇ ਹਨ। ਜੇ ਮੁਸਲਮਾਨ ਹੋਵੇ ਤਾਂ ਲਾਸ਼ ਨੂੰ ਦਫਨਾਇਆ ਜਾਂਦਾ ਹੈ ਤੇ ਜੇ ਕੋਈ ਹਿੰਦੂ ਹੋਵੇ ਤਾਂ ਉਸ ਨੂੰ ਸਾੜਿਆ ਜਾਂਦਾ ਹੈ।
ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਅਜੇ ਤੱਕ ਸ਼ਰੀਫ਼ ਕਿੰਨੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ।
ਇਹ ਵੀ ਦੇਖੋ:
ਵੀਡੀਓ: ਇਟਲੀ ਵਿੱਚ ਰਹਿੰਦੇ ਪੰਜਾਬੀ ਕੀ ਕਹਿੰਦੇ?
https://youtu.be/kO5ION4DkWo
ਅਯੋਧਿਆ ਜ਼ਿਲੇ ਪ੍ਰਸਾਸ਼ਨ ਦੇ ਹੈੱਡ, ਅਨੁਜ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਸ਼ਰੀਫ਼ ਨੂੰ ਸਸਕਾਰ ਲਈ ਦਿੱਤੀਆਂ ਜਾ ਚੁੱਕੀਆਂ ਲਾਸ਼ਾਂ ਦਾ ਪੂਰਾ ਰਿਕਾਰਡ ਨਹੀਂ ਹੈ।
ਉਨ੍ਹਾਂ ਕਿਹਾ, " ਅੰਦਾਜ਼ੇ ਨਾਲ ਅਸੀਂ ਸ਼ਰੀਫ਼ ਨੂੰ ਲਗਭਗ 2500 ਲਾਸ਼ਾਂ ਦੇ ਚੁੱਕੇ ਹਾਂ।"
ਸ਼ਰੀਫ਼ ਦੇ ਪਰਿਵਾਰ ਵਾਲਿਆਂ ਦੀ ਕਹਿਣਾ ਹੈ ਕਿ ਉਹ ਅਜੇ ਤੱਕ 5500 ਤੋਂ ਜ਼ਿਆਦਾ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ।
ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਆਰਥਿਕ ਮਦਦ ਨਹੀਂ ਮਿਲੀ। ਉਹ ਅਜੇ ਵੀ ਸਾਇਕਲ ਠੀਕ ਕਰਨ ਦਾ ਸੰਮ ਕਰਦੇ ਹਨ ਤੇ ਇੱਕ ਦਿਨ ਵਿੱਚ ਲਗਭਗ 200 ਰੁਪਏ ਕਮਾਉਂਦੇ ਹਨ।
ਪਰ ਹੁਣ ਚੀਜ਼ਾਂ ਬਦਲ ਰਹੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਰਾਹਿਆ ਗਿਆ ਹੈ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਦੁਕਾਨਦਾਰਾਂ ਨੇ ਉਨ੍ਹਾਂ ਦੀ ਆਰਥਿਕ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ।
"ਦੋਵੇਂ ਹਿੰਦੂ-ਮੁਸਲਮਾਨ ਮੇਰੀ ਮਦਦ ਕਰਦੇ ਹਨ। ਲੋਕਾਂ ਨੇ ਮੈਨੂੰ ਭੋਜਨ ਤੇ ਕੰਬਲ ਦਿੱਤੇ। ਮੇਰਾ ਹਾਲ ਹੀ ਵਿੱਚ ਅੱਖਾਂ ਦਾ ਓਪਰੇਸ਼ਨ ਹੋਇਆ ਹੈ। ਕਿਸੇ ਅਗਿਆਤ ਨੇ ਮੈਨੂੰ ਫੋਨ ਕਰਕੇ 20,000 ਰੁਪਏ ਨਾਲ ਮਦਦ ਕੀਤੀ।"
ਇਸ ਉਮਰ ਵਿੱਚ ਵੀ ਉਨ੍ਹਾਂ ਨੇ ਲਾਸ਼ਾਂ ਦਾ ਸਸਕਾਰ ਕਰਦੇ ਰਹਿਣ ਦਾ ਸੋਚਿਆ ਹੈ। ਪਰ ਸ਼ਰੀਫ਼ ਮਗਰੋਂ ਉਨ੍ਹਾਂ ਦਾ ਕੋਈ ਵੀ ਪੁੱਤਰ ਜਾਂ ਪੋਤਾ ਇਹ ਕੰਮ ਨਹੀਂ ਕਰਨਾ ਚਾਹੁੰਦਾ।
"ਜਦੋਂ ਮੈਂ ਨਹੀਂ ਹੋਵਾਂਗਾ, ਪੁਲਿਸ ਵਾਲੇ ਫਿਰ ਤੋਂ ਨਦੀ ਵਿੱਚ ਲਾਸ਼ਾਂ ਸੁੱਟਣਗੇ। ਪਰ ਫਿਰ ਵੀ ਮੈਂ ਲਾਸ਼ਾਂ ਦਾ ਸਸਕਾਰ ਆਪਣੇ ਆਖਰੀ ਸਾਹ ਤੱਕ ਕਰਦਾ ਰਹਾਂਗਾ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡੀਓ: ਕੀ ਲਸਣ ਤੁਹਾਨੂੰ ਕੋਰੋਨਾਵਾਇਰਸ ਤੋਂ ਬਚਾ ਸਕਦੀ ਹੈ?
https://youtu.be/2843GMUpTRE
ਵੀਡੀਓ: 'ਪੰਜਾਬੀ ਇੰਡਸਟਰੀ ਵਿੱਚ ਵੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ'
https://youtu.be/lj_daKteh1k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਮਗਰੋਂ ਸਿਹਤਮੰਦ ਹੋਏ ਲੋਕਾਂ ਦੀਆਂ ਕਹਾਣੀਆਂ
NEXT STORY