ਇੰਟਰਨੈੱਟ 'ਤੇ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ, ਮੈਸੇਜ ਤੇ ਖ਼ਬਰਾਂ ਫ਼ੈਲ ਰਹੀਆਂ ਹਨ ਜਿਸ 'ਚ ਕੋਰੋਨਾਵਾਇਰਸ ਹੋਣ 'ਤੇ ਆਈਬੋਪ੍ਰੋਫ਼ੀਨ (ਬਰੂਫ਼ੇਨ) ਦੀ ਗੋਲੀ ਖ਼ਾਣ ਨੂੰ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਸਹੀ ਡਾਕਟਰੀ ਸਲਾਹ ਦੇ ਨਾਲ-ਨਾਲ, ਤੱਥਾਂ ਤੋਂ ਪਰੇ ਗ਼ਲਤ ਮੈਸੇਜ ਵੀ ਫ਼ੈਲਾਏ ਜਾ ਰਹੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਕਈ ਮੈਡੀਕਲ ਮਾਹਿਰਾਂ ਨੇ ਬਰੂਫ਼ੇਨ ਦੀ ਦਵਾਈ ਨੂੰ ਕੋਰੋਨਾਵਾਇਰਸ ਠੀਕ ਕਰਨ ਲਈ ਸਹੀ ਨਹੀਂ ਮੰਨਿਆ ਹੈ।
ਜੋ ਲੋਕ ਪਹਿਲਾਂ ਹੀ ਇਹ ਦਵਾਈ ਹੋਰ ਕਿਸੇ ਬਿਮਾਰੀ ਕਾਰਨ ਲੈ ਰਹੇ ਹਨ, ਉਨ੍ਹਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਲਏ ਬੰਦ ਨਹੀਂ ਕਰਨੀ ਚਾਹੀਦੀ ਹੈ।
ਪੈਰਾਸੀਟਾਮੋਲ ਅਤੇ ਬਰੂਫ਼ੇਨ, ਦੋਵੇਂ ਦਵਾਈਆਂ, ਸਰੀਰ ਦੇ ਤਾਪਮਾਨ ਨੂੰ ਹੇਠਾਂ ਲਿਆ ਸਕਦੀਆਂ ਹਨ ਅਤੇ ਫਲੂ ਵਰਗੇ ਲੱਛਣਾਂ ਵਿੱਚ ਸਹਾਈ ਹੋ ਸਕਦੀਆਂ ਹਨ।
https://www.youtube.com/watch?v=Eb-QVDSc7a4
ਪਰ ਬਰੂਫ਼ੇਨ ਅਤੇ ਹੋਰ ਗ਼ੈਰ-ਸਟੀਰੌਇਡਲ ਐਂਟੀ-ਇਨਫਲਾਮੇਟਰੀ ਡਰੱਗਜ਼ (NSAIDs) ਹਰ ਇੱਕ ਲਈ ਮਾਫ਼ਕ ਨਹੀਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਮਾੜੇ ਪ੍ਰਭਾਵ ਦਾ ਕਾਰਨ ਬਣ ਸਕਦੀਆਂ ਹਨ। ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ, ਜੋ ਸਾਹ ਲੈਣ ਦੀ ਦਿੱਕਤ, ਦਿਲ ਜਾਂ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ।
ਬਰਤਾਨੀਆ ਦੀ ਨੈਸ਼ਲਨ ਹੈਲਥ ਸਰਵਿਸ (NHS), ਯੂਕੇ ਦੀ ਵੈੱਬਸਾਈਟ ਨੇ ਪਹਿਲਾਂ ਪੈਰਾਸੀਟਾਮੋਲ ਅਤੇ ਬਰੂਫ਼ੇਨ ਦੋਵਾਂ ਦੀ ਸਿਫ਼ਾਰਿਸ਼ ਕੀਤੀ ਸੀ ਪਰ ਹੁਣ NHS ਨੇ ਆਪਣੀ ਇਹ ਸਲਾਹ ਬਦਲ ਦਿੱਤੀ ਹੈ ਕਿ ''ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਬਰੂਫ਼ੇਨ ਕੋਰੋਨਾਵਾਇਰਸ ਨੂੰ ਹੋਰ ਖ਼ਤਰਨਾਕ ਬਣਾ ਸਕਦਾ ਹੈ। ਜਦੋਂ ਤੱਕ ਸਾਡੇ ਕੋਲ ਹੋਰ ਜਾਣਕਾਰੀ ਨਹੀਂ ਹੈ, ਕੋਰੋਨਾਵਾਇਰਸ ਦੇ ਲੱਛਣਾਂ ਦੇ ਇਲਾਜ ਲਈ ਪੈਰਾਸੀਟਾਮੋਲ ਲਓ, ਜਦ ਤੱਕ ਤੁਹਾਡੇ ਡਾਕਟਰ ਨੇ ਤੁਹਾਡੇ ਲਈ ਪੈਰਾਸੀਟਾਮੋਲ ਮਾਫ਼ਕ ਨਾ ਦੱਸੀ ਹੋਵੇ।''
NHS ਇਹ ਵੀ ਕਹਿੰਦਾ ਹੈ ਕਿ ਜੋ ਲੋਕ ਪਹਿਲਾਂ ਤੋਂ ਡਾਕਟਰ ਦੀ ਸਲਾਹ ਨਾਲ ਬਰੂਫ਼ੇਨ ਲੈ ਰਹੇ ਹਨ, ਉਨ੍ਹਾਂ ਨੂੰ ਬਿਨਾਂ ਚੈੱਕ ਕੀਤੇ ਇਸ ਨੂੰ ਬੰਦ ਨਹੀਂ ਕਰਨਾ ਚਾਹੀਦਾ ਹੈ।
ਹਾਲਾਂਕਿ ਸਾਨੂੰ ਅਜੇ ਨਹੀਂ ਪਤਾ ਕਿ ਬਰੂਫ਼ੇਨ ਦਾ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਤੀਬਰਤਾ ਜਾਂ ਸਮੇਂ 'ਤੇ ਕੋਈ ਖ਼ਾਸ ਪ੍ਰਭਾਵ ਹੈ ਜਾਂ ਨਹੀਂ।
ਲੰਡਨ ਸਕੂਲ ਆਫ਼ ਹਾਇਜੀਨ ਐਂਡ ਟ੍ਰੋਪੀਕਲ ਮੈਡੀਸੀਨ ਦੇ ਡਾ. ਸ਼ਾਰਲੋਟ ਕਹਿੰਦੇ ਹਨ ਕਿ ਖ਼ਾਸਕਰ ਕਮਜ਼ੋਰ ਮਰੀਜ਼ਾਂ ਲਈ, ''ਪਹਿਲੀ ਪਸੰਦ ਦੇ ਤੌਰ 'ਤੇ ਪੈਰਾਸੀਟਾਮੋਲ ਲੈਣਾ ਸਮਝਦਾਰੀ ਲਗਦੀ ਹੈ।''
ਝੂਠੀਆਂ ਖ਼ਬਰਾਂ
ਸਲਾਹ ਭਾਵੇਂ ਕੋਈ ਵੀ ਹੋਵੇ, ਅਜੇ ਵੀ ਕਈ ਝੂਠੀਆਂ ਖ਼ਬਰਾਂ ਆਨਲਾਈਨ ਫ਼ੈਲ ਰਹੀਆਂ ਹਨ। ਵਟਸਐਪ 'ਤੇ ਕਈ ਗ਼ਲਤ ਤੇ ਝੂਠੇ ਮੈਸੇਜ ਵੀ ਸ਼ੇਅਰ ਹੋ ਰਹੇ ਹਨ, ਜੋ ਇਸ ਤਰ੍ਹਾਂ ਦੇ ਕੁਝ ਦਾਅਵੇ ਕਰਦੇ ਹਨ:
- ''ਕੋਰਕ ਵਿੱਚ ICU ਵਿੱਚ ਚਾਰ ਨੌਜਵਾਨ ਹਨ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ - ਇਹ ਸਾਰੇ ਐਂਟੀ-ਇਨਫਲੇਮੇਟਰੀ ਦਵਾਈਆਂ ਲੈ ਰਹੇ ਸਨ ਜਿਸ ਕਰਕੇ ਇਨ੍ਹਾਂ ਨੂੰ ਹੋਰ ਗੰਭੀਰ ਬਿਮਾਰੀ ਹੋਈ ਹੈ।'' (ਝੂਠ)
- ''ਯੂਨੀਵਰਸਿਟੀ ਆਫ਼ ਵੀਏਨਾ ਨੇ ਕੋਰੋਨਾਵਾਇਰਸ ਦੇ ਲੱਛਣਾਂ ਵਾਲੇ ਲੋਕਾਂ ਨੂੰ ਬਰੂਫ਼ੇਨ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਹੋਏ ਇੱਕ ਸੁਨੇਹਾ ਭੇਜਿਆ ਹੈ, ''ਕਿਉਂਕਿ ਇਹ ਪਤਾ ਲਗਾਇਆ ਗਿਆ ਹੈ ਕਿ ਇਸ ਨਾਲ ਕੋਰੋਨਾਵਾਇਰਸ ਦੀ ਰਫ਼ਤਾਰ ਸ਼ਰੀਰ ਵਿੱਚ ਵਧਦੀ ਹੈ ਅਤੇ ਇਹੀ ਕਾਰਨ ਹੈ ਕਿ ਇਟਲੀ ਵਿੱਚ ਲੋਕ ਮੌਜੂਦਾ ਮਾੜੇ ਸਮੇਂ ਵਿੱਚ ਹਨ ਅਤੇ ਕੋਰੋਨਾਵਾਇਰਸ ਤੇਜ਼ੀ ਨਾਲ ਫ਼ੈਲ ਰਿਹਾ ਹੈ।'' (ਝੂਠ)
- ''ਫਰਾਂਸ ਦੇ ਟੁਲੂਸ ਵਿਖੇ ਯੂਨੀਵਰਸਿਟੀ ਹਸਪਤਾਲ ਵਿੱਚ ਚਾਰ ਬਹੁਤ ਗੰਭਾਰ ਕੋਰੋਨਾਵਾਇਰਸ ਦੇ ਮਾਮਲੇ ਨੌਜਵਾਨਾਂ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਨਹੀਂ ਹੈ। ਇਨ੍ਹਾਂ ਦੀ ਸਮੱਸਿਆ ਇਹ ਹੈ ਕਿ ਜਦੋਂ ਇਹ ਕੋਰੋਨਾਵਾਇਰਸ ਦੇ ਲੱਛਣਾਂ ਨਾਲ ਆਏ ਤਾਂ ਇਨ੍ਹਾਂ ਸਭ ਨੇ ਬਰੂਫ਼ੇਨ ਵਰਗੀਆਂ ਦਰਦ ਦੂਰ ਕਰਨ ਵਾਲੀਆਂ ਦਵਾਈਆਂ ਲਈਆਂ।'' (ਝੂਠ)
ਇਹ ਸਭ ਝੂਠੀਆਂ ਖ਼ਬਰਾਂ ਤੇ ਮੈਸੇਜ ਵਟਸਐਪ ਰਾਹੀਂ ਤਾਂ ਫ਼ੈਲ ਹੀ ਰਹੀਆਂ ਪਰ ਇਸ ਦੇ ਨਾਲ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ ਤੋਂ ਵੀ ਅੱਗੇ ਦੀ ਅੱਗੇ ਸ਼ੇਅਰ ਹੋ ਰਹੀਆਂ ਹਨ।
ਇਸ ਤਰ੍ਹਾਂ ਦੇ ਮੈਸੇਜ ਕਾਪੀ ਪੇਸਟ ਹੁੰਦੇ ਹਨ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਿਸੇ ਮੈਡੀਕਲ ਖ਼ੇਤਰ ਦੇ ਮਾਹਰ ਵੱਲੋਂ ਆਇਆ ਹੈ।
ਇਹ ਸਾਰੇ ਦਾਅਵੇ ਝੂਠੇ ਹਨ
ਆਇਰਲੈਂਡ ਦੀ ਇਨਫੇਕਸ਼ਿਅਸ ਡਿਸੀਜਿਜ਼ ਸੁਸਾਇਟੀ ਕਹਿੰਦੀ ਹੈ ਕਿ ਕੋਰਕ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਬਾਰੇ ਫ਼ੈਲ ਰਹੇ ਵਟਸਐਪ 'ਮੈਸੇਜ ਝੂਠੇ ਹਨ'। ਇਹ ਸੁਸਾਇਟੀ ਅਜਿਹੇ ਮੈਸਜ ਹਾਸਲ ਕਰਨ ਵਾਲਿਆਂ ਨੂੰ 'ਡੀਲੀਟ ਅਤੇ ਇਗਨੋਰ' ਕਰਨ ਨੂੰ ਕਹਿ ਰਹੀ ਹੈ।
https://twitter.com/IDSIreland/status/1239251915516645377
ਟੁਲੂਸ ਯੂਨੀਵਰਸਿਟੀ ਹਸਪਤਾਲ ਨੇ ਚਿਤਾਵਨੀ ਦਿੱਤੀ ਹੈ ਕਿ ਗ਼ਲਤ ਜਾਣਕਾਰੀ ਸੋਸ਼ਲ ਨੈੱਟਵਰਕਜ਼ 'ਤੇ ਘੁੰਮ ਰਹੀ ਹੈ।
ਸਾਨੂੰ ਕੋਰੋਨਾਵਾਇਰਸ ਤੇ ਬਰੂਫ਼ੇਨ ਬਾਰੇ ਕੀ ਪਤਾ ਹੈ?
ਬਰੂਫ਼ੇਨ ਅਤੇ ਕੋਰੋਨਾਵਾਇਰਸ (Covid-19) ਬਾਰੇ ਕੋਈ ਖ਼ੋਜ ਨਹੀਂ ਕੀਤੀ ਗਈ ਹੈ।
ਕੁਝ ਮਾਹਿਰ ਮੰਨਦੇ ਹਨ ਕਿ ਬਰੂਫ਼ੇਨ ਦੇ ਸਾੜ ਵਿਰੋਧੀ (ਐਂਟੀ-ਇਨਫਲੇਮੇਟਰੀ) ਤੱਤ ਸ਼ਰੀਰ ਦੇ ਪਾਚਨ ਸਿਸਟਮ ਨੂੰ ''ਗਿੱਲਾ'' ਕਰ ਸਕਦੇ ਹਨ।
ਰੀਡਿੰਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਪਰਾਸਤੋ ਡੋਨਈ ਕਹਿੰਦੇ ਹਨ, ''ਬਹੁਤ ਸਾਰੇ ਅਧਿਐਨ ਕੀਤੇ ਗਏ ਹਨ ਜੋ ਦੱਸਦੇ ਹਨ ਕਿ ਸਾਹ ਦੀ ਲਾਗ ਦੇ ਦੌਰਾਨ ਬਰੂਫ਼ੇਨ ਦੀ ਵਰਤੋਂ ਬਿਮਾਰੀ ਦੇ ਹੋਰ ਵਿਗੜਣ ਜਾਂ ਹੋਰ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ।''
ਪਰ ਉਹ ਅੱਗੇ ਕਹਿੰਦੇ ਹਨ, ''ਮੈਂ ਕੋਈ ਵਿਗਿਆਨਕ ਸਬੂਤ ਨਹੀਂ ਵੇਖੇ ਜੋ ਸਪੱਸ਼ਟ ਤੌਰ 'ਤੇ ਦਰਸਾਉਂਦੇ ਹੋਣ ਕਿ 25 ਸਾਲ ਦਾ ਤੰਦਰੁਸਤ ਇਨਸਾਨ ਕੋਰੋਨਾਵਾਇਰਸ ਦੇ ਲੱਛਣਾਂ ਲਈ ਬਰੂਫ਼ੇਨ ਲੈ ਕੇ ਖ਼ੁਦ ਨੂੰ ਹੋਰ ਪੇਚੀਦਗੀਆਂ ਅਤੇ ਵਾਧੂ ਜੋਖ਼ਮ ਵਿੱਚ ਪਾ ਰਿਹਾ ਹੋਵੇ।''
ਅਫ਼ਵਾਹਾਂ ਦੇ ਫ਼ੈਲਣ ਨਾਲ ਭੰਬਲਭੂਸਾ ਪੈਦਾ ਹੋਇਆ ਹੈ
ਟੁਲੂਸ ਯੂਨੀਵਰਸਿਟੀ ਹਸਪਤਾਲ ਦੇ ਡਾਕਟਰ ਜੀਨ-ਲੁਈਸ ਦੀ ਟਵਿੱਟਰ 'ਤੇ ਚਿਤਾਵਨੀ ਤੋਂ ਬਾਅਦ ਫਰਾਂਸ ਵਿੱਚ ਬਰੂਫ਼ੇਨ ਦੀ ਵਰਤੋਂ ਬਾਰੇ ਚਿੰਤਾਵਾਂ ਜ਼ਾਹਿਰ ਹੋਈਆਂ ਪ੍ਰਤੀਤ ਹੁੰਦੀਆਂ ਹਨ।
ਡਾ. ਜੀਨ ਨੇ ਟਵੀਟ ਰਾਹੀਂ ਚਿਤਾਵਨੀ ਦਿੱਤੀ, ''ਕੋਰੋਨਾਵਾਇਰਸ ਦੇ ਇਸ ਦੌਰ 'ਚ ਬੁਖ਼ਾਰ ਅਤੇ ਲਾਗ ਦੇ ਸੰਦਰਭ 'ਚ ਗ਼ੈਰ-ਸਟੀਰੌਇਡਲ ਐਂਟੀ-ਇਨਫਲਾਮੇਟਰੀ ਡਰੱਗਜ਼ (NSAIDs) ਦੀਆਂ ਪੇਚੀਦਗੀਆਂ ਦੇ ਜੋਖ਼ਮ ਨੂੰ ਯਾਦ ਕਰਨਾ ਜ਼ਰੂਰੀ ਹੈ।''
ਇਸ ਤੋਂ ਬਾਅਦ ਫਰਾਂਸ ਦੇ ਸਿਹਤ ਮੰਤਰੀ, ਓਲੀਵੀਅਰ ਵੇਰਨ ਵੱਲੋਂ ਕੀਤੇ ਟਵੀਟ 'ਚ ਕਿਹਾ ਗਿਆ ਕਿ ਐਂਟੀ-ਇਨਫਲਾਮੇਟਰੀ ਡਰੱਗਜ਼ ''ਲਾਗ ਦੇ ਵਧਣ ਦਾ ਇੱਕ ਕਾਰਨ ਹੋ ਸਕਦੀਆਂ ਹਨ।''
ਇਹ ਟਵੀਟ 43 ਹਜ਼ਾਰ ਤੋਂ ਵੀ ਵੱਧ ਵਾਰ ਸ਼ੇਅਰ ਕੀਤਾ ਗਿਆ ਗਿਆ ਹੈ। ਪਰ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਦਵਾਈਆਂ ਲੈਣਾ ਬੰਦ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਟਵਿੱਟਰ ਅਤੇ ਫੇਸਬੁੱਕ ਪੋਸਟਾਂ ਵਿੱਚ ਇੰਝ ਲਗਦਾ ਹੈ ਜਿਵੇਂ ਕਟ ਐਂਡ ਪੇਸਟ ਵਾਲਾ ਤਰੀਕਾ ਯੂਜ਼ਰਜ਼ ਵੱਲੋਂ ਅਪਣਾਇਆ ਗਿਆ ਹੈ। ਅਜਿਹੇ ਮੈਸੇਜ ਜਾਂ ਪੋਸਟਾਂ ਵਿੱਚ ਕਿਸੇ ਮੈਡੀਕਲ ਮਾਹਰ ਜਾਂ ਡਾਕਟਰ ਵੱਲੋਂ ਆਈ ਜਾਣਕਾਰੀ ਦਾ ਦਾਅਵਾ ਕੀਤਾ ਜਾਂਦਾ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=oaGBX5u7oFw
https://www.youtube.com/watch?v=Ci3FiT46KH4
https://www.youtube.com/watch?v=qdY2ilqK9vQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਜਸਟਿਸ ਗੋਗੋਈ ਮਾਮਲਾ: ''ਜਦੋਂ ਆਖ਼ਰੀ ਕਿਲ੍ਹਾ ਹੀ ਢਹਿ ਜਾਵੇ ਤਾਂ ਫ਼ਿਰ ਕੀ ਹੋਵੇਗਾ?'' - ਨਜ਼ਰੀਆ
NEXT STORY