ਇਸ ਸੂਬੇ ਦੀ ਸਿਆਸਤ ਤੋਂ 'ਜੇਪੀ' ਤਾਂ ਚਲੇ ਗਏ ਪਰ....ਜੇਪੀ ਮਤਲਬ ਲੋਕਨਾਇਕ ਜਯ ਪ੍ਰਕਾਸ਼ ਨਾਰਾਇਣ।
ਬਿਹਾਰ ਦੀ ਸਿਆਸਤ 'ਚ ਜੇਪੀ ਦੇ ਚੇਲਿਆਂ ਨੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼...ਦੋਵਾਂ ਦੀ ਹੀ ਬਲੀ ਚਾੜ੍ਹ ਦਿੱਤੀ। ਪਰ ਬਿਹਾਰ ਦੇ ਅੰਦਰੂਨੀ ਖ਼ੇਤਰਾਂ ਵਿੱਚ ਜੇਪੀ ਵੱਲੋਂ ਚਲਾਏ ਗਏ ਆਸ਼ਰਮ ਅੱਜ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਰਹੇ ਹਨ।
1952 ਵਿੱਚ ਜਯ ਪ੍ਰਕਾਸ਼ ਨਾਰਾਇਣ ਨੇ ਨਵਾਦਾ ਦੇ ਕੌਆਕੋਲ ਬਲਾਕ ਵਿੱਚ ਸ਼ੇਖੋਡੇਵਰਾ ਆਸ਼ਰਮ ਦੀ ਸਥਾਪਨਾ ਕੀਤੀ ਸੀ।
127 ਨਾਬਾਲਗਾਂ ਦੇ ਗਰੁੱਪ ਅਤੇ 27 ਸੈਨੇਟਰੀ ਪੈਡ ਬੈਂਕ
ਅੱਜ ਇਸੇ ਆਸ਼ਰਮ ਦੀਆਂ ਕੋਸ਼ਿਸ਼ਾਂ ਸਦਕਾ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਰਜੌਲੀ ਅਤੇ ਅਕਬਰਪੁਰ ਬਲਾਕ ਵਿੱਚ 127 ਨਾਬਾਲਗ ਕੁੜੀਆਂ ਦੇ ਗਰੁੱਪ ਬਣੇ ਹਨ, ਜਿਨ੍ਹਾਂ ਨੇ 27 ਸੈਨੇਟਰੀ ਪੈਡ ਬੈਂਕ ਬਣਾਏ ਹਨ।
ਇਨ੍ਹਾਂ ਗਰੁੱਪ ਨਾਲ 5 ਹਜ਼ਾਰ ਤੋਂ ਵੱਧ ਨਾਬਾਲਗ ਕੁੜੀਆਂ ਜੁੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ:
ਰਜੌਲੀ ਬਲਾਕ ਦੇ ਬਲਾਕ ਵਿਕਾਸ ਅਧਿਕਾਰੀ ਪ੍ਰੇਮ ਸਾਗਰ ਮਿਸ਼ਰਾ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ, "ਪਿੰਡਾਂ ਦੇ ਨਾਬਾਲਗ ਸਮੂਹਾਂ ਵੱਲੋਂ ਚਲਾਇਆ ਜਾ ਰਿਹਾ ਇਹ ਬੈਂਕ ਆਪਣੇ ਆਪ ਵਿੱਚ ਵਿਲੱਖਣ ਹੈ। ਸਮਾਜ ਵਿੱਚ ਸੈਨੇਟਰੀ ਪੈਡ ਨੂੰ ਲੈ ਕੇ ਬਹੁਤ ਵੱਡਾ ਟੈਬੂ ਹੈ, ਜਿਸ ਨੂੰ ਇਨ੍ਹਾਂ ਕੁੜੀਆਂ ਦੀ ਪਹਿਲਕਦਮੀ ਤੋੜ ਦਿੰਦੀ ਹੈ। ਬਾਕੀ ਬਲਾਕ ਵਿੱਚ ਕਈ ਅਜਿਹੇ ਇਲਾਕੇ ਤੇ ਪਿੰਡ ਹਨ ਜਿੰਨਾਂ ਤੱਕ ਪਹੁੰਚਣਾ ਔਖਾ ਹੈ, ਪਰ ਉੱਥੇ ਵੀ ਇਹ ਕੁੜੀਆਂ ਸੈਨੇਟਰੀ ਪੈਡ ਪਹੁੰਚਾਉਂਦੀਆਂ ਹਨ।"
ਬਦਲਾਅ ਦੀ ਕਹਾਣੀ
ਨਵਾਦਾ ਦਾ ਰਜੌਲੀ ਬਲਾਕ ਪਠਾਰੀ, ਜੰਗਲੀ ਅਤੇ ਨਕਸਲ ਪ੍ਰਭਾਵ ਵਾਲਾ ਇਲਾਕਾ ਹੈ।
ਇਹ ਬਦਲਾਅ ਸਾਲ 2016 ਵਿੱਚ ਸ਼ੁਰੂ ਹੋਇਆ ਜਦੋਂ ਸਰਵੋਦਿਆ ਆਸ਼ਰਮ ਦੀ ਸੰਸਥਾ ਗ੍ਰਾਮ ਨਿਰਮਾਣ ਮੰਡਲ ਨੇ ਪਾਪੂਲੇਸ਼ਨ ਫ਼ਾਉਂਡੇਸ਼ਨ ਆਫ਼ ਇੰਡੀਆ ਦੀ ਮਦਦ ਅਤੇ ਕੁੜੀਆਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ।
ਰਜੌਲੀ ਬਲਾਕ ਦੇ ਹਰਦਿਆ ਪਿੰਡ ਦੀ ਸਵੀਟੀ ਦੱਸਦੀ ਹੈ, "ਜਦੋਂ ਉਹ ਭੈਣਾਂ ਆਈਆਂ ਤਾਂ ਸਾਡੇ ਪਰਿਵਾਰ ਨੇ ਮਿਲਣ ਨਾ ਦਿੱਤਾ। ਪਰ ਉਹ ਲਗਾਤਾਰ ਆਉਂਦੀਆਂ ਰਹੀਆਂ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਤੈਅ ਕੀਤਾ ਕਿ ਪਹਿਲਾਂ ਕੁੜੀਆਂ ਦੀਆਂ ਮਾਵਾਂ ਨਾਲ ਮੀਟਿੰਗ ਹੋਵੇਗੀ, ਮਾਵਾਂ ਬਿਨਾਂ ਮਨ ਦੇ ਇਜਾਜ਼ਤ ਦੇ ਦਿੱਤੀ।"
ਇਸ ਤੋਂ ਬਾਅਦ 13 ਤੋਂ 19 ਸਾਲ ਦੀਆਂ ਕੁੜੀਆਂ ਦੇ ਗਰੁੱਪ ਬਣਾਏ ਗਏ। ਇਨ੍ਹਾਂ ਨੇ ਬਾਲ ਵਿਆਹ, ਮਾਹਵਾਰੀ, ਨਾਬਾਲਗਾਂ ਦੀ ਸਿਹਤ ਅਤੇ ਪਰਿਵਾਰ ਨਿਯੋਜਨ ਵਰਗੇ ਵਿਸ਼ਿਆਂ 'ਤੇ ਖੁਦ ਨੂੰ ਕੇਂਦਰਿਤ ਕਰਕੇ ਕੰਮ ਕਰਨਾ ਸ਼ੁਰੂ ਕੀਤਾ।
11ਵੀਂ ਜਮਾਤ ਦੀ ਵਿਦਿਆਰਥਣ ਸਵੀਟੀ ਦੱਸਦੀ ਹੈ, ਕਿ ਨਾਬਾਲਗ ਕੁੜੀਆਂ ਦੇ ਸਮੂਹ ਨਾਲ ਜੁੜਣ ਤੋਂ ਬਾਅਦ ਉਸ ਨੇ ਕੱਪੜਾ ਛੱਡ ਕੇ ਸੈਨੇਟਰੀ ਪੈਡ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।
ਆਪਣੀ ਜ਼ਿੰਦਗੀ ਵਿੱਚ ਆਏ ਹੋਰ ਬਦਲਾਅ ਬਾਰੇ ਬੀਬੀਸੀ ਨਾਲ ਸਾਂਝਾ ਕਰਦਿਆਂ ਉਸ ਨੇ ਕਿਹਾ, "ਹੁਣ ਸਕੂਲ ਵੀ ਇਕੱਲੀ ਚਲੀ ਜਾਂਦੀ ਹਾਂ। ਇਸ ਤੋਂ ਪਹਿਲਾਂ ਸਕੂਲ ਜਾਣ ਲੱਗਿਆ ਘਰ ਦਾ ਜਾਂ ਫ਼ਿਰ ਆਂਢ ਗੁਆਂਢ ਦਾ ਕੋਈ ਮਰਦ ਨਾਲ ਜਾਂਦਾ ਸੀ। ਜੇ ਤੁਸੀਂ ਘਰ ਵਿੱਚ ਇਸ ਦਾ ਵਿਰੋਧ ਕਰਦੇ ਤਾਂ ਤੁਹਾਡਾ ਸਕੂਲ ਛੁਡਵਾ ਦਿੱਤਾ ਜਾਂਦਾ ਸੀ।"
ਮੌਸਮ ਬਣੀ ਰੋਲ ਮਾਡਲ
ਪੂਰੇ ਰਜੌਲੀ ਬਲਾਕ ਵਿੱਚ ਕੁੜੀਆਂ ਵਿੱਚ ਬਦਲਾਅ ਲਈ ਰੋਲ ਮਾਡਲ 19 ਸਾਲਾਂ ਦੀ ਮੌਸਮ ਕੁਮਾਰੀ ਬਣੀ।
ਕੇ. ਐੱਲ. ਐਫ਼. ਕਾਲਜ, ਨਵਾਦਾ ਦੀ ਗਰੈਜੂਏਸ਼ਨ ਦੀ ਪਹਿਲੇ ਸਾਲ ਦੀ ਵਿਦਿਆਰਥਣ ਮੌਸਮ ਨੇ ਸਤੰਬਰ 2017 ਵਿੱਚ ਸੈਨੇਟਰੀ ਪੈਡ ਬੈਂਕ ਦਾ ਇੱਕ ਮਾਡਲ ਤਿਆਰ ਕੀਤਾ।
ਉਨ੍ਹਾਂ ਆਪਣੇ 'ਏਕਤਾ ਕਿਸ਼ੋਰੀ ਸਮੂਹ' ਨਾਲ ਜੁੜੀਆਂ ਕੁੜੀਆਂ ਨੂੰ ਰੋਜ਼ਾਨਾ ਇੱਕ ਰੁਪੱਈਆ ਜਮ੍ਹਾਂ ਕਰਨ ਨੂੰ ਕਿਹਾ।
ਇਸ ਤਰ੍ਹਾਂ ਮਹੀਨੇ ਵਿੱਚ 30 ਰੁਪਏ ਜਮ੍ਹਾਂ ਹੁੰਦੇ ਹਨ ਅਤੇ ਸਮੂਹ ਦੀਆਂ ਦੋ ਕੁੜੀਆਂ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਰਜੌਲੀ ਬਾਜ਼ਾਰ ਜਾ ਕੇ ਸੈਨੇਟਰੀ ਪੈਡ ਖਰੀਦ ਕੇ ਲਿਆਉਂਦੀਆਂ ਹਨ।
ਟਰੱਕ ਡਰਾਈਵਰ ਛੋਟੇ ਲਾਲ ਸਿੰਘ ਦੀ ਧੀ ਮੌਸਮ ਦੱਸਦੀ ਹੈ, "ਪਹਿਲੀ ਵਾਰ ਪੈਡ ਖਰੀਦਣ ਤੋਂ ਬਾਅਦ ਅਸੀਂ ਦੁਕਾਨਦਾਰ ਤੋਂ ਹੋਲਸੇਲ ਰੇਟ 'ਤੇ ਪੈਡ ਮੰਗਿਆ, ਜਿਸ ਲਈ ਉਹ ਰਾਜ਼ੀ ਹੋ ਗਿਆ। ਇਸ ਤੋਂ ਬਾਅਦ ਕਿਸ਼ੋਰੀ ਸਮੂਹ ਦੀਆਂ ਮੈਂਬਰ ਕੁੜੀਆਂ ਨੂੰ ਹੋਲਸੇਲ ਰੇਟ 'ਤੇ ਦੇਣਾ ਸ਼ੁਰੂ ਕਰ ਦਿੱਤਾ। ਨਾਲ ਹੀ ਪਿੰਡ ਦੀਆਂ ਭਾਬੀਆਂ ਵਾਸਤੇ ਵੀ ਪੈਡ ਲਿਆਉਣੇ ਸ਼ੁਰੂ ਕਰ ਦਿੱਤੇ। ਪਰ ਉਨ੍ਹਾਂ ਨੂੰ ਪੈਡ ਅਸੀਂ ਥੋੜ੍ਹੇ ਵੱਧ ਰੇਟ 'ਤੇ ਦਿੱਤੇ। ਇਸ ਤਰ੍ਹਾਂ ਜਿਹੜੀਆਂ ਕੁੜੀਆਂ ਰੁਪਏ ਨਹੀਂ ਜਮ੍ਹਾਂ ਕਰਵਾ ਸਕਦੀਆਂ, ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।''
''ਗ੍ਰਾਮ ਨਿਰਮਾਣ ਮੰਡਲ ਦੇ ਬਲਾਕ ਪ੍ਰੋਜੈਕਟ ਕੋਆਰਡੀਨੇਟਰ ਭਰਤ ਭੂਸ਼ਣ ਸ਼ਰਮਾ ਦੱਸਦੇ ਹਨ, ''ਜਦੋਂ ਹਰਦੀਆ ਪਿੰਡ ਦੀ ਪੰਚਾਇਤ ਦਾ ਇਹ ਮਾਡਲ ਸਫ਼ਲ ਰਿਹਾ ਤਾਂ ਅਸੀਂ ਮੌਸਮ ਤੋਂ ਹੋਰ ਕਿਸ਼ੋਰੀ ਸਮੂਹਾਂ ਨੂੰ ਟਰੇਨਿੰਗ ਦੁਆਈ ਜਿਸ ਦੇ ਨਾਲ ਅੱਜ 27 ਸੈਨੇਟਰੀ ਪੈਡ ਬੈਂਕ ਹਨ ਜੋ ਕਿ ਸਿਰਫ਼ ਕਿਸ਼ੋਰੀ ਸਮੂਹਾਂ ਨੂੰ ਹੀ ਨਹੀਂ ਬਲਕਿ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਮਾਹਵਾਰੀ ਦੌਰਾਨ ਮਦਦ ਕਰਦੇ ਹਨ।''
ਸਧਾਰਨ ਜਿਹਾ ਹੈ ਬੈਂਕ ਦਾ ਬੁਨਿਆਦੀ ਢਾਂਚਾ
ਬੈਂਕ ਦੇ ਬੁਨਿਆਦੀ ਢਾਂਚੇ ਦੇ ਨਾਮ 'ਤੇ ਕਿਸ਼ੋਰੀ ਸਮੂਹਾਂ ਕੋਲ ਸਿਰਫ਼ ਇੱਕ ਰਜਿਸਟਰ, ਰੁਪਏ ਜਮ੍ਹਾਂ ਕਰਨ ਲਈ ਇੱਕ ਬਕਸਾ ਅਤੇ ਸੈਨੇਟਰੀ ਪੈਡ ਰੱਖਣ ਲਈ ਇੱਕ ਗੱਤੇ ਦਾ ਡੱਬਾ ਹੈ।
ਸਮੂਹ ਦੇ ਪ੍ਰਧਾਨ ਕੋਲ ਇਹ ਸਾਰਾ ਸਮਾਨ ਰਹਿੰਦਾ ਹੈ। ਕਿਸ਼ੋਰੀ ਸਮੂਹ ਦੀ ਬੈਠਕ ਮਹੀਨੇ ਵਿੱਚ ਇੱਕ ਵਾਰ ਹੁੰਦੀ ਹੈ, ਜਿਸ ਵਿੱਚ ਪੈਸੇ ਜਮ੍ਹਾਂ ਕੀਤੇ ਜਾਂਦੇ ਹਨ ਅਤੇ ਜ਼ਰੂਰਤ ਦੇ ਹਿਸਾਬ ਨਾਲ ਪੈਡ ਦਿੱਤੇ ਜਾਂਦੇ ਹਨ।
ਜੇ ਪਿੰਡ ਦੀ ਕਿਸੇ ਹੋਰ ਔਰਤ ਨੂੰ ਪੈਡ ਦੀ ਜ਼ਰੂਰਤ ਹੋਵੇ ਤਾਂ ਪ੍ਰਧਾਨ ਦੇ ਘਰ ਜਾਕੇ ਤੈਅ ਕੀਤੀ ਕੀਮਤ ਅਦਾ ਕਰਕੇ ਲੈ ਲੈਂਦੀ ਹੈ।
ਸਮੂਹ ਨੂੰ ਦਾਨ ਦੇਣ ਵਜੋਂ ਕਈ ਸਵੈ ਸਹਾਇਤਾ ਸਮੂਹ ਜਾਂ ਸਮੇਂ-ਸਮੇਂ ਆਉਣ ਵਾਲੇ ਵਿਜ਼ਿਟਰਜ਼ ਵੀ ਮਦਦ ਕਰਦੇ ਰਹਿੰਦੇ ਹਨ।
ਬਾਲ ਵਿਆਹ ਉੱਤੇ ਰੋਕ ਅਤੇ ਰੋਗਾਂ ਤੋਂ ਨਿਜਾਤ
ਇਸ ਨਾਬਾਲਗ ਸਮੂਹ ਦੀਆਂ ਬੱਚੀਆਂ ਨੇ ਹੁਣ ਤੱਕ 53 ਬਾਲ ਵਿਆਹ ਰੁਕਵਾਏ ਹਨ।
ਇਸ ਤੋਂ ਇਲਾਵਾ ਮਾਹਵਾਰੀ ਵਿੱਚ ਗੰਦਗੀ ਦੇ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬੱਚੀਆਂ ਨੂੰ ਮੁਕਤੀ ਮਿਲ ਰਹੀ ਹੈ।
ਸਰਕਾਰੀ ਮਿਡਲ ਸਕੂਲ ਸੁਰੈਲਾ ਦੀ ਵਿਦਿਆਰਥਣ ਸਾਨੀਆ ਦੱਸਦੀ ਹੈ, "ਪਹਿਲਾਂ ਮੈਂ ਕੱਪੜਾ ਇਸੇਤਮਾਲ ਕਰਦੀ ਸੀ, ਜਿਸ ਦੇ ਨਾਲ ਲਕੋਰੀਆ ਹੋ ਗਿਆ। ਬਾਅਦ ਵਿੱਚ ਜਦੋਂ ਪੈਡ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਬਿਮਾਰੀ ਵੀ ਠੀਕ ਹੋ ਗਈ।"
ਹਾਲਾਤ ਇਹ ਰਹੇ ਕਿ ਕਈ ਬੱਚੀਆਂ ਨੂੰ ਇੰਨਾਂ ਨਾਬਾਲਗ ਸਮੂਹਾਂ ਦੀ ਜਾਗਰੂਕਤਾ ਨੇ ਬਚਾਇਆ। ਅਨੀਤਾ (ਬਦਲਿਆ ਹੋਇਆ ਨਾਮ) ਦੇ ਢਿੱਡ ਵਿੱਚ ਦਰਦ ਰਹਿੰਦਾ ਸੀ।
ਉਸ ਦੇ ਢਿੱਡ ਵਿੱਚ ਸੋਜ ਸੀ ਅਤੇ ਲਗਾਤਾਰ ਉਲਟੀਆਂ ਦੀ ਸ਼ਿਕਾਇਤ ਰਹਿੰਦੀ ਸੀ। ਨਤੀਜਾ ਇਹ ਹੋਇਆ ਕਿ ਸਮਾਜ ਦੇ ਨਾਲ-ਨਾਲ ਅਨੀਤਾ ਨੇ ਆਪਣੇ ਮਾਤਾ-ਪਿਤਾ ਦੇ ਤਾਅਨੇ ਵੀ ਬਰਦਾਸ਼ਤ ਕੀਤੇ।
ਮੌਸਮ ਦੱਸਦੀ ਹੈ, "ਉਸ ਦੇ ਮਾਂ ਬਾਪ ਮੰਨ ਚੁੱਕੇ ਸੀ ਕਿ ਉਹ ਗਰਭਵਤੀ ਹੈ। ਉਹ ਬਹੁਤ ਰੋਂਦੀ ਰਹਿੰਦੀ ਸੀ। ਅਸੀਂ ਉਸ ਦਾ ਹੌਂਸਲਾ ਬਣਾਇਆ ਅਤੇ ਡਾਕਟਰ ਕੋਲ ਲੈ ਗਏ, ਉਹ ਠੀਕ ਹੋ ਗਈ।''
ਕੁੜੀਆਂ ਨੇ ਖੁੱਲ੍ਹਵਾਇਆ ਯੂਵਾ ਕਲੀਨਿਕ, ਮੁੰਡੇ ਵੀ ਲਾਭ ਲੈ ਰਹੇ ਹਨ
ਇਸ ਬਲਾਕ ਦੇ ਗ੍ਰਾਮ ਨਿਰਮਾਣ ਮੰਡਲ ਦੀਆਂ ਕੋਸ਼ਿਸ਼ਾਂ ਕਰਕੇ ਪ੍ਰਸ਼ਾਸਨਿਕ ਜਵਾਬਦੇਹੀ ਵਧਾਉਣ ਵਾਸਤੇ ਹਰ 6 ਮਹੀਨੇ ਬਾਅਦ ਜਨ ਸੁਣਵਾਈ ਹੁੰਦੀ ਹੈ। ਇਸ ਵਿੱਚ ਬਲਾਕ ਪੱਧਰ ਦੇ ਅਧਿਕਾਰੀ ਆਉਂਦੇ ਹਨ ਅਤੇ ਲੋਕ ਆਪਣੀਆਂ ਮੰਗਾਂ ਰੱਖਦੇ ਹਨ।
ਨਾਬਾਲਗਾਂ ਨਾਲ ਕੰਮ ਕਰ ਰਹੀ ਸ਼ੀਲਾ ਕੁਮਾਰੀ ਨੇ ਬੀਬੀਸੀ ਨੂੰ ਦੱਸਿਆ,"ਇਹ ਕੁੜੀਆਂ ਜੋ ਸਮੂਹ ਵਿੱਚ ਆਉਣ ਤੋਂ ਪਹਿਲਾਂ ਮਾਹਵਾਰੀ, ਪਰਿਵਾਰ ਨਿਯੋਜਨ ਬਾਰੇ ਗੱਲ ਕਰਨ 'ਤੇ ਭੱਜ ਜਾਂਦੀਆਂ ਸਨ, ਉਨ੍ਹਾਂ ਨੇ ਹੀ ਸਾਰਿਆਂ ਦੇ ਮੁਹਰੇ ਯੁਵਾ ਕਲੀਨਿਕ ਖੋਲ੍ਹਣ ਦੀ ਮੰਗ ਅਧਿਕਾਰੀਆਂ ਦੇ ਸਾਹਮਣੇ ਰੱਖੀ।"
"ਇਹ ਲੋਕ ਸਿਹਤ ਮੰਤਰੀ ਮੰਗਲ ਪਾਂਡੇ ਕੋਲ ਆਪਣੀ ਮੰਗ ਲੈ ਕੇ ਗਏ, ਜਿਸ ਤੋਂ ਬਾਅਦ ਰਜੌਲੀ ਹਸਪਤਾਲ ਵਿੱਚ ਯੁਵਾ ਕਲੀਨਿਕ ਖੁੱਲ੍ਹ ਗਿਆ। ਇਸ ਵਿੱਚ ਹਰ ਮੰਗਲਵਾਰ ਇੱਕ ਏਐਨਐਮ ਅਤੇ ਡਾਕਟਰ ਬੈਠਦੇ ਹਨ।"
ਇਸ ਯੁਵਾ ਕਲੀਨਿਕ ਦਾ ਫ਼ਾਇਦਾ ਕੁੜੀਆਂ ਹੀ ਨਹੀਂ ਬਲਕਿ ਮੁੰਡੇ ਵੀ ਚੁੱਕ ਰਹੇ ਹਨ। 19 ਸਾਲ ਦੇ ਆਦਿਤਿਆ ਨੂੰ ਜਦੋਂ ਸ਼ੀਘਰਪਤਨ ਹੋਣ ਲੱਗਿਆ ਤਾਂ ਉਹ ਬਹੁਤ ਅਸਹਿਜ ਮਹਿਸੂਸ ਕਰਨ ਲੱਗਿਆ।
ਬੀਬੀਸੀ ਨਾਲ ਗੱਲ ਕਰਦਿਆਂ ਉਸ ਨੇ ਦੱਸਿਆ, "ਸਮਝ ਨਹੀਂ ਆ ਰਿਹਾ ਸੀ, ਕਿ ਕੀ ਕਰਾਂ। ਫ਼ਿਰ ਯੁਵਾ ਕਲੀਨਿਕ ਗਿਆ, ਕਾਉਂਸਲਿੰਗ ਹੋਈ ਅਤੇ ਠੀਕ ਹੋ ਗਿਆ। ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਵੀ ਦੱਸਿਆ, ਜਿਸ ਤੋਂ ਬਾਅਦ ਬਹੁਤ ਸਾਰੇ ਮੁੰਡੇ ਆਪਣੀਆਂ ਪਰੇਸ਼ਾਨੀਆਂ ਲੈ ਕੇ ਉੱਥੇ ਗਏ।"
ਲੌਕਡਾਊਨ ਵਿੱਚ ਵੱਟਸਐਪ ਗਰੁੱਪ ਨਾਲ ਬਣੀ ਗੱਲ
ਇਸ ਇਲਾਕੇ ਦੇ ਬਹੁਤੇ ਲੋਕ ਖੇਤੀ 'ਤੇ ਨਿਰਭਰ ਹਨ। ਇਹ ਲੋਕ ਰਜੌਲੀ ਜੰਗਲ ਵਿੱਚ ਹੋਣ ਵਾਲੇ ਉਦਪਾਦ ਅਤੇ ਉਥੋਂ ਅਬਰਕ (ਸਥਾਈ ਭਾਸ਼ਾ ਵਿੱਚ ਡੀਬਰਾ) ਚੁਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਝਾਰਖੰਡ-ਬਿਹਾਰ ਬਾਰਡਰ 'ਤੇ ਵਸੇ ਰਜੌਲੀ ਤੋਂ ਕਈਆਂ ਥਾਵਾਂ 'ਤੇ ਜਾਣ ਲਈ ਤੁਹਾਨੂੰ ਪਹਿਲਾਂ ਝਾਰਖੰਡ ਦੇ ਕੋਡਰਮਾ ਸਟੇਸ਼ਨ 'ਤੇ ਜਾਣਾ ਪੈਂਦਾ ਹੈ।
ਅਜਿਹੇ ਵਿੱਚ ਲੌਕਡਾਊਨ ਨਾਲ ਸਥਾਈ ਲੋਕਾਂ ਦੀ ਜ਼ਿੰਦਗੀ ਖ਼ਾਸ ਤੌਰ 'ਤੇ ਔਰਤਾਂ ਦੀ ਕਿੰਨੀ ਔਖੀ ਹੋਵੇਗੀ ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ।
ਲੌਕਡਾਊਨ ਦੌਰਾਨ ਨਾਬਾਲਗ ਸਮੂਹਾਂ ਨੇ ਵੱਟਸਐਪ ਗਰੁੱਪ ਬਣਾਕੇ ਆਪਣੀਆਂ ਗਤੀਵਿਧੀਆਂ ਚਾਲੂ ਰੱਖੀਆਂ।
ਸੈਨੇਟਰੀ ਪੈਡਜ਼ ਦੀ ਖ਼ਰੀਦਦਾਰੀ ਤੋਂ ਲੈ ਕੇ ਬੱਚੀਆਂ ਵਿੱਚ ਇੰਨਾਂ ਨੂੰ ਵੰਡਣਾ ਅਤੇ ਪਿੰਡ ਦੀਆਂ ਹੋਰ ਜ਼ਰੂਰਤਮੰਦ ਔਰਤਾਂ ਨੂੰ ਦੇਣ ਦਾ ਕੰਮ ਵੱਟਸਐਪ ਗਰੁੱਪ ਜ਼ਰੀਏ ਲਗਾਤਾਰ ਚੱਲਦਾ ਰਿਹਾ।
ਰਜੌਲੀ ਦੇ ਡੂਮਰਕੋਲ ਦੀ ਲਕਸ਼ਮੀ ਦੇਵੀ ਦੱਸਦੀ ਹੈ, "ਦੁਕਾਨ 'ਤੇ ਜਾ ਨਹੀਂ ਸਕਦੇ ਤਾਂ ਇਹ ਬੱਚੀ ਹੀ ਪੈਡ ਲੈ ਆਈ। ਅਸੀਂ ਇਨ੍ਹਾਂ ਤੋਂ ਹੀ ਖਰੀਦੇ ਤਾਂ ਜਾਨ ਬਚੀ। ਹੁਣ ਕੱਪੜਾ ਇਸਤੇਮਾਲ ਕਰਨਾ ਚੰਗਾ ਨਹੀਂ ਲੱਗਦਾ।"
ਸੈਨੇਟਰੀ ਪੈਡ ਨੇ ਇਨ੍ਹਾਂ ਬੱਚੀਆਂ ਦੇ ਜੀਵਨ ਦਾ ਦਾਇਰਾ ਵਧਾਇਆ ਹੈ। ਮੌਸਮ ਯੂਥ ਆਗੂ ਵਜੋਂ ਦਿੱਲੀ ਵਿੱਚ ਸਮਾਗਮਾਂ ਵਿੱਚ ਹਿੱਸਾ ਲੈ ਚੁੱਕੀ ਹੈ ਤਾਂ ਹੋਰ ਕੁੜੀਆਂ ਜਿਨ੍ਹਾਂ ਦੀ ਦੁਨੀਆਂ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਤੱਕ ਹੀ ਸੀ, ਉਹ ਪਟਨਾ ਸਮੇਤ ਹੋਰ ਕਈ ਸ਼ਹਿਰਾਂ ਦਾ ਸਫ਼ਰ ਕਰ ਚੁੱਕੀਆਂ ਹਨ।
ਬੀਤੇ ਕੁਝ ਸਾਲਾਂ ਤੋਂ ਸੈਨੇਟਰੀ ਪੈਡ ਸਿਆਸੀ ਆਗੂਆਂ ਦੀ ਸ਼ਬਦਾਵਲੀ ਅਤੇ ਸਰਕਾਰੀ ਨੀਤੀਆਂ ਵਿੱਚ ਸ਼ਾਮਿਲ ਹੋ ਗਏ ਹਨ। ਫ਼ਿਰ ਵੀ ਭਾਰਤ ਦੇ ਇੱਕ ਵੱਡੇ ਹਿੱਸੇ ਦੀਆਂ ਔਰਤਾਂ ਮਾਹਵਾਰੀ ਅਤੇ ਇਸ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਬਰਦਾਸ਼ਤ ਕਰ ਰਹੀਆਂ ਹਨ।
ਮੌਸਮ, ਕਿਸ਼ੋਰੀ ਸਮੂਹ ਅਤੇ ਜੇਪੀ ਦਾ ਇਹ ਆਸ਼ਰਮ ਇੰਨਾਂ ਔਕੜਾਂ ਨੂੰ ਘੱਟ ਕਰਨ ਵਿੱਚ ਛੋਟਾ ਹੀ ਸਹੀ ਪਰ ਪ੍ਰਭਾਵਸ਼ਾਲੀ ਕਦਮ ਰਿਹਾ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=iRyvVUeK7YI&t=175s
https://www.youtube.com/watch?v=CawOC4qmT5o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3f1639a2-6394-4efb-b3b9-b99284bd2547','assetType': 'STY','pageCounter': 'punjabi.india.story.53976477.page','title': 'ਸੈਨੇਟਰੀ ਪੈਡ ਬੈਂਕ : ਹਜ਼ਾਰਾਂ ਕੁੜੀਆਂ ਦੀ ਕਿਸ ਤਰ੍ਹਾਂ ਬਦਲੀ ਜ਼ਿੰਦਗੀ ਤੇ ਕੋਰੋਨਾ ਕਾਲ ਦਾ ਕਿਵੇਂ ਕੀਤਾ ਟਾਕਰਾ','author': 'ਸੀਟੂ ਤਿਵਾਰੀ','published': '2020-09-01T06:12:21Z','updated': '2020-09-01T06:12:21Z'});s_bbcws('track','pageView');

ਅੱਜ ਤੋਂ ਇਹ ਨਿਯਮ ਬਦਲਣ ਨਾਲ ਸਿੱਧਾ ਅਸਰ ਤੁਹਾਡੀ ਜੇਬ ''ਤੇ ਹੋਵੇਗਾ - ਪ੍ਰੈਸ ਰੀਵੀਊ
NEXT STORY