ਪੀੜਤਾ ਦੇ ਅੰਤਿਮ ਸੰਸਕਾਰ ਤੋਂ ਬਾਅ ਬਚੀ ਹੋਈ ਰਾਖ਼
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹੋਏ ਕਥਿਤ ਗੈਂਗਰੇਪ ਵਾਲੀ ਜਗ੍ਹਾ ਤੋਂ ਕੁੱਝ ਦੂਰੀ 'ਤੇ ਦੋ ਨੌਜਵਾਨ ਖੜ੍ਹੇ ਹਨ। ਇੱਕ ਨੇ ਕੀਟਨਾਸ਼ਕ ਮਸ਼ੀਨ ਨੂੰ ਆਪਣੇ ਲੱਕ ਦੁਆਲੇ ਬੰਨ੍ਹਿਆ ਹੋਇਆ ਹੈ।
ਉਹ ਆਪਣੀ ਫਸਲ 'ਤੇ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਨਿਕਲੇ ਸਨ। ਆਪਣੇ ਖੇਤਾਂ 'ਚ ਜਾਣ ਦੀ ਬਜਾਇ ਉਹ ਇੱਧਰ ਆ ਗਏ।
ਇਹ ਦਲਿਤ ਨੌਜਵਾਨ ਬਹੁਤ ਹੀ ਨਾਰਾਜ਼ ਹਨ। ਉਹ ਪੀੜਤ ਕੁੜੀ ਨੂੰ ਨਹੀਂ ਜਾਣਦੇ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਸਾਡੀ ਭੈਣ ਨਾਲ ਜਬਰ ਜਨਾਹ ਹੋਇਆ ਹੈ। ਸਾਡਾ ਖ਼ੂਨ ਉਬਲ ਰਿਹਾ ਹੈ। ਜਦੋਂ ਦਾ ਸੋਸ਼ਲ ਮੀਡੀਆ 'ਤੇ ਉਸ ਬਾਰੇ ਪੜ੍ਹਿਆ ਹੈ, ਅਸੀਂ ਬਹੁਤ ਹੀ ਬੇਚੈਨ ਹਾਂ। ਅਸੀਂ ਅਜਿਹੀਆਂ ਘਟਨਾਵਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਾਂਗੇ। ਚੋਣਾਂ ਆਉਣ ਦਿਓ, ਇਸ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ।"
ਹਾਲਾਂਕਿ ਯੂਪੀ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮਹਿਲਾ ਦੇ ਨਾਲ ਕੋਈ ਜਬਰ ਜਨਾਹ ਨਹੀਂ ਹੋਇਆ ਹੈ। ਬਲਕਿ ਮੌਤ ਦਾ ਕਾਰਨ ਗਰਦਨ 'ਚ ਲੱਗੀਆਂ ਗੰਭੀਰ ਸੱਟਾਂ ਹਨ।
ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸਫ਼ਦਰਜੰਹ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "20 ਸਾਲਾਂ ਔਰਤ ਨੂੰ 28 ਸਤੰਬਰ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ।"
"ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਤਾਂ ਉਹ ਸਰਵਾਈਕਲ ਸਪਾਈਨ ਇੰਜਰੀ, ਕੋਡਰੀਫਲੇਜੀਆ (ਟ੍ਰਾਮਾ ਨਾਲ ਲਕਵਾ ਮਾਰਨਾ) ਤੇ ਸੈਪਟੀਕੇਮੀਆ (ਗੰਭੀਰ ਲਾਗ) ਨਾਲ ਪੀੜਤ ਸੀ।"
ਹਾਲਾਂਕਿ ਯੂਪੀ ਪੁਲਿਸ ਇਹ ਵਾਰ-ਵਾਰ ਕਹਿ ਰਹੀ ਹੈ ਕਿ ਰੀੜ੍ਹ ਦੀ ਹੱਡੀ ਨਹੀਂ ਟੁੱਟੀ ਬਲਕਿ ਗਰਦਨ ਦੀਆਂ ਹੱਡੀਆਂ ਟੁੱਟੀਆਂ ਸਨ ਜੋ ਗਲਾ ਦਬਾਉਣ ਦੀ ਕੋਸ਼ਿਸ਼ ਵਿੱਚ ਟੁੱਟ ਗਈਆਂ ਅਤੇ ਇਹੀ ਮੌਤ ਦਾ ਕਾਰਨ ਹਨ।
ਇਹ ਵੀ ਪੜ੍ਹੋ-
ਪਿੰਡ ਨੂੰ ਜਾਂਦੇ ਰਾਹ ਉੱਤੇ ਨਾਕਾਬੰਦੀ
'ਘਟਨਾ ਓਨੀ ਵੱਡੀ ਸੀ ਨਹੀਂ, ਜਿੰਨੀ ਬਣਾ ਦਿੱਤੀ ਗਈ'
ਇੱਥੇ ਬਾਜਰੇ ਦੇ ਖੇਤ ਹਨ। ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਵਾਲੀ ਸੜਕ ਤੋਂ ਤਕਰੀਬਨ 100 ਮੀਟਰ ਦੂਰ ਹੀ ਬਾਜਰੇ ਦੇ ਖੇਤ 'ਚ ਇਹ ਕਥਿਤ ਜਬਰ ਜਨਾਹ ਹੋਇਆ ਸੀ। ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ।
ਇੱਥੇ ਮਿਲੇ ਕੁੱਝ ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਉਨ੍ਹੀ ਵੱਡੀ ਨਹੀਂ ਸੀ , ਘਟਨਾ ਓਨੀ ਵੱਡੀ ਸੀ ਨਹੀਂ, ਜਿੰਨੀ ਬਣਾ ਦਿੱਤੀ ਗਈ। ਇਸ ਦੀ ਸੱਚਾਈ ਕੁੱਝ ਹੋਰ ਵੀ ਹੋ ਸਕਦੀ ਹੈ।"
ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸੱਚਾਈ ਜੇਕਰ ਕੁੱਝ ਹੋਰ ਹੈ ਤਾਂ ਤੁਸੀਂ ਰਿਪੋਰਟ ਕਿਉਂ ਨਹੀਂ ਕੀਤੀ, ਤਾਂ ਉਸ ਨੇ ਜਵਾਬ ਦਿੱਤਾ, " ਇਸ ਘਟਨਾ ਨੂੰ ਲੈ ਕੇ ਭਾਵਨਾਵਾਂ ਪਹਿਲਾਂ ਹੀ ਉਬਾਲ 'ਤੇ ਹਨ। ਅਸੀਂ ਆਪਣੇ ਲਈ ਕੋਈ ਜੋਖਮ ਕਿਉਂ ਸਹੇੜੀਏ?"
ਹਾਲਾਂਕਿ ਆਪਣੀ ਇਸ ਗੱਲ ਦੇ ਸਮਰਥਨ 'ਚ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਸੀ। ਉਹ ਸੁਣੀਆਂ-ਸੁਣਾਈਆਂ ਗੱਲਾਂ ਹੀ ਵਧੇਰੇ ਕਹਿ ਰਹੇ ਸਨ। ਇਹੀ ਗੱਲਾਂ ਪਿੰਡ 'ਚ ਸੁਣਾਈ ਦਿੱਤੀਆਂ।
ਸਥਾਨਕ ਪੱਤਰਕਾਰਾਂ ਨਾਲ ਹੋਈ ਗੈਰ-ਰਸਮੀ ਗੱਲਬਾਤ ਰਾਹੀਂ ਉੱਠੇ ਸਵਾਲ ਨੂੰ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਦਾ ਇਹ ਬਿਆਨ ਹੋਰ ਮਜ਼ਬੂਤ ਕਰਦਾ ਹੈ ਕਿ ' ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਡਾਕਟਰਾਂ ਨੇ ਅਜੇ ਤੱਕ ਬਲਾਤਕਾਰ ਦੀ ਪੁਸ਼ਟੀ ਨਹੀਂ ਕੀਤੀ ਹੈ। ਫੋਰੈਂਸਿਕ ਜਾਂਚ ਦੀ ਰਿਪੋਰਟ ਦਾ ਵੀ ਇੰਤਜ਼ਾਰ ਹੈ। ਉਸ ਤੋਂ ਬਾਅਦ ਹੀ ਇਸ ਬਾਰੇ 'ਚ ਕੁੱਝ ਸਪੱਸ਼ਟ ਰਾਏ ਦਿੱਤੀ ਜਾ ਸਕਦੀ ਹੈ। '
ਕਥਿਤ ਗੈਂਗ ਰੇਪ ਦਾ ਸ਼ਿਕਾਰ ਹੋਈ ਪੀੜਤ ਦੇ ਪਰਿਵਾਰ ਨੂੰ ਹਾਲੇ ਤੱਕ ਮੈਡੀਕਲ ਰਿਪੋਰਟ ਨਹੀਂ ਦਿੱਤੀ ਗਈ ਹੈ। ਜਦੋਂ ਪੀੜਤ ਕੁੜੀ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤਾਂ ਉਸ ਸਮੇਂ ਵੀ ਪਰਿਵਾਰ ਕੋਲ ਕੋਈ ਮੈਡੀਕਲ ਰਿਪੋਰਟ ਨਹੀਂ ਸੀ।
ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ , "ਪੁਲਿਸ ਨੇ ਸਾਨੂੰ ਪੂਰੇ ਕਾਗਜ਼ ਨਹੀਂ ਦਿੱਤੇ ਹਨ। ਸਾਡੀ ਭੈਣ ਦੀ ਮੈਡੀਕਲ ਰਿਪੋਰਟ ਵੀ ਸਾਨੂੰ ਨਹੀਂ ਦਿੱਤੀ ਗਈ ਹੈ।"
ਪੀੜਤਾ ਦਾ ਘਰ
ਜਦੋਂ ਇਸ ਸਬੰਧੀ ਐੱਸਪੀ ਵਿਕਰਾਂਤ ਵੀਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਜਾਣਕਾਰੀ ਗੁਪਤ ਹੈ। ਜਾਂਚ ਦਾ ਹੀ ਹਿੱਸਾ ਹੈ। ਅਸੀਂ ਘਟਨਾ ਨਾਲ ਜੁੜੇ ਸਾਰੇ ਸਬੂਤ ਇੱਕਠੇ ਕਰ ਰਹੇ ਹਾਂ। ਫੋਰੈਂਸਿਕ ਸਬੂਤ ਵੀ ਇੱਕਠੇ ਕੀਤੇ ਗਏ ਹਨ।
ਐੱਸਪੀ ਨੇ ਕਈ ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਪੀੜਤ ਕੁੜੀ ਨਾਲ ਉਸ ਤਰ੍ਹਾਂ ਦੀ ਹੈਵਾਨੀਅਤ ਨਹੀਂ ਵਾਪਰੀ ਹੈ, ਜਿਸ ਤਰ੍ਹਾਂ ਨਾਲ ਮੀਡੀਆ 'ਚ ਦਾਅਵਾ ਕੀਤਾ ਜਾ ਰਿਹਾ ਹੈ।
ਉਹ ਕਹਿੰਦੇ ਹਨ, "ਉਸ ਦੀ ਜੀਭ ਨਹੀਂ ਕੱਟੀ ਗਈ ਸੀ। ਰੀੜ੍ਹ ਦੀ ਹੱਡੀ ਵੀ ਨਹੀਂ ਟੁੱਟੀ ਸੀ। ਗਲੇ 'ਤੇ ਦਬਾਅ ਪੈਣ ਕਰਕੇ ਗਰਦਨ ਦੀ ਹੱਡੀ ਟੁੱਟੀ ਸੀ, ਜਿਸ ਨਾਲ ਕਿ ਦਿਮਾਗੀ ਪ੍ਰਣਾਲੀ ਪ੍ਰਭਾਵਿਤ ਹੋਈ ਸੀ। "
ਘਟਨਾ ਤੋਂ ਕੁੱਝ ਦੇਰ ਬਾਅਦ ਹੀ ਰਿਕਾਰਡ ਕੀਤੇ ਗਈ ਵੀਡੀਓ 'ਚ ਪੀੜਤ ਕੁੜੀ ਨੇ ਆਪਣੇ ਨਾਲ ਜਬਰ ਜਨਾਹ ਦੀ ਕੋਈ ਗੱਲ ਨਹੀਂ ਕੀਤੀ ਹੈ। ਇਸ 'ਚ ਉਸ ਨੇ ਮੁੱਖ ਮੁਲਜ਼ਮ ਦਾ ਨਾਂਅ ਲਿਆ ਹੈ ਅਤੇ ਕਤਲ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ।
ਹਾਲਾਂਕਿ ਹਸਪਤਾਲ 'ਚ ਰਿਕਾਰਡ ਕੀਤੇ ਗਈ ਇਕ ਦੂਜੀ ਵੀਡੀਓ 'ਚ ਪੀੜਤ ਨੇ ਪੁਲਿਸ ਨੂੰ ਆਪਣਾ ਬਿਆਨ ਦਿੰਦਿਆਂ ਆਪਣੇ ਨਾਲ ਸਮੂਹਿਕ ਬਲਾਤਕਾਰ ਹੋਣ ਦੀ ਗੱਲ ਕਹੀ ਹੈ। ਇਸ ਵੀਡੀਓ 'ਚ ਪੀੜਤਾ ਨੇ ਕਿਹਾ ਕਿ ਮੁਲਜ਼ਮ ਦੋਸ਼ੀ ਨੇ ਉਸ ਨਾਲ ਪਹਿਲਾਂ ਵੀ ਛੇੜ-ਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਘਟਨਾ ਵਾਲੇ ਦਿਨ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ, " ਦੋ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਬਾਕੀ ਲੋਕ ਮੇਰੀ ਮਾਂ ਦੀ ਆਵਾਜ਼ ਸੁਣ ਕੇ ਭੱਜ ਗਏ ਸਨ।"
ਘਟਨਾ ਵਾਲੇ ਦਿਨ ਨੂੰ ਯਾਦ ਕਰਦਿਆਂ ਮ੍ਰਿਤਕਾ ਦੀ ਮਾਂ ਕਹਿੰਦੀ ਹੈ, " ਮੈਂ ਘਾਹ ਕੱਟ ਰਹੀ ਸੀ, ਮੈਂ ਆਪਣੀ ਧੀ ਨੂੰ ਕਿਹਾ ਕਿ ਤੂੰ ਘਾਹ ਇੱਕਠਾ ਕਰ ਲੈ। ਉਹ ਘਾਹ ਇੱਕਠਾ ਹੀ ਕਰ ਰਹੀ ਸੀ। ਇੱਕ ਢੇਰੀ ਬਣਾ ਸਕੀ ਸੀ।"
"ਜਦੋਂ ਉਹ ਨਾ ਦਿਖੀ ਤਾਂ ਮੈਂ ਉਸ ਨੂੰ ਲੱਭਣਾ ਸ਼ੁਰੂ ਕੀਤਾ। ਲਗਭਗ ਇੱਕ ਘੰਟੇ ਤੱਕ ਮੈਂ ਉਸ ਨੂੰ ਭਾਲਦੀ ਰਹੀ। ਫਿਰ ਮੈਨੂੰ ਲੱਗਾ ਕਿ ਕਿਤੇ ਉਹ ਘਰ ਤਾਂ ਨਹੀਂ ਚਲੀ ਗਈ। ਮੈਂ ਖੇਤਾਂ ਦੇ ਤਿੰਨ ਚੱਕਰ ਕੱਢੇ ਅਤੇ ਫਿਰ ਉਹ ਮੈਨੂੰ ਖੇਤ 'ਚ ਬੇਹੋਸ਼ ਪਈ ਮਿਲੀ। ਉਸ ਦੀ ਗਰਦਨ 'ਚ ਚੁੰਨੀ ਲਿਪਟੀ ਹੋਈ ਸੀ ਅਤੇ ਉਸ ਦੇ ਸਾਰੇ ਕੱਪੜੇ ਲੱਥੇ ਹੋਏ ਸਨ।"
ਹਾਥਰਸ, ਚੰਦਪਾ ਵਿੱਚ ਲੋਕਾਂ ਦੀ ਭੀੜ
ਉਹ ਪਿੱਛੇ ਗਰਦਨ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, "ਰੀੜ ਦੀ ਹੱਡੀ ਟੁਟੀ ਹੋਈ ਸੀ ਅਤੇ ਜੀਭ ਵੀ ਕੱਟੀ ਹੋਈ ਸੀ। ਮੇਰੀ ਕੁੜੀ 'ਚ ਬਿਲਕੁਲ ਜਾਨ ਨਹੀਂ ਸੀ।"
ਪੀੜਤਾ ਨੇ ਆਪਣੇ ਸਭ ਤੋਂ ਪਹਿਲੇ ਬਿਆਨ 'ਚ ਸਿਰਫ ਇੱਕ ਹੀ ਨੌਜਵਾਨ ਦਾ ਨਾਂਅ ਲਿਆ ਸੀ। ਇਸ ਸਵਾਲ ਦੇ ਜਵਾਬ 'ਚ ਉਸ ਦੀ ਮਾਂ ਦੱਸਦੀ ਹੈ ਕਿ " ਜਦੋਂ ਅਸੀਂ ਉਸ ਨੂੰ ਬਾਜਰੇ 'ਚੋਂ ਕੱਢ ਕੇ ਲੈ ਗਏ ਤਾਂ ਉਹ ਪੂਰੀ ਤਰ੍ਹਾਂ ਨਾਲ ਬੇਹੋਸ਼ ਨਹੀਂ ਹੋਈ ਸੀ। ਉਸ ਸਮੇਂ ਉਸ ਨੇ ਇੱਕ ਹੀ ਨੌਜਵਾਨ ਦਾ ਨਾਮ ਲਿਆ ਸੀ।"
"ਫਿਰ ਇੱਕ ਘੰਟੇ ਬਾਅਦ ਉਹ ਬੇਸੁੱਧ ਹੋ ਗਈ ਅਤੇ ਚਾਰ ਦਿਨਾਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਗੱਲ ਦੱਸੀ ਕਿ ਚਾਰ ਮੁੰਡੇ ਸਨ।"
ਪੀੜਤਾ ਦਾ ਪਰਿਵਾਰ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਚੰਦਪਾ ਥਾਣੇ ਲੈ ਕੇ ਗਿਆ ਸੀ। ਇਹ ਪੁਲਿਸ ਸਟੇਸ਼ਨ ਘਟਨਾ ਵਾਲੀ ਜਗ੍ਹਾ ਤੋਂ ਕਰੀਬ ਪੌਣੇ ਦੋ ਕਿਮੀ. ਦੂਰ ਹੀ ਸਥਿਤ ਹੈ।
ਉਸ ਦੀ ਮਾਂ ਕਹਿੰਦੀ ਹੈ, " ਉਹ ਪੂਰਾ ਰਸਤਾ ਖੂਨ ਦੀਆਂ ਉਲਟੀਆਂ ਕਰਦੀ ਰਹੀ। ਉਸ ਦੀ ਜੀਭ ਨੀਲੀ ਪੈ ਰਹੀ ਸੀ। ਜਦੋਂ ਮੈਂ ਉਸ ਤੋਂ ਪੁੱਛਿਆ ਕਿ ਬੇਟਾ ਕੁਝ ਤਾਂ ਦੱਸ ਤਾਂ ਉਸ ਨੇ ਸਿਰਫ ਇਹੀ ਕਿਹਾ ਕਿ ਮੇਰਾ ਗਲਾ ਘੁੱਟਿਆ ਹੋਇਆ ਹੈ, ਮੈਂ ਬੋਲ ਨਹੀਂ ਸਕਦੀ। ਫਿਰ ਉਹ ਬੇਸੁੱਧ ਹੋ ਗਈ। "
ਸਫ਼ਦਰਜੰਗ ਹਸਪਤਾਲ ਨੇ ਜੋ ਉਸ ਦੀ ਅਟੋਪਸੀ ਰਿਪੋਰਟ ਜਾਰੀ ਕੀਤੀ ਹੈ , "ਉਸ 'ਚ ਮੌਤ ਦਾ ਕਾਰਨ ਗਰਦਨ ਦੇ ਕੋਲ ਰੀੜ੍ਹ ਦੀ ਹੱਡੀ 'ਚ ਡੂੰਘੀਆਂ ਸੱਟਾਂ ਅਤੇ ਉਸ ਤੋਂ ਬਾਅਦ ਹੋਈਆਂ ਦਿੱਕਤਾਂ ਨੂੰ ਦੱਸਿਆ ਗਿਆ ਹੈ।"
"ਰਿਪੋਰਟ 'ਚ ਕਿਹਾ ਗਿਆ ਹੈ ਕਿ ਉਸ ਦੇ ਗਲੇ ਨੂੰ ਘੁੱਟਣ ਦੇ ਨਿਸ਼ਾਨ ਹਨ, ਪਰ ਮੌਤ ਦਾ ਕਾਰਨ ਇਹ ਨਹੀਂ ਹੈ। ਮੈਡੀਕਲ ਰਿਪੋਰਟ 'ਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਅਜੇ ਵਿਸਰਾ ਰਿਪੋਰਟ ਆਉਣੀ ਬਾਕੀ ਹੈ ਅਤੇ ਉਸ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ। "
ਪੀੜਤ ਦੀ ਮੌਤ ਤੋਂ ਬਾਅਦ ਸਫ਼ਦਰਜੰਗ ਹਸਪਤਾਲ ਦੀ ਬੁਲਾਰੇ ਨੇ ਕਿਹਾ, " 20 ਸਾਲਾ ਇੱਕ ਮਹਿਲਾ 28 ਸਤੰਬਰ ਨੂੰ 3.30 ਵਜੇ ਨਵੇਂ ਐਮਰਜੈਂਸੀ ਬਲਾਕ 'ਚ ਨਿਊਰੋ ਸਰਜਰੀ ਲਈ ਦਾਖਲ ਹੋਈ ਸੀ। ਉਸ ਨੂੰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰੈਫਰ ਕੀਤਾ ਗਿਆ ਸੀ।"
https://www.youtube.com/watch?v=xWw19z7Edrs&t=1s
"ਭਰਤੀ ਵੇਲੇ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ। ਉਸ ਨੂੰ ਸਰਵਾਈਕਲ ਸਪਾਈਨ 'ਚ ਸੱਟ ਲੱਗੀ ਸੀ। ਇਸ ਦੇ ਨਾਲ ਹੀ ਕਵਾਡ੍ਰੀਪਲੀਜੀਆ ਅਤੇ ਸੇਪਟੀਸੀਮੀਆ ਵੀ ਸੀ। ਬਹੁਤ ਯਤਨਾਂ ਅਤੇ ਇਲਾਜ ਦੇ ਬਾਵਜੂਦ 29 ਸਤੰਬਰ ਦੀ ਸਵੇਰ 6.25 'ਤੇ ਉਸ ਦਾ ਦੇਹਾਂਤ ਹੋ ਗਿਆ।"
14 ਸਤੰਬਰ ਨੂੰ ਹੋਏ ਇਸ ਕਥਿਤ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਐਫਆਈਆਰ ਦੀਆਂ ਧਾਰਵਾਂ ਨੂੰ ਤਿੰਨ ਵਾਰ ਬਦਲਿਆ।
ਪਹਿਲਾਂ ਸਿਰਫ ਕਤਲ ਦੀ ਕੋਸ਼ਿਸ਼ ਦਾ ਹੀ ਮਾਮਲਾ ਦਰਜ ਕੀਤਾ ਗਿਆ। ਫਿਰ ਸਮੂਹਿਕ ਬਲਾਤਕਾਰ ਦੀਆਂ ਧਾਰਾਵਾਂ ਜੋੜੀਆਂ ਗਈਆਂ ਅਤੇ 29 ਸਤੰਬਰ ਨੂੰ ਪੀੜਤ ਦੀ ਮੌਤ ਤੋਂ ਬਾਅਦ ਐੱਫਆਈਆਰ 'ਚ ਕਤਲ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ।
ਪੁਲਿਸ ਨੇ ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਪੰਜ ਦਿਨਾਂ ਬਾਅਦ ਕੀਤੀ। ਕੀ ਪੁਲਿਸ ਤੋਂ ਜਾਂਚ ਦੌਰਾਨ ਲਾਪਰਵਾਹੀ ਹੋਈ ਹੈ।
ਇਸ ਦੇ ਜਵਾਬ 'ਚ ਪੁਲਿਸ ਸੁਪਰਡੈਂਟ ਦਾ ਕਹਿਣਾ ਹੈ, "14 ਸਤੰਬਰ ਨੂੰ ਸਵੇਰੇ ਲਗਭਗ 9.30 ਵਜੇ ਪੀੜਤ ਆਪਣੀ ਮਾਂ ਅਤੇ ਭਰਾ ਨਾਲ ਪੁਲਿਸ ਸਟੇਸ਼ਨ ਆਈ ਸੀ। ਪੀੜਤ ਕੁੜੀ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਮੁੱਖ ਮੁਲਜ਼ਮ ਨੇ ਕਤਲ ਕਰਨ ਦੇ ਇਰਾਦੇ ਨਾਲ ਉਸ ਦੀ ਭੈਣ ਦਾ ਗਲਾ ਘੁੱਟਿਆ ਹੈ। ਸਾਢੇ 9 ਵਜੇ ਮਿਲੀ ਸੂਚਨਾ ਮੁਤਾਬਕ ਅਸੀਂ 10.30 ਵਜੇ ਐੱਫਆਈਆਰ ਦਰਜ ਕਰ ਲਈ ਸੀ।"
ਐਸਪੀ ਵਿਕ੍ਰਾਂਤ ਵੀਰ ਦਾ ਕਹਿਣਾ ਹੈ , "ਪੀੜਤ ਕੁੜੀ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਸੀ। ਜਿੱਥੋਂ ਉਸ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਉਸ ਦਾ ਇਲਾਜ ਵੀ ਫੌਰੀ ਸ਼ੁਰੂ ਹੋ ਗਿਆ ਸੀ।"
"ਪਹਿਲੀ ਐੱਫਆਈਆਰ 307 ਅਤੇ ਐੱਸਸੀ-ਐੱਸਟੀ ਐਕਟ ਦੀ ਦਰਜ ਕੀਤੀ ਗਈ ਸੀ। ਫਿਰ ਜਦੋਂ ਪੀੜਤ ਨੇ ਆਪਣਾ ਬਿਆਨ ਦਰਜ ਕਰਵਾਇਆ ਤਾਂ ਉਸ 'ਚ ਇੱਕ ਹੋਰ ਲੜਕੇ ਦਾ ਨਾਮ ਲਿਆ ਅਤੇ ਕਿਹਾ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਇਹ ਬਿਆਨ ਸਾਡੇ ਕੋਲ ਆਡੀਓ-ਵੀਡੀਓ ਦੇ ਰੂਪ 'ਚ ਮੌਜੂਦ ਹੈ। ਇਸ ਬਿਆਨ ਤੋਂ ਬਾਅਦ ਇਕ ਹੋਰ ਮੁਲਜ਼ਮ ਦਾ ਨਾਂਅ ਰਿਪੋਰਟ 'ਚ ਜੋੜਿਆ ਗਿਆ।"
"ਇਸ ਤੋਂ ਬਾਅਦ 22 ਸਤੰਬਰ ਨੂੰ ਪੀੜਤ ਕੁੜੀ ਨੇ ਆਪਣੇ ਨਾਲ ਹੋਏ ਜਬਰ ਜਨਾਹ ਅਤੇ ਉਸ 'ਚ ਚਾਰ ਲੋਕਾਂ ਦੀ ਸ਼ਮੂਲੀਅਤ ਦੀ ਗੱਲ ਕਹੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਸ ਤੋਂ ਪਹਿਲੇ ਬਿਆਨ 'ਚ ਉਸ ਨੇ ਆਪਣੇ ਨਾਲ ਛੇੜਛਾੜ ਅਤੇ ਦੋ ਲੋਕਾਂ ਦਾ ਹੀ ਨਾਮ ਕਿਉਂ ਲਿਆ ਸੀ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਪੂਰੀ ਤਰ੍ਹਾਂ ਨਾਲ ਹੋਸ਼ 'ਚ ਨਹੀਂ ਸੀ।"
"ਇਸ ਬਿਆਨ ਤੋਂ ਬਾਅਦ ਰਿਪੋਰਟ 'ਚ ਸਮੂਹਿਕ ਬਲਾਤਕਾਰ ਸਬੰਧੀ 376 ਡੀ ਧਾਰਾ ਜੋੜੀ ਗਈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ। ਜਲਦੀ ਹੀ ਬਾਕੀ ਤਿੰਨੇ ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ।"
ਪੀੜਤਾ ਨੇ ਹਸਪਤਾਲ 'ਚ ਦਿੱਤੇ ਆਪਣੇ ਬਿਆਨ 'ਚ ਸਮੂਹਿਕ ਜਬਰ ਜਨਾਹ ਦਾ ਜ਼ਿਕਰ ਕੀਤਾ ਹੈ। ਪਰ ਕੀ ਮੈਡੀਕਲ ਰਿਪੋਰਟ 'ਚ ਇਸ ਦੀ ਪੁਸ਼ਟੀ ਹੁੰਦੀ ਹੈ?
ਇਸ ਸਵਾਲ ਦੇ ਜਵਾਬ 'ਚ ਐਸਪੀ ਦਾ ਕਹਿਣਾ ਹੈ, " ਮੈਡੀਕਲ ਰਿਪੋਰਟ ਇੱਕ ਅਹਿਮ ਸਬੂਤ ਹੈ। ਹੁਣ ਤੱਕ ਜੋ ਸਾਨੂੰ ਮੈਡੀਕਲ ਰਿਪੋਰਟ ਮਿਲੀ ਹੈ , ਉਸ 'ਚ ਡਾਕਟਰਾਂ ਨੇ ਪੀੜਤਾ ਦੇ ਸਰੀਰ 'ਤੇ ਲੱਗੀਆਂ ਸੱਟਾਂ ਦਾ ਅਧਿਐਨ ਕੀਤਾ ਹੈ। ਪਰ ਇਸ 'ਚ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਨਹੀਂ ਹੋਈ ਹੈ।"
"ਉਨ੍ਹਾਂ ਨੂੰ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ। ਉਸ ਤੋਂ ਬਾਅਦ ਹੀ ਇਸ ਸਬੰਧ 'ਚ ਕੁੱਝ ਵੀ ਕਿਹਾ ਜਾ ਸਕਦਾ ਹੈ। ਪੀੜਤਾ ਗੁਪਤ ਅੰਗਾਂ 'ਤੇ ਵੀ ਕਿਸੇ ਤਰ੍ਹਾਂ ਦੀ ਸੱਟ ਦਾ ਕੋਈ ਜ਼ਿਕਰ ਨਹੀਂ ਹੈ। ਜੇਕਰ ਮੈਡੀਕਲ ਰਿਪੋਰਟ ਸਾਡੀ ਕੇਸ ਡਾਇਰੀ ਦਾ ਹਿੱਸਾ ਹੋਵੇਗੀ।"
ਰਾਤ ਦੇ ਹਨੇਰੇ 'ਚ ਕੀਤਾ ਅੰਤਮ ਸੰਸਕਾਰ
ਪੁਲਿਸ ਨੇ ਮੰਗਲਵਾਰ ਦੇਰ ਰਾਤ ਨੂੰ ਮ੍ਰਿਤਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਘਰ 'ਚ ਬੰਦ ਕਰਕੇ ਜ਼ਬਰਦਸਤੀ ਉਨ੍ਹਾਂ ਦੀ ਧੀ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੀ ਅੰਤਮ ਸੰਸਕਾਰ ਕੀਤਾ ਗਿਆ ਹੈ।
ਪੁਲਿਸ ਦੀ ਕਾਰਵਾਈ ਵੀ ਸਵਾਲਾ ਦੇ ਘੇਰੇ ਵਿੱਚ ਹੈ
ਇਸ ਤਰ੍ਹਾਂ ਹਨੇਰੇ ਵਿੱਚ ਜ਼ਬਰਦਸਤੀ ਕੀਤੇ ਗਏ ਸਸਕਾਰ ਤੋਂ ਬਾਅਦ ਪੀੜਤ ਪਰਿਵਾਰ ਅਤੇ ਦਲਿਤ ਭਾਈਚਾਰੇ ਦਾ ਗੁੱਸਾ ਹੋਰ ਭੜਕ ਗਿਆ ਹੈ।
ਕੁੱਝ ਲੋਕਾਂ ਨੇ ਤਾਂ ਇਸ ਨੂੰ ਪੀੜਤ ਦਾ 'ਦੂਜਾ ਬਲਾਤਕਾਰ ਦੱਸਿਆ ਹੈ'। ਉੱਥੇ ਹੀ ਪੁਲਿਸ ਦੀ ਇਸ ਕਾਰਵਾਈ ਨੂੰ ਸਬੂਤ ਖ਼ਤਮ ਕਰਨ ਦੀ ਕੋਸ਼ਿਸ਼ ਵੱਜੋਂ ਵੇਖਿਆ ਜਾ ਰਿਹਾ ਹੈ। ਗੁੱਸੇ 'ਚ ਆਏ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਤਰ੍ਹਾਂ ਨਾਲ ਅੰਤਮ ਸੰਸਕਾਰ ਕਰਕੇ ਦੂਜੀ ਵਾਰ ਪੋਸਟਮਾਰਟਮ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਭਰਾ ਨੇ ਦੱਸਿਆ, " ਸਾਡੇ ਰਿਸ਼ਤੇਦਾਰਾਂ ਦੀ ਕੁੱਟ ਮਾਰ ਕੀਤੀ ਗਈ। ਜ਼ਬਰਦਸਤੀ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲਿਸ ਨੇ ਕਿਸ ਦਾ ਅੰਤਿਮ ਸੰਸਕਾਰ ਕੀਤਾ ਹੈ। ਸਾਨੂੰ ਆਖ਼ਰੀ ਵਾਰ ਉਸ ਦਾ ਮੂੰਹ ਵੀ ਨਹੀਂ ਵੇਖਣ ਦਿੱਤਾ। ਪੁਲਿਸ ਨੂੰ ਇੰਨ੍ਹੀ ਕੀ ਜਲਦੀ ਸੀ?"
ਜਦੋਂ ਅਸੀਂ ਇਹੀ ਸਵਾਲ ਐੱਸਪੀ ਨੂੰ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ, "ਮੌਤ ਹੋਇਆਂ ਬਹੁਤ ਦੇਰ ਹੋ ਚੁੱਕੀ ਸੀ ਅਤੇ ਪੋਸਟਮਾਰਟਮ ਅਤੇ ਪੰਚਨਾਮੇ ਦੀ ਕਾਰਵਾਈ ਮੁਕੰਮਲ ਕਰਦਿਆਂ ਰਾਤ ਦੇ 12 ਵੱਜ ਚੁੱਕੇ ਸਨ। ਕੁਝ ਕਾਰਨਾਂ ਕਰਕੇ ਮ੍ਰਿਤਕਾ ਦੀ ਲਾਸ਼ ਤੁਰੰਤ ਨਹੀਂ ਲਿਆਂਦੀ ਜਾ ਸਕਦੀ ਸੀ।"
"ਮ੍ਰਿਤਕ ਦੇਹ ਨਾਲ ਉਸ ਦੇ ਪਿਤਾ ਅਤੇ ਭਰਾ ਸਨ। ਪਰਿਵਾਰਕ ਮੈਂਬਰਾਂ ਨੇ ਰਾਤ ਹੀ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਸੀ। ਪੁਲਿਸ ਨੇ ਅੰਤਿਮ ਸਸਕਾਰ ਲਈ ਲੱਕੜਾਂ ਅਤੇ ਹੋਰ ਚੀਜ਼ਾਂ ਇਕੱਠੀਆਂ ਕਰਨ ਵਿੱਚ ਮਦਦ ਕੀਤੀ ਸੀ। ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ।"
https://www.youtube.com/watch?v=IRv4LiTkTiA
ਮੁਲਜ਼ਮਾਂ ਦੇ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ?
ਮੁਲਜ਼ਮਾਂ ਦਾ ਘਰ ਪੀੜਤ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਹੈ। ਇੱਕ ਵੱਡੇ ਸਾਂਝੇ ਘਰ 'ਚ ਤਿੰਨਾਂ ਮੁਲਜ਼ਮਾਂ ਦੇ ਪਰਿਵਾਰ ਰਹਿੰਦੇ ਹਨ।
ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਘਰ 'ਚ ਸਿਰਫ਼ ਔਰਤਾਂ ਹੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ।
ਇੱਕ ਮੁਲਜ਼ਮ ਦੀ ਉਮਰ 32 ਸਾਲ ਦੀ ਹੈ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਦੂਜੇ ਦੀ ਉਮਰ 28 ਸਾਲ ਦੀ ਹੈ ਅਤੇ ਉਸ ਦੇ 2 ਬੱਚੇ ਹਨ। ਬਾਕੀ ਦੋ ਦੀ ਉਮਰ ਲਗਭਗ 20 ਸਾਲ ਦੀ ਹੈ ਅਤੇ ਉਨ੍ਹਾਂ ਦਾ ਅਜੇ ਵਿਆਹ ਨਹੀਂ ਹੋਏ।
ਜਦੋਂ ਉਨ੍ਹਾਂ ਦੀਆਂ ਮਾਵਾਂ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦੇ ਬੇਟੇ ਇਸ ਮਾਮਲੇ 'ਚ ਸ਼ਾਮਲ ਨਹੀਂ ਹਨ ਤਾਂ ਫਿਰ ਉਨ੍ਹਾਂ ਦੇ ਨਾਮ ਕਿਉਂ ਲਏ ਗਏ ਹਨ।
ਇਸ ਦੇ ਜਵਾਬ 'ਚ ਉਨ੍ਹਾਂ ਦਾ ਕਹਿਣਾ ਸੀ, "ਬਹੁਤ ਪੁਰਾਣੀ ਰੰਜਿਸ਼ ਹੈ। ਇੰਨ੍ਹਾਂ ਦਾ ਤਾਂ ਕੰਮ ਹੀ ਇਹੀ ਹੈ। ਬਸ ਝੂਠੇ ਇਲਜ਼ਾਮ ਲਗਾ ਦਿਓ ਅਤੇ ਫਿਰ ਬਾਅਦ 'ਚ ਪੈਸੇ ਲੈ ਕੇ ਲੈ ਲਓ। ਸਰਕਾਰ ਤੋਂ ਵੀ ਮੁਆਵਜ਼ਾ ਲੈਂਦੇ ਹਨ ਅਤੇ ਲੋਕਾਂ ਤੋਂ ਵੀ।"
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਸੀ ਬਲਕਿ ਉਨ੍ਹਾਂ ਨੂੰ ਹਾਜ਼ਰ ਕੀਤਾ ਗਿਆ ਸੀ।
ਇੱਕ ਮਹਿਲਾ ਨੇ ਕਿਹਾ, " ਜਦੋਂ ਉਨ੍ਹਾਂ ਸੇ ਬੱਚਿਆਂ ਦਾ ਨਾਮ ਆਇਆ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੁਲਿਸ ਅੱਗੇ ਹਾਜ਼ਰ ਕਰ ਦਿੱਤਾ।"
ਇੱਕ ਮੁਲਜ਼ਮ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਮੁੰਡਾ ਦੁੱਧ ਦੀ ਡੇਅਰੀ 'ਤੇ ਕੰਮ ਕਰਦਾ ਹੈ ਅਤੇ ਘਟਨਾ ਵਾਲੇ ਦਿਨ ਉਹ ਉੱਥੇ ਹੀ ਮੌਜੂਦ ਸੀ। ਉਸ ਦੀ ਮੌਜੂਦਗੀ ਦੀ ਜਾਂਚ ਕੀਤੀ ਜਾ ਸਕਦੀ ਹੈ।
ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਵਾਰ ਵਾਰ ਆਪਣੇ ਠਾਕੁਰ ਅਤੇ ਪੀੜਤ ਪਰਿਵਾਰ ਦੇ ਦਲਿਤ ਹੋਣ ਦਾ ਜ਼ਿਕਰ ਕਰ ਰਹੇ ਸਨ।
ਇੱਕ ਮੁਲਜ਼ਮ ਦੀ ਮਾਂ ਕਹਿੰਦੀ ਹੈ, "ਅਸੀਂ ਠਾਕੁਰ ਹੁੰਦੇ ਹਾਂ ਅਤੇ ਉਹ ਹਰਿਜਨ ਹਨ। ਸਾਡੇ ਨਾਲ ਉਨ੍ਹਾਂ ਦਾ ਕੀ ਲੈਣਾ ਦੇਣਾ। ਉਹ ਰਸਤੇ 'ਚ ਵੀ ਨਜ਼ਰ ਵੀ ਆਉਣ ਤਾਂ ਅਸੀਂ ਆਪਣਾ ਰਾਹ ਬਦਦੂਰੀ ਬਣਾ ਲੈਂਦੇ ਹਾਂ। ਫਿਰ ਉਨ੍ਹਾਂ ਨੂੰ ਹੱਥ ਕਿਉਂ ਲਗਾਵਾਂਗੇ?"
ਇਹ ਵੀ ਪੜ੍ਹੋ-
ਮੁਲਜ਼ਮਾਂ ਬਾਰੇ ਪਿੰਡਵਾਸੀਆਂ ਦਾ ਕੀ ਕਹਿਣਾ ਹੈ?
ਮੁਲਜ਼ਮਾਂ ਬਾਰੇ ਪਿੰਡਵਾਸੀਆਂ ਦੀ ਰਾਏ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਸਾਂਝ ਦੇ ਹਿਸਾਬ ਨਾਲ ਵੱਖਰੀ ਹੈ।
ਨਜ਼ਦੀਕ ਦੇ ਠਾਕੁਰ ਪਰਿਵਾਰ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇੱਕ ਦੋਸ਼ੀ ਤਾਂ ਪਹਿਲਾਂ ਹੀ ਇਸ ਤਰ੍ਹਾਂ ਦਾ ਹੀ ਸੀ। ਉਹ ਤੁਰੀਆਂ ਜਾਂਦੀਆਂ ਕੁੜ੍ਹੀਆਂ ਨਾਲ ਛੇੜਛਾੜ ਕਰਦਾ ਹੀ ਰਹਿੰਦਾ ਸੀ। "
ਆਪਣੇ ਖੇਤਾਂ 'ਚ ਕੰਮ ਕਰ ਰਹੇ ਠਾਕੁਰ ਪਰਿਵਾਰ ਨਾਲ ਜੁੜੇ ਨੌਜਵਾਨਾਂ ਦਾ ਕਹਿਣਾ ਹੈ ਕਿ " ਇਹ ਪਰਿਵਾਰ ਇਸ ਤਰ੍ਹਾਂ ਦਾ ਹੀ ਹੈ। ਹਮੇਸ਼ਾਂ ਹੀ ਲੜਾਈ ਝਗੜਾ ਕਰਦੇ ਰਹਿੰਦੇ ਹਨ। ਬਹੁਤ ਵੱਡਾ ਕੁਨਬਾ ਹੈ ਅਤੇ ਇੰਨ੍ਹਾਂ ਦੇ ਡਰ ਕਰਕੇ ਕੋਈ ਬੋਲਦਾ ਵੀ ਨਹੀਂ ਹੈ। ਪੂਰੇ ਪਿੰਡ 'ਚ ਇੰਨ੍ਹਾਂ ਦਾ ਦਬਦਬਾ ਹੈ। ਪਿੰਡ 'ਚ ਇੰਨ੍ਹਾਂ ਦੇ ਖ਼ਿਲਾਫ ਕੋਈ ਕੁੱਝ ਨਹੀਂ ਬੋਲੇਗਾ। "
ਕੁੱਝ ਦੂਰ ਇੱਕ ਦੂਜੇ ਖੇਤ 'ਚ ਕੰਮ ਕਰ ਰਿਹਾ ਇੱਕ ਹੋਰ ਨੌਜਵਾਨ ਕਹਿੰਦਾ ਹੈ, " ਸਰ ਇਸ ਘਟਨਾ ਬਾਰੇ ਜੋ ਤੁਸੀਂ ਸੋਚ ਰਹੇ ਹੋ ਅਜਿਹਾ ਕੁੱਝ ਵੀ ਨਹੀਂ ਹੈ। ਹੁਣ ਐੱਸਆਈਟੀ ਜਾਂਚ ਕਰੇਗੀ। ਇੱਕ ਹਫ਼ਤੇ 'ਚ ਸਭ ਪਤਾ ਲੱਗ ਜਾਵੇਗਾ ਕਿ ਅਸਲ 'ਚ ਹੋਇਆ ਕੀ ਸੀ। ਵੇਖਦੇ ਰਹੋ। ਟੀਮ ਪਿੰਡ 'ਚ ਆ ਰਹੀ ਹੈ।"
ਮੁਲਜ਼ਮ ਦੇ ਪਰਿਵਾਰ ਵਾਲੇ ਵਾਰ-ਵਾਰ ਜਾਤ ਦਾ ਜ਼ਿਕਰ ਕਰਦੇ ਹਨ
ਗੁਆਂਢ ਦੇ ਹੀ ਇੱਕ ਦਲਿਤ ਪਰਿਵਾਰ ਦੇ ਬਜ਼ੁਰਗ ਦਾ ਕਹਿਣਾ ਹੈ ਕਿ " ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਸਾਡੇ 'ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਹੋਵੇ। ਸਾਡੀਆਂ ਨੂੰਹਾਂ-ਧੀਆਂ ਇੱਕਲੀਆਂ ਖੇਤਾਂ 'ਚ ਨਹੀਂ ਜਾ ਸਕਦੀਆਂ ਹਨ। ਇਹ ਧੀ ਤਾਂ ਆਪਣੀ ਮਾਂ ਤੇ ਭਰਾ ਨਾਲ ਗਈ ਸੀ। ਇੰਨ੍ਹਾਂ ਲੋਕਾਂ ਨੇ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਅਸੀਂ ਹੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਨਰਕ ਨੂੰ ਭੋਗ ਰਹੇ ਹਾਂ। "
ਪਿੰਡ 'ਚ ਜਾਤੀਵਾਦ
ਕੌਮੀ ਰਾਜਧਾਨੀ ਦਿੱਲੀ ਤੋਂ ਤਕਰੀਬਨ 160 ਕਿਮੀ. ਦੂਰ ਇਸ ਪਿੰਡ 'ਚ ਵਧੇਰੇਤਰ ਠਾਕੁਰ ਅਤੇ ਬ੍ਰਾਹਮਣ ਪਰਿਵਾਰ ਰਹਿੰਦੇ ਹਨ। ਦਲਿਤਾਂ ਦੇ ਸਿਰਫ ਦਰਜਨ ਦੇ ਕਰੀਬ ਹੀ ਘਰ ਹਨ।
ਦਲਿਤਾਂ ਅਤੇ ਪਿੰਡ ਦੇ ਬਾਕੀ ਲੋਕਾਂ ਵਿਚਾਲੇ ਸਿੱਧਾ ਸਬੰਧ ਨਜ਼ਰ ਨਹੀਂ ਆਉਂਦਾ ਹੈ। ਇਸ ਘਟਨਾ ਤੋਂ ਬਾਅਦ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਪੀੜਤ ਦੇ ਘਰ 'ਚ ਕੇ ਹਮਦਰਦੀ ਤੱਕ ਨਹੀਂ ਵਿਖਾਈ ਹੈ। ਪੀੜਤ ਦੇ ਰਿਸ਼ਤੇਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਦੂਜੀ ਜਾਤੀ ਦੇ ਲੋਕਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਇੱਕ ਮੁਲਜ਼ਮ ਦਾ ਨਾਬਾਲਗ ਭਰਾ ਆਪਣੇ ਭਰਾ ਨੂੰ ਨਿਰਦੋਸ਼ ਦੱਸਦਿਆਂ ਵਾਰ ਵਾਰ ਆਪਣੀ ਜਾਤੀ ਦਾ ਜ਼ਿਕਰ ਕਰਦਾ ਹੈ।
ਉਹ ਕਹਿੰਦਾ ਹੈ, " ਅਸੀਂ ਗਲਹੋਤ ਠਾਕੁਰ ਹੁੰਦੇ ਹਾਂ, ਸਾਡੀ ਜਾਤੀ ਇੰਨ੍ਹਾਂ ਤੋਂ ਬਹੁਤ ਉਪਰ ਹੈ। ਅਸੀਂ ਕਿਉਂ ਇੰਨ੍ਹਾਂ ਨੂੰ ਹੱਥ ਲਗਾਵਾਂਗੇ ਜਾਂ ਇੰਨ੍ਹਾਂ ਦੇ ਨਜ਼ਦੀਕ ਜਾਵਾਂਗੇ।"
ਦਲਿਤ ਭਾਈਚਾਰੇ 'ਚ ਗੁੱਸੇ ਦੀ ਲਹਿਰ
ਪੁਲਿਸ ਨੇ ਪਿੰਡ ਜਾਣ ਵਾਲੇ ਸਾਰੇ ਹੀ ਰਸਤਿਆਂ 'ਤੇ ਨਾਕਾਬੰਦੀ ਕਰ ਦਿੱਤੀ ਹੈ। ਬਹੁਤੇ ਲੋਕਾਂ ਨੂੰ ਤਾਂ ਪਿੰਡ ਦੇ ਬਾਹਰ ਹੀ ਰੋਕਿਆ ਜਾ ਰਿਹਾ ਹੈ।
ਮੁਲਜ਼ਮਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੰਡੇ ਆਪ ਪੇਸ਼ ਕੀਤੇ ਹਨ
ਪੱਤਰਕਾਰਾਂ ਨੂੰ ਵੀ ਪੈਦਲ ਹੀ ਪਿੰਡ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਦਲਿਤ ਭਾਈਚਾਰੇ ਦੇ ਲੋਕ ਪੀੜਤ ਪਰਿਵਾਰ ਨੂੰ ਤਸੱਲੀ ਦੇਣਾ ਚਾਹੁੰਦੇ ਹਨ ਪਰ ਪੁਲਿਸ ਉਨ੍ਹਾਂ ਨੂੰ ਬਾਹਰ ਹੀ ਰੋਕ ਰਹੀ ਹੈ।
ਉਤਰਾਖੰਡ ਤੋਂ ਆਏ ਦਲਿਤ ਭਾਈਚਾਰੇ ਦੇ ਇੱਕ ਵਫ਼ਦ ਨੂੰ ਵੀ ਪੁਲਿਸ ਨੇ ਬਾਹਰ ਹੀ ਰੋਕ ਦਿੱਤਾ। ਇਸ ਵਫ਼ਦ ਦੇ ਲੋਕਾਂ ਦਾ ਕਹਿਣਾ ਹੈ ਕਿ " ਸਰਕਾਰ ਸਾਡੇ ਨਾਲ ਬਹੁਤ ਬੇਇਨਸਾਫੀ ਕਰ ਰਹੀ ਹੈ। ਪਰ ਹੁਣ ਅਸੀਂ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਾਂਗੇ। ਹੁਣ ਅਸੀਂ ਆਪਣੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਹਮਦਰਦੀ ਵੀ ਨਹੀਂ ਜਤਾ ਸਕਦੇ ਹਾਂ। "
ਸਮੂਹ 'ਚ ਸ਼ਾਮਲ ਇੱਕ ਨੌਜਵਾਨ ਕਹਿੰਦਾ ਹੈ, " ਇਸ ਸਰਕਾਰ ਦਾ ਘਮੰਡ ਹੁਣ ਚੋਣਾਂ ਹੀ ਟੁੱਟੇਗਾ।"
ਪਿੰਡ ਤੋਂ ਮੁੱਖ ਸੜਕ ਤੱਕ ਆਉਣ ਲਈ ਮੈਂ ਇੱਕ ਮੋਟਰ ਸਾਈਕਲ ਸਵਾਰ ਤੋਂ ਲਿਫਟ ਲਈ। 18-20 ਸਾਲ ਦਾ ਇਹ ਨੌਜਵਾਨ ਇੱਥੋਂ ਲਗਭਗ 30 ਕਿਮੀ. ਦੂਰ ਦੇ ਪਿੰਡ ਦਾ ਰਹਿਣ ਵਾਲਾ ਸੀ। ਉਹ ਨੋਇਡਾ 'ਚ ਨੌਕਰੀ ਕਰਦਾ ਹੈ ਅਤੇ ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਇੱਥੇ ਆਇਆ ਸੀ।
ਉਸ ਦਾ ਕਹਿਣਾ ਸੀ , " ਜਦੋਂ ਤੋਂ ਆਪਣੀ ਭੈਣ ਨਾਲ ਹੋਏ ਜਬਰ ਜਨਾਹ ਬਾਰੇ ਪਤਾ ਲੱਗਿਆ ਹੈ, ਉਦੋਂ ਤੋਂ ਇੱਕ ਪਲ ਵੀ ਚੈਨ ਨਾਲ ਨਹੀਂ ਲੰਘਿਆ ਹੈ। ਰੋਜ਼ਾਨਾ ਸੋਸ਼ਲ ਮੀਡੀਆ 'ਤੇ ਉਸ ਬਾਰੇ ਪੜ੍ਹ ਰਿਹਾ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਤੁਰੰਤ ਪਿੰਡ ਆ ਗਿਆ। ਜੇਕਰ ਉਹ ਹੈਵਾਨ ਮੇਰੇ ਸਾਹਮਣੇ ਆ ਜਾਣ ਤਾਂ ਮੈਂ ਉਨ੍ਹਾਂ ਨੂੰ ਗੋਲੀ ਹੀ ਮਾਰ ਦੇਵਾਂ। "
ਐੱਸਆਈਟੀ ਜਾਂਚ
ਸਰਕਾਰ ਨੇ ਹੁਣ ਇਸ ਘਟਨਾ ਦੀ ਮੁਕੰਮਲ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਹੈ। ਤਿੰਨ ਮੈਂਬਰਾਂ ਵਾਲੀ ਇਹ ਟੀਮ ਬੁੱਧਵਾਰ ਨੂੰ ਪਿੰਡ ਪਹੁੰਚ ਚੁੱਕੀ ਹੈ। ਹੁਣ ਪਿੰਡ ਦੀਆਂ ਹੱਦਾਂ ਨੂੰ ਮੀਡੀਆ ਸਮੇਤ ਬਾਕੀ ਸਾਰਿਆਂ ਲਈ ਹੀ ਸੀਲ ਕਰ ਦਿੱਤਾ ਗਿਆ ਹੈ। ਐੱਸਆਈਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐ੍ਰਸਆਈਟੀ ਨੂੰ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਸੌਂਪਣੀ ਹੋਵੇਗੀ। ਹੁਣ ਤਾਂ ਐੱਸਆਈਟੀ ਦੀ ਜਾਂਚ 'ਚ ਹੀ ਘਟਨਾ ਦੀ ਪੂਰੀ ਸੱਚਾਈ ਦਾ ਪਤਾ ਚੱਲੇਗਾ।
ਘਟਨਾ ਦਾ ਸੱਚ ਜੋ ਵੀ ਹੋਵੇ , ਇਸ ਨਾਲ ਸ਼ਾਇਦ ਹੁਣ ਜ਼ਿਆਦਾ ਫ਼ਰਕ ਨਹੀਂ ਪਵੇਗਾ। ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਦਾ ਗੁੱਸਾ ਪੂਰੀ ਤਰ੍ਹਾਂ ਨਾਲ ਭੜਕ ਗਿਆ ਹੈ ਅਤੇ ਇਸ ਸਥਿਤੀ ਨੂੰ ਕਾਬੂ ਕਰਨਾ ਸੌਖਾ ਨਹੀਂ ਹੋਵੇਗਾ।
https://www.youtube.com/watch?v=zmZi26Vdq-0&t=49s
ਪੁਲਿਸ ਦੀ ਭੂਮਿਕਾ 'ਤੇ ਉੱਠੇ ਸਵਾਲ
ਇਸ ਘਟਨਾ 'ਚ ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਭੂਮਿਕਾ 'ਤੇ ਕਈ ਸਵਾਲ ਉਠ ਰਹੇ ਹਨ, ਜਿੰਨਾਂ ਦੇ ਜਵਾਬ ਅਜੇ ਨਹੀਂ ਮਿਲੇ ਹਨ।
1. ਪੁਲਿਸ ਨੇ ਘਟਨਾ ਵਾਲੀ ਜਗ੍ਹਾ ਨੂੰ ਪਹਿਲਾਂ ਹੀ ਸੀਲ ਕਿਉਂ ਨਹੀਂ ਕੀਤਾ। ਪਹਿਲੇ ਹੀ ਦਿਨ ਘਟਨਾ ਵਾਲੀ ਥਾਂ ਤੋਂ ਸਬੂਤ ਕਿਉਂ ਨਹੀਂ ਇੱਕਠੇ ਕੀਤੇ ਗਏ?
2. ਰਾਤ ਦੇ ਘੁੱਪ ਹਨੇਰੇ 'ਚ ਜ਼ਬਰਦਸਤੀ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ?
3. ਪੀੜਤ ਪਰਿਵਾਰ ਨਾਲ ਮੈਡੀਕਲ ਰਿਪੋਰਟ ਸਾਂਝੀ ਕਿਉਂ ਨਹੀਂ ਕੀਤੀ ਗਈ?
4. ਤਕਨੀਕੀ ਸਬੂਤ ਇੱਕਠੇ ਕਿਉਂ ਨਹੀਂ ਕੀਤੇ ਗਏ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ 'ਚ ਦੇਰੀ ਕਿਉਂ ਹੋਈ?
ਹਾਲਾਂਕਿ ਇੰਨ੍ਹਾਂ ਸਵਾਲਾਂ ਦੇ ਜਵਾਬ 'ਚ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਦਾ ਕਹਿਣਾ ਹੈ ਕਿ "ਪੁਲਿਸ ਨੇ ਆਪਣੇ ਕੰਮ 'ਚ ਕੋਈ ਕੁਤਾਹੀ ਨਹੀਂ ਵਰਤੀ ਹੈ। ਸਾਰੇ ਸਬੂਤ ਇੱਕਠੇ ਕੀਤੇ ਗਏ ਹਨ ਅਤੇ ਹੋਰ ਵੀ ਇੱਕਠੇ ਕੀਤੇ ਜਾ ਰਹੇ ਹਨ।"
"ਘਟਨਾ ਦੀ ਜਾਂਚ ਪੂਰੀ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਕੋਈ ਵੀ ਅਪਰਾਧੀ ਪੁਲਿਸ ਦੇ ਸ਼ਿੰਕਜੇ ਤੋਂ ਨਹੀਂ ਬੱਚੇਗਾ ਅਤੇ ਕਿਸੇ ਵੀ ਨਿਰਦੋਸ਼ ਨੂੰ ਫਸਾਇਆ ਨਹੀਂ ਜਾਵੇਗਾ।"
ਉਹ ਕਹਿੰਦੇ ਹਨ, "ਸਾਡੀ ਜਾਂਚ ਆਪਣੀ ਰਫ਼ਤਾਰ ਨਾਲ ਚੱਲ ਰਹੀ ਹੈ। ਅਸੀਂ ਇਸ ਮਾਮਲੇ ਨੂੰ ਫਾਸਟ ਟ੍ਰੈਕ ਅਦਾਲਤ 'ਚ ਲਿਜਾ ਕੇ ਜਲਦ ਤੋਂ ਜਲਦ ਪੀੜਤ ਨੂੰ ਇਨਸਾਫ ਦਵਾਵਾਂਗੇ।"
ਇਹ ਵੀ ਪੜ੍ਹੋ-
ਇਹ ਵੀ ਵੇਖੋ
https://www.youtube.com/watch?v=Z2sHPzM9-1Y
https://www.youtube.com/watch?v=UStxLvIYOeU
https://www.youtube.com/watch?v=KhQLG7TRUhk&t=17s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '42874bba-5909-44f9-8141-1ec89c9d6f3c','assetType': 'STY','pageCounter': 'punjabi.india.story.54377100.page','title': 'ਹਾਥਰਸ ਮਾਮਲੇ ਦੀ ਉਲਝਦੀ ਗੁੱਥੀ: ਹੁਣ ਤੱਕ ਕੀ-ਕੀ ਹੋਇਆ- ਗਰਾਊਂਡ ਰਿਪੋਰਟ','author': 'ਦਿਲਵਨਾਜ਼ ਪਾਸ਼ਾ ','published': '2020-10-01T17:43:13Z','updated': '2020-10-01T17:48:00Z'});s_bbcws('track','pageView');

ਹਾਥਰਸ ਕਥਿਤ ਗੈਂਗਰੇਪ ਅਤੇ ਕਤਲ ਮਾਮਲੇ ''ਤੇ ਪੁਲਿਸ ''ਤੇ ਕਿਹੜੇ ਸਵਾਲ ਉੱਠ ਰਹੇ ਹਨ
NEXT STORY