ਕਿਸਾਨਾਂ ਦੇ ਦਿੱਲੀ ਕੂਚ ਦਾ ਐਕਸ਼ਨ 11ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। 5 ਨਵੰਬਰ ਨੂੰ ਗੱਲਬਾਤ ਦਾ 5ਵਾਂ ਦੌਰ ਹੋਵੇਗਾ। ਤਿੰਨ ਨਵੰਬਰ ਨੂੰ ਚੌਥੇ ਗੇੜ ਦੀ ਸਾਢੇ ਸੱਤ ਘੰਟੇ ਲੰਬੀ ਗੱਲਬਾਤ ਦੌਰਾਨ ਸਰਕਾਰ ਕਿਸਾਨਾਂ ਦੇ 5 ਮੁੱਖ ਨੁਕਤਿਆਂ ਉੱਤੇ ਮੁੜ ਵਿਚਾਰ ਲਈ ਤਿਆਰ ਹੋ ਗਈ।
ਹੁਣ ਸਰਕਾਰ ਅੰਦੋਲਨ ਦੇ ਹਾਲਾਤ ਨੂੰ ਦੇਖਦਿਆਂ ਨਰਮ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ।
ਪਰ ਕਿਸਾਨ ਆਪਣੇ ਪੰਜੇ ਕਾਨੂੰਨ (3 ਖੇਤੀ ਕਾਨੂੰਨ, ਇੱਕ ਬਿਜਲੀ -2020 ਤੇ ਇੱਕ ਪਰਾਲੀ ਬਾਬਤ) ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਹਨ।
ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ ਪਰ ਕਿਸਾਨ ਆਗੂ ਇਨ੍ਹਾਂ ਸੋਧਾਂ ਨੂੰ ਮੰਨਣ ਦੀ ਹਾਲਤ ਵਿੱਚ ਨਹੀਂ ਹਨ। ਹੁਣ ਇਹ ਅੰਦੋਲਨ ਲੀਡਰਾਂ ਦੀ ਬਜਾਇ ਲੋਕਾਂ ਦਾ ਅੰਦੋਲਨ ਬਣ ਗਿਆ ਹੈ।
ਇਸ ਦੀਆਂ ਹੱਦਾਂ ਕਿਸਾਨੀ ਅੰਦੋਲਨ ਨੂੰ ਪਾਰ ਕਰਕੇ, ਪੰਜਾਬ-ਹਰਿਆਣਾ ਦੀਆਂ ਹੱਦਾਂ ਵਿੱਚੋਂ ਨਿਕਲ ਕੇ ਪੂਰੇ ਮੁਲਕ ਤੱਕ ਫੈਲ ਗਈਆਂ ਹਨ।
ਇਸ ਅੰਦੋਲਨ ਨੂੰ ਭਾਰਤ ਹੀ ਨਹੀਂ, ਕੈਨੇਡਾ, ਅਮਰੀਕਾ, ਜਰਮਨੀ, ਨਿਊਜ਼ੀਲੈਂਡ , ਸਪੇਨ ਅਤੇ ਹੋਰ ਕਈ ਮੁਲਕਾਂ ਦੇ ਲੋਕਾਂ ਤੋਂ ਹਮਾਇਤ ਮਿਲ ਰਹੀ ਹੈ।
ਬੀਬੀਸੀ ਪੰਜਾਬੀ ਦੀ ਟੀਮ ਨੇ ਇਸ ਅੰਦੋਲਨ ਦੀ ਵਿਆਪਕਤਾ ਤੇ ਵਿਸ਼ਾਲਤਾ ਨੂੰ ਸਮਝਣ ਲਈ ਟਿੱਕਰੀ ਬਾਰਡਰ ਤੋਂ ਗਰਾਊਂਡ ਦੇ ਹਾਲਾਤ ਦਾ ਜਾਇਜਾ ਲਿਆ
ਇਹ ਵੀ ਪੜ੍ਹੋ:
ਲੀਡਰਾਂ ਦਾ ਨਹੀਂ ਲੋਕਾਂ ਦਾ ਅੰਦੋਲਨ
"ਬਾਈ.. ਕੀ ਬਣੂ... ਥੱਲੇ ਵਾਲੇ ਲੋਕਾਂ ਦਾ ਹੌਸਲਾ ਕਿਹੋ ਜਿਹਾ ਹੈ। ਕੀ ਮੋਦੀ ਸਰਕਾਰ ਬਿੱਲ ਵਾਪਸ ਲਵੇਗੀ?"
26-27 ਨਵਬੰਰ ਤੋਂ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕੌਮੀ ਸ਼ਾਹਰਾਹ ਨੂੰ ਜਾਮ ਕਰੀ ਬੈਠੇ ਲੱਖਾਂ ਲੋਕਾਂ ਦੇ ਸਮਰਥਨ ਵਿੱਚ ਪੰਜਾਬ ਤੋਂ ਆਏ ਇੱਕ ਟੋਲੇ ਵਿਚੋਂ ਇੱਕ ਨੇ ਇੱਕੋਸਾਹੇ ਮੈਥੋਂ ਕਈ ਸਵਾਲ ਪੁੱਛੇ।
ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰਾ ਇੱਕ ਪੱਤਰਕਾਰ ਸਾਥੀ, ਜੋ ਪਿਛਲੇ ਕਈ ਦਿਨਾਂ ਤੋਂ ਇਸ ਅੰਦੋਲਨ ਨੂੰ ਦੇਖ ਰਿਹਾ ਹੈ, ਨੇ ਕਿਹਾ, "ਇਹ ਅੰਦੋਲਨ ਹੁਣ ਲੀਡਰਾਂ ਦਾ ਨਹੀਂ ਲੋਕਾਂ ਦਾ ਬਣ ਗਿਆ ਹੈ।"
"ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਤੁਰੇ ਪੰਜਾਬ ਅਤੇ ਹਰਿਆਣਾ ਤੋਂ ਲੱਖਾਂ ਕਿਸਾਨਾਂ ਦਾ ਦਬਾਅ ਇੰਨਾ ਹੈ ਕਿ ਇੰਨ੍ਹਾਂ ਦੇ ਆਗੂ ਵੀ ਹੁਣ ਇਸ ਤੋਂ ਘੱਟ ਹੋਰ ਕੁਝ ਪ੍ਰਵਾਨ ਨਹੀਂ ਕਰ ਸਕਦੇ ਹਨ।"
'ਸਾਡੇ ਦੋਵੇਂ ਪਾਸੇ ਲਗਾਈ ਗਈ ਕੰਡਿਆਲੀ ਤਾਰ'
ਅਸੀਂ ਟਿਕਰੀ ਬਾਰਡਰ ਪਹੁੰਚੇ ਤਾਂ ਸਾਡੀ ਗੱਡੀ ਉੱਥੋਂ ਦੇ ਮੈਟਰੋ ਸਟੇਸ਼ਨ ਉੱਤੇ ਬੈਰੀਕੇਡਸ ਲਗਾ ਖੜ੍ਹੀ ਪੁਲਿਸ ਨੇ ਰੋਕ ਦਿੱਤੀ।
ਮੇਰੇ ਹੱਥ ਵਿੱਚ ਬੀਬੀਸੀ ਦਾ ਮਾਇਕ ਆਈਡੀ ਦੇਖ ਕੇ ਸਾਨੂੰ ਅੱਗੇ ਜਾਣ ਦਿੱਤਾ ਗਿਆ। ਇਸ ਤੋਂ ਬਾਅਦ 50 ਮੀਟਰ ਉੱਤੇ ਦੂਜੀ ਨਾਕੇਬੰਦੀ ਉਸ ਤੋਂ ਵੀ ਸਖ਼ਤ ਸੀ।
ਦਿੱਲੀ ਪੁਲਿਸ ਦੇ ਨਾਲ ਪੈਰਾ-ਮਿਲਟਰੀ ਫੋਰਸ ਇਸ ਨਾਕੇ ਉੱਤੇ ਤਾਇਨਾਤ ਸੀ। ਇਸ ਤੋਂ ਅੱਗੇ 50 ਮੀਟਰ ਦੀ ਵਿੱਥ ਉੱਤੇ ਸੀਮਿੰਟ ਦੀਆਂ ਵੱਡੀਆਂ ਤੇ ਭਾਰੀ ਸਲੈਬਾਂ ਅਤੇ ਕੰਡਿਆਲੀ ਤਾਰ ਦੀ ਦੋਹਰੀ ਨਾਕਾਬੰਦੀ ਕੀਤੀ ਗਈ ਹੈ।
ਇਸ ਦੇ ਇੱਕ ਪਾਸੇ ਕਰੇਨਾਂ ਅਤੇ ਪਾਣੀ ਦੀਆਂ ਬੌਛਾੜਾਂ ਵਾਲੀਆਂ ਗੱਡੀਆਂ ਅਤੇ ਹੰਝੂ ਗੈਸ ਦੀਆਂ ਰਾਇਫਲਾਂ ਨਾਲ ਲੈਸ ਪੁਲਿਸ ਤਾਇਨਾਤ ਹੈ ਤਾਂ ਦੂਜੇ ਪਾਸੇ ਕਿਸਾਨ ਯੂਨੀਅਨਾਂ ਦੇ ਵਲੰਟਰੀਅਰਜ਼ ਹਰ ਆਉਣ ਜਾਣ ਵਾਲੇ ਉੱਤੇ ਸਖ਼ਤ ਨਜ਼ਰ ਰੱਖਦੇ ਦਿਖ ਰਹੇ ਸਨ।
ਅੱਗੇ ਜਾਣ ਦਾ ਕੋਈ ਰਾਹ ਨਹੀਂ ਸੀ। ਸਾਨੂੰ ਪਿੱਛੇ ਮੁੜਨਾ ਪਿਆ। ਨਾਕੇਬੰਦੀ ਤੋਂ ਪਿੱਛੇ ਆਕੇ ਸਾਨੂੰ ਇੱਕ ਗਲੀ ਦਿਖੀ ਅਤੇ ਸੜਕ ਨਾਲ ਲੱਗਦੇ ਘਰਾਂ ਅਤੇ ਤੰਗ ਬਜ਼ਾਰ ਵਿੱਚੋਂ ਘੁੰਮਕੇ ਆਖ਼ਰ ਅਸੀਂ ਕਿਸਾਨਾਂ ਦੇ ਧਰਨੇ ਤੱਕ ਪਹੁੰਚ ਗਏ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸਟੇਜ ਲਾਗੇ ਖੜ੍ਹੇ ਕੁਝ ਕਿਸਾਨਾਂ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਇੱਕ ਬਜ਼ੁਰਗ ਬੋਲਿਆ, "ਕਿਉਂ ਭਾਈ ਦੇਖੀ ਦਿੱਲੀ ਦੀ ਨਾਕੇਬੰਦੀ, ਮੋਦੀ ਦਾ ਸਲਾਹਕਾਰ ਪਤਾ ਨਹੀਂ ਕੌਣ ਹੈ, ਉਸ ਨੂੰ ਪਤਾ ਨਹੀਂ ਉਹ ਕੀ ਕਰ ਰਿਹਾ ਹੈ।"
"ਇਹ ਸਿਰਫ਼ ਕਿਸਾਨ ਸੰਘਰਸ਼ ਨਹੀਂ ਹੈ। ਇਸ ਨੇ ਪੰਜਾਬ ਅਤੇ ਹਰਿਆਣਾ ਨੂੰ ਇਕੱਠੇ ਕਰ ਦਿੱਤਾ ਅਤੇ ਉੱਧਰ ਪਾਕਿਸਤਾਨ ਵਾਲੇ ਪਾਸੇ ਪਹਿਲਾਂ ਹੀ ਵਾੜ ਲੱਗੀ ਹੋਈ ਸੀ, ਹੁਣ ਦਿੱਲੀ ਵਾਲੇ ਪਾਸੇ ਇਨ੍ਹਾਂ ਲਗਾ ਦਿੱਤੀ।"
"ਸਾਡੇ ਤਾਂ ਦੋਵੇਂ ਪਾਸੀਂ ਕੰਡਿਆਲੀ ਤਾਰ ਲੱਗ ਗਈ, ਲਾਹੌਰ ਵਾਲੇ ਪਾਸੇ ਵੀ ਤੇ ਦਿੱਲੀ ਵਾਲੇ ਪਾਸੇ ਵੀ।"
ਗੁੱਸੇ ਵਿੱਚ ਆਏ ਬਜ਼ੁਰਗ ਕਿਸਾਨ ਨੇ ਕਿਹਾ, "ਸ਼ਾਇਦ ਇਹ ਸਾਡਾ ਕਲਚਰ ਨਹੀਂ ਜਾਣਦੇ। ਨਹੀਂ ਤਾਂ ਇਹ ਗਲਤੀ ਨਾ ਕਰਦੇ।"
15 ਕਿਲੋਮੀਟਰ ਤੱਕ ਟਰਾਲੀਆਂ ਹੀ ਟਰਾਲੀਆਂ
ਦਿੱਲੀ ਨੂੰ ਰੋਹਤਕ ਨਾਲ ਜੋੜਨ ਵਾਲੇ 4 ਲੇਨ ਹਾਈਵੇ ਦੇ ਦੋਵੇ ਪਾਸੀਂ ਕਰੀਬ 15 ਕਿਲੋਮੀਟਰ ਟਰੈਕਟਰ-ਟਰਾਲੀਆਂ, ਟਰੱਕਾਂ, ਬੱਸਾਂ ਤੇ ਮੋਟਰਸਾਇਕਲਾਂ ਰਾਹੀ ਲੱਖਾਂ ਲੋਕ ਡੇਰੇ ਲਾਈ ਬੈਠੇ ਹਨ।
ਅਜਿਹਾ ਹੀ ਇਕੱਠ ਦਿੱਲੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ-ਕਸ਼ਮੀਰ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ ਉੱਤੇ ਸਿੰਘੂ ਬਾਰਡਰ ਉੱਤੇ ਹੈ।
ਇਹ ਕਿਸਾਨ ਮੋਦੀ ਸਰਕਾਰ ਵਲੋਂ ਲਿਆਂਦੇ 3 ਖੇਤੀ ਕਾਨੂੰਨਾਂ ਅਤੇ ਦੋ ਆਰਡੀਨੈਂਸਾਂ (ਬਿਜਲੀ ਬਿੱਲ-2020 ਤੇ ਪਰਾਲੀ ਸਾੜਨ ਵਿਰੋਧੀ) ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
3 ਦਸਬੰਰ ਨੂੰ ਕਿਸਾਨ ਆਗੂਆਂ ਤੇ 3 ਕੇਂਦਰੀ ਮੰਤਰੀਆਂ ਦੇ ਸਮੂਹ ਵਿਚਾਲੇ ਸਾਢੇ 7 ਘੰਟੇ ਚੱਲੀ ਚੌਥੇ ਗੇੜ ਦੀ ਗੱਲਬਾਤ ਦੌਰਾਨ ਸਰਕਾਰ 5 ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੋ ਗਈ।
ਪਰ ਕਿਸਾਨ ਆਗੂ ਸੋਧਾਂ ਲਈ ਤਿਆਰ ਨਹੀਂ। ਉਹ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਹਨ। ਗੱਲਬਾਤ ਦਾ ਅਗਲਾ ਗੇੜ 5 ਦਸੰਬਰ ਨੂੰ ਹੋਣਾ ਹੈ।
ਟਿੱਕਰੀ ਬਾਰਡਰ ਉੱਤੇ ਦਿੱਲੀ ਵਾਲੀ ਸਾਇਡ ਤੋਂ ਐਟਰੀ ਉੱਤੇ ਹੀ ਕਿਸਾਨ ਆਗੂ ਭਾਸ਼ਣ ਕਰ ਰਹੇ ਸਨ ਅਤੇ ਹਜ਼ਾਰਾਂ ਲੋਕ ਬੈਠੇ ਉਨ੍ਹਾਂ ਦੀਆਂ ਕਾਨੂੰਨ ਰੱਦ ਕਰਵਾਉਣ ਤੱਕ ਮੋਰਚੇ ਉੱਤੇ ਡਟੇ ਰਹਿਣ ਦੀਆਂ ਤਕਰੀਰਾਂ ਸੁਣ ਰਹੇ ਸਨ।
ਮੋਢਿਆਂ ਦੇ ਹਰੇ, ਲਾਲ ਅਤੇ ਕੇਸਰੀ ਅਤੇ ਕਈ ਹੋਰ ਰੰਗਾਂ ਦੇ ਆਪੋ ਆਪਣੇ ਝੰਡੇ ਚੁੱਕੀ ਲੋਕ ਧਰਨੇ ਵਿੱਚ ਆ ਰਹੇ ਸਨ, ਕੁਝ ਜਾ ਰਹੇ ਸਨ।
ਜਿੱਧਰ ਦੋਖੇ ਨਾਅਰੇਬਾਜ਼ੀ ਹੀ ਨਾਅਰੇਬਾਜ਼ੀ। ਆਮ ਤੌਰ ਉੱਤੇ ਜਦੋਂ ਅਸੀਂ ਮੁਜ਼ਾਹਰਿਆਂ ਵਿੱਚ ਜਾਂਦੇ ਹਾਂ ਤਾਂ ਕੈਮਰੇ ਉੱਤੇ ਗੱਲਬਾਤ ਕਰਨ ਵਾਲੇ ਨੂੰ ਲੱਭਣਾ ਪੈਂਦਾ ਹੈ, ਪਰ ਇੱਥੇ ਮਾਇਕ ਦੇਖਦੇ ਹੀ ਬੋਲਣ ਵਾਲੇ ਆਮ ਕਿਸਾਨ ਤਿਆਰ ਹੀ ਤਿਆਰ ਮਿਲ ਰਹੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਵੱਖੋਂ ਵੱਖਰੀਆਂ ਥਾਵਾਂ ਤੋਂ ਆਏ ਹਨ, ਇਨ੍ਹਾਂ ਦੀਆਂ ਜਥੇਬੰਦੀਆਂ ਵੱਖਰੀਆਂ ਨੇ ਬਹੁਤਿਆਂ ਦੀਆਂ ਬੋਲੀਆਂ ਦਾ ਵੀ ਅੰਤਰ ਹੈ, ਪਰ ਇਹ ਬੋਲ ਇੱਕੋ ਗੱਲ ਕਹਿ ਰਹੇ ਹਨ।
"ਤਿੰਨੋਂ ਕਾਲੇ ਕਾਨੂੰਨ ਰੱਦ ਕਰੋ, ਮੋਦੀ ਸਰਕਾਰ ਗੱਲਬਾਤ ਨੂੰ ਲੰਬੀ ਖਿੱਚ ਕੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਪਰ ਅਸੀਂ 6 ਮਹੀਨੇ ਦਾ ਰਾਸ਼ਣ ਲੈਕੇ ਆਏ ਹਾਂ। ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਵਾਪਸ ਨਹੀਂ ਜਾਵਾਂਗੇ।"
ਇਹ ਵੀ ਪੜ੍ਹੋ:
'ਭਰਾਵਾਂ ਦੇ ਖੂਨ ਨੇ ਮਾਰਿਆ ਉਬਾਲਾ'
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦੂਜੀ ਕਤਾਰ ਦੇ ਆਗੂ ਸਿਕੰਦਰ ਸਿੰਘ ਘੁੰਮਣ ਸਾਨੂੰ ਆਪਣੀ ਜਥੇਬੰਦੀ ਦੇ ਪ੍ਰਬੰਧਾਂ ਵਿੱਚ ਜੁਟੇ ਮਿਲੇ।
ਉਹ ਕਹਿੰਦੇ ਹਨ ਅਸੀਂ ਆਪੋ-ਆਪਣੀਆਂ ਟਰੈਕਟਰ-ਟਰਾਲੀਆਂ ਵਿੱਚ ਖਾਣ-ਪੀਣ ਲਈ ਰਾਸ਼ਣ ਅਤੇ ਸੌਣ-ਪੈਣ ਦਾ ਸਾਰਾ ਪ੍ਰਬੰਧ ਕਰਕੇ ਤੁਰੇ ਹਾਂ।
"ਸਰਕਾਰ ਦੀ ਮਨਸ਼ਾ ਗੱਲਬਾਤ ਨੂੰ ਲਟਕਾਉਣ ਦੀ ਹੈ, ਉਹ ਸਾਨੂੰ ਥਕਾਉਣਾ ਚਾਹੁੰਦੇ ਹਨ ਪਰ ਅਸੀਂ ਆਰ-ਪਾਰ ਦੀ ਲੜਾਈ ਲਈ ਆਏ ਹਾਂ।"
ਇਸੇ ਸੜ੍ਹਕ ਉੱਤੇ 3-4 ਕਿਲੋਮੀਟਰ ਪੈਦਲ ਤੁਰਦੇ-ਤਰਦੇ ਅਸੀਂ ਇੱਕ ਪੈਟੋਰਲ ਪੰਪ ਉੱਤੇ ਦੇਖਿਆ ਕਿ ਮੋਟਰ ਲਗਾ ਕੇ ਪਾਣੀ ਦਾ ਲੰਬਾ ਪਾਇਪ ਲਗਾਇਆ ਗਿਆ ਸੀ।
ਇੱਥੇ ਦਰਜਨਾਂ ਕਿਸਾਨ ਨਹਾ ਰਹੇ ਸਨ, ਕੱਪੜੇ ਧੋ ਰਹੇ ਸਨ। ਪੈਟ੍ਰੋਲ ਪੰਪ ਮਾਲਕ ਹਰਿਆਣਾ ਦੇ ਧਰਮਿੰਦਰ ਸਿੰਘ ਹਨ। ਉਨ੍ਹਾਂ ਨੇ ਕਿਸਾਨਾਂ ਲਈ ਪੂਰੀ ਛੋਲੇ ਦਾ ਲੰਗਰ ਵੀ ਲਗਵਾਇਆ ਹੋਇਆ ਹੈ।
ਮੈਂ ਉਸਨੂੰ ਉਸਦਾ ਨਾਂ ਪੁੱਛਿਆ ਤਾਂ ਉਹ ਕਹਿਣ ਲੱਗਾ, "ਇੱਕ ਪੰਜਾਬ ਦਾ ਧਰਮਿੰਦਰ ਹੈ ਤੇ ਮੈਂ ਹਰਿਆਣੇ ਦਾ ਹਾਂ।" "ਪੰਜਾਬ ਵਾਲਾ ਦਾ ਮੁੰਬਈ ਹੀ ਬੈਠਾ ਹੈ, ਪਰ ਹਰਿਆਣੇ ਵਾਲਾ ਆਪਣੇ ਭਰਾਵਾਂ ਦੀ ਸੇਵਾ ਵਿਚ ਹਾਜ਼ਰ ਹੈ।"
ਧਰਮਿੰਦਰ ਕਹਿੰਦਾ ਹੈ, "ਜਦੋਂ ਕਿਸਾਨ ਆਏ ਸਨ ਤਾਂ ਸਾਨੂੰ ਲੋਕਾਂ ਨੇ ਬੜਾ ਡਰਾਇਆ ਕਿ ਕਿਸਾਨ ਇਹ ਕਰ ਦੇਣਗੇ, ਉਹ ਕਰ ਦੇਣਗੇ। ਪਰ ਇਨ੍ਹਾਂ ਦੀ ਸ਼ਾਂਤੀ ਅਤੇ ਸਬਰ ਸੰਤੋਖ ਦੇਖ ਕੇ ਅਸੀਂ ਹੈਰਾਨ ਰਹਿ ਗਏ।"
"ਪੰਜਾਬ ਵਾਲੇ ਸਾਡੇ ਵੱਡੇ ਭਰਾ ਹਨ, ਇਹ ਸਾਡੇ ਵਿਹੜੇ ਆਏ ਹਨ। ਅਸੀਂ ਭਾਗਾਂਵਾਲੇ ਹਾਂ ਕਿ ਸਾਨੂੰ ਅੰਨਦਾਤੇ ਭਾਰਾਵਾਂ ਦੀ ਸੇਵਾ ਦਾ ਮੌਕਾ ਮਿਲਿਆ ਹੈ। ਭਰਾ ਨੂੰ ਦੇਖੇ ਭਰਾ ਦਾ ਖੂਨ ਤਾਂ ਉਬਾਲਾ ਮਾਰਦਾ ਹੀ ਹੈ।"
ਧਰਮਿੰਦਰ ਦੀ ਗੱਲ ਦੀ ਗਵਾਹੀ ਇਸੇ ਪੰਪ ਨਾਲ ਲੱਗਦੇ ਕਾਫ਼ੀ ਕੈਫੇ ਦੇ ਵਿਹੜੇ ਵਿੱਚ ਨਹਾ ਕੇ ਵਾਲ਼ ਸੁਕਾਉਂਦੇ ਕੁਰਸੀਆਂ ਉੱਤੇ ਬੈਠੇ ਕਿਸਾਨਾਂ ਤੋਂ ਮਿਲ ਰਹੀ ਸੀ।
ਕੈਫੇ ਉੱਤੇ ਕੰਮ ਕਰਨ ਵਾਲੇ ਵਿਅਕਤੀ ਦਾ ਕਹਿਣਾ ਸੀ, "ਅਸੀਂ ਇਨ੍ਹਾਂ ਤੋਂ ਪੈਸੇ ਲੈਣ ਤੋਂ ਮਨ੍ਹਾਂ ਕਰਦੇ ਹਾਂ ਪਰ ਕੋਈ ਵੀ ਬੰਦਾ ਮੁਫ਼ਤ ਚਾਹ ਕੌਫ਼ੀ ਪੀਂਦਾ ਹੀ ਨਹੀਂ ਹੈ।"
ਇਸ ਤੋਂ ਅੱਗੇ ਇੱਕ ਢਾਬੇ ਵਾਲੇ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਬੈਨਰ ਲਗਾ ਕੇ ਰੱਖਿਆ ਸੀ। ਅੰਦਰ ਦਰੀਆਂ ਵਿਛਾ ਕੇ ਕਿਸਾਨ ਅੰਦੋਲਨ ਦਾ ਕੈਂਪ ਦੀ ਬਣਾ ਦਿੱਤਾ।
ਸੰਘਰਸ਼ ਦੀ ਰੀੜ੍ਹ ਦੀ ਹੱਡੀ
ਇਸ ਸੰਘਰਸ਼ ਵਿੱਚ ਬੀਬੀਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ। ਉਹ ਰੋਟੀਆਂ ਪਕਾਉਣ ਸਣੇ ਬੈਕ ਐਂਡ ਆਪਰੇਸ਼ਨ ਤੋਂ ਲੈ ਕੇ ਸਟੇਜਾਂ ਤੱਕ ਸੰਭਾਲ ਰਹੀਆਂ ਹਨ।
ਸੰਗਰੂਰ ਦੇ ਭਿੰਡਰਕਲਾਂ ਤੋਂ ਪਹੁੰਚੀ ਬੀਬੀ ਕਮਰਜੀਤ ਕੌਰ ਸਟੇਜ ਉੱਤੇ ਭਾਸ਼ਣ ਵੀ ਕਰਦੀ ਹੈ ਅਤੇ ਪੰਜਾਬ ਵਿੱਚ ਅੰਦੋਲਨ ਨੂੰ ਸੰਭਾਲ ਰਹੇ ਜਥਿਆਂ ਤੇ ਦਿੱਲੀ ਅੰਦੋਲਨ ਵਿਚਾਲੇ ਤਾਲਮੇਲ ਕਰਨ ਵਾਲੀ ਟੀਮ ਦਾ ਵੀ ਹਿੱਸਾ ਹੈ।
ਕਰਮਜੀਤ ਕਹਿੰਦੀ ਹੈ ਕਿ ਅੰਦੋਲਨਕਾਰੀ ਬੀਬੀਆਂ ਦੀਆਂ ਸਮੱਸਿਆਵਾਂ ਬੰਦਿਆਂ ਤੋਂ ਜ਼ਿਆਦਾ ਹਨ, ਨਹਾਂਉਣ-ਧੌਣ ਅਤੇ ਪਖਾਨੇ ਜਾਣ ਦੀਆਂ ਸਮੱਸਿਆਂ ਤੋਂ ਇਲਾਵਾਂ ਬੀਬੀਆਂ ਦੀਆਂ ਸਿਹਤ ਸਬੰਧੀ ਵੀ ਦਿੱਕਤਾਂ ਹੁੰਦੀਆਂ ਹਨ।
ਸਰਕਾਰ ਵਲੋਂ ਇਸ ਵਾਸਤੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਪਰ ਅਸੀਂ ਇਹ ਸਭ ਆਪਣੇ ਆਪ ਹੀ ਕਰ ਰਹੇ ਹਾਂ। 10-15 ਬੀਬੀਆਂ ਇਕੱਠੀਆਂ ਹੋਕੇ ਕੱਪੜੇ ਤਾਣਕੇ ਨਹਾਉਂਦੀਆਂ ਹਨ।
ਬਲਵਿੰਦਰ ਕੌਰ ਨੇ ਦੱਸਿਆ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਅਸੀਂ ਮਿਲ ਬੈਠ ਕੇ ਆਪਣੇ ਨਾਲ ਦੁੱਖ ਸਾਂਝਾ ਕਰਦੀਆਂ ਹਨ।
ਸੰਗਰੂਰ ਤੋਂ ਆਈਆਂ ਬੀਬੀਆਂ ਨੂੰ ਲੌਹ ਉੱਤੇ ਰੋਟੀਆਂ ਰਾੜਦੇ ਅਸੀਂ ਦੇਖਿਆ। ਪਰ ਜਦੋਂ ਅਸੀਂ ਮੁੜ ਕੇ ਆਏ ਤਾਂ ਇਹ ਕੰਮ ਤੋਂ ਵਿਹਲੀਆਂ ਬੈਠੀਆਂ ਸਨ।
ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਵਲੋਂ ਤਿਆਰ ਕੀਤੇ ਜਾਗੋ ਦੇ ਗੀਤ ਅਤੇ ਨਾਅਰੇ ਉਨ੍ਹਾਂ ਨੇ ਸਾਨੂੰ ਸੁਣਾਏ।
ਵੱਡਾ ਹੋ ਰਿਹਾ ਕਾਫ਼ਲਾ ਤੇ ਵਿਸ਼ਾਲ ਸੰਘਰਸ਼
ਕਿਸਾਨ 25 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਤੋਂ ਕਿਸਾਨਾਂ ਦੇ ਕਾਫ਼ਲਿਆਂ ਨੇ ਦਿੱਲੀ ਵੱਲ ਕੂਚ ਕੀਤਾ ਸੀ। ਉਸ ਤੋਂ ਬਾਅਦ ਲਗਾਤਾਰ ਇਹ ਕਾਫ਼ਲਾ ਵੱਡਾ ਹੁੰਦਾ ਜਾ ਰਿਹਾ ਹੈ।
ਹੁਣ ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਣੇ ਹੋਈ ਕਈ ਸੂਬਿਆਂ ਤੋਂ ਕਿਸਾਨ ਅਤੇ ਸਮਾਜਿਕ ਵਰਕਰ ਇੱਥੇ ਪਹੁੰਚ ਰਹੇ ਹਨ।
ਹਰ ਕੋਈ ਆਪਣੇ ਕੋਲ ਉਪਲੱਬਧ ਸਰੋਤਾਂ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ ਹੈ।
ਪ੍ਰਦਰਸ਼ਨਾਂ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ
ਮੁਜ਼ਾਹਰੇ ਦੌਰਾਨ ਇੱਕ ਕਿਸਾਨ ਨੇ ਦੱਸਿਆ ਕਿ ਹਰਿਆਣਾ ਤੋਂ ਤੜਕੇ ਹੀ ਕਿਸਾਨ ਦੁੱਧ, ਸਬਜ਼ੀਆਂ ਅਤੇ ਰਾਸ਼ਣ ਦਾ ਸਮਾਨ ਲੈਕੇ ਆ ਜਾਂਦੇ ਹਨ ਅਤੇ ਕਿਸਾਨਾਂ ਨੂੰ ਦੇ ਜਾਂਦੇ ਹਨ।
ਖਾਲਸਾ ਏਡ ਨੇ ਰਾਜਸਥਾਨ ਤੋਂ ਆਏ ਇੱਕ ਵਲੰਟੀਅਰ ਨੇ ਦੱਸਿਆ ਕਿ ਦਿੱਲੀ ਦਾ ਪਾਣੀ ਕਿਸਾਨਾਂ ਲਈ ਠੀਕ ਨਹੀਂ ਅਤੇ ਉਨ੍ਹਾਂ ਦੀ ਸੰਸਥਾ ਟਿਕਰੀ ਬਾਰਡਰ ਉੱਤੇ ਰੋਜ਼ 8-10 ਟਰੱਕ ਪਾਣੀ ਵਰਤਾ ਰਹੇ ਹਨ।
ਰਸਤੇ ਵਿੱਚ ਕਈ ਐਂਬੂਲੈਂਸਾਂ ਤੇ ਮੈਡੀਕਲ ਦਵਾਈਆਂ ਵੰਡਣ ਵਾਲੀਆਂ ਗੱਡੀਆਂ ਵੀ ਦੇਖੀਆਂ ਤੇ ਆਪੋ ਆਪਣਾ ਲੋੜੀਂਦਾ ਰਾਸ਼ਣ ਲੈਣ ਜਾਣ ਦੀਆਂ ਅਨਾਉਂਮੈਂਟਾਂ ਵੀ।
ਹਰਿਆਣਾ ਵਾਲੇ ਟਰੱਕਾਂ ਦੇ ਟਰੱਕ ਸਬਜ਼ੀਆਂ ਤੇ ਫਰੂਟ ਲੈਕੇ ਵੰਡਦੇ ਘੁੰਮਦੇ ਦਿਖਦੇ। ਇਸ ਸੰਘਰਸ਼ ਵਿੱਚ ਹਰ ਇੱਕ ਨੂੰ ਦੂਜੇ ਦੀ ਫਿਕਰ ਵੱਧ ਦਿਖ ਰਹੀ ਹੈ ਅਤੇ ਇਹ ਕਾਫ਼ਲਾ ਲਗਾਤਾਰ ਵੱਡਾ ਹੋ ਰਿਹਾ ਹੈ।
ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਰਾਹੁਲ ਡਫਲੀ ਲੈਕੇ ਆਪਣੇ ਇਨਕਲਾਬੀ ਗੀਤਾਂ ਨਾਲ ਅਵਾਜ਼ ਬੁਲੰਦ ਕਰ ਰਹੇ ਸਨ। ਸ਼ਾਮ ਦੇ 4 ਵੱਜ ਗਏ ਸਨ ਅਸੀਂ ਕਈ ਕਿਲੋਮੀਟਰ ਪੈਦਲ ਚੱਲ ਕੇ ਮੁੜ ਰਹੇ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=j0jKrpmH1uI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '14054964-84cf-4a05-afda-f4124486af0c','assetType': 'STY','pageCounter': 'punjabi.india.story.55191278.page','title': 'Farmers Protest: ਸਰਕਾਰ ਸੋਧਾਂ ਲਈ ਤਿਆਰ, ਪਰ ਕਿਸਾਨ ਕਾਨੂੰਨ ਰੱਦ ਕਰਨ ਤੋਂ ਘੱਟ ਲਈ ਤਿਆਰ ਕਿਉਂ ਨਹੀਂ, ਹਾਲਾਤ ਨੂੰ ਰਿਪੋਰਟ ਰਾਹੀਂ ਸਮਝੋ','author': 'ਖੁਸ਼ਹਾਲ ਲਾਲੀ','published': '2020-12-05T05:58:45Z','updated': '2020-12-05T05:58:45Z'});s_bbcws('track','pageView');

ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹਰਭਜਨ ਮਾਨ ਦੀ ਸ਼੍ਰੋਮਣੀ ਪੰਜਾਬੀ ਐਵਾਰਡ ਨੂੰ ਨਾਂਹ - ਪ੍ਰੈੱਸ ਰਿਵੀਊ
NEXT STORY