ਤੇਲੰਗਾਨਾ ਦੇ ਇੱਕ ਪੇਂਡੂ ਇਲਾਕੇ ਵਿੱਚ ਅੱਠ ਮਹੀਨੇ ਦੇ ਬੱਚੇ ਦੇ ਸਿਰ ਤੋਂ ਕੋਰੋਨਾ ਨੇ ਮਾਂ-ਬਾਪ ਦਾ ਸਹਾਰਾ ਖੋਹ ਲਿਆ।
ਦਿੱਲੀ ਦੇ ਨੇੜੇ ਕੋਰੋਨਾ ਕਾਰਨ ਚਾਰ ਸਾਲ ਅਤੇ ਡੇਢ ਸਾਲ ਦੇ ਮਾਸੂਮ ਭੈਣ ਭਰਾ ਅਨਾਥ ਹੋ ਗਏ। ਨੇੜੇ ਤੇੜੇ ਇਨ੍ਹਾਂ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਰਹਿੰਦਾ।
ਉਥੇ ਹੀ ਇੱਕ ਘਰ ਵਿੱਚ ਜਦੋਂ ਮਾਂ ਬਾਪ ਨੇ ਕੋਵਿਡ ਨਾਲ ਦਮ ਤੋੜਿਆ, ਤਾਂ 14 ਸਾਲਾਂ ਦਾ ਬੇਟਾ ਇਕੱਲਿਆਂ ਘੰਟਿਆਂ ਤੱਕ ਬੇਸੁੱਧ ਬੈਠਾ ਰਿਹਾ।
ਇਹ ਵੀ ਪੜ੍ਹੋ
ਬਹੁਤ ਮੁਸ਼ਕਲ ਨਾਲ ਹਿੰਮਤ ਕਰਕੇ ਇੱਕ ਰਿਸ਼ਤੇਦਾਰ ਨੂੰ ਖ਼ਬਰ ਦਿੱਤੀ ਗਈ। ਮਦਦ ਲਈ ਪਹੁੰਚਣ ਵਾਲੇ ਵਿਅਕਤੀ ਮੁਤਾਬਕ, "ਇਹ ਬੱਚਾ ਬੋਲ ਨਹੀਂ ਸੀ ਪਾ ਰਿਹਾ ਅਤੇ ਆਪਣੇ ਗੁਜ਼ਰ ਚੁੱਕੇ ਮਾਂ-ਬਾਪ ਦੇ ਨੰਬਰ 'ਤੇ ਹੀ ਲਗਾਤਾਰ ਕਾਲ ਕਰੀ ਜਾ ਰਿਹਾ ਸੀ।"
ਇਸ ਬੇਰਹਿਮ ਮਹਾਂਮਾਰੀ ਦੀ ਦੂਜੀ ਘਾਤਕ ਲਹਿਰ ਨੇ ਅਜਿਹੇ ਕਈ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਹਮੇਸ਼ਾਂ ਲਈ ਦੂਰ ਕਰ ਦਿੱਤਾ ਹੈ।
ਦੂਜੀ ਲਹਿਰ ਦੀ ਲਪੇਟ ਵਿੱਚ ਆ ਕੇ ਜਾਨ ਗਵਾਉਣ ਵਾਲਿਆਂ ਵਿੱਚ ਬਹੁਤ ਸਾਰੇ ਲੋਕ 30 ਤੋਂ 40 ਸਾਲ ਦੀ ਉਮਰ ਦੇ ਹਨ। ਜਿਨ੍ਹਾਂ ਵਿੱਚੋਂ ਕਈਆਂ ਦੇ ਛੋਟੇ ਛੋਟੇ ਬੱਚੇ ਸਨ। ਕਿਸੇ ਨੇ ਆਪਣੇ ਮਾਂ-ਬਾਪ ਵਿੱਚੋਂ ਇੱਕ ਨੂੰ ਗਵਾ ਦਿੱਤਾ ਅਤੇ ਕਿਸੇ ਨੇ ਦੋਵਾਂ ਨੂੰ। ਕੁਝ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਮਾਂ-ਬਾਪ ਨੂੰ ਜਾਂਦਿਆਂ ਦੇਖਿਆ।
ਇਸ ਮਹਾਂਮਾਰੀ ਨੇ ਕਿੰਨੇ ਬੱਚਿਆਂ ਨੂੰ ਇਸ ਤਰ੍ਹਾਂ ਅਨਾਥ ਬਣਾ ਦਿੱਤਾ ਹੈ, ਇਸਦਾ ਕੋਈ ਅਧਿਕਾਰਿਤ ਅੰਕੜਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਬੱਚਿਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਚਾਈਲਡ ਹੈਲਪਲਾਈਨ 'ਤੇ ਮਦਦ ਲਈ ਕਈ ਐੱਸਓਐੱਸ ਕਾਲ ਕਰ ਰਹੇ ਹਨ।
ਮਦਦ ਲਈ ਆ ਰਹੇ ਹਨ ਫ਼ੋਨ
ਗ਼ੈਰ-ਸਰਕਾਰੀ ਸੰਸਥਾ, ਸੇਵ ਦਿ ਚਿਲਡਰਨ ਦੇ ਸੀਈਓ ਸੁਦਰਸ਼ਨ ਸੂਚੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਸਾਰੇ ਫ਼ੋਨ ਆ ਰਹੇ ਹਨ। ਇਨ੍ਹਾਂ ਵਿੱਚੋਂ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਮਾਂ-ਬਾਪ ਨੂੰ ਕੋਵਿਡ ਹੋ ਗਿਆ ਹੈ ਅਤੇ ਉਹ ਬੱਚੇ ਦੀ ਦੇਖਭਾਲ ਕਰਨ ਦੇ ਅਸਰਮਥ ਹਨ। ਕਈਆਂ ਦੇ ਮਾਂ-ਬਾਪ ਗੁਜ਼ਰ ਗਏ ਹਨ। ਕੁਝ ਬੱਚੇ ਇਕੱਲੇ ਰਹਿ ਗਏ ਹਨ।
ਉਹ ਦੱਸਦੇ ਹਨ ਕਿ ਪਿਛਲੇ 15-20 ਦਿਨਾਂ ਵਿੱਚ ਅਜਿਹੇ ਕਈ ਟੈਲੀਫ਼ੋਨ ਆਉਣੇ ਵੱਧ ਗਏ ਹਨ। ਬੈਂਗਲੁਰੂ ਦੇ ਬੇਘਰੇ ਲੋਕਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਇੰਪੈਕਸ ਇੰਡੀਆ ਨਾਲ ਜੁੜੇ ਸੰਪਤ ਟੀਡੀ ਨੇ ਵੀ ਦੱਸਿਆ ਕਿ ਉਨ੍ਹਾਂ ਕੋਲ ਵੀ ਅਜਿਹੇ ਬੱਚਿਆਂ ਦੀ ਮਦਦ ਲਈ ਟੈਲੀਫ਼ੋਨ ਆ ਰਹੇ ਹਨ।
ਬਚਪਨ ਬਚਾਓ ਅੰਦੋਲਨ ਦੇ ਕਾਰਜਕਾਰੀ ਨਿਰਦੇਸ਼ਕ ਧਨੰਜੇ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਕੋਲ ਮੱਧ ਅਪ੍ਰੈਲ ਤੋਂ ਇਸ ਤਰ੍ਹਾਂ ਦੇ ਫ਼ੋਨ ਆਉਣ ਲੱਗੇ ਤੇ ਹੁਣ ਦੇਸ ਭਰ ਤੋਂ ਰੋਜ਼ 100 ਟੈਲੀਫ਼ੋਨ ਆ ਰਹੇ ਹਨ, ਜਿਸ ਵਿੱਚ ਕੋਈ ਬੱਚਾ ਆਪਣੇ ਮਾਂ-ਬਾਪ ਲਈ ਆਕਸੀਜਨ ਦੀ ਮੰਗਦਾ ਹੈ, ਕੋਈ ਮਾਤਾ-ਪਿਤਾ ਨੂੰ ਗਵਾ ਚੁੱਕਿਆ ਹੈ ਜਾਂ ਮਾਂ-ਬਾਪ ਹਸਪਤਾਲ ਵਿੱਚ ਹਨ ਅਤੇ ਬੱਚੇ ਘਰ ਵਿੱਚ ਇਕੱਲੇ ਹਨ, ਨਾਲ ਹੀ ਗਰਭਵਤੀ ਔਰਤਾਂ ਵੀ ਮਦਦ ਮੰਗ ਰਹੀਆਂ ਹਨ।
ਸੋਮਵਾਰ ਨੂੰ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੇ ਕਿਹਾ ਕਿ ਉਸ ਨੂੰ ਅਜਿਹੇ ਕਈ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ ਕਿ ਕਈ ਐੱਨਜੀਓ ਉਨ੍ਹਾਂ ਬੱਚਿਆਂ ਬਾਰੇ ਦੱਸ ਰਹੇ ਹਨ ਜੋ ਕੋਵਿਡ-19 ਕਾਰਨ ਆਪਣੇ ਮਾਂ-ਬਾਪ ਦੀ ਮੌਤ ਤੋਂ ਬਾਅਦ ਅਨਾਥ ਹੋ ਗਏ ਹਨ।
ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (NCPCR) ਐਕਟ, 2005 ਦੇ ਸੈਕਸ਼ਨ 3 ਤਹਿਤ ਬਣਾਈ ਗਈ ਇੱਕ ਕਾਨੂੰਨੀ ਸੰਸਥਾ ਹੈ, ਜਿਸਦਾ ਕੰਮ ਦੇਸ ਦੇ ਬਾਲ ਅਧਿਕਾਰਾਂ ਦੀ ਸੁਰੱਖਿਆ ਕਰਨਾ ਅਤੇ ਇਸਦੇ ਨਾਲ ਜੁੜੇ ਮਸਲਿਆਂ ਨੂੰ ਦੇਖਣਾ ਹੈ।
ਐਨਸੀਪੀਸੀਆਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੇ ਮੁੱਖ ਸਕੱਤਰਾਂ ਨੂੰ ਇਸ ਬਾਰੇ ਚਿੱਠੀ ਲਿਖੀ ਹੈ।
ਕਮਿਸ਼ਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ, ਸੰਸਥਾ ਜਾਂ ਐੱਨਜੀਓ ਨੂੰ ਅਜਿਹੇ ਬੱਚਿਆਂ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਇਸ ਬਾਰੇ ਚਾਈਲਡ ਹੈਲਪਲਾਈਨ ਨੰਬਰ 1098 'ਤੇ ਜਾਣਕਾਰੀ ਦੇਣੀ ਪਵੇਗੀ ਅਤੇ ਬੱਚੇ ਨੂੰ ਜ਼ਿਲ੍ਹੇ ਦੀ ਚਾਈਲਡ ਵੈਲਫ਼ੇਅਰ ਕਮੇਟੀ ਸਾਹਮਣੇ ਪੇਸ ਕਰਨਾ ਪਵੇਗਾ।
ਚਿੱਠੀ ਵਿੱਚ ਐੱਨਸੀਪੀਸੀਆਰ ਨੇ ਕਿਹਾ, "ਦੇਸ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੀ ਦੁੱਖ ਭਰੀ ਸਥਿਤੀ ਦੇ ਦਰਮਿਆਨ ਅਜਿਹੇ ਹਾਲਾਤ ਬਣ ਰਹੇ ਹਨ, ਜਿਥੇ ਬੱਚਿਆਂ ਨੇ ਆਪਣੇ ਦੋਵਾਂ ਮਾਂ-ਬਾਪ ਨੂੰ ਗਵਾ ਦਿੱਤਾ ਹੈ ਜਾਂ ਇਕੱਲੇ ਰਹਿ ਗਏ ਹਨ।
ਜਿਨ੍ਹਾਂ ਬੱਚਿਆਂ ਨੇ ਕੋਵਿਡ-19 ਦੀ ਵਜ੍ਹਾ ਨਾਲ ਪਰਿਵਾਰ ਦਾ ਸਹਿਯੋਗ ਗਵਾ ਦਿੱਤਾ ਹੈ ਜਾਂ ਕੋਵਿਡ-19 ਦੇ ਚਲਦਿਆਂ ਮਾਂ-ਬਾਪ ਦੀ ਜਾਨ ਚਲੀ ਜਾਣ ਕਾਰਨ ਇਕੱਲੇ ਰਹਿ ਗਏ ਹਨ, ਉਨ੍ਹਾਂ ਦੀ ਕਿਸ਼ੋਰ ਨਿਆਂ (ਜੇਵੇਨਾਈਲ ਜਸਟਿਸ, ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਅਧੀਨ ਦੇਖਭਾਲ ਅਤੇ ਸੁਰੱਖਿਆ ਕੀਤੀ ਜਾਵੇਗੀ ਅਤੇ ਅਜਿਹੇ ਬੱਚਿਆਂ ਨੂੰ ਜੇਜੇ ਐਕਟ 2015 ਦੇ ਸੈਕਸ਼ਨ 31 ਤਹਿਤ ਜ਼ਿਲ੍ਹੇ ਦੀ ਚਾਈਲਡ ਵੈਲਫ਼ੇਅਰ ਕਮੇਟੀ ਦੇ ਸਾਹਮਣੇ ਪੇਸ਼ ਕਰਨਾ ਪਵੇਗਾ, ਤਾਂ ਜੋ ਬੱਚੇ ਦੀ ਦੇਖਭਾਲ ਲਈ ਜ਼ਰੂਰੀ ਹੁਕਮ ਜਾਰੀ ਕੀਤੇ ਜਾ ਸਕਣ।"
ਉਥੇ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਇੱਕ ਟਵੀਟ ਕਰਕੇ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਸਾਰੇ ਸੂਬਿਆਂ ਨਾਲ ਸੰਪਰਕ ਕਰਕੇ ਕੋਵਿਡ ਕਾਰਨ ਆਪਣੇ ਮਾਂ-ਬਾਪ ਗਵਾ ਦੇਣ ਵਾਲੇ ਬੱਚਿਆਂ ਨੂੰ ਜੇਜੇ ਐਕਟ ਤਹਿਤ ਸੁਰੱਖਿਆ ਦੇਣਾ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਔਰਤ ਅਤੇ ਬਾਲ ਵਿਕਾਸ ਵਿਭਾਗ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਲ ਕਲਿਆਣ ਕਮੇਟੀਆਂ ਨੂੰ ਲੋੜਵੰਦ ਬੱਚਿਆਂ ਬਾਰੇ ਸਰਗਰਮ ਤੌਰ 'ਤੇ ਪਤਾ ਕਰਦੇ ਰਹਿਣ ਦੇ ਕੰਮ ਵਿੱਚ ਲਾਉਣ।
https://twitter.com/smritiirani/status/1388491967093411842?s=20
ਸੂਬਿਆਂ ਦੀ ਗੱਲ ਕਰੀਏ, ਤਾਂ ਤੇਲੰਗਾਨਾ ਚਾਈਲਡ ਹੈਲਪਲਾਈਨ ਕੋਲ ਵੀ ਬੱਚਿਆਂ ਦੀ ਮਦਦ ਲਈ ਹਰ ਰੋਜ਼ 20 ਫ਼ੋਨ ਆ ਰਹੇ ਹਨ।
ਹੈਲਪਲਾਈਨ ਲਈ ਕੰਸਲਟੈਂਟ ਰਾਕੇਸ਼ ਰੈੱਡੀ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਅਜਿਹੇ ਫ਼ੋਨ ਵੀ ਆ ਰਹੇ ਹਨ ਕਿ ਬੱਚਿਆਂ ਨੇ ਮਾਂ-ਬਾਪ ਕੋਵਿਡ ਦੀ ਵਜ੍ਹਾ ਨਾਲ ਨਹੀਂ ਰਹੇ, ਜਾਂ ਵਿਭਾਗ ਵਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਚਾਹੀਦਾ ਹੈ। ਜਿਵੇਂ ਕਿਸੇ ਵੀ ਬੱਚੇ ਨੂੰ ਤੁਰੰਤ ਖਾਣਾ ਚਾਹੀਦਾ ਹੈ ਜਾਂ ਆਰਥਿਕ ਮਦਦ ਚਾਹੀਦੀ ਹੈ ਜਾਂ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਮਦਦ ਚਾਹੀਦੀ ਹੈ।"
ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਜੋ ਫ਼ੋਨ ਆਉਂਦੇ ਹਨ, ਉਨ੍ਹਾਂ ਨੂੰ ਤੁਰੰਤ ਜ਼ਿਲ੍ਹੇ ਦੀ ਚਾਈਲਡ ਵੈਲਫ਼ੇਅਰ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ। ਫ਼ਿਰ ਉਹ ਬੱਚੇ ਨਾਲ ਸੰਪਰਕ ਕਰਦੇ ਹਨ।
"ਉਨ੍ਹਾਂ ਕਿਹਾ ਬੱਚਾ ਅਨਾਥ ਹੋ ਗਿਆ ਹੈ, ਤਾਂ ਅਸੀਂ ਪੜ੍ਹਾਈ ਦਾ ਪ੍ਰਬੰਧ ਕਰਦੇ ਹਾਂ, ਜਾਂ ਉਨ੍ਹਾਂ ਨੂੰ ਅਡਾਪਸ਼ਨ ਪੂਲ ਵਿੱਚ ਪਾ ਸਕਦੇ ਹਾਂ। ਜੇ ਕੋਈ ਰਿਸ਼ਤੇਦਾਰ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ ਤਾਂ ਅਸੀਂ ਉਨ੍ਹਾਂ ਦਾ ਸਹਿਯੋਗ ਕਰਦੇ ਹਾਂ।"
ਉਥੇ ਹੀ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਡੀਸੀਬੀਸੀਆਰ) ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਡੀਸੀਬੀਸੀਆਰ ਦੇ ਚੇਅਰਮੈਨ ਅਨੁਰਾਗ ਕੁੰਡੂ ਨੇ ਟਵੀਟ ਕਰਕੇ ਕਿਹਾ, "ਜੇ ਤੁਹਾਨੂੰ ਅਜਿਹੇ ਲੋੜਵੰਦ ਬੱਚਿਆਂ ਬਾਰੇ ਪਤਾ ਲੱਗਦਾ ਹੈ ਤਾਂ +91-9311551393 'ਤੇ ਰਿਪੋਰਟ ਕਰੋ। ਡੀਸੀਬੀਸੀਆਰ 24 ਘੰਟਿਆਂ ਦੇ ਅੰਦਰ ਮਦਦ ਕਰੇਗਾ।"
https://twitter.com/AnuragKunduAK/status/1387491686025101315?s=20
ਟਾਈਮਜ਼ ਆਫ਼ ਇੰਡੀਆ ਮੁਤਾਬਕ, ਕਰਨਾਟਕ ਸਟੇਟ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਚੇਅਰਪਰਸਨ ਐਂਥਨੀ ਸੇਬੇਸਟੀਏਨ ਨੇ ਦੱਸਿਆ ਹੈ ਕਿ ਸੂਬੇ ਦੀ ਹੈਲਪਲਾਈਨ 'ਤੇ ਅਜਿਹੇ ਕਈ ਫ਼ੋਨ ਕਾਲ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇਖ ਰਹੀ ਹੈ ਕਿ ਅਜਿਹੇ ਮਾਮਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ ਅਤੇ ਪਤਾ ਕਰ ਰਹੇ ਹਾਂ ਕਿ ਕੀ ਇਨ੍ਹਾਂ ਬੱਚਿਆਂ ਲਈ ਮਹਾਂਮਾਰੀ ਕਾਰਨ ਬੰਦ ਪਈਆਂ ਬੱਚਾ ਸੰਭਾਲ ਸੰਸਥਾਵਾਂ ਨੂੰ ਫ਼ਿਰ ਖੋਲ੍ਹਿਆ ਜਾ ਸਕਦਾ ਹੈ।
ਕਿਵੇਂ ਪਹੁੰਚਾਈ ਜਾ ਰਹੀ ਹੈ ਮਦਦ
ਸੇਵ ਦਿ ਚਿਲਡਰਨ ਦੇ ਸੁਦਰਸ਼ਨ ਸੂਚੀ ਕਹਿੰਦੇ ਹਨ ਕਿ ਅਜਿਹੇ ਬੱਚਿਆਂ ਬਾਰੇ ਪਤਾ ਲੱਗਣ 'ਤੇ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਤੱਕ ਜਲਦ ਤੋਂ ਜਲਦ ਮਦਦ ਪਹੁੰਚੇ।
ਉਹ ਕਹਿੰਦੇ ਹਨ ਕਿ ਬੱਚਿਆਂ ਦਾ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ ਇਸ ਲਈ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਾਨੂੰਨੀ ਤਰੀਕੇ ਨਾਲ ਹੀ ਸਭ ਕੁਝ ਕੀਤਾ ਜਾਂਦਾ ਹੈ।
ਉਹ ਦੱਸਦੇ ਹਨ, "ਦੋ ਛੋਟੇ ਛੋਟੇ ਬੱਚੇ ਸਨ, ਜੋ ਦਿੱਲੀ ਦੇ ਲਾਗਲੇ ਇਲਾਕੇ ਦੇ ਸਨ। ਦੋਵੇਂ ਭੈਣ-ਭਰਾ ਸਨ। ਕਰੀਬ ਚਾਰ ਸਾਲ ਅਤੇ ਡੇਢ ਸਾਲ ਉਮਰ ਦੇ, ਜਿਨ੍ਹਾਂ ਦੇ ਦੋਵੇਂ ਮਾਂ-ਬਾਪ ਗੁਜ਼ਰ ਗਏ ਸਨ ਅਤੇ ਨੇੜੇ ਕੋਈ ਰਿਸ਼ਤੇਦਾਰ ਨਹੀਂ ਸੀ ਅਤੇ ਗੁਆਂਢੀ ਨੇ ਲੋਕਾਂ ਨੂੰ ਖ਼ਬਰ ਦਿੱਤੀ, ਤਾਂ ਵੱਖ-ਵੱਖ ਲੋਕਾਂ ਤੋਂ ਗੱਲ ਸਾਡੇ ਤੱਕ ਵੀ ਪਹੁੰਚੀ।
ਜਿਵੇਂ ਹੀ ਸਾਨੂੰ ਇਹ ਸੂਚਨਾ ਮਿਲੀ ਤਾਂ ਅਸੀਂ ਸਭ ਤੋਂ ਪਹਿਲਾਂ ਸੀਡਬਲਿਊਸੀ ਯਾਨੀ ਚਾਈਲਡ ਵੈਲਫ਼ੇਅਰ ਕਮੇਟੀ ਨੂੰ ਦੱਸਿਆ, ਜੋ ਹਰ ਜ਼ਿਲ੍ਹੇ ਵਿੱਚ ਹੁੰਦੀ ਹੈ। ਚਾਈਲਡ ਵੈਲਫ਼ੇਅਰ ਕਮੇਟੀ ਹੀ ਅਸਲ ਵਿੱਚ ਨਿਰਧਾਰਿਤ ਕਰਦੀ ਹੈ ਕਿ ਬੱਚੇ ਨੂੰ ਕਿੱਥੇ ਪਹੁੰਚਾਇਆ ਜਾਵੇ ਅਤੇ ਸੰਸਥਾਗਤ ਦੇਖਭਾਲ ਲਈ ਕਿਹੜੀ ਸੰਸਥਾ ਢੁੱਕਵੀਂ ਰਹੇਗੀ।"
ਸਭ ਤੋਂ ਪਹਿਲਾਂ ਇਹ ਪਤਾ ਕੀਤਾ ਜਾਂਦਾ ਹੈ ਕਿ ਕੀ ਕੋਈ ਰਿਸ਼ਤੇਦਾਰ ਬੱਚੇ ਦੀ ਦੇਖਭਾਲ ਕਰ ਸਕਦਾ ਹੈ। ਨਹੀਂ ਤਾਂ ਬੱਚੇ ਨੂੰ ਕਿਸੇ ਚਾਈਲਡ ਕੇਅਰ ਸੰਸਥਾ ਦੀ ਦੇਖਭਾਲ ਵਿੱਚ ਰੱਖਿਆ ਜਾਂਦਾ ਹੈ।
ਬਚਪਨ ਬਚਾਓ ਅੰਦੋਲਨ ਦੇ ਧਨੰਜੇ ਦੱਸਦੇ ਹਨ ਕਿ ਉਨ੍ਹਾਂ ਕੋਲ ਇੱਕ 14 ਸਾਲ ਦੇ ਬੱਚੇ ਦਾ ਮਾਮਲਾ ਆਇਆ ਸੀ, ਜਿਸ ਨੇ ਆਪਣੇ ਮਾਂ-ਬਾਪ, ਦਾਦਾ-ਦਾਦੀ , ਚਾਚਾ-ਚਾਚੀ ਸਮੇਤ ਪੂਰਾ ਪਰਿਵਾਰ ਕੋਰੋਨਾ ਦੀ ਵਜ੍ਹਾ ਨਾਲ ਗਵਾ ਦਿੱਤਾ ਅਤੇ ਬੱਚਾ ਖ਼ੁਦ ਵੀ ਕੋਰੋਨਾ ਪੌਜ਼ੀਟਿਵ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਫ਼ਿਰ ਬਾਅਦ ਵਿੱਚ ਉਹ ਆਪਣੇ ਦੋਸਤ ਦੇ ਪਰਿਵਾਰ ਦੀ ਦੇਖਭਾਲ ਵਿੱਚ ਰਹਿਣ ਲੱਗਿਆ ਅਤੇ ਦੋਸਤ ਦੀ ਇੱਕ ਰਿਸ਼ਤੇਦਾਰ ਨੇ ਉਸ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣ ਦਾ ਫ਼ੈਸਲਾ ਕੀਤਾ।
ਪਰ ਜਿਨ੍ਹਾਂ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਮਿਲਦਾ, ਉਨ੍ਹਾਂ ਲਈ ਐੱਸਓਐੱਸ ਚਿਲਡਰਨ ਵਿਲੇਜ ਇੰਡੀਆ ਵਰਗੀਆਂ ਗ਼ੈਰ-ਸਰਕਾਰੀ ਸੰਸਥਾਵਾਂ ਸਰਕਾਰ ਦੇ ਨਾਲ ਮਿਲਕੇ ਕੰਮ ਕਰਨ ਲਈ ਸਾਹਮਣੇ ਆਈਆਂ ਹਨ।
ਇਸ ਸੰਸਥਾ ਦੇ 22 ਸੂਬਿਆਂ ਵਿੱਚ 32 ਫੋਸਟਰ ਹੋਮ ਹਨ। ਸੰਸਥਾ ਨੇ ਕਿਹਾ ਕਿ ਉਹ ਕੋਵਿਡ-19 ਪ੍ਰਭਾਵਿਤ ਮਾਤਾ-ਪਿਤਾ ਦੇ ਬੱਚਿਆਂ ਨੂੰ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਲਈ ਦੇਖਭਾਲ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਚੁਣੌਤੀਆਂ
ਕੋਵਿਡ ਦੇ ਸਮੇਂ ਜਦੋਂ ਸਭ ਕੁਝ ਚੁਣੌਤੀ ਭਰਿਆ ਹੋ ਗਿਆ ਹੈ, ਅਜਿਹੇ ਵਿੱਚ ਸੁਦਰਸ਼ਨ ਸੂਚੀ ਮੁਤਾਬਕ, ਸਮਾਜਿਕ ਦੂਰੀ ਅਤੇ ਕਰਫ਼ਿਊ ਦੇ ਮਾਹੌਲ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਆਪਸ ਵਿੱਚ ਸੰਪਰਕ ਕਰਨਾ, ਸੰਪਰਕ ਕਰਕੇ ਸੀਡਬਲਿਉਸੀ ਨਾਲ ਗੱਲਬਾਤ ਕਰਨਾ ਅਤੇ ਸਭ ਕੁਝ ਸਮੇਂ ਸਿਰ ਅਤੇ ਨਿਯਮਬੱਧ ਤਰੀਕੇ ਨਾਲ ਕਰਨਾ, ਕਿਉਂਕਿ ਇੱਕ ਇੱਕ ਮਿੰਟ ਬੱਚਿਆਂ ਲਈ ਔਖਾ ਅਤੇ ਅਸੁਰੱਖਿਅਤ ਹੁੰਦਾ ਹੈ।
ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਮੁਤਾਬਕ, ਕੋਵਿਡ ਕਾਰਨ ਅਨਾਥ ਹੋਏ ਬੱਚੇ ਮਨੁੱਖੀ ਤਸਕਰੀ ਅਤੇ ਹੋਰ ਤਰ੍ਹਾਂ ਦੇ ਸ਼ੋਸ਼ਣ ਜਿਵੇਂ ਕਿ ਜਿਣਸੀ ਸ਼ੋਸ਼ਣ, ਜ਼ਬਰਨ ਭੀਖ ਮੰਗਵਾਉਣ ਅਤੇ ਦੂਜੀ ਤਰ੍ਹਾਂ ਦੀ ਬਾਲ ਮਜ਼ਦੂਰੀ ਦੇ ਖ਼ਤਰੇ ਵਿੱਚ ਹਨ।
ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੱਛਮੀ ਅਫ਼ਰੀਕਾ ਵਿੱਚ ਇਬੋਲਾ ਸੰਕਟ ਦੌਰਾਨ ਅਨਾਥ ਹੋਏ ਕਈ ਬੱਚਿਆਂ ਨੂੰ ਬੀਮਾਰੀ ਨਾਲ ਜੁੜੇ ਸਮਾਜਿਕ ਖ਼ਦਸ਼ਿਆਂ ਜਾਂ ਇਸ ਡਰ ਨਾਲ ਕਿ ਬੱਚੇ ਕਿਤੇ ਖ਼ੁਦ ਹੀ ਲਾਗ਼ ਪ੍ਰਭਾਵਿਤ ਨਾ ਹੋਣ, ਉਨ੍ਹਾਂ ਨੂੰ ਇਕੱਲਿਆਂ ਹੀ ਛੱਡ ਦਿੱਤਾ ਗਿਆ ਸੀ। ਨਾਲ ਹੀ ਕਈ ਵੱਡੇ ਭੈਣ-ਭਰਾਵਾਂ ਨੂੰ ਆਪਣੇ ਛੋਟੇ ਭੈਣ ਭਰਾਵਾਂ ਨੂੰ ਸਹਿਯੋਗ ਦੇਣ ਲਈ ਸਕੂਲ ਛੱਡਣਾ ਪਿਆ ਸੀ।
ਅਜਿਹੀ ਹੀ ਸਥਿਤੀ ਦੇ ਖ਼ਦਸ਼ਿਆਂ ਦੇ ਚਲਦਿਆਂ ਹਾਲ ਹੀ ਵਿੱਚ ਭਾਰਤੀ ਅਦਾਕਾਰ ਸੋਨੂ ਸੂਦ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕੋਵਿਡ ਕਾਰਨ ਆਪਣੇ ਮਾਂ-ਬਾਪ ਨੂੰ ਗਵਾਉਣ ਵਾਲੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇ।
ਅਦਾਕਾਰ ਪ੍ਰਿਅੰਕਾ ਚੋਪੜਾ ਨੇ ਵੀ ਸਰਕਾਰ ਤੋਂ ਇਹ ਹੀ ਮੰਗ ਦੁਹਰਾਈ ਹੈ।
https://www.instagram.com/tv/COZ_xWVnL3T/?utm_source=ig_web_copy_link
ਇੰਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹਿਊਮਨ ਰਾਈਟਸ ਵਾਚ ਨੇ ਸਰਕਾਰਾਂ ਨੂੰ ਕੋਵਿਡ ਨਾਲ ਅਨਾਥ ਹੋਏ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਝਾਅ ਦਿੱਤੇ ਹਨ।
ਇਹ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਕਈ ਲੋਕ ਅਜਿਹੇ ਬੱਚਿਆਂ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਕੇ ਮਦਦ ਦੀ ਮੰਗ ਕਰ ਰਹੇ ਹਨ।
ਸੁਦਰਸ਼ਨ ਕਹਿੰਦੇ ਹਨ, "ਅਸੀਂ ਲੋਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹਾਂ ਪਰ ਅਜਿਹੇ ਪੋਸਟ ਕਰਨਾ ਅਤੇ ਇੰਨਾਂ 'ਤੇ ਜਵਾਬ ਦੇਣਾ ਦੋਵੇਂ ਹੀ ਗ਼ਲਤ ਤਰੀਕੇ ਹਨ। ਅਸੀਂ ਵੀ ਭਾਵੁਕ ਹੋ ਜਾਂਦੇ ਜਦੋਂ ਟਵਿੱਟਰ ਅਤੇ ਵੱਟਸਐਪ 'ਤੇ ਕੋਈ ਅਜਿਹੀ ਪੋਸਟ ਆਉਂਦੀ ਹੈ ਤਾਂ ਲੱਗਦਾ ਹੈ ਕਿ ਜਲਦੀ ਨਾਲ ਕੋਈ ਮਦਦ ਕੀਤੀ ਜਾਵੇ।"
ਉਹ ਅੱਗੇ ਕਹਿੰਦੇ ਹਨ,"ਪਰ ਹਮੇਸ਼ਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਭਾਵੁਕ ਹੋਣ ਦੀ ਬਜਾਇ ਲੋਕਾਂ ਨੂੰ ਸਾਵਧਾਨ ਕਰੀਏ। ਸਰਕਾਰ ਨੂੰ ਇਸ ਬਾਰੇ ਪ੍ਰਚਾਰ ਥੋੜ੍ਹਾ ਵਧਾਉਣਾ ਪਵੇਗਾ ਕਿ ਸਹੀ ਪ੍ਰਣਾਲੀ ਅਤੇ ਸਹੀ ਤਰੀਕਾ ਕੀ ਹੈ ਅਤੇ ਕਾਰਾ ਯਾਨੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਿਟੀ ਵਰਗੀਆਂ ਏਜੰਸੀਆਂ ਅਤੇ ਸੀਡਬਲਿਊਸੀ ਦੀ ਪ੍ਰੀਕਿਰਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ।"
ਇਹ ਵੀ ਪੜ੍ਹੋ
ਮਨੋਵਿਗਿਆਨਿਕ ਸਹਿਯੋਗ ਸਭ ਤੋਂ ਅਹਿਮ
ਤੇਲੰਗਾਨਾ ਚਾਈਲਡ ਹੈਲਪਲਾਈਨ ਨਾਲ ਜੁੜੇ ਰਾਕੇਸ਼ ਰੈਡੀ ਕਹਿੰਦੇ ਹਨ ਕਿ ਇਨ੍ਹਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਭਾਵੁਕ ਸਾਥ ਦੀ, ਪਰ ਉਹ ਸੌਖਾ ਨਹੀਂ ਹੁੰਦਾ। ਕਿਉਂਕਿ ਕਈ ਬੱਚੇ ਪੂਰੀ ਤਰ੍ਹਾਂ ਇਕੱਲੇ ਹੋ ਜਾਂਦੇ ਹਨ ਅਤੇ ਜੇ ਰਿਸ਼ਤੇਦਾਰ ਨਾਲ ਹਨ ਵੀ ਤਾਂ ਵੀ ਉਹ ਅਫ਼ਸੋਸ ਵਿੱਚ ਡੁੱਬੇ ਹੁੰਦੇ ਹਨ। ਇਸ ਲਈ ਇਨ੍ਹਾਂ ਬੱਚਿਆਂ ਲਈ ਕਾਉਂਸਿਲਿੰਗ ਦਾ ਵੀ ਪ੍ਰਬੰਧ ਕੀਤੀ ਜਾਂਦਾ ਹੈ।
ਕਲੀਨਿਕਲ ਸਾਈਕੋਲੋਜਿਸਟ ਅਤੇ ਫ਼ੋਰਟਿਸ ਸਕੂਲ ਮੈਂਟਲ ਹੈਲਥ ਪ੍ਰੋਗਰਾਮ ਦੇ ਮੁਖੀ ਮੀਮਾਂਸਾ ਸਿੰਘ ਤੰਵਰ ਕਹਿੰਦੇ ਹਨ ਕਿ ਬੱਚਿਆਂ ਦੇ ਆਲੇ ਦੁਆਲੇ ਦਾ ਮਾਹੌਲ ਬਹੁਤ ਮਾਇਨੇ ਰੱਖਦਾ ਹੈ। ਮਾਂ-ਬਾਪ ਦੇ ਨਾ ਹੋਣ 'ਤੇ ਬੱਚਿਆਂ ਲਈ ਪਰਿਵਾਰ ਦੇ ਦੂਜੇ ਮੈਂਬਰ ਜਿਵੇਂ ਦਾਦਾ-ਦਾਦੀ, ਚਾਚਾ-ਚਾਚੀ ਦਾ ਸਾਥ ਬਹੁਤ ਜ਼ਰੂਰੀ ਹੈ। ਜੇ ਬੱਚਿਆਂ ਦੇ ਨਾਲ ਕੋਈ ਵੀ ਨਹੀਂ ਹੈ ਅਤੇ ਉਸ ਨੂੰ ਸ਼ੈਲਟਰ ਹੋਮ ਵਿੱਚ ਰੱਖਿਆ ਜਾਂਦਾ ਹੈ ਤਾਂ ਉਥੇ ਵੀ ਜਿੰਨਾ ਹੋ ਸਕੇ ਬੱਚੇ ਲਈ ਸਹਿਯੋਗ ਭਰਿਆ ਮਾਹੌਲ ਰੱਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਜਦੋਂ ਬੱਚਾ ਕੋਵਿਡ ਕਾਰਨ ਆਪਣੇ ਮਾਂ-ਬਾਪ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਨੂੰ ਗਵਾ ਦਿੰਦਾ ਹੈ ਤਾਂ ਉਸ ਨੂੰ ਗੁੱਸਾ ਆਉਣਾ, ਉਦਾਸ ਹੋਣਾ, ਡਰ ਮਹਿਸੂਸ ਹੋਣਾ, ਅਫ਼ਸੋਸ ਮਹਿਸੂਸ ਹੋਣਾ ਆਮ ਹੈ। ਉਸ ਸਮੇਂ ਉਨ੍ਹਾਂ ਨੂੰ ਸਾਰੀਆਂ ਭਾਵਨਾਵਾਂ ਵਿਅਕਤ ਕਰਨ ਦੇਣੀਆਂ ਚਾਹੀਦੀਆਂ ਹਨ।"
ਮੀਮਾਂਸਾ ਕਹਿੰਦੇ ਹਨ, "ਉਨ੍ਹਾਂ ਨੂੰ ਮਾਂ-ਬਾਪ ਦੇ ਮੁੜ ਆਉਣ ਦੀ ਝੂਠੀ ਆਸ ਦੇਣ ਦੀ ਬਜਾਇ ਤੁਹਾਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਸ ਸਭ ਵਿੱਚ ਉਨ੍ਹਾਂ ਦੇ ਨਾਲ ਹੋ। ਬੱਚੇ ਦੇ ਰੋਜ਼ ਦੇ ਵਿਵਹਾਰ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਜਿਸ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਗ੍ਰੀਫ਼ ਪ੍ਰੋਸੈਸ ਵਿੱਚੋਂ ਠੀਕ ਕਰਨ ਵਿੱਚ ਸਮਾਂ ਦੇਣਾ ਚਾਹੀਦਾ ਹੈ।"
ਉਨ੍ਹਾਂ ਅੱਗੇ ਕਿਹਾ, "ਬੱਚਿਆਂ ਦੇ ਨਾਲ ਉਸ ਘਟਨਾ ਬਾਰੇ ਵੀ ਗੱਲ ਕਰੋ। ਮੌਤ ਬਾਰੇ ਸਮਝਾਓ। ਬੱਚਿਆਂ ਨੂੰ ਸਮਝਾਉਣ ਅਤੇ ਆਪਣੀਆਂ ਭਾਵਨਾਵਾਂ ਵਿਅਕਤ ਕਰਨ ਦੇਣ ਲਈ ਅਲੱਗ ਅਲੱਗ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ। ਕਲਾ ਜਾਂ ਹੌਲੀ ਸੰਗੀਤ ਜਾਂ ਗੁੱਡੀਆਂ ਦੀ ਵਰਤੋਂ ਕਰ ਸਕਦੇ ਹੋ। ਕੋਈ ਗ੍ਰਾਫ਼ਿਕ ਡਿਟੇਲ ਨਾ ਦਿੰਦੇ ਹੋਏ, ਸਿਰਫ਼ ਜੋ ਬੱਚਾ ਪੁੱਛਦਾ ਹੈ ਉਸ ਨੂੰ ਉਸ ਤਰੀਕੇ ਨਾਲ ਸਮਝਾਓ।"
ਉਨ੍ਹਾਂ ਕਿਹਾ, "ਅਜਿਹਾ ਨਹੀਂ ਹੁੰਦਾ ਕਿ ਬੱਚਾ ਦੋ ਜਾਂ ਤਿੰਨ ਦਿਨ ਵਿੱਚ ਠੀਕ ਹੋ ਜਾਵੇਗਾ, ਹਰ ਬੱਚਾ ਆਪਣਾ ਸਮਾਂ ਲਗਾਉਂਦਾ ਹੈ। ਬਸ ਧਿਆਨ ਰੱਖੋ ਕਿ ਬੱਚੇ ਦਾ ਰੂਟੀਨ ਸਧਾਰਨ ਰਹੇ। ਪਰਿਵਾਰ ਨਾਲ ਹੈ ਤਾਂ ਕੋਸ਼ਿਸ਼ ਕਰੋ ਕਿ ਉਸ ਨੂੰ ਇੱਕ ਨਾਰਮਲ ਰੂਟੀਨ ਦੇਵੇ, ਗੱਲਬਾਤ ਜ਼ਿਆਦਾ ਕਰੋ। ਸਪੋਰਟ ਦਿੰਦੇ ਰਹੋ। ਜੇ ਸਪੋਰਟ ਦੇ ਬਾਵਜੂਦ ਲੰਬੇ ਸਮੇਂ ਤੱਕ ਚੀਜ਼ਾਂ ਠੀਕ ਨਾ ਹੋਣ ਅਤੇ ਵਧੀਆਂ ਜਾਣ, ਤਾਂ ਮਾਨਸਿਕ ਸਿਹਤ ਮਾਹਰ ਕੋਲ ਜਾਣ ਦੀ ਲੋੜ ਹੈ।"
ਇਹ ਵੀ ਪੜ੍ਹੋ:
https://www.youtube.com/watch?v=2DO18YPBGnw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f5431ce4-7200-4013-bcb7-c7d728cfedf4','assetType': 'STY','pageCounter': 'punjabi.india.story.57010671.page','title': 'ਕੋਰੋਨਾਵਾਇਰਸ: \'ਮਾਪੇ ਕੋਰੋਨਾ ਕਾਰਨ ਗੁਜ਼ਰ ਗਏ ਤਾਂ ਕੋਲ ਬੈਠਾ ਬੱਚਾ ਉਨ੍ਹਾਂ ਦੇ ਹੀ ਨੰਬਰ \'ਤੇ ਲਗਾਤਾਰ ਫੋਨ ਕਰਦਾ ਰਿਹਾ\'','author': 'ਗੁਰਪ੍ਰੀਤ ਸੈਣੀ ','published': '2021-05-10T02:25:12Z','updated': '2021-05-10T02:25:12Z'});s_bbcws('track','pageView');

ਕਿਸਾਨ ਅੰਦੋਲਨ: 25 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੀ- 5 ਅਹਿਮ ਖ਼ਬਰਾਂ
NEXT STORY