ਅਸੀਂ ਅਜਿਹੇ ਕਿੰਨੇ ਹੀ ਮਹਾਰਾਜਿਆਂ ਦੀਆਂ ਕਹਾਣੀਆਂ ਪੜ੍ਹੀਆਂ ਹਨ, ਜਿਨ੍ਹਾਂ ਨੇ ਦੂਜੇ ਦੇਸ਼ਾਂ ਵਿੱਚ ਜਾ ਕੇ ਉੱਥੋਂ ਦੇ ਰਾਜਿਆਂ ਨੂੰ ਹਰਾਇਆ।
ਪਰ 200 ਸਾਲ ਪਹਿਲਾਂ ਚੀਨ ਵਿੱਚ ਇੱਕ ਅਜਿਹੀ ਔਰਤ ਸਮੁੰਦਰੀ ਡਾਕੂ ਵੀ ਸੀ, ਜਿਸ ਕੋਲ 1,800 ਤੋਂ ਵੱਧ ਸਮੁੰਦਰੀ ਜਹਾਜ਼ ਸਨ।
ਇਸ ਔਰਤ ਨੇ ਆਪਣੇ ਜੀਵਨ ਦੀ ਸ਼ੁਰੂਆਤ ਚੀਨ ਦੇ ਤੱਟਵਰਤੀ ਖੇਤਰ ਵਿੱਚ ਵੇਸਵਾਗਮਨੀ (ਦੇਹ ਵਪਾਰ) ਨਾਲ ਕੀਤੀ ਸੀ।
ਬਾਅਦ ਵਿੱਚ ਉਹ ਸਮੁੰਦਰ ਵਿੱਚ ਪੁਰਤਗਾਲ ਅਤੇ ਚੀਨ ਦੇ ਸੈਨਿਕਾਂ ਦਾ ਕਾਲ ਬਣ ਕੇ ਉੱਭਰੀ।
ਇਹ ਔਰਤ ਸਮੁੰਦਰੀ ਡਾਕੂ, ਝੇਂਗ ਯੀ ਸਾਓ, ਸ਼ੀ ਯਾਂਗ ਅਤੇ ਚਿੰਗ ਸ਼ੀ ਦੇ ਨਾਮਾਂ ਨਾਲ ਪ੍ਰਸਿੱਧ ਹੋਈ।
ਹਿੰਸਾ, ਖੌਫ਼ਨਾਕ ਸਜ਼ਾਵਾਂ ਅਤੇ ਵੇਸਵਾਗਮਨੀ ਨਾਲ ਪ੍ਰਸਿੱਧ ਹੋਈ ਇਹ ਔਰਤ 1844 ਤੱਕ ਜੀਉਂਦੀ ਰਹੀ। ਉਹ ਆਪਣੇ ਕਬਜ਼ੇ ਵਿੱਚ ਆਏ ਲੋਕਾਂ ਨੂੰ ਦਰਦਨਾਕ ਸਜ਼ਾਵਾਂ ਦਿੰਦੀ ਸੀ।
ਚਿੰਗ ਸ਼ੀ ਦਾ ਜਨਮ ਸਾਲ 1775 ਵਿੱਚ ਸ਼ਿਨਹੂਈ ਦੇ ਗੁਆਂਗਡੋਂਗ ਵਿੱਚ ਹੋਇਆ ਸੀ।
ਇਤਿਹਾਸਕਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਨਹੀਂ ਕਰ ਸਕੇ। ਪਰ ਉਨ੍ਹਾਂ ਦੇ ਜੀਵਨ ਨੇ ਇਤਿਹਾਸ ਵਿੱਚ ਉਨ੍ਹਾਂ ਦੀ ਜਗ੍ਹਾ ਪੱਕੀ ਕਰ ਦਿੱਤੀ।
18ਵੀਂ ਸਦੀ ਵਿੱਚ, ਸਮੁੰਦਰੀ ਜਹਾਜ਼ਾਂ ਅਤੇ ਸਮੁੰਦਰੀ ਵਪਾਰ ਵਿੱਚ ਸਿਰਫ਼ ਮਰਦ ਹੀ ਹਿੱਸਾ ਲੈਂਦੇ ਸਨ।
ਚੀਨ, ਪੁਰਤਗਾਲ ਅਤੇ ਫਰਾਂਸ ਦੀਆਂ ਸੈਨਾਵਾਂ ਦਾ ਦਬਦਬਾ ਖ਼ਤਮ ਕਰਨ ਲਈ ਸਮੁੰਦਰੀ ਡਾਕੂਆਂ ਵਿਚਾਲੇ ਤਾਲਮੇਲ ਲਈ ਮਹਾਸੰਘ ਬਣਾਇਆ ਗਿਆ ਸੀ
ਬੰਦਰਗਾਹਾਂ 'ਤੇ ਰੁਕੇ ਹੋਏ ਸਮੁੰਦਰੀ ਜਹਾਜ਼ਾਂ ਅਤੇ ਕੰਢਿਆਂ 'ਤੇ ਲੰਗਰ ਪਾਉਣ ਵਾਲੇ ਜਹਾਜ਼ਾਂ ਵਿੱਚ ਵੇਸਵਾਗਮਨੀ ਆਮ ਗੱਲ ਸੀ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚਿੰਗ ਸ਼ੀ ਸਿਰਫ਼ ਛੇ ਸਾਲ ਦੀ ਉਮਰ ਵਿੱਚ ਹੀ ਸੈਕਸ ਵਰਕਰ ਬਣ ਗਈ ਸੀ।
ਉਸ ਸਮੇਂ, ਝੇਂਗ ਯੀ ਇੱਕ ਸਮੁੰਦਰੀ ਡਾਕੂ (ਪਾਇਰੇਟ) ਸੀ, ਜੋ ਚਿੰਗ ਅਤੇ ਗਵੇਨ ਐਨ ਸਾਮਰਾਜਾਂ ਦੇ ਵਿਰੁੱਧ ਲੜ ਰਹੇ ਸਨ।
ਉਹ ਵੀਅਤਨਾਮ ਦੇ ਸੂਰਿਆਵੰਸ਼ੀ ਰਾਜਿਆਂ ਦੇ ਵਾਰਸਾਂ ਦੇ ਸਮਰਥਨ ਵਿੱਚ ਲੜ ਰਹੇ ਸਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਝੇਂਗ ਕੀ, ਉਸ ਸਮੇਂ ਦੇ ਮੁੱਖ ਸਮੁੰਦਰੀ ਡਾਕੂ ਸਨ।
ਸਮੁੰਦਰੀ ਡਾਕੂ ਨਾਲ ਵਿਆਹ
ਇੱਕ ਹਮਲੇ ਦੌਰਾਨ, ਝੇਂਗ ਯੀ ਦੀ ਮੁਲਾਕਾਤ ਚਿੰਗ ਸ਼ੀ ਨਾਲ ਹੋਈ ਅਤੇ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਸਾਲ 1801 ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ।
ਝੇਂਗ ਯੀ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਜਿੱਤੀ ਹੋਈ ਜਾਇਦਾਦ ਦੇ ਅੱਧੇ ਹਿੱਸੇ 'ਤੇ ਉਨ੍ਹਾਂ (ਚਿੰਗ ਸ਼ੀ) ਦਾ ਹੱਕ ਹੋਵੇਗਾ।
ਚਿੰਗ ਸ਼ੀ ਨੂੰ ਇਹ ਸੌਦਾ ਪਸੰਦ ਆਇਆ ਅਤੇ ਉਨ੍ਹਾਂ ਨੇ ਤੁਰੰਤ ਵਿਆਹ ਲਈ ਹਾਂ ਕਹਿ ਦਿੱਤੀ। ਵਿਆਹ ਸਮੇਂ ਉਨ੍ਹਾਂ ਦੀ ਉਮਰ 26 ਸਾਲ ਦੀ ਸੀ।
ਚਿੰਗ ਸ਼ੀ ਆਪਣੇ ਕਬਜ਼ੇ ਵਿੱਚ ਆਏ ਲੋਕਾਂ ਨੂੰ ਦਰਦਨਾਕ ਸਜ਼ਾਵਾਂ ਦਿੰਦੇ ਸਨ
ਵਿਆਹ ਤੋਂ ਇੱਕ ਸਾਲ ਬਾਅਦ ਹੀ, ਝੇਂਗ ਯੀ ਦੇ ਰਿਸ਼ਤੇਦਾਰ ਝੇਂਗ ਕੀ ਨੂੰ ਗਵੇਨ ਸਾਮਰਾਜ ਦੀ ਫੌਜ ਨੇ ਫੜ ਲਿਆ।
ਉਸ ਨੂੰ ਵੀਅਤਨਾਮ ਦੀ ਸਰਹੱਦ ਦੇ ਨੇੜੇ ਜਿਆਂਗਪਿੰਗ ਵਿੱਚ ਫੜ ਲਿਆ ਗਿਆ ਸੀ ਅਤੇ ਉੱਥੇ ਹੀ ਕਤਲ ਕਰ ਦਿੱਤਾ ਗਿਆ।
ਇਸ ਮੌਕੇ ਦਾ ਲਾਭ ਉਠਾਉਂਦੇ ਹੋਏ, ਝੇਂਗ ਯੀ ਨੇ ਝੇਂਗ ਕੀ ਦੀ ਅਗਵਾਈ ਵਿੱਚ ਕੰਮ ਕਰ ਰਹੇ ਸਾਰੇ ਡਾਕੂਆਂ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਆਪ ਉਨ੍ਹਾਂ ਦੀ ਨੇਤਾ ਬਣ ਗਏ।
ਝੇਂਗ ਯੀ ਨੇ ਮੱਛੀਆਂ ਫੜਨ ਵਾਲੇ ਪਰਿਵਾਰ ਦੇ ਇੱਕ ਮੁੰਡੇ, ਝਾਂਗ ਬਾਓ ਨੂੰ ਗੋਦ ਲਿਆ ਸੀ।
ਉਹ ਸਿਰਫ 15 ਸਾਲਾਂ ਦਾ ਸੀ ਜਦੋਂ ਉਸ ਨੂੰ 1798 ਵਿੱਚ ਅਗਵਾ ਕਰਕੇ ਸਮੁੰਦਰੀ ਡਾਕੂਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਝਾਂਗ ਬਾਓ, ਹਮਲਿਆਂ ਦੌਰਾਨ ਆਪਣੇ ਪਿਤਾ ਦੀ ਸਹਾਇਤਾ ਕਰਦਾ ਸੀ।
ਝੇਂਗ ਯੀ, ਚੀਨ ਦੇ ਸਮੁੰਦਰ ਵਿੱਚ ਕੰਮ ਕਰ ਰਹੇ ਸਾਰੇ ਸਮੁੰਦਰੀ ਡਾਕੂਆਂ ਨੂੰ ਇੱਕ ਝੰਡੇ ਹੇਠ ਲਿਆਉਣਾ ਚਾਹੁੰਦੇ ਸਨ ਤਾਂ ਜੋ ਪੁਰਤਗਾਲੀ, ਚੀਨੀ, ਬ੍ਰਿਟਿਸ਼ ਅਤੇ ਫ੍ਰੈਂਚ ਸੈਨਿਕਾਂ ਦਾ ਮੁਕਾਬਲਾ ਕੀਤਾ ਜਾ ਸਕੇ।
ਡਾਕੂਆਂ ਦੀ ਨੇਤਾ ਬਣੀ ਚਿੰਗ ਸ਼ੀ
ਚਿੰਗ ਸ਼ੀ ਨੇ ਡਾਕੂਆਂ ਨੂੰ ਇਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਨੇ ਡਾਕੂਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਦੇਹ ਵਪਾਰ ਦੌਰਾਨ ਦੇ ਸੰਬੰਧਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ।
ਝੇਂਗ ਅਤੇ ਚਿੰਗ ਦੇ ਯਤਨਾਂ ਨਾਲ, 1805 ਵਿੱਚ ਚੀਨ ਦੇ ਸਮੁੰਦਰ ਵਿੱਚ ਸਰਗਰਮ ਸਾਰੇ ਸਮੁੰਦਰੀ ਡਾਕੂ ਇਕੱਠੇ ਹੋ ਗਏ।
ਉਨ੍ਹਾਂ ਦੀ ਪਛਾਣ ਛੇ ਵੱਖ-ਵੱਖ ਰੰਗਾਂ ਦੇ ਝੰਡਿਆਂ ਨਾਲ ਹੁੰਦੀ ਸੀ , ਜੋ ਕਿ ਲਾਲ, ਕਾਲੇ, ਨੀਲੇ, ਚਿੱਟੇ, ਪੀਲੇ ਅਤੇ ਜਾਮਨੀ ਰੰਗਾਂ ਦੇ ਸਨ।
ਇਹ ਵੀ ਪੜ੍ਹੋ-
ਇਨ੍ਹਾਂ ਡਾਕੂਆਂ ਨੇ ਸਮੁੰਦਰ ਨੂੰ ਆਪਣੇ-ਆਪਣੇ ਹਿੱਸਿਆਂ ਵਿੱਚ ਵੰਡ ਲਿਆ ਅਤੇ ਉਹ ਸਾਰੇ ਝੇਂਗ ਯੀ ਦੀ ਅਗਵਾਈ ਵਿੱਚ ਲੜਨ ਲਈ ਸਹਿਮਤ ਹੋ ਗਏ।
19ਵੀਂ ਸਦੀ ਦੇ ਅਰੰਭ ਵਿੱਚ, ਝੇਂਗ ਯੀ ਇੱਕ ਸ਼ਕਤੀਸ਼ਾਲੀ ਸਮੁੰਦਰੀ ਡਾਕੂ ਨੇਤਾ ਬਣ ਗਏ ਸਨ ਜਿਨ੍ਹਾਂ ਕੋਲ 70,000 ਤੋਂ ਵੱਧ ਸਮੁੰਦਰੀ ਡਾਕੂ ਅਤੇ 1,200 ਤੋਂ ਵੱਧ ਸਮੁੰਦਰੀ ਜਹਾਜ਼ ਸਨ।
ਉਨ੍ਹਾਂ ਦੀ ਇਸ ਤਾਕਤ ਪਿੱਛੇ ਚਿੰਗ ਸ਼ੀ ਦਾ ਵੱਡਾ ਹੱਥ ਸੀ।
ਲਾਲ ਝੰਡੇ ਵਾਲੇ ਸਮੁੰਦਰੀ ਜਹਾਜ਼ਾਂ ਦੇ ਸਮੂਹ ਦੀ ਅਗਵਾਈ ਝੇਂਗ ਯੀ, ਇਸ ਦੇ ਬਾਅਦ ਦੂਜੇ ਨੰਬਰ ਦੇ ਸਮੂਹ ਦੀ ਅਗਵਾਈ ਉਨ੍ਹਾਂ ਦੇ ਪੁੱਤਰ ਬਾਓ ਕੋਲ ਸੀ।
ਇਸ ਦੌਰਾਨ ਚਿੰਗ ਸ਼ੀ ਨੇ ਦੋ ਪੁੱਤਰਾਂ, 1803 ਵਿੱਚ ਝੇਂਗ ਯਿੰਗਸੀ ਅਤੇ 1807 ਵਿੱਚ ਝੇਂਗ ਸ਼ਿਯੋਂਗਸ਼ੀ ਨੂੰ ਜਨਮ ਦਿੱਤਾ।
ਹਾਲਾਂਕਿ, ਕੁਝ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕਦੇ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ।
ਮੰਨਿਆ ਜਾਂਦਾ ਹੈ ਕਿ ਦੂਜੇ ਪੁੱਤਰ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਝੇਂਗ ਯੀ ਦੀ ਮੌਤ ਹੋ ਗਈ। ਉਸ ਸਮੇਂ ਉਹ 42 ਸਾਲਾਂ ਦੇ ਸਨ।
ਚਿੰਗ ਸ਼ੀ ਚਾਹੁੰਦੇ ਸਨ ਕਿ ਡਾਕੂਆਂ ਦੀ ਅਗਵਾਈ ਕਿਸੇ ਹੋਰ ਦੇ ਹੱਥਾਂ ਵਿੱਚ ਨਾ ਜਾਵੇ। ਇਸ ਲਈ ਆਪਣੇ ਗੋਦ ਲਏ ਪੁੱਤਰ, ਝਾਂਗ ਬਾਓ ਦੀ ਸਹਾਇਤਾ ਨਾਲ ਉਨ੍ਹਾਂ ਨੇ ਸਾਰੀ ਤਾਕਤ ਨੂੰ ਆਪਣੇ ਕੋਲ ਕੇਂਦਰਿਤ ਕਰ ਲਿਆ।
ਚਿੰਗ ਸ਼ੀ ਦੇ ਨਾਜਾਇਜ਼ ਸੰਬੰਧ
ਕਿਉਂਕਿ, ਡਾਕੂਆਂ ਦੇ ਸਵੈ-ਘੋਸ਼ਿਤ ਕਾਨੂੰਨ ਇੱਕ ਔਰਤ ਨੂੰ ਨੇਤਾ ਬਣਨ ਦੀ ਆਗਿਆ ਨਹੀਂ ਦਿੰਦੇ ਸਨ ਅਤੇ ਇਹ ਮੰਨਿਆ ਜਾਂਦਾ ਸੀ ਕਿ ਜਹਾਜ਼ ਵਿੱਚ ਇੱਕ ਔਰਤ ਦੀ ਮੌਜੂਦਗੀ ਨਾਲ ਬੁਰਾ ਸਮਾਂ ਆ ਸਕਦਾ ਸੀ।
ਇਸ ਲਈ ਚਿੰਗ ਸ਼ੀ ਨੇ ਝਾਂਗ ਬਾਓ ਨੂੰ ਨੇਤਾ ਬਣਾ ਦਿੱਤਾ। ਫਿਰ ਹੌਲੀ-ਹੌਲੀ ਚਿੰਗ ਸ਼ੀ ਨੇ ਬਾਓ ਨੂੰ ਆਪਣੀ ਕਠਪੁਤਲੀ ਬਣਾ ਲਿਆ।
ਚਿੰਗ ਸ਼ੀ ਦੀ ਅਗਵਾਈ ਵਿੱਚ ਡਾਕੂਆਂ ਦਾ ਮਹਾਸੰਘ ਗ਼ਲਤੀ ਕਰਨ ਵਾਲਿਆਂ ਨੂੰ ਕਰੂਰ ਸਜ਼ਾ ਦਿੰਦਾ ਸੀ
ਕੁਝ ਅਪ੍ਰਮਾਣਿਤ ਇਤਿਹਾਸਕ ਸਰੋਤ ਇਹ ਦਾਅਵਾ ਵੀ ਕਰਦੇ ਹਨ ਕਿ ਚਿੰਗ ਸ਼ੀ ਦੇ ਝਾਂਗ ਬਾਓ ਨਾਲ ਵੀ ਕਰੀਬੀ ਸੰਬੰਧ ਸਨ।
ਝਾਂਗ ਬਾਓ ਸਿਰਫ ਨਾਮ ਦੇ ਨੇਤਾ ਸਨ। ਅਸਲ ਤਾਕਤ ਤਾਂ ਚਿੰਗ ਸ਼ੀ ਦੇ ਹੱਥਾਂ ਵਿੱਚ ਸੀ।
ਡਾਕੂਆਂ ਦੇ ਇਸ ਸਮੂਹ ਵਿੱਚ ਇੱਕ ਫੌਜ ਵਰਗਾ ਅਨੁਸ਼ਾਸਨ ਸੀ। ਆਦੇਸ਼ ਦੀ ਪਾਲਣਾ ਲਾਜ਼ਮੀ ਸੀ ਅਤੇ ਨਾ ਮੰਨਣ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ।
ਭਿਆਨਕ ਸਜ਼ਾਵਾਂ ਦੇਣ ਵਾਲੀ ਔਰਤ
ਜੇ ਕੋਈ ਸਮੁੰਦਰੀ ਡਾਕੂ ਤੱਟਵਰਤੀ ਖੇਤਰ ਵਿੱਚ ਕਿਸੇ ਔਰਤ ਨਾਲ ਦੁਰਵਿਵਹਾਰ ਕਰਦਾ ਸੀ ਤਾਂ ਉਸ ਦੇ ਕੰਨ ਕੱਟ ਦਿੱਤੇ ਜਾਂਦੇ ਸਨ।
ਇੱਥੋਂ ਤੱਕ ਕਿ ਉਨ੍ਹਾਂ ਨੂੰ ਨੰਗਾ ਕਰਕੇ ਘੁੰਮਾਇਆ ਜਾਂਦਾ ਅਤੇ ਦੂਜੇ ਡਾਕੂਆਂ ਦੇ ਸਾਹਮਣੇ ਹੀ ਮਾਰ ਦਿੱਤਾ ਜਾਂਦਾ।
ਲੁੱਟੇ ਮਾਲ ਲਈ ਇੱਕ ਗੋਦਾਮ ਸੀ ਅਤੇ ਲੁੱਟੇ ਮਾਲ ਨੂੰ ਇੱਥੇ ਜਮ੍ਹਾਂ ਕਰਨ ਤੋਂ ਪਹਿਲਾਂ ਸਾਰੇ ਮਾਲ ਦੀ ਇੱਕ ਸੂਚੀ ਬਣਾਉਣੀ ਲਾਜ਼ਮੀ ਸੀ।
ਲੁਟੇਰੇ ਡਾਕੂਆਂ ਨੂੰ ਦਸ ਵਿੱਚੋਂ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਪਰ ਜੇ ਕੋਈ ਡਾਕੂ ਚੋਰੀ ਕਰਦਾ ਸੀ ਜਾਂ ਲੁੱਟ ਦੇ ਮਾਲ ਨੂੰ ਆਪਣੇ ਕੋਲ ਇਕੱਠਾ ਕਰਦਾ ਸੀ ਤਾਂ ਉਸਨੂੰ ਮਾਰ ਦਿੱਤਾ ਜਾਂਦਾ ਸੀ।
ਇਸ ਗੱਲ 'ਤੇ ਸਹਿਮਤੀ ਸੀ ਕਿ ਲੁੱਟ ਲਈ ਪਿੰਡਾਂ ਵਿੱਚ ਵੜਨ ਵਾਲੇ ਸਮੁੰਦਰੀ ਡਾਕੂ ਨਾ ਤਾਂ ਔਰਤਾਂ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਨਾ ਹੀ ਉਨ੍ਹਾਂ ਦਾ ਬਲਾਤਕਾਰ ਕਰਨਗੇ।
ਇਸ ਦੇ ਨਾਲ ਹੀ, ਫੜੀਆਂ ਗਈਆਂ ਔਰਤਾਂ ਦੀ ਸੰਖਿਆ ਦਾ ਰਿਕਾਰਡ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਸੀ।
ਇਹ ਤਿੰਨ ਨਿਯਮ, ਕਿੰਗ ਰਾਜਵੰਸ਼ ਦੇ ਅਧਿਕਾਰੀ ਯੁਆਨ ਯੋਂਗਲੁਨ ਨੇ ਸਮੁੰਦਰੀ ਡਾਕੂਆਂ ਦੇ ਮਹਾ-ਸੰਘ ਲਈ ਨਿਰਧਾਰਿਤ ਕੀਤੇ ਸਨ।
ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਨਿਯਮ ਝਾਂਗ ਬਾਓ ਦੁਆਰਾ ਬਣਾਏ ਗਏ ਸਨ, ਜਿਨ੍ਹਾਂ ਨੂੰ ਅਨੁਵਾਦ ਵਿੱਚ ਹੋਈ ਗਲਤੀ ਕਾਰਨ ਚਿੰਗ ਸ਼ੀ ਦੁਆਰਾ ਮੰਨ ਲਿਆ ਗਿਆ।
ਸਮੁੰਦਰੀ ਯੁੱਧ ਅਤੇ ਹਮਲੇ
1808 ਵਿੱਚ ਚਿੰਗ ਸ਼ੀ ਦੇ ਕਠਪੁਤਲੀ, ਝਿੰਗ ਬਾਓ ਨੇ ਪਰਲ ਨਦੀ ਦੇ ਕੰਡੇ ਪਿੰਡਾਂ ਨੂੰ ਲੁੱਟਣ ਲਈ ਹੁਮੇਨ ਦੇ ਜਨਰਲ ਲਿਨ ਗੁਓਲਿਆਂਗ ਦੇ ਜਹਾਜ਼ਾਂ 'ਤੇ ਹਮਲਾ ਕੀਤਾ।
ਉਸ ਸਮੇਂ ਤੱਕ, ਸਮੁੰਦਰੀ ਡਾਕੂਆਂ ਨੇ ਚੀਨੀ ਜੰਗੀ ਬੇੜਿਆਂ ਉੱਤੇ ਜਾਨਲੇਵਾ ਹਮਲਾ ਨਹੀਂ ਕੀਤਾ ਸੀ। ਇਸ ਹਮਲੇ ਵਿੱਚ ਚੀਨ ਦੇ 35 ਜੰਗੀ ਬੇੜੇ ਤਬਾਹ ਹੋ ਗਏ ਸਨ।
ਇਸ ਤੋਂ ਬਾਅਦ ਡਾਕੂਆਂ ਨੇ ਹੁਮੇਨ ਦੇ ਵੀਯੁਆਨ ਟਾਪੂ ਦੇ ਪੂਰਬੀ ਖੇਤਰ 'ਤੇ ਹਮਲਾ ਕੀਤਾ।
ਲੈਫਟੀਨੈਂਟ ਕਰਨਲ ਲਿਨ ਫਾ ਵੋ, ਇਹ ਯੁੱਧ ਹਾਰ ਗਏ। ਇਨ੍ਹਾਂ ਦੋ ਹਮਲਿਆਂ ਨੇ ਪਰਲ ਨਦੀ ਵਿੱਚ ਸਮੁੰਦਰੀ ਡਾਕੂਆਂ ਦਾ ਰਸਤਾ ਸਾਫ਼ ਕਰ ਦਿੱਤਾ।
ਉਨ੍ਹਾਂ ਦਿਨਾਂ ਵਿੱਚ, ਫੌਜ ਦੇ ਵਿਰੁੱਧ ਲੜਦੇ ਹੋਏ ਵੀ ਚਿੰਗ ਸ਼ੀ ਸੋਚਦੇ ਸਨ ਕਿ ਉਨ੍ਹਾਂ ਦਾ ਸਮੂਹ ਇੱਕ ਫੌਜ ਅਤੇ ਆਪਣੇ ਆਪ ਵਿੱਚ ਇੱਕ ਅਜਿੱਤ ਸ਼ਕਤੀ ਹੈ।
1809 ਵਿੱਚ, ਕਿੰਗ ਸਾਮਰਾਜ ਦੀ ਸੂਬਾਈ ਫ਼ੌਜ ਦੇ ਆਗੂ ਸੁਨ ਕੁਆਨਮਓ ਨੇ 100 ਲੜਾਕੂ ਜਹਾਜ਼ਾਂ ਦੇ ਬੇੜੇ ਦੇ ਨਾਲ ਦਾਵਾਨਸ਼ਾਨ ਟਾਪੂ ਦੇ ਨੇੜੇ ਸਮੁੰਦਰੀ ਡਾਕੂਆਂ ਦੇ ਇੱਕ ਸਮੂਹ ਨੂੰ ਘੇਰ ਲਿਆ।
ਡਾਕੂਆਂ ਨੇ ਚਿੰਗ ਸ਼ੀ ਨੂੰ ਪਹਿਲਾਂ ਹੀ ਐਮਰਜੈਂਸੀ ਸੰਦੇਸ਼ ਭੇਜ ਦਿੱਤਾ ਸੀ।
ਇਸ ਕਰਕੇ, ਲਾਲ ਅਤੇ ਚਿੱਟੇ ਝੰਡੇ ਦੇ ਲੜਾਕਿਆਂ ਨੇ ਮਿਲ ਕੇ ਚੀਨ ਦੇ ਸਮੁੰਦਰੀ ਜਹਾਜ਼ਾਂ 'ਤੇ ਹਮਲਾ ਕਰ ਦਿੱਤਾ ਅਤੇ ਸੁਨ ਕੁਆਨਮਓ ਨੂੰ ਪਿੱਛੇ ਹਟਣਾ ਪਿਆ।
ਇਸ ਹਮਲੇ ਦੌਰਾਨ ਚਿੱਟੇ ਝੰਡੇ ਵਾਲੇ ਸਮੂਹ ਦੇ ਆਗੂ ਲਿਆਂਗ ਦੀ ਮੌਤ ਹੋ ਗਈ। ਉਨ੍ਹਾਂ ਦੀ ਕਮਾਂਡ ਅਧੀਨ ਆਉਂਦੇ ਸਾਰੇ ਜਹਾਜ਼ ਤਬਾਹ ਹੋ ਗਏ। ਚੀਨ ਦੇ ਵੀ 25 ਜਹਾਜ਼ ਤਬਾਹ ਹੋਏ।
ਚਿੱਟੇ ਝੰਡੇ ਵਾਲੇ ਸਮੂਹ ਦੇ ਨੁਕਸਾਨ ਤੋਂ ਭੜਕੇ ਹੋਏ, ਝਾਂਗ ਬਾਓ ਦੀ ਅਗਵਾਈ ਵਾਲੇ ਲਾਲ ਅਤੇ ਕਾਲੇ ਝੰਡੇ ਦੇ ਲੜਾਕਿਆਂ ਨੇ ਪਰਲ ਨਦੀ ਦੇ ਨੇੜੇ ਸਾਰੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
ਜੁਲਾਈ ਤੋਂ ਸਤੰਬਰ ਦੇ ਵਿਚਕਾਰ, 10,000 ਤੋਂ ਵੱਧ ਲੋਕ ਮਾਰੇ ਗਏ। ਪਰਲ ਨਦੀ ਦੇ ਆਲੇ-ਦੁਆਲੇ ਦੇ ਲਗਭਗ 2,000 ਨਾਗਰਿਕ ਵੀ ਮਾਰੇ ਗਏ।
ਕਿੰਗ ਰਾਜਵੰਸ਼ ਨੇ ਸਮੁੰਦਰੀ ਡਾਕੂਆਂ ਨਾਲ ਟਕਰਾਉਣ ਦੀ ਬਜਾਇ ਉਨ੍ਹਾਂ ਨਾਲ ਸਮਝੌਤਾ ਕਰਨਾ ਉਚਿਤ ਸਮਝਿਆ
ਉਨ੍ਹਾਂ ਨੇ ਪਿੰਡਾਂ ਨੂੰ ਤਬਾਹ ਕਰਦੇ ਹੋਏ ਖੂਬ ਲੁੱਟ ਮਚਾਈ ਅਤੇ ਸੈਂਕੜੇ ਪਿੰਡ ਵਾਸੀਆਂ ਨੂੰ ਫੜ ਲਿਆ। ਚਿੰਗ ਸ਼ੀ ਨੇ 500 ਜਹਾਜ਼ਾਂ ਦੇ ਬੇੜੇ ਨਾਲ, ਲੁੱਟ ਦੀਆਂ ਇਨ੍ਹਾਂ ਕਾਰਵਾਈਆਂ ਦੀ ਨਿਗਰਾਨੀ ਕੀਤੀ।
ਉਸ ਸਮੇਂ ਮਕਾਉ 'ਤੇ ਪੁਰਤਗਾਲੀ ਸਾਮਰਾਜ ਦਾ ਕੰਟਰੋਲ ਸੀ। ਅਜਿਹੀ ਸਥਿਤੀ ਵਿੱਚ, ਸਮੁੰਦਰੀ ਡਾਕੂਆਂ ਉੱਤੇ ਕਾਬੂ ਪਾਉਣ ਲਈ ਕਿੰਗ ਸਾਮਰਾਜ ਨੇ ਉਨ੍ਹਾਂ ਤੋਂ ਮਦਦ ਮੰਗੀ।
ਸਮੁੰਦਰੀ ਡਾਕੂਆਂ ਨੇ ਪਹਿਲਾਂ ਹੀ ਤਿਮੋਰ ਦੇ ਪੁਰਤਗਾਲੀ ਗਵਰਨਰ ਅਧੀਨ ਰਹੇ ਖੇਤਰ ਉੱਤੇ ਕਬਜ਼ਾ ਕਰ ਲਿਆ ਸੀ। ਉਸ ਘਟਨਾ ਤੋਂ ਭੜਕੇ ਹੋਏ ਪੁਰਤਗਾਲੀ ਪਹਿਲਾਂ ਹੀ ਬਦਲਾ ਲੈਣ ਦੀ ਉਡੀਕ ਕਰ ਰਹੇ ਸਨ।
ਇਸ ਦੌਰਾਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਚਿੰਗ ਸ਼ੀ ਆਪਣੇ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਲਈ ਤੁੰਗ ਚੁੰਗ ਖਾੜੀ ਵਿੱਚ ਆਏ ਹੋਏ ਹਨ, ਤਾਂ ਉਨ੍ਹਾਂ ਨੇ ਚਿੰਗ ਸ਼ੀ ਨੂੰ ਘੇਰ ਲਿਆ।
ਸੁਨ ਕੁਆਨਮਓ ਦੀ ਅਗਵਾਈ ਵਿੱਚ 93 ਜਹਾਜ਼ਾਂ ਨੇ ਇਸ ਜਿੱਤ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ।
ਇਹ ਡਾਕੂ ਫਰਾਂਸੀਸੀ ਉਪਨਿਵੇਸ਼ ਦੇ ਸਮੁੰਦਰੀ ਵਪਾਰ ਲਈ ਵੀ ਖ਼ਤਰਾ ਸਨ। ਇਸ ਲਈ ਫਰਾਂਸ ਨੇ ਵੀ ਉਸ ਜੰਗ ਵਿੱਚ ਹਿੱਸਾ ਲਿਆ।
ਇਹ ਲੜਾਈ ਦੋ ਹਫਤਿਆਂ ਤੱਕ ਚੱਲੀ। ਇਸ ਵਿੱਚ ਪੁਰਤਗਾਲੀਆਂ ਨੇ ਇੱਕ ਜਹਾਜ਼ ਗੁਆ ਦਿੱਤਾ।
ਇਸ ਲਈ ਸੁਨ ਕੁਆਨਮਓ ਆਪਣੇ ਜਹਾਜ਼ਾਂ ਨੂੰ ਅੱਗ ਲਾ ਕੇ ਉਨ੍ਹਾਂ ਨਾਲ ਡਾਕੂਆਂ ਦੇ ਜਹਾਜ਼ਾਂ ਵਿੱਚ ਟੱਕਰ ਮਾਰਨ ਲੱਗੇ।
43 ਤੋਂ ਵੱਧ ਅੱਗ ਲੱਗੇ ਹੋਏ ਸਮੁੰਦਰੀ ਜਹਾਜ਼ਾਂ ਨੂੰ ਡਾਕੂਆਂ ਵੱਲ ਭੇਜਿਆ ਗਿਆ, ਪਰ ਹਵਾ ਦੀ ਤੇਜ਼ ਰਫ਼ਤਾਰ ਕਾਰਨ ਜਹਾਜ਼ਾਂ ਨੇ ਉਲਟੀ ਦਿਸ਼ਾ ਵੱਲ ਵਧਦੇ ਹੋਏ ਉਨ੍ਹਾਂ ਦੇ ਹੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
ਚਿੰਗ ਸ਼ੀ ਦੇ ਜਹਾਜ਼ਾਂ ਤਾਂ ਤਬਾਹ ਨਹੀਂ ਹੋਏ ਪਰ ਉਨ੍ਹਾਂ ਦੇ 43 ਸਮੁੰਦਰੀ ਡਾਕੂ ਜ਼ਰੂਰ ਮਾਰੇ ਗਏ। ਚੀਨ ਦੇ ਇਤਿਹਾਸ ਵਿੱਚ ਇਸ ਨੂੰ "ਬਾਘ ਦੇ ਮੂੰਹ ਦੀ ਲੜਾਈ" ਕਿਹਾ ਜਾਂਦਾ ਹੈ।
ਆਤਮ-ਸਮਰਪਣ ਕਰਨ ਵਾਲਿਆਂ ਨੂੰ ਜਲ ਸੈਨਾ ਵਿੱਚ ਨੌਕਰੀਆਂ
ਕਾਲੇ ਝੰਡੇ ਦੇ ਨੇਤਾ ਗੁਓ ਪੋਡਾਈ ਨੇ ਮਹਿਸੂਸ ਕੀਤਾ ਕਿ ਇਸ ਲੜਾਈ ਲਈ ਆਪਣੀ ਜਾਨ ਦੇਣੀ ਮੂਰਖ਼ਤਾ ਹੈ।
ਇਸ ਲਈ ਉਨ੍ਹਾਂ ਨੇ ਚਿੰਗ ਸ਼ੀ ਅਤੇ ਝਾਂਗ ਬਾਓ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ।
ਪੋਡਾਈ ਨੇ ਜਨਵਰੀ 1810 ਵਿੱਚ ਲਿਆਂਗਗੁਆਂਗ ਦੇ ਵਾਇਸਰਾਏ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਲਈ ਉਨ੍ਹਾਂ ਨੂੰ ਸਬ-ਲੈਫਟੀਨੈਂਟ ਦਾ ਅਹੁਦਾ ਦਿੱਤਾ ਗਿਆ।
ਫ਼ੌਜ ਵਿੱਚ ਭਰਤੀ ਹੋਣ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਡਾਕੂਆਂ ਦੇ ਭੋਜਨ, ਬਾਲਣ ਅਤੇ ਹਥਿਆਰਾਂ ਦੀ ਆਮਦ ਬਾਰੇ ਉਨ੍ਹਾਂ ਨੂੰ (ਫੌਜ ਨੂੰ) ਵਿਸਥਾਰ ਨਾਲ ਸਾਰੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਸਮੁੰਦਰੀ ਡਾਕੂਆਂ ਦੇ ਜੀਵਨ ਲਈ ਜ਼ਰੂਰੀ ਹਰ ਚੀਜ਼ ਦੀ 'ਸਪਲਾਈ ਲਾਈਨ' ਕੱਟ ਦਿੱਤੀ ਗਈ।
ਇਸੇ ਦੌਰਾਨ, ਕਿੰਗ ਸਾਮਰਾਜ ਨੂੰ ਅਹਿਸਾਸ ਹੋਇਆ ਕਿ ਸਮੁੰਦਰੀ ਡਾਕੂਆਂ ਦੇ ਵਿਰੁੱਧ ਯੁੱਧ ਛੇੜਨਾ ਨੁਕਸਾਨਦੇਹ ਹੈ, ਇਸ ਲਈ ਗੱਲਬਾਤ ਦੀ ਯੋਜਨਾ ਬਣਾਈ ਗਈ।
ਚਿੰਗ ਸ਼ੀ ਨੂੰ ਇਹ ਪੇਸ਼ਕਸ਼ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨ੍ਹਾਂ ਦੀ ਯੋਗਤਾ ਘੱਟ ਹੁੰਦੀ ਜਾ ਰਹੀ ਸੀ। ਬਾਈ ਲਿੰਗ ਨੇ ਇਸ ਗੱਲਬਾਤ ਦੀ ਅਗਵਾਈ ਕੀਤੀ।
20 ਅਪ੍ਰੈਲ 1810 ਨੂੰ, ਝਾਂਗ ਬਾਓ ਅਤੇ ਚਿੰਗ ਸ਼ੀ ਨੇ 17,000 ਤੋਂ ਵੱਧ ਸਮੁੰਦਰੀ ਡਾਕੂਆਂ, 226 ਜੰਗੀ ਜਹਾਜ਼ਾਂ, 1,300 ਤੋਪਾਂ ਅਤੇ 2,700 ਹਥਿਆਰਾਂ ਨਾਲ ਆਤਮ-ਸਮਰਪਣ ਕਰ ਦਿੱਤਾ।
ਕਿੰਗ ਰਾਜਵੰਸ਼ ਨੇ ਝਾਂਗ ਬਾਓ ਨੂੰ 20-30 ਜਹਾਜ਼ਾਂ ਦਾ ਲੈਫਟੀਨੈਂਟ ਬਣਾ ਦਿੱਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਗੋਦ ਲਏ ਹੋਏ ਪੁੱਤਰ ਨਾਲ ਵਿਆਹ
ਚਿੰਗ ਸ਼ੀ ਨੇ ਸ਼ਾਸਨ ਤੋਂ ਆਪਣੇ ਗੋਦ ਲਏ ਹੋਏ ਪੁੱਤਰ ਝਾਂਗ ਬਾਓ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗੀ।
ਕੁਝ ਹੀ ਮਹੀਨਿਆਂ ਵਿੱਚ, ਵੂ ਸ਼ੀਅਰ ਦੀ ਅਗਵਾਈ ਵਾਲੇ ਨੀਲੇ ਝੰਡੇ ਦੇ ਸਮੂਹ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਚਿੰਗ ਸ਼ੀ ਅਤੇ ਝਾਂਗ ਬਾਓ ਨੇ ਝਾਂਗ ਯੂਲਿਨ ਨਾਂ ਦੇ ਇੱਕ ਪੁੱਤਰ ਅਤੇ ਇੱਕ ਧੀ ਨੂੰ ਜਨਮ ਦਿੱਤਾ।
ਸਾਲ 1822 ਵਿੱਚ 36 ਸਾਲ ਦੀ ਉਮਰ ਵਿੱਚ ਝਾਂਗ ਬਾਓ ਦੀ ਮੌਤ ਹੋ ਗਈ। ਚਿੰਗ ਸ਼ੀ ਗੁਆਂਗਡੋਂਗ ਵਾਪਸ ਚਲੇ ਗਏ।
ਉੱਥੇ ਉਨ੍ਹਾਂ ਨੇ ਇੱਕ ਜੂਆ-ਘਰ ਅਤੇ ਵੇਸਵਾਗਮਨੀ ਲਈ ਇੱਕ ਕੋਠਾ ਬਣਾਇਆ।
ਬਹੁਤ ਸਾਰੇ ਸਾਮਰਾਜਾਂ ਅਤੇ ਫੌਜਾਂ ਲਈ ਇੱਕ ਬੁਰਾ ਸੁਪਨਾ ਰਹਿਣ ਵਾਲੇ ਚਿੰਗ ਸ਼ੀ ਦੀ ਮੌਤ 69 ਸਾਲ ਦੀ ਉਮਰ ਵਿੱਚ ਨੀਂਦ ਵਿੱਚ ਹੀ ਹੋ ਗਈ।
ਚਿੰਗ ਸ਼ੀ ਦਾ ਜੀਵਨ ਇੱਕ ਅਜਿਹੀ ਵੇਸਵਾ ਦੀ ਕਹਾਣੀ ਹੈ ਜੋ ਸੱਤਾ ਦੀ ਭੁੱਖ, ਜ਼ਿੱਦ, ਰਣਨੀਤੀ ਦੀ ਕਲਾ ਅਤੇ ਧੋਖੇਬਾਜ਼ੀ ਨਾਲ ਭਰੀ ਹੋਈ ਸੀ।
ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਇੱਕ ਔਰਤ ਵੀ ਇਤਿਹਾਸ ਨੂੰ ਬਦਲ ਸਕਦੀ ਹੈ।
ਇਹ ਵੀ ਪੜ੍ਹੋ:
https://www.youtube.com/watch?v=TY9hgXzmsf0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'e2ccdb80-8851-4568-80ca-6960b7aabf8b','assetType': 'STY','pageCounter': 'punjabi.international.story.58926425.page','title': 'ਚਿੰਗ ਸ਼ੀ: ਸੈਕਸ ਵਰਕਰ ਤੋਂ ਸਮੁੰਦਰੀ ਡਾਕੂਆਂ ਦੀ ਆਗੂ ਬਣ ਕੇ ਰਾਜ ਕਰਨ ਵਾਲੀ ਚੀਨੀ ਮਹਿਲਾ','published': '2021-10-17T07:00:00Z','updated': '2021-10-17T07:00:00Z'});s_bbcws('track','pageView');

ਸਿੰਘੂ ਬਾਰਡਰ ਕਤਲ ਮਾਮਲਾ: ਕਿਸਾਨ ਅੰਦੋਲਨ ਦਾ ਹੱਲ ਨਾ ਨਿਕਲਿਆ ਹਿੰਸਕ ਘਟਨਾਵਾਂ ਹੋਣਗੀਆਂ ਤੇ ਭਾਈਚਾਰਕ...
NEXT STORY